ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਤਰਨਤਾਰਨ ਵਿੱਚ ਕਦੋਂ ਹੋਵੇਗੀ ਜ਼ਿਮਨੀ ਚੋਣ ਤੇ ਕਦੋਂ ਐਲਾਨੇ ਜਾਣਗੇ ਨਤੀਜੇ

ਗਿਆਨੇਸ਼ ਕੁਮਾਰ

ਤਸਵੀਰ ਸਰੋਤ, ECI

ਤਸਵੀਰ ਕੈਪਸ਼ਨ, ਕੇਂਦਰੀ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਬਿਹਾਰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ

ਬਿਹਾਰ ਦੀਆਂ ਚੋਣਾਂ ਦੋ ਗੇੜਾਂ ਵਿੱਚ ਹੋਣਗੀਆਂ। ਪਹਿਲੇ ਗੇੜ ਤਹਿਤ 6 ਨਵੰਬਰ ਅਤੇ ਦੂਜੇ ਗੇੜ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ।

ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਅਤੇ ਪੂਰੀ ਚੋਣ ਪ੍ਰਕਿਰਿਆ 16 ਨਵੰਬਰ ਨੂੰ ਖ਼ਤਮ ਕਰ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ 7 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੀ ਜ਼ਿਮਨੀ ਚੋਣਾਂ ਹੋਣਗੀਆਂ, ਜਿਨ੍ਹਾਂ ਵਿੱਚ ਪੰਜਾਬ ਦੀ ਇੱਕ ਸੀਟ ਤਰਨਤਾਰਨ, ਜੰਮੂ-ਕਸ਼ਮੀਰ ਦੀਆਂ ਦੋ ਸੀਟਾਂ ਬੁਧਗ਼ਾਮ ਅਤੇ ਨਗਰੋਟਾ, ਰਾਜਸਥਾਨ ਦੀ ਅੰਤਾ ਸੀਟ, ਝਾਰਖੰਡ ਦੇ ਘਤਸਿਲਾ ਵਿੱਚ, ਤੇਲੰਗਾਨਾ ਦੇ ਜੁਬਲੀ ਹਿਲਜ਼ ਵਿੱਚ, ਮਿਜ਼ੋਰਮ ਦੇ ਦੰਪਾ ਵਿੱਚ ਅਤੇ ਓਡੀਸ਼ਾ ਦੇ ਨੌਪਾੜਾ ਵਿੱਚ ਵੀ 11 ਨਵੰਬਰ ਨੂੰ ਪੈਣਗੀਆਂ ਵੋਟਾਂ।

ਕੇਂਦਰੀ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਬਿਹਾਰ ਚੋਣਾਂ ਲਈ 17 ਨਵੇਂ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਵੋਟਰ ਆਪਣੇ ਮੋਬਾਈਲ ਫੋਨ ਪੋਲਿੰਗ ਸਟੇਸ਼ਨਾਂ ਦੇ ਬਾਹਰ ਜਮ੍ਹਾਂ ਕਰਵਾ ਸਕਦੇ ਹਨ ਅਤੇ ਵੋਟ ਪਾਉਣ ਤੋਂ ਬਾਅਦ ਵਾਪਸ ਲੈ ਸਕਦੇ ਹਨ।

ਚੋਣ ਕਮਿਸ਼ਨ

ਤਸਵੀਰ ਸਰੋਤ, X/@ECISVEEP

ਤਸਵੀਰ ਕੈਪਸ਼ਨ, ਐਤਵਾਰ ਨੂੰ ਸੀਈਸੀ ਗਿਆਨੇਸ਼ ਕੁਮਾਰ ਨੇ ਕਿਹਾ ਸੀ ਕਿ ਬਿਹਾਰ ਵਿੱਚ ਐੱਸਆਈਆਰ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਹੋ ਗਈ ਹੈ

ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਦੀ ਕੁੱਲ ਗਿਣਤੀ ਲਗਭਗ 7.43 ਕਰੋੜ ਹੈ। ਇਸ ਵਿੱਚ ਲਗਭਗ 3.92 ਕਰੋੜ ਪੁਰਸ਼, 3.50 ਕਰੋੜ ਔਰਤਾਂ ਅਤੇ 1,725 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਇਨ੍ਹਾਂ ਵੋਟਰਾਂ ਵਿੱਚੋਂ 14 ਲੱਖ ਤੋਂ ਵੱਧ ਪਹਿਲੀ ਵਾਰ ਵੋਟ ਪਾਉਣਗੇ।

ਚੋਣ ਕਮਿਸ਼ਨ ਨੇ ਦੱਸਿਆ ਕਿ ਬਿਹਾਰ ਵਿੱਚ ਕੁੱਲ 90,712 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 76,801 ਪੇਂਡੂ ਖੇਤਰਾਂ ਵਿੱਚ ਅਤੇ 13,911 ਸ਼ਹਿਰੀ ਖੇਤਰਾਂ ਵਿੱਚ ਹਨ।

ਹਰੇਕ ਪੋਲਿੰਗ ਸਟੇਸ਼ਨ 'ਤੇ ਔਸਤਨ 818 ਵੋਟਰ ਹੋਣਗੇ। ਸਾਰੇ ਪੋਲਿੰਗ ਸਟੇਸ਼ਨਾਂ 'ਤੇ 100% ਵੈੱਬਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ 1,350 ਮਾਡਲ ਪੋਲਿੰਗ ਸਟੇਸ਼ਨ, 1,044 ਔਰਤਾਂ ਦੁਆਰਾ ਸੰਚਾਲਿਤ ਕੇਂਦਰ, ਅਪਾਹਜ ਵੋਟਰਾਂ ਦੇ ਪ੍ਰਬੰਧਨ ਲਈ 292 ਕੇਂਦਰ ਅਤੇ 38 ਨੌਜਵਾਨਾਂ ਵੱਲੋਂ ਸੰਚਾਲਿਤ ਕੇਂਦਰ ਸ਼ਾਮਲ ਹਨ।

ਇਸ ਤੋਂ ਪਹਿਲਾਂ ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਪਟਨਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ।

ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪਾਰਟੀਆਂ ਵਿਚਕਾਰ ਸਾਧੇ ਜਾ ਰਹੇ ਸੀਟਾਂ ਦੇ ਸਮੀਕਰਨ ਵਿਚਾਲੇ, ਭਾਰਤੀ ਚੋਣ ਕਮਿਸ਼ਨ ਨੇ ਇੰਟੈਂਸਿਵ ਵੋਟਰ ਰਿਵੀਜ਼ਨ (ਐੱਸਆਈਆਰ) ਦੇ ਅੰਕੜੇ ਵੀ ਜਾਰੀ ਕੀਤੇ ਹਨ।

ਜ਼ਿਮਨੀ ਚੋਣ

ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਬਿਹਾਰ ਵਿੱਚ ਐੱਸਆਈਆਰ ਪ੍ਰਕਿਰਿਆ ਸਫ਼ਲਤਾਪੂਰਵਕ ਪੂਰੀ ਹੋ ਗਈ ਹੈ।

ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਚੋਣ ਕਮਿਸ਼ਨ ਨੇ ਐੱਸਆਈਆਰ ਸ਼ੁਰੂ ਕੀਤਾ ਸੀ। ਇਸ ਦੀ ਟਾਈਮਿੰਗ ਨੂੰ ਲੈ ਕੇ ਵਿਰੋਧੀ ਦਲਾਂ ਨੇ ਕਈ ਸਵਾਲ ਚੁੱਕੇ ਜਦਕਿ ਚੋਣ ਕਮਿਸ਼ਨ ਨੇ ਇਸ ਨੂੰ ਵੋਟਰ ਲਿਸਟ ਨੂੰ ਸਹੀ ਕਰਨ ਦੀ ਪ੍ਰਕਿਰਿਆ ਕਰਾਰ ਦਿੱਤਾ।

ਬਿਹਾਰ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਨਵੰਬਰ, 2025 ਨੂੰ ਖ਼ਤਮ ਹੋ ਰਿਹਾ ਹੈ। ਅਜਿਹੇ ਵਿੱਚ ਸੂਬੇ ਵਿੱਚ ਚੋਣਾਂ ਨਵੰਬਰ ਤੱਕ ਹੋਣੀਆਂ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ (2020) 28 ਅਕਤੂਬਰ ਤੋਂ 7 ਨਵੰਬਰ ਤੱਕ ਤਿੰਨ ਪੜਾਵਾਂ ਵਿੱਚ, ਕੋਵਿਡ-19 ਮਹਾਂਮਾਰੀ ਦੇ ਪਰਛਾਵੇਂ ਹੇਠ ਹੋਈਆਂ ਸਨ।

ਇਹ ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ਵਿੱਚ ਪਹਿਲੀਆਂ ਵੱਡੀਆਂ ਚੋਣਾਂ ਸਨ ਅਤੇ ਇਸ ਸਬੰਧੀ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।

ਬਿਹਾਰ

ਤਸਵੀਰ ਸਰੋਤ, Santosh Kumar/Hindustan Times via Getty Images

ਤਸਵੀਰ ਕੈਪਸ਼ਨ, ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੌਰਾਨ (ਐੱਸਆਈਆਰ) ਵੋਟਰਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਕਰਦੇ ਹੋਏ ਬੂਥ ਲੈਵਲ ਅਫ਼ਸਰ (ਬੀਐੱਲਓ)

ਆਧਾਰ ਕਾਰਡ ʼਤੇ ਕੀ ਬੋਲੇ ਮੁੱਖ ਚੋਣ ਕਮਿਸ਼ਨਰ?

ਆਧਾਰ ਕਾਰਡ ਨਾਲ ਸਬੰਧਤ ਇੱਕ ਸਵਾਲ ਦੇ ਜਵਾਬ ਵਿੱਚ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ, "ਸੁਪਰੀਮ ਕੋਰਟ ਦੇ ਕਈ ਹੁਕਮਾਂ ਅਨੁਸਾਰ, ਆਧਾਰ ਐਕਟ ਨਾ ਤਾਂ ਤਹਿਤ ਜਨਮ ਮਿਤੀ ਦਾ ਸਬੂਤ ਮੰਨਿਆ ਜਾ ਸਕਦਾ ਹੈ, ਨਾ ਰਿਹਾਇਸ਼ ਦਾ ਤੇ ਨਾ ਹੀ ਨਾਗਰਿਕਤਾ ਦਾ। ਆਧਾਰ ਸਿਰਫ਼ ਪਛਾਣ ਦਾ ਸਬੂਤ ਹੈ, ਨਾਗਰਿਕਤਾ ਜਾਂ ਜਨਮ ਦਾ ਨਹੀਂ।"

ਉਨ੍ਹਾਂ ਨੇ ਕਿਹਾ, "ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਸੀਂ ਮੰਨਦੇ ਹਾਂ ਕਿ ਆਧਾਰ ਕਾਰਡ ਪਛਾਣ ਲਈ ਵਰਤਿਆ ਜਾ ਸਕਦਾ ਹੈ, ਇਸ ਨੂੰ ਨਾਗਰਿਕਤਾ ਜਾਂ ਜਨਮ ਮਿਤੀ ਦੇ ਸਬੂਤ ਵਜੋਂ ਨਹੀਂ ਮੰਨਿਆ ਜਾ ਸਕਦਾ। ਆਧਾਰ ਐਕਟ ਦੀ ਧਾਰਾ 9 ਇਹ ਵੀ ਸਪੱਸ਼ਟ ਤੌਰ 'ਤੇ ਕਹਿੰਦੀ ਹੈ ਕਿ ਆਧਾਰ ਨਾਗਰਿਕਤਾ ਜਾਂ ਰਿਹਾਇਸ਼ ਦਾ ਸਬੂਤ ਨਹੀਂ ਹੈ।"

"ਇਸ ਲਈ ਜੋ ਲੋਕ 18 ਸਾਲ ਤੋਂ ਵੱਧ ਉਮਰ ਦਾ ਸਬੂਤ ਦੇਣ ਲਈ ਕੇਵਲ ਆਧਾਰ ਕਾਰਡ ਦਿਖਾਉਂਦੇ ਹਨ, ਉਨ੍ਹਾਂ ਲਈ ਇਹ ਕਾਫੀ ਨਹੀਂ ਹੋਵੇਗਾ। ਸੁਪਰੀਮ ਕੋਰਟ ਦੇ ਹੁਕਮਾਂ ਤਹਿਤ, ਆਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ, ਪਰ ਯੋਗਤਾ ਜਾਂ ਉਮਰ ਦੀ ਤਸਦੀਕ ਲਈ ਹੋਰ ਦਸਤਾਵੇਜ਼ਾਂ ਦੀ ਵੀ ਲੋੜ ਹੋਵੇਗੀ।"

2020 ਤੋਂ ਬਾਅਦ ਸਿਆਸਤ ਵਿੱਚ ਕੀ ਹੋਇਆ?

ਨਿਤੀਸ਼ ਕੁਮਾਰ

ਤਸਵੀਰ ਸਰੋਤ, Santosh Kumar/Hindustan Times via Getty Images

ਤਸਵੀਰ ਕੈਪਸ਼ਨ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 5 ਸਤੰਬਰ, 2025 ਨੂੰ ਕਾਰਜਕਰਤਾ ਸੰਵਾਦ ਪ੍ਰੋਗਰਾਮ ਵਿੱਚ

2020 ਦੀਆਂ ਚੋਣਾਂ ਤੋਂ ਬਾਅਦ, ਸੂਬੇ ਵਿੱਚ ਐੱਨਡੀਏ ਸਰਕਾਰ ਬਣੀ ਪਰ ਅਗਸਤ 2022 ਵਿੱਚ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਸਬੰਧ ਤੋੜ ਲਏ ਅਤੇ ਮਹਾਂਗਠਜੋੜ ਦਾ ਪੱਲਾ ਫੜ੍ਹ ਲਿਆ।

ਭਾਜਪਾ ਅਤੇ ਜੇਡੀਯੂ ਵਿਚਕਾਰ ਸਬੰਧ ਇੰਨੇ ਤਣਾਅਪੂਰਨ ਹੋ ਗਏ ਸਨ ਕਿ ਨਿਤੀਸ਼ ਕੁਮਾਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਮਰਨਾ ਪਸੰਦ ਕਰਨਗੇ ਪਰ ਕਦੇ ਵੀ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ।

ਦੂਜੇ ਪਾਸੇ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ ਨਿਤੀਸ਼ ਕੁਮਾਰ ਲਈ ਐੱਨਡੀਏ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਹਨ।

ਪਰ, ਕਿਉਂਕਿ ਰਾਜਨੀਤੀ ਵਿੱਚ ਕੁਝ ਵੀ ਆਖ਼ਰੀ ਸੱਚ ਨਹੀਂ ਹੁੰਦਾ, ਇਸ ਲਈ ਚੀਜ਼ਾਂ ਇੱਕ ਵਾਰ ਫਿਰ ਬਦਲ ਗਈਆਂ।

2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਲ ਇੰਡੀਆ ਗਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਨਿਤੀਸ਼ ਕੁਮਾਰ ਨੂੰ ਇੱਕ ਮੁੱਖ ਹਸਤੀ ਮੰਨਿਆ ਜਾ ਰਿਹਾ ਸੀ।

ਪਰ ਜਨਵਰੀ 2024 ਵਿੱਚ ਉਹ ਇੱਕ ਵਾਰ ਫਿਰ ਐੱਨਡੀਏ ਵਿੱਚ ਸ਼ਾਮਲ ਹੋ ਗਏ ਅਤੇ ਆਰਜੇਡੀ ਤੋਂ ਵੱਖ ਹੋ ਗਏ।

ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਜੇਡੀਯੂ ਅਤੇ ਰਾਸ਼ਟਰੀ ਜਨਤਾ ਦਲ ਨੇ ਮਿਲ ਕੇ ਲੜੀਆਂ ਸਨ ਅਤੇ ਬਹੁਮਤ ਹਾਸਲ ਕਰ ਕੇ ਸਰਕਾਰ ਬਣਾਈ ਸੀ। ਉਦੋਂ ਇਹ ਗਠਜੋੜ 2017 ਵਿੱਚ ਟੁੱਟ ਗਿਆ ਸੀ।

ਇਹ ਵੀ ਪੜ੍ਹੋ-

ਬਿਹਾਰ ਵਿਧਾਨ ਸਭਾ ਦੀ ਸਥਿਤੀ ਕੀ ਹੈ?

ਬਿਹਾਰ ਵਿਧਾਨ ਸਭਾ ਵਿੱਚ ਕੁੱਲ 243 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਜਾਂ ਗਠਜੋੜ ਕੋਲ 122 ਸੀਟਾਂ ਹੋਣੀਆਂ ਚਾਹੀਦੀਆਂ ਹਨ।

ਬਿਹਾਰ ਵਿੱਚ ਇਸ ਸਮੇਂ ਜੇਡੀਯੂ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬਣੀ ਐੱਨਡੀਏ ਸਰਕਾਰ ਹੈ, ਜਿਸ ਵਿੱਚ ਆਰਜੇਡੀ ਦੇ ਤੇਜਸਵੀ ਯਾਦਵ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ।

ਬਿਹਾਰ ਵਿਧਾਨ ਸਭਾ ਵਿੱਚ ਭਾਜਪਾ ਦੇ ਇਸ ਸਮੇਂ 80 ਵਿਧਾਇਕ, ਆਰਜੇਡੀ ਦੇ 77, ਜੇਡੀ(ਯੂ) ਦੇ 45 ਅਤੇ ਕਾਂਗਰਸ ਦੇ 19 ਹਨ।

ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ-ਲੈਨਿਨਵਾਦੀ) (ਲਿਬਰੇਸ਼ਨ) ਦੇ 11 ਵਿਧਾਇਕ, ਹਿੰਦੁਸਤਾਨੀ ਅਵਾਮ ਮੋਰਚਾ (ਧਰਮ ਨਿਰਪੱਖ) ਦੇ 4 ਵਿਧਾਇਕ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਦੇ 2 ਵਿਧਾਇਕ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ 2 ਵਿਧਾਇਕ, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦਾ 1 ਵਿਧਾਇਕ ਅਤੇ 2 ਆਜ਼ਾਦ ਵਿਧਾਇਕ ਹਨ।

ਕਿਹੜੇ ਗਠਜੋੜ ਚੋਣ ਮੈਦਾਨ ਵਿੱਚ ਹਨ?

ਸੂਬੇ ਵਿੱਚ ਇਸ ਵਾਰ ਵੀ ਮੁੱਖ ਮੁਕਾਬਲਾ ਐੱਨਡੀਏ ਅਤੇ ਮਹਾਂਗਠਜੋੜ ਵਿਚਕਾਰ ਹੋਣ ਦੀ ਉਮੀਦ ਹੈ।

ਐੱਨਡੀਏ ਵਿੱਚ ਜੇਡੀਯੂ, ਭਾਜਪਾ, ਐੱਲਜੇਪੀ (ਆਰ), ਜੀਤਨ ਰਾਮ ਮਾਂਝੀ ਦੀ ਐੱਚਏਐੱਮ (ਸੈਕੂਲਰ) ਅਤੇ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਮੋਰਚਾ ਵਰਗੀਆਂ ਪਾਰਟੀਆਂ ਸ਼ਾਮਲ ਹਨ।

ਮਹਾਂਗਠਜੋੜ ਵਿੱਚ ਆਰਜੇਡੀ, ਕਾਂਗਰਸ, ਸੀਪੀਆਈ, ਸੀਪੀਐੱਮ, ਸੀਪੀਆਈ (ਐੱਮਐੱਲ), ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ), ਜੇਐੱਮਐੱਮ ਅਤੇ ਨੈਸ਼ਨਲ ਐੱਲਜੇਪੀ ਸ਼ਾਮਲ ਹਨ।

ਅਸਦੁਦੀਨ ਓਵੈਸੀ ਦੀ ਪਾਰਟੀ, ਏਆਈਐੱਮਆਈਐੱਮ, ਕਿਸੇ ਵੀ ਗਠਜੋੜ ਦਾ ਹਿੱਸਾ ਨਹੀਂ ਹੈ। ਉਨ੍ਹਾਂ ਦੀ ਪਾਰਟੀ ਨੇ 2020 ਦੀਆਂ ਚੋਣਾਂ ਵਿੱਚ ਪੰਜ ਸੀਟਾਂ ਜਿੱਤੀਆਂ ਸਨ, ਪਰ ਇਸਦੇ ਚਾਰ ਵਿਧਾਇਕ ਬਾਅਦ ਵਿੱਚ ਆਰਜੇਡੀ ਵਿੱਚ ਸ਼ਾਮਲ ਹੋ ਗਏ ਸਨ।

ਨਿਤੀਸ਼ ਕੁਮਾਰ ਅਤੇ ਧਰਮਿੰਦਰ ਪ੍ਰਧਾਨ

ਤਸਵੀਰ ਸਰੋਤ, Santosh Kumar/Hindustan Times via Getty Images

ਤਸਵੀਰ ਕੈਪਸ਼ਨ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 28 ਸਤੰਬਰ ਨੂੰ ਕੇਂਦਰੀ ਮੰਤਰੀ ਅਤੇ ਬਿਹਾਰ ਭਾਜਪਾ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ

ਸੀਟ ਵੰਡ ਅਤੇ ਨਵੇਂ ਖਿਡਾਰੀ ਕੌਣ ਹਨ?

ਅਜੇ ਤੱਕ ਨਾ ਤਾਂ ਐੱਨਡੀਏ ਅਤੇ ਨਾ ਹੀ ਮਹਾਂਗਠਜੋੜ ਨੇ ਸੀਟ ਵੰਡ ਦੇ ਅੰਕੜੇ ਜਾਰੀ ਕੀਤੇ ਹਨ। ਦੋਵੇਂ ਵੱਡੇ ਗਠਜੋੜਾਂ ਵਿੱਚ ਸੀਟਾਂ ਨੂੰ ਲੈ ਕੇ ਗਰਾਰੀ ਫਸਦੀ ਨਜ਼ਰ ਆ ਰਹੀ ਸੀ।

ਸੀਟ ਵੰਡ ਨੂੰ ਲੈ ਕੇ ਕਈ ਦੌਰ ਦੀ ਚਰਚਾ ਹੋਈ ਹੈ ਪਰ ਅਜੇ ਤੱਕ ਕੋਈ ਠੋਸ ਨਤੀਜਾ ਨਹੀਂ ਨਿਕਲਿਆ ਹੈ। ਦੋਵਾਂ ਗਠਜੋੜਾਂ ਦੇ ਅੰਦਰ ਸ਼ਾਮਲ ਛੋਟੀਆਂ ਪਾਰਟੀਆਂ "ਸਤਿਕਾਰਯੋਗ ਸੀਟਾਂ" ਲਈ ਆਪਣਾ ਦਾਅਵਾ ਪੇਸ਼ ਕਰ ਰਹੀਆਂ ਹਨ।

ਨਿਤੀਸ਼ ਕੁਮਾਰ ਦੀ ਖ਼ਰਾਬ ਸਿਹਤ, ਜੇਡੀਯੂ ਵਿੱਚ ਉੱਤਰਾਧਿਕਾਰੀ ਬਾਰੇ ਅਟਕਲਾਂ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਤੇ ਰਹਿ-ਰਹਿ ਕੇ ਚਿਰਾਗ ਪਾਸਵਾਨ ਦੇ ਚੋਣ ਲੜਨ ਦੀਆਂ ਖ਼ਬਰਾਂ ਨਾਲ ਚੋਣਾਂ ਹੋਰ ਦਿਲਚਸਪ ਹੁੰਦਾ ਜਾ ਰਿਹਾ ਹੈ।

ਨਿਤੀਸ਼ ਕੁਮਾਰ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੂੰ ਬੀਬੀਸੀ ਨੇ ਇੱਕ ਇੰਟਰਵਿਊ ਵਿੱਚ ਜਦੋਂ ਸਵਾਲ ਕੀਤਾ ਸੀ ਕਿ ਉਨ੍ਹਾਂ ਨੂੰ ਕਿੰਨੀਆਂ ਸੀਟਾਂ ʼਤੇ ਜਿੱਤ ਦਾ ਭਰੋਸਾ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਾਂ ਤਾਂ ਉਨ੍ਹਾਂ ਦੀ ਪਾਰਟੀ ਅਰਸ਼ 'ਤੇ ਹੋਵੇਗੀ ਜਾਂ ਫਰਸ਼ ʼਤੇ।

ਉਨ੍ਹਾਂ ਦੀ ਪਾਰਟੀ ਸਾਰੀਆਂ 243 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਬੇਰੁਜ਼ਗਾਰੀ, ਪਰਵਾਸ ਅਤੇ ਸਿੱਖਿਆ ਦੇ ਮੁੱਦਿਆਂ 'ਤੇ ਚੋਣਾਂ ਲੜੇਗੀ।

ਇਸ ਤੋਂ ਇਲਾਵਾ, ਬਿਹਾਰ ਵਿੱਚ ਇੱਕ ਹੋਰ ਨਵੀਂ ਪਾਰਟੀ ਉਭਰੀ ਹੈ। ਤਿੰਨ ਮਹੀਨੇ ਪਹਿਲਾਂ, ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਇੱਕ ਫੇਸਬੁੱਕ ਪੋਸਟ ਤੋਂ ਬਾਅਦ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ।

ਹੁਣ, ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਹੈ, ਜਿਸਦਾ ਨਾਮ ਜਨਸ਼ਕਤੀ ਜਨਤਾ ਦਲ ਹੈ।

ਮੁੱਖ ਚੋਣ ਮੁੱਦੇ ਕੀ ਹਨ?

ਅਤਿ ਪਛੜਿਆ ਨਿਆਂ ਸੰਕਲਪ

ਤਸਵੀਰ ਸਰੋਤ, Santosh Kumar/Hindustan Times via Getty Images

ਤਸਵੀਰ ਕੈਪਸ਼ਨ, ਮਹਾਂਗਠਜੋੜ ਨੇ ਪਟਨਾ ਵਿੱਚ ਅਤਿ ਪਛੜਿਆ ਨਿਆਂ ਸੰਕਲਪ ਮਤਾ ਜਾਰੀ ਕੀਤਾ

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਇਹ ਕਹਿ ਕੇ ਮੈਦਾਨ ਵਿੱਚ ਉਤਰ ਰਹੀ ਹੈ ਕਿ ਉਸਨੇ ਸੂਬੇ ਦਾ ਹਰ ਤਰ੍ਹਾਂ ਨਾਲ ਵਿਕਾਸ ਕੀਤਾ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਲ-ਨਾਲ ਕੁੜੀਆਂ ਤੇ ਔਰਤਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।

ਇਸ ਦੇ ਨਾਲ ਹੀ, ਮਹਾਂਗਠਜੋੜ ਰੁਜ਼ਗਾਰ, ਪੇਪਰ ਲੀਕ ਅਤੇ ਐੱਸਆਈਆਰ ਦੇ ਮੁੱਦਿਆਂ 'ਤੇ ਐੱਨਡੀਏ ਨੂੰ ਘੇਰ ਰਿਹਾ ਹੈ ਅਤੇ ਨੌਜਵਾਨਾਂ ਨਾਲ ਸਰਕਾਰੀ ਨੌਕਰੀਆਂ ਅਤੇ ਨੌਕਰੀਆਂ ਦੀ ਸਿਰਜਣਾ ਸਣੇ ਕਈ ਵਾਅਦੇ ਕਰ ਰਿਹਾ ਹੈ।

ਤੇਜਸਵੀ ਯਾਦਵ ਨਾਲ ਸੂਬੇ ਵਿੱਚ "ਵੋਟ ਅਧਿਕਾਰ ਯਾਤਰਾ" ਕਰਦੇ ਹੋਏ ਰਾਹੁਲ ਗਾਂਧੀ ਨੇ ਲਗਾਤਾਰ ਐੱਸਆਈਆਰ ਅਤੇ "ਵੋਟ ਚੋਰੀ" ਦਾ ਮੁੱਦਾ ਚੁੱਕਿਆ।

ਹਾਲਾਂਕਿ, ਭਾਜਪਾ ਅਤੇ ਜੇਡੀਯੂ ਇਸ ਨੂੰ ਵਿਰੋਧੀ ਪਾਰਟੀਆਂ ਦਾ ਇੱਕ ਨਿਰਾਸ਼ਾਜਨਕ ਕੰਮ ਦੱਸ ਰਹੇ ਹਨ ਅਤੇ ਇਲਜ਼ਾਮ ਲਗਾ ਰਹੇ ਹਨ ਕਿ ਜੇਕਰ ਮਹਾਂਗਠਜੋੜ ਸਰਕਾਰ ਬਣੀ ਤਾਂ ਸੂਬੇ ਦਾ ਵਿਕਾਸ ਰੁਕ ਜਾਵੇਗਾ।

ਹੁਣ ਤੱਕ ਕਿੰਨੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਨ?

ਬਿਹਾਰ ਵਿੱਚ ਵਿਧਾਨ ਸਭਾ ਚੋਣਾਂ 1952 ਵਿੱਚ ਸ਼ੁਰੂ ਹੋਈਆਂ ਸਨ। ਉਦੋਂ ਤੋਂ ਲੈ ਕੇ 2020 ਤੱਕ ਬਿਹਾਰ ਵਿੱਚ 17 ਵਿਧਾਨ ਸਭਾ ਚੋਣਾਂ ਹੋਈਆਂ ਹਨ।

ਫਰਵਰੀ 2005 ਦੀਆਂ ਚੋਣਾਂ ਵਿੱਚ ਸਰਕਾਰ ਬਣਾਉਣ ਵਿੱਚ ਅਸਫ਼ਲ ਰਹਿਣ ਕਾਰਨ ਅਕਤੂਬਰ ਵਿੱਚ ਦੁਬਾਰਾ ਚੋਣਾਂ ਕਰਵਾਉਣੀਆਂ ਪਈਆਂ।

ਆਜ਼ਾਦੀ ਤੋਂ ਬਾਅਦ ਪਹਿਲੀ ਚੋਣ ਵਿੱਚ ਕੀ ਹੋਇਆ ਸੀ?

ਸ਼੍ਰੀ ਕ੍ਰਿਸ਼ਨ ਸਿਨਹਾ

ਤਸਵੀਰ ਸਰੋਤ, http://postagestamps.gov.in/

ਤਸਵੀਰ ਕੈਪਸ਼ਨ, ਸਾਲ 2016 ਵਿੱਚ, ਭਾਰਤ ਸਰਕਾਰ ਨੇ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਸ਼੍ਰੀ ਕ੍ਰਿਸ਼ਨ ਸਿਨਹਾ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ

ਆਜ਼ਾਦੀ ਤੋਂ ਬਾਅਦ 1951 ਵਿੱਚ ਪਹਿਲੀ ਵਾਰ ਹੋਈਆਂ ਚੋਣਾਂ ਵਿੱਚ ਕਈ ਪਾਰਟੀਆਂ ਨੇ ਹਿੱਸਾ ਲਿਆ ਪਰ ਕਾਂਗਰਸ ਉਸ ਸਮੇਂ ਸਭ ਤੋਂ ਵੱਡੀ ਪਾਰਟੀ ਸੀ।

ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ 322 ਵਿੱਚੋਂ 239 ਸੀਟਾਂ ਜਿੱਤੀਆਂ।

ਕਾਂਗਰਸ 1957 ਦੀਆਂ ਚੋਣਾਂ ਵਿੱਚ ਵੀ ਸਭ ਤੋਂ ਵੱਡੀ ਪਾਰਟੀ ਬਣੀ। ਉਸ ਨੇ 312 ਵਿੱਚੋਂ 210 ਸੀਟਾਂ ਜਿੱਤੀਆਂ।

1962 ਦੀਆਂ ਚੋਣਾਂ ਵਿੱਚ, ਕਾਂਗਰਸ ਨੇ 318 ਵਿੱਚੋਂ 185 ਸੀਟਾਂ ਨਾਲ ਬਹੁਮਤ ਹਾਸਲ ਕੀਤਾ ਸੀ। ਫਿਰ ਸਵਤੰਤਰ ਪਾਰਟੀ ਨੇ 50 ਸੀਟਾਂ ਨਾਲ ਦੂਜੀ ਸਭ ਤੋਂ ਵੱਧ ਸੀਟਾਂ ਜਿੱਤੀਆਂ ਸੀ।

ਸ਼੍ਰੀ ਕ੍ਰਿਸ਼ਨ ਸਿਨਹਾ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਬਣੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)