ਸਿੰਧ: ਪਾਕਿਸਤਾਨ ਵਿੱਚ ਸਭ ਤੋਂ ਵੱਧ ਹਿੰਦੂ ਆਬਾਦੀ ਵਾਲੇ ਇਲਾਕੇ ਦਾ ਇਤਿਹਾਸ, ਭਾਰਤ ਵਿੱਚ ਇਸ ਦੀ ਚਰਚਾ ਕਿਉਂ ਹੋ ਰਹੀ

ਪਾਕਿਸਤਾਨ ਨੇ ਸਿੰਧ ਪ੍ਰਾਂਤ ਨੂੰ ਲੈ ਕੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ ਨੂੰ 'ਵਿਸਤਾਰਵਾਦੀ ਸੋਚ' ਐਲਾਨਿਆ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ "ਭੜਕਾਉਣ ਵਾਲਾ ਅਤੇ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਬਿਆਨ ਦੱਸਿਆ ਹੈ।"

ਐਤਵਾਰ ਨੂੰ ਰਾਜਨਾਥ ਸਿੰਘ ਨੇ ਕਿਹਾ, "ਸਿੰਧ ਬੇਸ਼ੱਕ ਭਾਰਤ ਦਾ ਹਿੱਸਾ ਨਾ ਹੋਵੇ, ਪਰ ਸੱਭਿਅਤਾ ਦੀ ਦ੍ਰਿਸ਼ਟੀ ਤੋਂ, ਇਹ ਹਮੇਸ਼ਾ ਭਾਰਤ ਦਾ ਹਿੱਸਾ ਰਹੇਗਾ।"

ਉਨ੍ਹਾਂ ਅੱਗੇ ਕਿਹਾ, "ਸਰਹੱਦਾਂ ਬਦਲ ਸਕਦੀਆਂ ਹਨ ਅਤੇ ਕੀ ਪਤਾ ਕਿ ਕੱਲ੍ਹ ਸਿੰਧ ਮੁੜ ਭਾਰਤ ਵਾਪਸ ਆ ਜਾਏ।"

ਰਾਜਨਾਥ ਸਿੰਘ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਲਿਖੀ ਇੱਕ ਕਿਤਾਬ ਦਾ ਹਵਾਲੇ ਨਾਲ ਦੱਸਿਆ ਕਿ ਨਾ ਸਿਰਫ਼ ਸਿੰਧ, ਸਗੋਂ ਪੂਰੇ ਭਾਰਤ ਵਿੱਚ ਹਿੰਦੂ, ਸਿੰਧੂ ਨਦੀ ਨੂੰ ਪਵਿੱਤਰ ਮੰਨਦੇ ਸਨ।

1947 ਦੀ ਵੰਡ ਤੋਂ ਬਾਅਦ ਸਿੰਧ, ਪਾਕਿਸਤਾਨ ਦੇ ਹਿੱਸੇ ਚਲਾ ਗਿਆ ਸੀ ਅਤੇ ਉਸ ਵੇਲੇ ਹੋਈ ਹਿਜਰਤ ਦੌਰਾਨ ਲੱਖਾਂ ਹਿੰਦੂ ਸਿੰਧੀ ਪਰਿਵਾਰ ਉੱਥੋਂ ਭਾਰਤ ਵਿੱਚ ਵਸ ਗਏ ਸਨ।

ਲਾਲ ਕ੍ਰਿਸ਼ਨ ਅਡਵਾਨੀ ਦਾ ਬਚਪਨ ਸਿੰਧ ਵਿੱਚ ਬੀਤਿਆ ਸੀ। ਫਿਰ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ। 2005 ਵਿੱਚ ਉਨ੍ਹਾਂ ਨੇ ਸਿੰਧ ਦਾ ਦੌਰਾ ਕੀਤਾ ਸੀ ਅਤੇ ਕਰਾਚੀ ਗਏ ਸਨ।

ਵੰਡ ਵੇਲੇ ਸਿੰਧ ਪਾਕਿਸਤਾਨ ਨੂੰ ਮਿਲਿਆ

ਬ੍ਰਿਟਿਸ਼ ਇੰਡੀਆ ਵਿੱਚ, ਸਿੰਧ ਦਾ ਇਲਾਕਾ ਬੰਬਈ ਪ੍ਰਾਂਤ ਦੇ ਤਹਿਤ ਆਉਂਦਾ ਸੀ।

ਵੰਡ ਤੋਂ ਬਾਅਦ ਭਾਰਤ ਵੱਲੋਂ ਅਪਣਾਏ ਗਏ ਰਾਸ਼ਟਰੀ ਗੀਤ ਵਿੱਚ ਸਿੰਧ ਦਾ ਵੀ ਜ਼ਿਕਰ ਆਉਂਦਾ ਹੈ।

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਸਿੰਧ ਵਰਤਮਾਨ ਵਿੱਚ ਪੂਰਬ ਵਿੱਚ ਭਾਰਤ ਵਿੱਚ ਗੁਜਰਾਤ ਅਤੇ ਰਾਜਸਥਾਨ, ਉੱਤਰ-ਪੱਛਮ ਵਿੱਚ ਬਲੋਚਿਸਤਾਨ ਦੀ ਸੀਮਾ ਅਤੇ ਉੱਤਰ-ਪੂਰਬ ਵਿੱਚ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਨਾਲ ਲੱਗਦੀ ਹੈ।

ਇਹ ਖੇਤਰ ਸਿੰਧ ਡੈਲਟਾ ਵਿੱਚ ਵਸਿਆ ਹੋਇਆ ਹੈ ਅਤੇ ਇਸੇ ਨਦੀ ਦੇ ਨਾਮ 'ਤੇ ਹੀ ਇਸ ਨੂੰ ਸਿੰਧ ਵਜੋਂ ਜਾਣਿਆ ਜਾਂਦਾ ਹੈ।

ਵੰਡ ਤੋਂ ਬਹੁਤ ਸਮੇਂ ਬਾਅਦ, ਇਸਨੂੰ 1970 ਵਿੱਚ ਇੱਕ ਵੱਖਰੇ ਸੂਬੇ ਵਜੋਂ ਬਣਾਇਆ ਗਿਆ ਸੀ, ਜਿਸਦੀ ਰਾਜਧਾਨੀ ਕਰਾਚੀ ਹੈ।

ਸਿੰਧ ਸਰਕਾਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਨੁਸਾਰ ਇਸ ਸੂਬੇ ਵਿੱਚ 30 ਜ਼ਿਲ੍ਹੇ ਸ਼ਾਮਲ ਹਨ ਅਤੇ ਇਸਦੀ ਕੁੱਲ ਆਬਾਦੀ ਲਗਭਗ 5.5 ਕਰੋੜ ਹੈ।

ਸਿੰਧ ਸੂਬੇ ਦਾ ਕੁੱਲ ਖੇਤਰਫਲ ਇੱਕ ਲੱਖ 40 ਹਜ਼ਾਰ ਵਰਗ ਕਿਲੋਮੀਟਰ ਹੈ।

ਸਾਲ 2017 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਸੂਬੇ ਵਿੱਚ 91.3 ਫੀਸਦ ਮੁਸਲਮਾਨ ਆਬਾਦੀ ਹੈ ਅਤੇ 6.5 ਫੀਸਦ ਹਿੰਦੂ ਆਬਾਦੀ ਹੈ। ਸਿੰਧ ਦੇ ਉਮਰਕੋਟ ਜ਼ਿਲ੍ਹੇ ਵਿੱਚ ਅੱਜ ਵੀ ਮੁੱਖ ਤੌਰ 'ਤੇ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ।

ਬੀਬੀਸੀ ਉਰਦੂ ਦੀ ਇੱਕ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਵਿੱਚ ਵਸੇ ਜ਼ਿਆਦਾਤਰ ਹਿੰਦੂਆਂ ਦਾ ਟਿਕਾਣਾ ਸਿੰਘ ਪ੍ਰਾਂਤ ਹੈ।

ਸਿੰਧੂ ਸੱਭਿਅਤਾ ਦਾ ਕੇਂਦਰ

ਮੌਜੂਦਾ ਸਿੰਧ ਪ੍ਰਾਂਤ ਨੂੰ ਪ੍ਰਾਚੀਨ ਭਾਰਤ ਦਾ ਇੱਕ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ। ਪ੍ਰਾਚੀਨ ਸਿੰਧ ਘਾਟੀ ਸੱਭਿਅਤਾ ਸਿੰਧੂ ਨਦੀ ਦੇ ਕੰਢੇ ਵਿਕਸਤ ਹੋਈ ਸੀ।

ਇੱਥੋਂ ਦੇ ਪ੍ਰਾਚੀਨ ਸ਼ਹਿਰ ਮੋਹਨਜੋਦੜੋ ਨੂੰ ਦੁਨੀਆ ਦੀ ਸਭ ਤੋਂ ਪੁਰਾਣਾ ਸ਼ਹਿਰੀ ਵਿਵਸਥਾ ਮੰਨਿਆ ਜਾਂਦਾ ਹੈ। ਸਿੰਧੂ ਨਦੀ ਦੇ ਕੰਢੇ ਸਥਿਤ ਇਹ ਲਗਭਗ ਚਾਰ ਹਜ਼ਾਰ ਸਾਲ ਪੁਰਾਣੇ ਸ਼ਹਿਰ ਦੀ ਖੋਜ ਪਿਛਲੀ ਸਦੀ ਵਿੱਚ ਹੀ ਹੋਈ ਸੀ।

ਮੋਹਨਜੋਦੜੋ ਦੇ ਖੰਡਰਾਂ ਨੂੰ 1980 ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਐਲਾਨਿਆ ਗਿਆ ਸੀ।

ਬ੍ਰਿਟੈਨਿਕਾ ਦੇ ਅਨੁਸਾਰ, 711 ਈਸਵੀ ਵਿੱਚ ਸਿੰਧ 'ਤੇ ਅਰਬਾਂ ਦਾ ਕਬਜ਼ਾ ਹੋਇਆ। 16ਵੀਂ ਅਤੇ 17ਵੀਂ ਸਦੀ ਵਿੱਚ ਸਿੰਧ ਉੱਤੇ ਮੁਗ਼ਲਾਂ (1591-1700) ਅਤੇ ਫਿਰ ਕਈ ਸੁਤੰਤਰ ਸਿੰਧੀ ਰਾਜਵੰਸ਼ਾਂ ਦਾ ਸ਼ਾਸਨ ਰਿਹਾ ਸੀ।

ਮੁਗ਼ਲ ਸਮਰਾਟ ਅਕਬਰ ਦਾ ਜਨਮ 1542 ਵਿੱਚ ਸਿੰਧ ਦੇ ਉਮਰਕੋਟ ਕਿਲ੍ਹੇ ਵਿੱਚ ਹੋਇਆ ਸੀ।

1843 ਵਿੱਚ ਇਸ ਇਲਾਕੇ 'ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ।

ਇੱਥੇ ਸਿੰਧੀ ਹਿੰਦੂ ਪਰਿਵਾਰਾਂ ਦਾ ਵਪਾਰ ਅਤੇ ਵਿੱਤ ਵਿੱਚ ਕਾਫ਼ੀ ਪ੍ਰਭਾਵ ਸੀ। ਹਾਲਾਂਕਿ, ਵੰਡ ਤੋਂ ਬਾਅਦ ਕੂਚ ਦੌਰਾਨ, ਬਹੁਤ ਸਾਰੇ ਪਰਿਵਾਰ ਭਾਰਤ ਜਾਂ ਹੋਰ ਦੇਸ਼ਾਂ ਵਿੱਚ ਚਲੇ ਗਏ।

ਸਿੰਧੂ ਨਦੀ ਕਾਰਨ ਇਹ ਖੇਤਰ ਲੰਬੇ ਸਮੇਂ ਤੋਂ ਖੁਸ਼ਹਾਲ ਰਿਹਾ ਹੈ। ਇੱਥੇ ਖ਼ਾਸ ਕਰ ਕੇ ਕਪਾਹ ਦੀ ਕਾਸ਼ਤ ਹੁੰਦੀ ਹੈ ਅਤੇ ਅੱਜ ਵੀ, ਸੂਬਾਈ ਰਾਜਧਾਨੀ ਕਰਾਚੀ, ਪਾਕਿਸਤਾਨ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਵਿੱਚੋਂ ਇੱਕ ਹੈ।

ਸਿੰਧ ਦਾ ਸੱਭਿਆਚਾਰਕ ਕੇਂਦਰ ਮਕਲੀ ਨੇਕਰੋਪੋਲਿਸ

ਇਹ ਖੇਤਰ ਸੱਭਿਆਚਾਰਕ ਤੌਰ 'ਤੇ ਅਮੀਰ ਹੈ ਅਤੇ ਯੂਨੈਸਕੋ ਨੇ ਇਸ ਦੀਆਂ ਕਈ ਪ੍ਰਾਚੀਨ ਥਾਵਾਂ ਨੂੰ ਵਿਸ਼ਵ ਵਿਰਾਸਤ ਸਥਾਨ ਐਲਾਨਿਆ ਹੈ।

ਕਰਾਚੀ ਤੋਂ 140 ਕਿਲੋਮੀਟਰ ਦੂਰ ਸਥਿਤ, ਮਕਲੀ ਹਿੱਲ ਨੇਕਰੋਪੋਲਿਸ ਵਿੱਚ ਕਈ ਪ੍ਰਾਚੀਨ ਮਕਬਰੇ ਹਨ।

ਯੂਨੈਸਕੋ ਦੀ ਵੈੱਬਸਾਈਟ ਦੇ ਅਨੁਸਾਰ, ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਠੱਟਾ ਨੇੜੇ ਸਥਿਤ ਮਕਲੀ ਨੇਕਰੋਪੋਲਿਸ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵਿਲੱਖਣ ਕਬਰਸਤਾਨਾਂ ਵਿੱਚੋਂ ਇੱਕ ਹੈ।

ਇਸਨੂੰ ਦੁਨੀਆ ਦੇ ਸਭ ਤੋਂ ਵੱਡੇ ਕਬਰਸਤਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਵਿੱਚ ਸੰਤਾਂ, ਕਵੀਆਂ, ਰਈਸਾਂ, ਰਾਜਪਾਲਾਂ, ਰਾਜਕੁਮਾਰਾਂ, ਸਮਰਾਟਾਂ ਅਤੇ ਰਾਣੀਆਂ ਦੀਆਂ ਕਬਰਾਂ, ਮਕਬਰੇ ਅਤੇ ਯਾਦਗਾਰਾਂ ਹਨ।

ਠੱਟਾ ਦੇ ਮਕਲੀ ਵਿੱਚ ਸਥਿਤ ਇਹ ਇਤਿਹਾਸਕ ਸਮਾਰਕ ਲਗਭਗ 10 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੇ ਹੋਏ ਹਨ ਅਤੇ ਇਸ ਵਿੱਚ ਲਗਭਗ 50 ਲੱਖ ਕਬਰਾਂ ਅਤੇ ਮਕਬਰੇ ਹਨ।

ਇੱਥੇ ਦੀ ਆਰਕੀਟੈਕਚਰ ਮੁਸਲਿਮ, ਹਿੰਦੂ, ਫਾਰਸੀ, ਮੁਗ਼ਲ ਅਤੇ ਗੁਜਰਾਤੀ ਪ੍ਰਭਾਵਾਂ ਦੇ ਅਮੀਰ ਮਿਸ਼ਰਣ ਨੂੰ ਦਰਸਾਉਂਦੀ ਹੈ। ਇਹ ਮਕਬਰੇ ਖ਼ਾਸ ਤੌਰ 'ਤੇ ਉਨ੍ਹਾਂ ਦੀਆਂ ਨੀਲੀਆਂ ਚਮਕਦਾਰ ਟਾਈਲਾਂ, ਬਾਰੀਕ ਨੱਕਾਸ਼ੀ, ਸੁੰਦਰ ਕੈਲੀਗ੍ਰਾਫੀ ਅਤੇ ਦਿਲਕਸ਼ ਜਿਓਮੈਟ੍ਰਿਕ ਡਿਜ਼ਾਈਨਾਂ ਲਈ ਜਾਣੇ ਜਾਂਦੇ ਹਨ, ਜੋ ਕਦੇ ਇੱਥੇ ਫੈਲੀ ਜੀਵੰਤ ਸਭਿਅਤਾ ਦੀ ਸਿਰਜਣਾਤਮਕਤਾ ਅਤੇ ਅਧਿਆਤਮਿਕਤਾ ਨੂੰ ਦਰਸਾਉਂਦੇ ਹਨ।

ਇੱਥੇ ਸਾਂਮਾ ਕਾਲ (1351-1524) ਦੇ ਸ਼ੇਖ਼ ਜਿਓ ਦਾ ਮਕਬਰਾ ਵੀ ਸਥਿਤ ਹੈ।

ਠੱਟਾ 14ਵੀਂ ਅਤੇ 17ਵੀਂ ਸਦੀ ਦੇ ਵਿਚਕਾਰ ਗਿਆਨ, ਕਲਾ ਅਤੇ ਸੱਭਿਆਚਾਰ ਦਾ ਇੱਕ ਪ੍ਰਮੁੱਖ ਕੇਂਦਰ ਰਿਹਾ ਅਤੇ ਸਿੰਧ ਖੇਤਰ ਦੀ ਸੱਭਿਆਚਾਰਕ ਵਿਰਾਸਤ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਰਹੀ।

ਧਰਮ ਪਰਿਵਰਤਨ ਨੂੰ ਵੀ ਲੈ ਕੇ ਸੁਰਖ਼ੀਆ ਵਿੱਚ ਰਿਹਾ

ਹਿੰਦੂ ਧਾਰਮਿਕ ਸਥਾਨਾਂ 'ਤੇ ਹਮਲਿਆਂ ਅਤੇ ਧਰਮ ਪਰਿਵਰਤਨ ਨੂੰ ਲੈ ਕੇ ਵੀ ਸਿੰਘ ਪ੍ਰਾਂਤ ਸੁਰਖ਼ੀਆਂ ਵਿੱਚ ਰਿਹਾ ਹੈ।

ਸਾਲ 2021 ਵਿੱਚ ਅਮਰੀਕੀ ਕਾਂਗਰਸਮੈਨ ਬ੍ਰੈਡ ਸ਼ੇਰਮੈਨ ਨੇ ਇਲਜ਼ਾਮ ਲਗਾਇਆ ਕਿ ਸਿੰਧ ਵਿੱਚ ਹਿੰਦੂ ਅਤੇ ਈਸਾਈ ਪਰਿਵਾਰਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਰਿਪੋਰਟ ਵਿੱਚ ਸਿੰਧ ਵਿੱਚ ਹਿੰਦੂ ਕੁੜੀਆਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਦਾ ਵੀ ਜ਼ਿਕਰ ਕੀਤਾ।

2023 ਵਿੱਚ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਦੀ ਮੁਲਕ ਵਾਪਸੀ ਨੂੰ ਲੈ ਕੇ ਸਿੰਧ ਸੂਬੇ ਵਿੱਚ ਡਕੈਤਾਂ ਨੇ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਅਤੇ ਘਰਾਂ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)