ਫ਼ਰਾਂਸ ਦੇ ਰਾਸ਼ਟਰਪਤੀ ਨੂੰ ਇੱਕ ਧਾਰਮਿਕ ਰਿਵਾਜ਼ ਨਿਭਾਉਣਾ ਕਿਉਂ ਪਿਆ ਮਹਿੰਗਾ, ਪੂਰਾ ਮਾਮਲਾ

    • ਲੇਖਕ, ਹਿਊਗ ਸਕੋਫੀਲਡ
    • ਰੋਲ, ਬੀਬੀਸੀ ਪੱਤਰਕਾਰ, ਪੈਰਿਸ

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇਸ ਦੇ ਗਣਰਾਜ ਨਾਲ ਧ੍ਰੋਹ ਕਮਾਉਣ ਦੇ ਇਲਜ਼ਾਮਾਂ ਵਿੱਚ ਘਿਰ ਗਏ ਹਨ।

ਮਾਮਲਾ ਪਿਛਲੇ ਦਿਨੀਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਇੱਕ ਯਹੂਦੀ ਸਮਾਗਮ ਦੀ ਮੇਜ਼ਬਾਨੀ ਕਰਨ ਨਾਲ ਭਖਿਆ।

ਫਰਾਂਸ ਵਿੱਚ ਧਰਮ ਨਿਰਪੱਖਤਾ ਵੀ ਆਪਣੇ ਆਪ ਵਿੱਚ ਇੱਕ ਧਰਮ ਹੈ ਅਤੇ ਲੋਕ ਇਸ ਉੱਪਰ ਕਰੜਾ ਪਹਿਰਾ ਦਿੰਦੇ ਹਨ।

ਸਰਕਾਰੀ ਦਸਤਾਵੇਜ਼ਾਂ ਲਈ ਦਸਤਾਰਧਾਰੀਆਂ ਦੀਆਂ ਬਿਨਾਂ ਪੱਗ ਦੇ ਤਸਵੀਰਾਂ ਖਿਚਵਾਏ ਜਾਣ ਦੀਆਂ ਘਟਨਾਵਾਂ ਕਾਰਨ ਫਰਾਂਸ ਦਾ ਜ਼ਿਕਰ ਅਕਸਰ ਪੰਜਾਬੀ ਪ੍ਰੈੱਸ ਵਿੱਚ ਹੁੰਦਾ ਰਿਹਾ ਹੈ।

ਮੈਕਰੋਂ ਨੇ ਫਰਾਂਸ ਦੇ ਸਿਰਮੌਰ ਯਹੂਦੀ ਧਾਰਮਿਕ ਆਗੂ (ਹਇਮ ਖ਼ੋਰਸ਼ਿਆ) ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਸੱਦਾ ਦਿੱਤਾ। ਉੱਥੇ ਉਨ੍ਹਾਂ ਨੇ ਯਹੂਦੀ ਨੌਰੋਜ਼ ਦੀ ਪ੍ਰਤੀਕ ਵਜੋਂ 8 ਮੋਮਬੱਤੀਆਂ ਜਗਾਈਆਂ।

ਯਹੂਦੀ ਨੌਰੋਜ਼ ਦੇ ਦਿਨਾਂ ਵਿੱਚ ਇੱਕ ਨੌਂ ਭੁਜੀ ਮੋਮਬੱਤੀ ਸਟੈਂਡ ਵਿੱਚ ਨੌਂ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ। ਹਰੇਕ ਮੋਮਬੱਤੀ ਨੌਂ ਪਵਿੱਤਰ ਦਿਨਾਂ ਦਾ ਸੰਕੇਤ ਹੁੰਦੀ ਹੈ।

ਇਸ ਰਸਮ ਨਾਲ ਰੌਸ਼ਨੀਆਂ ਦੇ ਯਹੂਦੀ ਤਿਉਹਾਰ ਦੀ ਰਸਮੀ ਸ਼ੁਰੂਆਤ ਹੁੰਦੀ ਹੈ। ਸਮਾਗਮ ਨੂੰ ਰਾਸ਼ਟਰਪਤੀ ਵੱਲੋਂ ਯਹੂਦੀ ਵਿਰੋਧੀ ਪੱਖਪਾਤ ਦੇ ਵਿਰੁੱਧ ਉਨ੍ਹਾਂ ਦੇ ਯੋਗਦਾਨ ਲਈ ਸਨਮਾਨ ਵਜੋਂ ਦੇਖਿਆ ਗਿਆ।

ਵੀਡੀਓ ਵਾਇਰਲ ਹੁੰਦਿਆਂ ਵਿਰੋਧ ਸ਼ੁਰੂ

ਸਮਾਗਮ ਤੋਂ ਬਾਅਦ ਜਿਵੇਂ ਹੀ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਆਈ ਤਾਂ ਵਿਵਾਦ ਖੜ੍ਹਾ ਹੋ ਗਿਆ। ਲੋਕਾਂ ਵਿੱਚ ਰਾਸ਼ਟਰਪਤੀ ਦੀ ਇਸ ਕਾਰਵਾਈ ਤੋਂ ਗੁੱਸੇ ਦੀ ਲਹਿਰ ਦੇਖੀ ਗਈ।

ਹਰ ਧੜੇ ਅਤੇ ਹਰ ਵਰਗੇ ਦੇ ਲੋਕਾਂ ਨੇ ਇਕ ਸੁਰਤਾ ਨਾਲ ਰਾਸ਼ਟਰਪਤੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਵਿੱਚ (ਜੋ ਕਿ ਧਰਮ ਨਿਰਪੱਖਤਾ ਦਾ ਸਥਾਨ ਹੈ) ਧਰਮ ਨੂੰ ਦਾਖ਼ਲਾ ਦੇ ਕੇ ਬਜਰ ਗਲਤੀ ਕੀਤੀ ਹੈ।

ਕਾਨਸ ਸ਼ਹਿਰ ਦੇ ਮੇਅਰ ਅਤੇ ਸੱਜੇ ਪੱਖੀ ਸਿਆਸੀ ਆਗੂ ਡੇਵਿਡ ਲਿਨਾਰਡ ਨੇ ਕਿਹਾ, “ਜਿੱਥੋਂ ਤੱਕ ਮੈਨੂੰ ਪਤਾ ਹੈ, ਅਜਿਹਾ ਪਹਿਲੀ ਵਾਰ ਵਾਪਰਿਆ ਹੈ। ਇਹ ਧਰਮ ਨਿਰਪੱਖਤਾ ਦਾ ਉਲੰਘਣ ਹੈ।”

ਓਕਸੀਟੇਨੀਆ ਸੂਬੇ ਦੇ ਸਮਾਜਵਾਦੀ ਪ੍ਰੈਜ਼ੀਡੈਂਟ ਕੈਰੋਲ ਡਿਲੇਗਾ ਨੇ ਕਿਹਾ, “ਰਾਸ਼ਟਰਪਤੀ ਭਵਨ ਕੋਈ ਧਰਮ ਦੀ ਥਾਂ ਨਹੀਂ ਹੈ। ਤੁਸੀਂ ਧਰਮ ਨਿਰਪੱਖਤਾ ਨਾਲ ਸਮਝੌਤਾ ਨਹੀਂ ਕਰ ਸਕਦੇ।”

ਖੱਬੇ ਪੱਖੀ ਪਾਰਟੀ “ਫਰਾਂਸ ਅਨਬੋਅਡ” ਦੇ ਆਗੂ ਅਲੈਕਸਿਸ ਕੋਰਬੀਰੇ ਨੇ ਕਿਹਾ, “ਕੀ ਹੁਣ ਮੈਕਰੋਂ ਬਾਕੀ ਧਰਮਾਂ ਲਈ ਵੀ ਅਜਿਹਾ ਕਰਨਗੇ? ਹਾਂ ਵੀ ਨਹੀਂ ਵੀ? ਇਹ ਖ਼ਤਰਨਾਕ ਘੁੰਮਣਘੇਰੀ ਹੈ।’’

ਰਾਸ਼ਟਰਪਤੀ ਦੇ ਇਸ ਕਦਮ ਤੋਂ ਕਈ ਯਹੂਦੀ ਵੀ ਹੈਰਾਨ ਪਰੇਸ਼ਾਨ ਹਨ। ਫਰਾਂਸ ਦੀਆਂ ਯਹੂਦੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਕੌਂਸਲ ਦੇ ਮੁਖੀ ਯੋਨਾਥਨ ਅਰਫ਼ੀ ਨੇ ਕਿਹਾ, “ਇਹ ਕੁਝ ਅਜਿਹਾ ਹੈ ਜੋ ਭਵਿੱਖ ਵਿੱਚ ਮੁੜ ਨਹੀਂ ਹੋਣਾ ਚਾਹੀਦਾ।”

ਉਨ੍ਹਾਂ ਨੇ ਅੱਗੇ ਕਿਹਾ, “ਫਰਾਂਸ ਦੇ ਯਹੂਦੀਆਂ ਨੇ ਹਮੇਸ਼ਾ ਧਰਮ ਨਿਰਪੱਖਤਾ ਨੂੰ ਸੁਰੱਖਿਆ ਅਤੇ ਅਜ਼ਾਦੀ ਦਾ ਵਿਧਾਨ ਸਮਝਿਆ ਹੈ। ਕੁਝ ਵੀ ਅਜਿਹਾ ਜੋ ਧਰਮ ਨਿਰਪੱਖਤਾ ਨੂੰ ਕਮਜ਼ੋਰ ਕਰਦਾ ਹੈ ਉਹ ਯਹੂਦੀ ਧਰਮ ਨੂੰ ਵੀ ਕਮਜ਼ੋਰ ਕਰਦਾ ਹੈ।”

ਮੈਕਰੋਂ ਨੇ ਕਿਹਾ, ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ

ਫਰਾਂਸ ਦੇ ਵਿਧਾਨ ਵਿੱਚ ਧਰਮ ਨਿਰਪੱਖਤਾ ਦਾ ਸਿਧਾਂਤ 1905 ਵਿੱਚ ਸਰਕਾਰ ਅਤੇ ਰੋਮਨ ਕੈਥੋਲਿਕ ਚਰਚ ਦੇ ਸੰਘਰਸ਼ ਦੇ ਸਿੱਟੇ ਵਜੋਂ ਸ਼ਾਮਿਲ ਕੀਤਾ ਗਿਆ ਸੀ।

ਇਸ ਨੇ ਵਿਸ਼ਵਾਸ ਦੀ ਅਜ਼ਾਦੀ ਦੀ ਰਾਖੀ ਤਾਂ ਕੀਤੀ ਪਰ ਚਰਚ ਵਿੱਚ ਸਰਕਾਰੀ ਦਖ਼ਲ ਨੂੰ ਖ਼ਤਮ ਕਰ ਦਿੱਤਾ। ਇਸ ਤੋਂ ਬਾਅਦ ਸਾਰੀਆਂ ਸਰਕਾਰੀ ਇਮਾਰਤਾਂ ਤੋਂ ਸਾਰੇ ਧਾਰਮਿਕ ਚਿੰਨ੍ਹਾਂ ਨੂੰ ਵੀ ਹਟਾ ਦਿੱਤਾ ਗਿਆ।

ਉਦੋਂ ਤੋਂ ਹੀ ਧਰਮ ਨਿਰਪੱਖਤਾ ਦੇ ਕਾਨੂੰਨ ਨੂੰ ਆਧੁਨਿਕ ਫਰਾਂਸ ਦੀ ਬੁਨਿਆਦ ਮੰਨਿਆ ਜਾਂਦਾ ਹੈ। ਇਸ ਰਾਹੀਂ ਫਰਾਂਸ ਦੀ ਸਰਕਾਰ ਈਸਾਈ, ਇਸਲਾਮ, ਯਹੂਦੀ ਅਤੇ ਹੋਰ ਧਰਮਾਂ ਤੋਂ ਬਰਾਬਰ ਦੂਰੀ ਬਣਾ ਕੇ ਰੱਖਦੀ ਹੈ।

ਸਰਕਾਰ ਫਰਾਂਸ ਦੇ ਸਾਰੇ ਨਾਗਰਿਕਾਂ ਨੂੰ ਇੱਕ ਰਾਜ ਦੇ ਬਾਸ਼ਿੰਦੇ ਸਮਝਦੀ ਹੈ ਨਾ ਕਿ ਕਿਸੇ ਭਾਈਚਾਰੇ ਦੇ ਮੈਂਬਰ।

ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਲਗਭਗ ਇੱਕ ਸਦੀ ਪੁਰਾਣੇ ਲੋਕਤੰਤਰੀ ਸਿਧਾਂਤ ਦੀ ਉਲੰਘਣਾ ਕੀਤੀ ਹੈ।

ਇਸੇ ਦੌਰਾਨ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਨੋਟਰੇ-ਡੇਮ ਕੈਥੀਡਰਲ ਦੀ ਕਾਰ-ਸੇਵਾ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ, ਸਗੋਂ ਉਨ੍ਹਾਂ ਨੇ ਜੋ ਕੁਝ ਵੀ ਕੀਤਾ “ਉਹ ਗਣਰਾਜ ਅਤੇ ਭਾਈਚਾਰੇ ਦੀ ਭਾਵਨਾ ਤਹਿਤ ਹੀ ਕੀਤਾ ਹੈ।”

ਉਨ੍ਹਾਂ ਨੇ ਕਿਹਾ, “ਜੇ ਰਾਸ਼ਟਰਪਤੀ ਨੇ ਵਾਕਈ ਕੋਈ ਧਾਰਮਿਕ ਰਸਮ ਅਦਾ ਕੀਤੀ ਹੁੰਦੀ ਜਾਂ ਕਿਸੇ ਸਮਾਗਮ ਵਿੱਚ ਸ਼ਿਰਕਤ ਕੀਤੀ ਹੁੰਦੀ ਤਾਂ ਜ਼ਰੂਰ ਇਹ ਧਰਮ ਨਿਰਪੱਖਤਾ ਦੀ ਉਲੰਘਣਾ ਹੁੰਦੀ। ਜਦਕਿ ਅਜਿਹਾ ਕੁਝ ਨਹੀਂ ਹੋਇਆ।”

ਆਲੋਚਕਾਂ ਦੇ ਨਿਸ਼ਾਨੇ ਉੱਤੇ ਮੈਕਰੋਂ

ਰਾਸ਼ਟਰਪਤੀ ਦੇ ਇਸ ਕਦਮ ਨੂੰ ਗਾਜ਼ਾ ਵਿੱਚ ਜਾਰੀ ਸੰਘਰਸ਼ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

ਰਾਸ਼ਟਰਪਤੀ ਪਹਿਲਾਂ ਹੀ ਇਸ ਬਾਰੇ ਕੋਈ ਸਪਸ਼ਟ ਨੀਤੀ ਨਾ ਅਪਨਾਉਣ ਕਾਰਨ ਆਲੋਚਕਾਂ ਦੇ ਨਿਸ਼ਾਨੇ ’ਤੇ ਹਨ।

ਆਲੋਚਕ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਇਜ਼ਰਾਈਲ-ਫਲਸਤੀਨ ਜੰਗ ਬਾਰੇ ਕੋਈ ਸਪਸ਼ਟ ਨੀਤੀ ਨਹੀਂ ਹੈ ਸਗੋਂ ਉਹ ਇੱਕ ਪਾਸੇ ਕਦੇ ਤਾਂ ਇਜ਼ਰਾਈਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਦੂਜੇ ਹੀ ਪਲ ਉਹ ਅਰਬ ਦੇਸਾਂ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਹਨ।

ਆਲੋਚਕਾਂ ਦੀ ਰਾਇ ਹੈ ਕਿ ਮੈਕਰੋਂ ਅਜਿਹਾ ਫਰਾਂਸ ਦੀ ਯਹੂਦੀ ਅਤੇ ਮੁਸਲਮਾਨ ਅਬਾਦੀ ਨੂੰ ਆਪਣੇ ਨਾਲ ਗੰਢੀ ਰੱਖਣ ਦੇ ਇਰਾਦੇ ਨਾਲ ਕਰ ਰਹੇ ਹਨ।

ਸੱਤ ਅਕਤੂਬਰ ਨੂੰ ਜਦੋਂ ਇਜ਼ਰਾਈਲ ਨੇ ਗਾਜ਼ਾ ਉੱਪਰ ਹਮਲੇ ਸ਼ੁਰੂ ਕੀਤੇ। ਉਸ ਤੋਂ ਫ਼ੌਰਨ ਮਗਰੋਂ ਮੈਕਰੋਂ ਇਜ਼ਰਾਈਲ ਗਏ ਅਤੇ ਹਮਾਸ ਦੇ ਖਿਲਾਫ਼ ਬਿਲਕੁਲ ਸਾਂਝਾ ਮੁਹਾਜ ਬਣਾਉਣ ਦੀ ਤਜਵੀਜ਼ ਕੀਤੀ।

ਬਿਲਕੁਲ ਉਸੇ ਤਰ੍ਹਾਂ ਦਾ ਸਾਂਝਾ ਮੁਹਾਜ ਜਿਸ ਨੇ ਕਥਿਤ ਇਸਲਾਮਿਕ ਸਟੇਟ ਨੂੰ ਹਰਾਇਆ ਸੀ।

ਇਸ ਬਿਆਨ ਕਾਰਨ ਵੀ ਮੈਕਰੋਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਫਰਾਂਸ ਰਵਾਇਤੀ ਤੌਰ ’ਤੇ ਫਲਸਤੀਨੀ ਲੋਕਾਂ ਦਾ ਪੱਖ ਲੈਂਦਾ ਰਿਹਾ ਹੈ।

ਮੈਕਰੋਂ ਉੱਪਰ ਇਲਜ਼ਾਮ ਲੱਗੇ ਕਿ ਇਸ ਬਿਆਨ ਰਾਹੀਂ ਉਹ ਫਲਸਤੀਨੀ ਲੋਕਾਂ ਬਾਰੇ ਫਰਾਂਸ ਦੇ ਸਟੈਂਡ ਤੋਂ ਪਿੱਛੇ ਹਟੇ ਹਨ।

ਫਿਰ ਉਨ੍ਹਾਂ ਨੇ ਗਾਜ਼ਾ ਦੀ ਮਦਦ ਲਈ ਇੱਕ ਕੌਮਾਂਤਰੀ ਕਾਨਫਰੰਸ ਸੱਦੀ ਜਿਸ ਵਿੱਚ ਇਜ਼ਰਾਈਲ ਨੂੰ ਨਹੀਂ ਬੁਲਾਇਆ ਗਿਆ।

ਇਸ ਮਗਰੋਂ ਉਨ੍ਹਾਂ ਨੇ ਯਹੂਦੀ ਵਿਰੋਧੀਆਂ ਦੇ ਖਿਲਾਫ਼ ਯਹੂਦੀਆਂ ਵੱਲੋਂ ਕੱਢੇ ਜਲੂਸ ਵਿੱਚ ਸ਼ਾਮਿਲ ਹੋਣ ਤੋਂ ਮਨ੍ਹਾਂ ਕਰਕੇ ਕੁਝ ਯਹੂਦੀਆਂ ਨੂੰ ਨਾਰਾਜ਼ ਕਰ ਲਿਆ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲੀ ਹਵਾਈ ਸੈਨਾ ਬੱਚਿਆਂ ਉੱਪਰ ਬੰਬ ਸੁੱਟ ਰਹੀ ਹੈ।

ਮੈਕਰੋਂ ਦੇ ਬਦਲਦੇ ਬਿਆਨ

ਮੈਕਰੋਂ ਦੇ ਤਾਜ਼ਾ ਕਦਮ ਤੋਂ ਬਾਅਦ ਕੁਝ ਲੋਕ ਕਹਿ ਰਹੇ ਹਨ ਕਿ ਮੈਕਰੋਂ ਇਕੱਲੇ ਹੀ ਫਰਾਂਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੌਰਾਨ ਫਰਾਂਸ ਦੇ ਵਿਦੇਸ਼ ਮੰਤਰਾਲੇ ਵਿੱਚ ਵੀ ਮੈਕਰੋਂ ਦੇ ਬਿਆਨਾਂ ਕਾਰਨ ਭੰਬਲਭੂਸਾ ਪਿਆ ਹੋਇਆ ਹੈ।

ਸੂਤਰਾਂ ਨਾਲ ਗੈਰ-ਰਸਮੀ ਗੱਲਬਾਤ ਤੋਂ ਪਤਾ ਚਲਦਾ ਹੈ ਕਿ ਕੂਟਨੀਤੀਵਾਨਾਂ ਵਿੱਚ ਮੈਕਰੋਂ ਬਾਰੇ ਗੁੱਸਾ ਹੈ।

ਇੱਕ ਸਾਬਕਾ ਕੂਟੀਨੀਤੀਵਾਨ ਨੇ ਲਿਬਰੇਸ਼ਨ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ, “ਕਿਸੇ ਦਿਨ ਤਾਂ ਮੈਕਰੋਂ ਗਾਜ਼ਾ ਨੂੰ ਸਾਫ਼ ਕਰ ਦੇਣ ਵਿੱਚ ਇਜ਼ਰਾਈਲ ਦੀ ਮਦਦ ਦਾ ਐਲਾਨ ਕਰਨ ਵਾਲੇ ਹੁੰਦੇ ਹਨ। ਦੋ ਹਫ਼ਤਿਆਂ ਬਾਅਦ ਹੀ ਉਹ ਬੀਬੀਸੀ ਉੱਤੇ ਇਜ਼ਰਾਈਲ ਨੂੰ ਬੱਚਿਆਂ ਦਾ ਕਾਤਲ ਐਲਾਨ ਰਹੇ ਹੁੰਦੇ ਹਨ।”

ਉਸੇ ਕੂਟਨੀਤੀਵਾਨ ਨੇ ਅੱਗੇ ਕਿਹਾ, “ਠੀਕ ਹੈ ਉਹ ਅਜਿਹਾ ਘਰੇਲੂ ਸਿਆਸਤ ਕਾਰਨ ਕਰ ਰਹੇ ਹਨ ਪਰ ਅਜਿਹਾ ਕਰਕੇ ਪਹਿਲਾਂ ਤਾਂ ਯਹੂਦੀਆਂ ਨੂੰ ਅਤੇ ਫਿਰ ਮੁਸਲਮਾਨਾਂ ਨੂੰ ਅਲਗ-ਥਲੱਗ ਕਰ ਰਹੇ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)