ਦਿੱਲੀ ਐੱਮਸੀਡੀ ਚੋਣਾਂ ’ਚ ਬਹੁਮਤ ਮਗਰੋਂ ਕੇਜਰੀਵਾਲ ਨੇ ਪੀਐੱਮ ਮੋਦੀ ਤੋਂ ਇਹ ਅਸ਼ੀਰਵਾਦ ਮੰਗਿਆ

ਤਸਵੀਰ ਸਰੋਤ, AAP DELHI
ਦਿੱਲੀ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਿਲ ਕਰ ਲਿਆ ਹੈ।
ਆਮ ਆਦਮੀ ਪਾਰਟੀ ਨੇ 134 ਸੀਟਾਂ ਜਿੱਤ ਲਈਆਂ ਹਨ, ਭਾਜਪਾ ਨੂੰ 104 ਸੀਟਾਂ ਮਿਲੀਆਂ ਹਨ। ਕਾਂਗਰਸ ਨੂੰ ਸਿਰਫ਼ 09 ਸੀਟਾਂ ਹਾਸਲ ਹੋਈਆਂ ਹਨ।
15 ਸਾਲਾਂ ਤੋਂ ਐੱਮਸੀਡੀ ਵਿੱਚ ਕਾਬਜ਼ ਭਾਜਪਾ ਨੂੰ ਹਾਰ ਦਾ ਸਹਾਮਣਾ ਕਰਨਾ ਪਿਆ ਹੈ।
ਦਿੱਲੀ ਨਗਰ ਨਿਗਮ ਦੀਆਂ 250 ਸੀਟਾਂ ਲਈ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ।

ਪ੍ਰਧਾਨ ਮੰਤਰੀ ਦੇ ਅਸ਼ੀਰਵਾਦ ਦੀ ਲੋੜ- ਕੇਜਰੀਵਾਲ
ਜਿੱਤ ਦਰਜ ਕਰਨ ਤੋ ਬਾਅਦ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਨੂੰ ਠੀਕ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਅਸ਼ੀਰਵਾਦ ਚਾਹੁੰਦੇ ਹਨ।
ਜਿੱਤ ਤੋਂ ਬਾਅਦ ਇੱਕ ਇੱਕ ਸਭਾ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ, ‘‘ਸਾਨੂੰ ਦਿੱਲੀ ਨੂੰ ਠੀਕ ਕਰਨ ਦੇ ਲਈ ਸਾਰਿਆਂ ਦੇ ਸਗਿਯੋਗ ਕਰਨ ਦੀ ਲੋੜ ਹੈ, ਖ਼ਾਸਕਰ ਕੇਂਦਰ ਸਰਕਾਰ ਦੇ ਸਹਿਯੋਗ ਦੀ ਲੋੜ ਹੈ।’’
‘‘ਅੱਜ ਮੈਂ ਇਸ ਮੰਚ ਤੋਂ ਕੇਂਦਰ ਸਰਕਾਰ ਨੂੰ ਖ਼ਾਸਕਰ ਪ੍ਰਧਾਨ ਮੰਤਰੀ ਜੀ ਤੋਂ ਦਿੱਲੀ ਨੂੰ ਠੀਕ ਕਰਨ ਦਾ ਅਸ਼ੀਰਵਾਦ ਚਾਹੁੰਦਾ ਹਾਂ, ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਅਸ਼ੀਰਵਾਦ ਚਾਹੀਦਾ ਹੈ।’’

ਤਸਵੀਰ ਸਰੋਤ, ANI
ਦਿੱਲੀ ਵਿੱਚ ਮੁੜ ਹੱਦਬੰਦੀ ਤੋਂ ਬਾਅਦ ਇਹ ਪਹਿਲੀਆਂ ਨਗਰ ਨਿਗਮ (ਐੱਮਸੀਡੀ) ਚੋਣਾਂ ਹਨ ਅਤੇ ਇਨ੍ਹਾਂ 250 ਸੀਟਾਂ ਲਈ 4 ਦਸੰਬਰ ਨੂੰ ਵੋਟਾਂ ਪਈਆਂ ਸਨ।
ਵੋਟਾਂ ਦੀ ਗਿਣਤੀ ਦੇ ਲਈ 42 ਸਟ੍ਰਾਂਗ ਰੂਮ ਬਣਾਏ ਗਏ ਹਨ ਅਤੇ ਸਾਰੇ ਕੇਂਦਰਾਂ 'ਤੇ ਸੁਰੱਖਿਆ ਵੀ ਵਧਾ ਦਿੱਤੀ ਗਈ।
‘ਹੁਣ ਦਿੱਲੀ ਦੀ ਸਫ਼ਾਈ ਹੋਵੇਗੀ’ - ਭਗਵੰਤ ਮਾਨ

ਤਸਵੀਰ ਸਰੋਤ, BHAGWANT MANN/FB
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਨਗਰ ਨਿਗਮ ਚੋਣਾਂ ਦੇ ਆ ਰਹੇ ਨਤੀਜਿਆਂ ਬਾਰੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਬਹੁਮਤ ਮਿਲ ਰਿਹਾ ਹੈ।
ਉਨ੍ਹਾਂ ਕਿਹਾ, ''ਹੁਣ 15 ਸਾਲ ਤੋਂ ਐੱਮਸੀਡੀ ਉੱਤੇ ਕਾਬਿਜ਼ ਭਾਜਪਾ ਨੂੰ ਬਾਹਰ ਕਰ ਦਿੱਤਾ। ਇਸ ਦਾ ਮਤਲਬ ਇਹ ਹੈ ਕਿ ਲੋਕ ਨਫਰਤ ਦੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ। ਹੁਣ ਦਿੱਲੀ ਦੀ ਸਫ਼ਾਈ ਹੋਵੇਗੀ। ਅਸਲ ਝਾੜੂ ਹੁਣ ਦਿੱਲੀ ਦੇ ਕੂੜੇ ਦੇ ਪਹਾੜਾਂ 'ਤੇ ਚੱਲੇਗੀ।''


ਐੱਮਸੀਡੀ ਵਿੱਚ ਟਰਾਂਸਜੈਂਡਰ ਭਾਈਚਾਰੇ ਦੇ ਪਹਿਲੇ ਮੈਂਬਰ

ਆਮ ਆਦਮੀ ਪਾਰਟੀ ਦੇ ਉਮੀਦਵਾਰ ਬੌਬੀ ਨੇ ਸੁਲਤਾਨਪੁਰੀ (ਏ) ਵਾਰਡ ਤੋਂ ਜਿੱਤ ਪ੍ਰਾਪਤ ਕੀਤੀ ਹੈ।
ਇਸ ਜਿੱਤ ਦੇ ਨਾਲ ਉਹ ਦਿੱਲੀ ਐੱਮਸੀਡੀ ਵਿੱਚ ਟਰਾਂਸਜੈਂਡਰ ਭਾਈਚਾਰੇ ਨਾਲ ਸਬੰਧਿਤ ਪਹਿਲੇ ਮੈਂਬਰ ਬਣ ਜਾਣਗੇ।

ਤਸਵੀਰ ਸਰੋਤ, Hindustan Times
ਦਿੱਲੀ ਐੱਮਸੀਡੀ 'ਚ 15 ਸਾਲਾਂ ਤੋਂ ਭਾਜਪਾ
ਪਿਛਲੇ 15 ਸਾਲਾਂ ਤੋਂ ਦਿੱਲੀ ਨਿਗਰ ਨਿਗਮ 'ਤੇ ਭਾਰਤੀ ਜਨਤਾ ਪਾਰਟੀ ਹੀ ਕਾਬਜ਼ ਰਹੀ ਹੈ।
ਪਿਛਲੀ ਵਾਰ ਹੋਈਆਂ ਨਗਰ ਨਿਗਮ ਚੋਣਾਂ ਵਿੱਚ 270 ਵਾਰਡਾਂ ਵਿੱਚੋਂ 181 'ਤੇ ਭਾਜਪਾ ਨੇ ਜਿੱਤ ਦਰਜ ਕੀਤੀ ਸੀ।
ਜਦਕਿ ਆਮ ਆਦਮੀ ਪਾਰਟੀ ਨੇ 48 ਅਤੇ ਕਾਂਗਰਸ ਨੇ 27 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।













