ਪੰਜਾਬ ’ਚ ਹੂੰਝਾ ਫੇਰ ਜਿੱਤ ਹਾਸਿਲ ਕਰਨ ਵਾਲੀ ‘ਆਪ’ ਦਾ ਹਿਮਾਚਲ 'ਚ ਖਾਤਾ ਨਾ ਖੁੱਲ੍ਹਣ ਦੇ ਇਹ ਕਾਰਨ ਰਹੇ

ਚੋਣਾਂ

ਤਸਵੀਰ ਸਰੋਤ, Getty Images

ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਦੇ ਚੋਣ ਨਤੀਜੀਆਂ ਵਿੱਚ ਕਾਂਗਰਸ ਦੀ ਹਿਮਾਚਲ ਅਤੇ ਭਾਜਪਾ ਦੀ ਗੁਜਰਾਤ ਵਿੱਚ ਜਬਰਦਸਤ ਵਾਪਸੀ ਹੋਈ ਹੈ।

ਇਹਨਾਂ ਚੋਣਾਂ ਦੌਰਾਨ ਪੰਜਾਬ ਵਿੱਚ ਇਸ ਸਾਲ ਸ਼ਾਨਦਾਰ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।

‘ਆਪ’ ਦਾ ਹਿਮਾਚਲ ਵਿੱਚ ਖਾਤਾ ਵੀ ਨਹੀਂ ਖੁੱਲ੍ਹਿਆ ਅਤੇ ਗੁਜਰਾਤ ਵਿੱਚ ਪਾਰਟੀ 10 ਸੀਟਾਂ ਦਾ ਅੰਕੜਾ ਨਹੀਂ ਛੂਹ ਸਕੀ।

ਕਾਂਗਰਸ 40 ਸੀਟਾਂ ਨਾਲ ਹਿਮਾਚਲ ਪ੍ਰਦੇਸ਼ ਵਿੱਚ ਪੰਜ ਸਾਲਾਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ।

ਭਾਜਪਾ ਨੂੰ 25 ਸੀਟਾਂ ਹਾਸਿਲ ਹੋਈਆਂ ਹਨ ਅਤੇ ਅਜ਼ਾਦ ਉਮੀਦਵਾਰਾਂ ਨੂੰ 3 ਸੀਟਾਂ ਮਿਲੀਆਂ ਹਨ।

ਗੁਜਰਾਤ ਵਿੱਚ ਭਾਜਪਾ ਨੂੰ 156 ਸੀਟਾਂ ਮਿਲੀਆਂ, ਕਾਂਗਰਸ ਨੂੰ 17, ਆਮ ਆਦਮੀ ਪਾਰਟੀ ਨੂੰ 05 ਸੀਟਾਂ ਮਿਲੀਆਂ।

ਇੱਥੇ ਅਜ਼ਾਦ ਉਮੀਦਵਾਰਾਂ ਨੂੰ 03 ਅਤੇ ਸਮਾਜਵਾਦੀ ਪਾਰਟੀ ਨੂੰ ਇੱਕ ਸੀਟ ਮਿਲੀ।

ਚੋਣਾਂ

‘ਆਪ’ ਦਾ ਨਹੀਂ ਚੱਲਿਆ ਪੰਜਾਬ ਵਾਲਾ ਜਾਦੂ

ਕਈ ਦਹਾਕਿਆਂ ਤੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਪੱਤਰਕਾਰੀ ਕਰ ਰਹੇ ਸੀਨੀਅਰ ਪੱਤਰਕਾਰ ਰਾਜੀਵ ਖੰਨਾ ਦਾ ਕਹਿਣਾ ਹੈ ਕਿ ਭਾਵੇਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ ਪਰ ਪਾਰਟੀ ਹਿਮਾਚਲ ਵਿੱਚ ਮੁੱਖ ਮੰਤਰੀ ਦਾ ਚਿਹਰਾ ਸਥਾਪਿਤ ਨਹੀਂ ਕਰ ਪਾਈ।

ਰਾਜੀਵ ਖੰਨਾ ਕਹਿੰਦੇ ਹਨ, “ਪੰਜਾਬ ਤੋਂ ਵਿਧਾਇਕਾਂ ਦੀਆਂ ਹਿਮਾਚਲ ਪ੍ਰਦੇਸ਼ ਵਿੱਚ ਡਿਊਟੀਆਂ ਲਗਾਈਆਂ ਗਈਆ। ਪਰ ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਖਾਲੀ ਕੀਤੀ ਸੰਗਰੂਰ ਲੋਕ ਸਭਾ ਸੀਟ ਤੋਂ ਜਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਜਿੱਤ ਗਏ।”

“ਪਹਿਲਾਂ ਆਪਣਾ ਘਰ ਸਾਂਭਣ ਵਾਲੀ ਗੱਲ ਸੀ ਜੋ ‘ਆਪ’ ਕਰ ਨਹੀਂ ਪਾ ਰਹੀ ਸੀ। ਦੂਜਾ ਜੋ ਸਸਤੀ ਬਿਜਲੀ, ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਗੱਲ ਆਖੀ ਜਾ ਰਹੀ ਸੀ ਉਹ ਵੀ ਹਿਮਾਚਲ ਲਈ ਨਵੀਂ ਗੱਲ ਨਹੀਂ ਸੀ। ਇਥੇ ਬਿਜਲੀ ਪਹਿਲਾਂ ਹੀ ਸਸਤੀ ਸੀ। ਸਿਹਤ ਅਤੇ ਸਿੱਖਿਆ ਦਾ ਮਾਡਲ ਦੂਜੇ ਸੂਬਿਆਂ ਦੇ ਮੁਕਾਬਲੇ ਪਹਿਲਾਂ ਹੀ ਕੁਝ ਚੰਗਾ ਹੈ ਜਿਸ ਨੂੰ ਪ੍ਰਸਾਸ਼ਨ ਦੇ ਪੱਧਰ ਉਪਰ ਕਿਤੇ ਨਾ ਕਿਤੇ ਠੀਕ ਚਲਾਇਆ ਹੀ ਜਾ ਰਿਹੀ ਸੀ।”

ਖੰਨਾ ਕਹਿੰਦੇ ਹਨ ਕਿ ਆਪ ਨੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਇਕੱਠਾ ਕੰਮ ਸ਼ੁਰੂ ਕਰ ਦਿੱਤਾ ਪਰ ਜ਼ਿਆਦਾ ਧਿਆਨ ਗੁਜਰਾਤ ਉਪਰ ਦਿੱਤਾ ਪਰ ਉਹ ਦੋਵੇਂ ਹੀ ਥਾਵਾਂ ਉਪਰ ਕ੍ਰਿਸ਼ਮਾ ਨਹੀਂ ਕਰ ਪਾਏ।

ਚੋਣਾਂ

ਤਸਵੀਰ ਸਰੋਤ, Getty Images

ਚੋਣਾਂ
ਚੋਣਾਂ

ਸੀਨੀਅਰ ਪੱਤਰਕਾਰ ਸੁਨੇਤਰਾ ਚੌਧਰੀ ਨੇ ਬੀਬੀਸੀ ਨੂੰ ਦੱਸਿਆ, “ਹਿਮਾਚਲ ਵਿੱਚ ਸੇਬ ਦੇ ਕਿਸਾਨਾਂ ਦੇ ਮੁੱਦੇ ਸਨ। ਕਿਸਾਨਾਂ ਦੀ ਬਹੁਤ ਨਰਾਜ਼ਗੀ ਸੀ। ਭਾਰਤੀ ਫੌਜ ਵਿੱਚ ਅਗਨੀਵੀਰਾਂ ਦੀ ਭਰਤੀ ਨੂੰ ਲੈ ਕੇ ਵੀ ਹਿਮਾਚਲ ਵਿੱਚ ਕਾਫੀ ਚਰਚਾ ਸੀ। ਇਕ ਪੱਕੀ ਨੌਕਰੀ ਹਟਾ ਕੇ 4 ਸਾਲ ਦੀ ਕਰ ਦਿੱਤਾ ਹੈ। ਇਸ ਨਾਲ ਲੋਕ ਨਰਾਜ਼ ਸਨ।”

“ਵੀਰਭੱਦਰ ਸਿੰਘ ਦੀ ਮੌਤ ਤੋਂ ਬਾਅਦ ਜੋ ਹਮਦਰਦੀ ਉਹਨਾਂ ਦੀ ਪਤਨੀ ਪ੍ਰਤਿਭਾ ਸਿੰਘ ਨਾਲ ਸੀ, ਉਹ ਵੀ ਇੱਕ ਫੈਕਟਰ ਕਾਂਗਰਸ ਦੀ ਜਿੱਤ ਲਈ ਖਾਸ ਰਿਹਾ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਨੂੰ ਵਾਪਿਸ ਲਿਆਉਣ ਦਾ ਵਾਅਦਾ ਵੀ ਇੱਕ ਕਾਰਨ ਸੀ।”

ਹਿਮਾਚਲ ਚੋਣਾਂ

ਪੰਜਾਬ ਯੂਨੀਵਰਸਿਟੀ ਦੇ ਰਾਜਨੀਤਿਕ ਸਮਾਜ ਵਿਭਾਗ ਦੇ ਪ੍ਰੋਫੈਸਰ ਮੁਹੰਮਦ ਖ਼ਾਲਿਦ ਕਹਿੰਦੇ ਹਨ, ''ਹਿਮਾਚਲ ਪ੍ਰਦੇਸ਼ ਵਿੱਚ ਸਰਕਾਰੀ ਕਰਮਚਾਰੀਆਂ ਦੀ ਤਦਾਦ ਕਾਫ਼ੀ ਜ਼ਿਆਦਾ ਹੈ ਅਤੇ ਬੀਜੇਪੀ ਸਰਕਾਰ ਦੀ ਪੈਨਸ਼ਨ ਯੋਜਨਾ ਇਹਨਾਂ ਚੋਣਾਂ ਵਿੱਚ ਇੱਕ ਵੱਡਾ ਮੁੱਦਾ ਬਣ ਕੇ ਉਭਾਰਿਆ।''

''ਕਾਂਗਰਸ ਨੇ ਪੁਰਾਣੀ ਪੈਨਸ਼ਨ ਯੋਜਨਾ ਨੂੰ ਲਾਗੂ ਕਰਨ ਦਾ ਵਾਅਦਾ ਕਰ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਜਦਕਿ ਬੀਜੇਪੀ ਅਜਿਹਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ।''

ਗੁਜਰਾਤ ਮੁੜ ਭਾਜਪਾ ਦੇ ਕਬਜੇ ’ਚ, ‘ਆਪ’ ਦਾ ਖੁੱਲਿਆ ਖਾਤਾ

ਗੁਜਰਾਤ ਚੋਣਾਂ

ਪ੍ਰੋਫੈਸਰ ਮੁਹੰਮਦ ਖ਼ਾਲਿਦ ਕਹਿੰਦੇ ਹਨ ਕਿ ਭਾਜਪਾ ਗੁਜਰਾਤ ਵਿੱਚ ਪਹਿਲਾਂ ਤਾਂ ਵੋਟਾਂ ਦਾ ਧਰੁਵੀਕਰਨ ਕਰਨ ਵਿੱਚ ਕਾਮਯਾਬ ਹੋ ਗਈ।

“ਇਸ ਤੋਂ ਇਲਾਵਾ ਗੁਜਰਾਤ ਵਿੱਚ ਜ਼ਿਆਦਾ ਕਾਰੋਬਾਰੀ ਹਨ। ਉਹ ਆਪਣਾ ਫ਼ਾਇਦਾ ਪਹਿਲਾਂ ਸੋਚਦੇ ਹਨ। ਬੀਜੇਪੀ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਹਨ। ਇਸ ਕਾਰਨ ਲੋਕਾਂ ਨੇ ਬੀਜੇਪੀ ਨੂੰ ਫਿਰ ਮੌਕਾ ਦਿੱਤਾ।”

“ਚੋਣਾਂ ਨੇ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੇ ਲੰਮੇ-ਲੰਮੇ ਰੋਡ ਸ਼ੋਅ ਕੀਤੇ। ਇਸ ਕਾਰਨ ਬੀਜੇਪੀ ਨੂੰ ਉੱਥੇ ਸਫਲਤਾ ਮਿਲੀ। ਗੁਜਰਾਤ ਅਜਿਹਾ ਸੂਬਾ ਜਿਸ ਦਾ ਅਸਰ ਦੇਸ਼ ਦੇ ਦੂਜਿਆਂ ਸੂਬਿਆਂ ਉੱਤੇ ਪੈਂਦਾ ਹੈ। ਬੀਜੇਪੀ ਜਾਣਦੀ ਸੀ ਕਿ ਇੱਥੋਂ ਸੀਟਾਂ ਘੱਟ ਹੋਣ ਦਾ ਅਸਰ ਪੂਰੇ ਦੇਸ਼ ਵਿੱਚ ਪਵੇਗਾ। ਇਸ ਲਈ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਗਈ।”

ਚੋਣਾਂ

ਪੱਤਰਕਾਰ ਰਾਜੀਵ ਖੰਨਾ ਕਹਿੰਦੇ ਹਨ, “ਗੁਜਰਾਤ ਵਿੱਚ ਇਹ ਚੋਣ ਭਾਜਪਾ ਦੀ ਨਹੀਂ ਬਲਕਿ ਨਰਿੰਦਰ ਮੋਦੀ ਦੀ ਸੀ। ਮੋਦੀ ਨੇ ਗੁਜਰਾਤ ਵਿੱਚ ਸੀਟਾਂ ਦਾ ਨੰਬਰ ਵਧਾਉਣਾ ਸੀ ਜਿਸ ਦਾ ਪ੍ਰਭਾਵ 2024 ਤੱਕ ਜਾਣਾ ਹੈ।”

“ਗੁਜਰਾਤ ਭਾਜਪਾ ਦੀ ਲੈਬੋਰਟਰੀ ਹੈ ਜਿਸ ਨੂੰ ਉਹ ਪੂਰੇ ਦੇਸ਼ ਵਿੱਚ ਇੱਕ ਮਾਡਲ ਵੱਜੋਂ ਪੇਸ਼ ਕਰਦੇ ਹਨ। ਸੀਟਾਂ ਦੀ ਗਿਣਤੀ ਵਧਾਉਣੀ ਇਸ ਲਈ ਵੀ ਜਰੂਰੀ ਸੀ ਕਿ ਭਾਜਪਾ ਵਿੱਚ ਮੋਦੀ ਅਤੇ ਸ਼ਾਹ ਦਾ ਦਬਦਬਾ ਬਣਿਆ ਰਹੇ। ਇਸ ਜਿੱਤ ਨਾਲ ਉਹਨਾਂ ਦਾ ਪ੍ਰਭਾਵ ਹੋਰ ਮਜ਼ਬੂਤ ਹੋ ਗਿਆ।”

ਖੰਨਾ ਕਹਿੰਦੇ ਹਨ, “ਇਸ ਚੋਣ ਵਿੱਚ ਭਾਜਪਾ ਨੇ ਆਪਣੀ ਹਿੰਦੂਤਵਾ ਦੀ ਰਾਜਨੀਤੀ ਤੋਂ ਇੱਕ ਇੰਚ ਪੈਰ ਪਿੱਛੇ ਨਹੀਂ ਖਿੱਚਿਆ ਅਤੇ ਜਿੰਨ੍ਹਾਂ ਲੋਕਾਂ ਨੂੰ ਵੀ ਟਿੱਕਟਾਂ ਦਿੱਤੀਆਂ ਗਈਆਂ ਸਨ, ਉਹ ਜਿੱਤ ਗਏ।”

ਪ੍ਰੋਫੈਸਰ ਮੁਹੰਮਦ ਖ਼ਾਲਿਦ ਅਨੁਸਾਰ ਕਾਂਗਰਸ ਨੂੰ ਗੁਜਰਾਤ ਵਿੱਚ ਵੱਡਾ ਝਟਕਾ ਲੱਗਾ ਹੈ।

“ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕਾਂਗਰਸ ਦੀਆਂ ਸੀਟਾਂ ਕਾਫ਼ੀ ਘੱਟ ਗਈਆਂ ਹਨ। ਕਾਂਗਰਸ ਦੇ ਨੁਕਸਾਨ ਦਾ ਕਾਰਨ ਆਮ ਆਦਮੀ ਪਾਰਟੀ ਦੀ ਗੁਜਰਾਤ ਦੀਆਂ ਚੋਣਾਂ ਵਿੱਚ ਐਂਟਰੀ ਹੈ।”

ਖ਼ਾਲਿਦ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਵੀ ਵੋਟਾਂ ਹਾਸਲ ਹੋਈਆਂ ਹਨ, ਉਹ ਕਾਂਗਰਸ ਦੇ ਖਾਤੇ ਵਿਚੋਂ ਗਈਆਂ ਹਨ।

ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦਾ ਕਹਿਣਾ ਹੈ ਕਿ ਗੁਜਰਾਤ ਵਿੱਚ ਤਿਕੋਣਾ ਮੁਕਾਬਲਾ ਸੀ ਅਤੇ ਜੋ ਬਦਲਾਅ ਲਈ ਵੋਟ ਪੈਣੀ ਸੀ ਉਹ ਵੰਡੀ ਗਈ।

ਨੀਰਜਾ ਚੌਧਰੀ ਕਹਿੰਦੇ ਹਨ, “ਕੁਝ ਤਾਂ ਪਿਛਲੇ 27 ਸਾਲਾਂ ਵਿੱਚ ਸੀ ਜਿਸ ਕਾਰਨ ਵਿਰੋਧੀ ਧਿਰਾਂ 50 ਫੀਸਦੀ ਵੋਟ ਵੀ ਨਹੀਂ ਲੈ ਸਕੀਆਂ।”