You’re viewing a text-only version of this website that uses less data. View the main version of the website including all images and videos.
'ਇਮਰਾਨ ਖ਼ਾਨ ਤਾਂ ਝੱਲਾ ਸੀ, ਇਸ ਜਾਦੂਗਰਨੀ ਨੇ ਉਸ ਨੂੰ ਫਸਾ ਲਿਆ', ਪਾਕਿਸਤਾਨ 'ਚ ਇਮਰਾਨ ਖ਼ਾਨ ਦੀ ਪਤਨੀ ਬਾਰੇ ਹੋ ਰਹੀ ਚਰਚਾ 'ਤੇ ਮੁਹੰਮਦ ਹਨੀਫ਼ ਦਾ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
'ਵਿਚ ਹੰਟ' ਦਾ ਨਾਮ ਤੁਸੀਂ ਸੁਣਿਆ ਹੋਣਾ ਹੈ। ਪੁਰਾਣੇ ਸਮਿਆਂ ਵਿੱਚ ਯੂਰਪ ਵਿੱਚ ਇਹ ਫੈਸ਼ਨ ਚੱਲਿਆ ਸੀ ਕਿ ਮੁਹੱਲੇ ਵਾਲੇ ਕਿਸੇ ਔਰਤ ਉੱਤੇ ਇਲਜ਼ਾਮ ਲਗਾਉਂਦੇ ਸੀ ਕਿ ਇਹ ਜਨਾਨੀ ਜਾਦੂ ਟੂਣਾ ਕਰਦੀ ਹੈ।
ਫਿਰ ਉਸ ਦਾ ਸਬੂਤ ਇਸ ਤਰ੍ਹਾਂ ਲੱਭਿਆ ਜਾਂਦਾ ਸੀ ਕਿ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਦਰਿਆ ਵਿੱਚ ਸੁੱਟ ਦਿੱਤਾ ਜਾਂਦਾ ਸੀ ਤੇ ਜੇ ਵਿਚਾਰੀ ਡੁੱਬ ਕੇ ਮਰ ਜਾਂਦੀ ਸੀ ਤਾਂ ਕਹਿੰਦੇ ਸੀ ਨਹੀਂ ਬਈ ਇਹ ਤਾਂ ਵਿਚਾਰੀ ਮਾਸੂਮ ਸੀ ਅਤੇ ਜੇ ਬਚ ਜਾਂਦੀ ਸੀ ਤਾਂ ਕਹਿੰਦੇ ਸੀ, ਵਾਕਈ ਜਾਦੂਗਰਨੀ ਹੈ।
ਬਚੀ ਕੋਈ ਨਹੀਂ, ਹਜ਼ਾਰਾਂ ਔਰਤਾਂ ਨੂੰ ਸਾੜਿਆ ਗਿਆ, ਫਾਹੇ ਲਗਾਇਆ ਗਿਆ। ਫਿਰ ਯੂਰਪ ਵਾਲਿਆਂ ਨੇ ਕੋਈ ਸਾਇੰਸ ਪੜ੍ਹ ਲਈ ਤੇ ਉਨ੍ਹਾਂ ਨੇ ਕਿਹਾ ਕਿ ਜਾਦੂ-ਟੂਣਾ ਕੋਈ ਚੀਜ਼ ਨਹੀਂ ਹੁੰਦੀ ਹੈ। ਜਿਸ ਦਾ ਜੋ ਦਿਲ ਕਰਦਾ ਹੈ ਉਹ ਕਰਦਾ ਰਹੇ।
ਹੁਣ ਪਾਕਿਸਤਾਨ ਵਿੱਚ ਅਸੀਂ ਇੱਕ ਵੱਡੀ ਜਾਦੂਗਰਨੀ ਲੱਭ ਲਈ ਹੈ। ਉਸ ਦਾ ਨਾਮ ਹੈ ਬੁਸ਼ਰਾ ਬੀਬੀ। ਉਹ ਪਾਕ ਪਟਨ ਦੀ ਰੂਹਾਨੀ ਸ਼ਖ਼ਸੀਅਤ ਹੁੰਦੀ ਸੀ। ਫਿਰ ਉਸ ਨੇ ਆਪਣਾ ਬੰਦਾ ਛੱਡ ਦਿੱਤਾ ਅਤੇ ਇਮਰਾਨ ਖ਼ਾਨ ਨਾਲ ਵਿਆਹ ਕਰਵਾ ਲਿਆ ਤੇ ਫਰਸਟ ਲੇਡੀ ਬਣ ਗਈ।
ਪਰਦਾ ਕਰਨ ਵਾਲੀ ਔਰਤ ਸੀ ਪਰ ਲੋਕਾਂ ਨੇ ਪਹਿਲੇ ਹੀ ਦਿਨ ਤੋਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਪਰਦਾ ਉਸ ਨੇ ਆਪਣੇ ਜਾਦੂ-ਟੂਣੇ 'ਤੇ ਪਾਇਆ ਹੋਇਆ ਹੈ। ਨਾਲ ਹੀ ਇਹ ਕਿ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਉਸ ਦਾ ਮੁਰੀਦ ਹੈ, ਇਹ ਜੋ ਕਹਿੰਦੀ ਹੈ, ਉਹ ਕਰਦਾ ਰਹਿੰਦਾ ਹੈ।
ਇਮਰਾਨ ਖ਼ਾਨ 'ਤੇ ਨਿਕਾਹ ਦਾ ਮੁਕਦਮਾ
ਇਮਰਾਨ ਖ਼ਾਨ ਹਕੂਮਤ ਤੋਂ ਫਾਰਖ਼ ਹੋਇਆ ਤੇ ਜੇਲ੍ਹ ਗਿਆ। ਉਸ ਖ਼ਿਲਾਫ਼ ਜਿਹੜੇ 150 ਕੁ ਮੁਕਦਮੇ ਬਣੇ, ਉਨ੍ਹਾਂ ਵਿੱਚ ਇੱਕ ਬੀਬੀ ਬੁਸ਼ਰਾ ਨਾਲ ਵਿਆਹ ਦਾ ਵੀ ਸੀ ਕਿ ਉਸ ਨੇ ਨਿਕਾਹ ਬੜੀ ਕਾਹਲੀ ਵਿੱਚ ਕੀਤਾ ਹੈ।
ਜਿਸ ਮੁਲਕ ਵਿੱਚ ਮਾਹਵਾਰੀ ਦੇ ਪੈਡ ਇੱਕ ਦੂਜੇ ਤੋਂ ਖਰੀਦਣ ਵਾਲੇ ਤੇ ਵੇਚਣ ਵਾਲੇ ਇੰਝ ਸ਼ਰਮਾਉਂਦੇ ਹਨ ਕਿ ਜਿਵੇਂ ਨਸ਼ੇ ਦਾ ਸੌਦਾ ਕਰ ਰਹੇ ਹੋਣ, ਉੱਥੇ ਹੀ ਬੀਬੀ ਦੇ ਮਾਹਵਾਰੀ ਦੇ ਸਾਇਕਲ ਦੀਆਂ ਗੱਲਾਂ, ਅਦਾਲਤਾਂ ਤੇ ਟੀਵੀ ਦੇ ਸ਼ੋਆਂ ਵਿੱਚ ਹੋਈਆਂ।
ਬੁਸ਼ਰਾ ਬੀਬੀ ਨੇ ਫਿਰ ਆਪਣਾ ਬੰਦਾ ਛੁਡਵਾਉਣ ਲਈ ਇਸਲਾਮਾਬਾਦ 'ਤੇ ਚੜਾਈ ਵੀ ਕੀਤੀ, ਕੁੱਟ ਪਈ ਤੇ ਆਖ਼ਰ ਉਹ ਆਪ ਵੀ ਜੇਲ੍ਹ ਗਈ।
ਹੁਣ ਸਾਰੇ ਪੁਰਾਣੇ ਇਲਜ਼ਾਮ ਇਕੱਠੇ ਕਰ ਕੇ ਇੱਕ ਵਾਰੀ ਫਿਰ ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਤਾਂ ਝੱਲਾ ਸੀ, ਇਸ ਜਾਦੂਗਰਨੀ ਨੇ ਉਸ ਨੂੰ ਫਸਾ ਲਿਆ। ਆਪ ਹੀਰੇ ਦੀਆਂ ਅੰਗੂਠੀਆਂ ਅਤੇ ਜਾਇਦਾਦਾਂ ਬਣਾਉਂਦੀ ਰਹੀ ਤੇ ਵਜ਼ੀਰ-ਏ-ਆਜ਼ਮ ਹਾਊਸ ਵਿੱਚ ਬੈਠ ਕੇ ਕਾਲ ਜਾਦੂ ਕਰਦੀ ਰਹੀ।
ਇਮਰਾਨ ਖ਼ਾਨ ਨੂੰ ਪਾਗ਼ਲਾਂ ਵਾਂਗ ਪਿਆਰ ਕਰਨ ਵਾਲੇ ਇਮਰਾਨ ਖ਼ਾਨ ਨੂੰ ਆਪਣਾ ਮੁਰਸ਼ਦ ਕਹਿੰਦੇ ਹਨ। ਇਹ ਵੀ ਸੁਣਿਆ ਹੈ ਕਿ ਇਮਰਾਨ ਖ਼ਾਨ ਬੁਸ਼ਰਾ ਬੀਬੀ ਨੂੰ ਮੁਰਸ਼ਦ ਕਹਿੰਦਾ ਸੀ। ਮੁਰਸ਼ਦ ਆਪ ਤੇ ਉਸ ਦੀ ਬੀਬੀ ਮੁਰਸ਼ਦ ਦੋਵੇਂ ਜੇਲ੍ਹ ਵਿੱਚ ਹਨ।
ਦੁਸ਼ਮਣਾਂ ਦਾ ਵਸ ਚੱਲੇ ਤਾਂ ਖ਼ਲਕਤ ਦੋਵਾਂ ਨੂੰ ਭੁੱਲ ਜਾਵੇ। ਖ਼ਲਕਤ ਯਾਦ ਕਰਦੀ ਹੈ ਤਾਂ ਉਨ੍ਹਾਂ ਨੂੰ ਜਾਦੂ-ਟੂਣੇ ਵਾਲੀਆਂ ਗੱਲਾਂ ਸੁਣਾ ਕੇ ਕਿਹਾ ਜਾਂਦਾ ਹੈ ਕਿ ਇਹ ਪੂਰਾ ਟੱਬਰ ਹੀ ਪਾਗ਼ਲ ਸੀ। ਇਨ੍ਹਾਂ ਨੇ ਇੱਕ ਨਸਲ ਤਬਾਅ ਕੀਤੀ। ਸਾਰਾ ਮੁਲਕ ਤਬਾਅ ਕੀਤਾ।
ਸਿਆਸਤ 'ਚ ਆਈ ਹਰ ਔਰਤ 'ਤੇ ਲੱਗੇ ਇਲਜ਼ਾਮ
ਜੇ ਕੋਈ ਇਹ ਯਾਦ ਕਰਵਾਉਣ ਦੀ ਕੋਸ਼ਿਸ਼ ਕਰੇ ਕਿ ਇਹ ਕਾਲਾ ਜਾਦੂ ਮੁਰਸ਼ਦ ਤੇ ਉਸ ਦੀ ਬੀਬੀ ਤੋਂ ਕਿਤੇ ਪੁਰਾਣਾ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਪਾਗ਼ਲ ਇਮਰਾਨ ਖ਼ਾਨ ਦਾ ਹਮਾਇਤੀ ਹੋ ਗਿਆ ਹੈ।
ਕਿਹੜਾ ਵਜ਼ੀਰ-ਏ-ਆਜ਼ਮ ਹੈ, ਜਿਹੜਾ ਜੇਲ੍ਹ ਨਹੀਂ ਗਿਆ। ਫਾਤਮਾ ਜਿੰਨਾਹ ਤੋਂ ਲੈ ਕੇ ਨੁਸਰਤ ਭੁੱਟੋ ਤੱਕ, ਕਿਹੜੀ ਉਹ ਜਨਾਨੀ ਹੈ ਜਿਹੜੀ ਸਿਆਸਤ ਵਿੱਚ ਆਈ ਹੋਵੇ ਜਾਂ ਕਿਸੇ ਵੱਡੇ ਸਿਆਸਤਦਾਨ ਦੀ ਰਿਸ਼ਤੇਦਾਰ ਹੋਵੇ ਤੇ ਉਸ ਦੇ ਇਲਜ਼ਾਮ ਨਹੀਂ ਲੱਗਾ ਕਿ ਉਹ ਗੱਦਾਰ ਹੈ ਜਾਂ ਉਹ ਫੱਫੇਕੁੱਟਣੀ ਜਾਂ ਉਸ ਦਾ ਚਰਿੱਤਰ ਸ਼ੁਰੂ ਤੋਂ ਹੀ ਖ਼ਰਾਬ ਹੈ।
ਮੁਲਕ ਦੀ 25 ਕਰੋੜ ਆਬਾਦੀ ਹੈ। ਇਨ੍ਹਾਂ ਵਿੱਚੋਂ ਕਈ ਵਰਦੀ ਵਾਲੇ ਤੇ ਕਈ ਸੇਠ ਤੇ ਕਈ ਸਿਆਸੀ ਸੂਰਮੇ ਵੀ ਇਮਰਾਨ ਖ਼ਾਨ ਨਾਲ ਖੜ੍ਹੇ ਸਨ। ਪਰ ਹੁਣ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਪਾਕ-ਪਟਨ 'ਚੋਂ ਇਸ ਜਨਾਨੀ ਨੇ ਸਾਰਾ ਮੁਲਕ ਰੋਲ ਛੱਡਿਆ ਹੈ।
ਅਸਲੀ ਮੁਰਸ਼ਦ ਪਹਿਲਾਂ ਵੀ ਹੋਰ ਸਨ, ਹੁਣ ਵੀ ਓਹੀ ਹਨ। ਉਹ ਜਿਹੜੇ ਕਹਿੰਦੇ ਹਨ ਕਿ ਸਾਨੂੰ ਚਾਰ ਨਹੀਂ, ਪੰਜ ਸਿਤਾਰੇ ਲਗਾਓ। ਸਾਨੂੰ ਕਾਨੂੰਨ ਵਿੱਚ ਲਿਖ ਦਿਓ ਕਿ ਸਾਨੂੰ ਕੋਈ ਅਦਾਲਤ ਕਦੇ ਸੱਦੇਗੀ ਨਹੀਂ।
ਅਸੀਂ ਕਦੇ ਜੇਲ੍ਹ ਨਹੀਂ ਜਾਵਾਂਗੇ ਤੇ ਸਾਡੇ ਅਹੁਦੇ ਮਰਨ ਤੱਕ ਕਾਇਮ ਰਹਿਣਗੇ। ਇਹ ਹੁੰਦੇ ਹਨ ਵੱਡੇ ਮੁਰਸ਼ਦ ਤੇ ਇਹ ਹੁੰਦਾ ਹੈ ਅਸਲੀ ਕਾਲਾ ਜਾਦੂ। ਬਾਕੀ ਹੱਥ-ਪੈਰ ਬੰਨ੍ਹ ਕੇ ਜਿਨ੍ਹਾਂ ਨੂੰ ਦਰਿਆ ਵਿੱਚ ਸੁੱਟਣਾ ਹੈ, ਉਨ੍ਹਾਂ ਨੂੰ ਸੁੱਟ ਹੀ ਦਿਓ। ਜੇ ਉਹ ਡੁੱਬ ਗਏ ਤਾਂ ਮਾਸੂਮ ਤੇ ਜੇ ਉਹ ਬਚ ਗਏ ਤਾਂ ਉਨ੍ਹਾਂ ਜਾਦੂ ਦਾ ਤੋੜ ਸਾਡੇ ਕਾਨੂੰਨ ਤੇ ਆਇਨ ਵਿੱਚ ਹੁਣ ਮੌਜੂਦ ਹੈ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ