You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਕਰਮਚਾਰੀ ਕੈਨੇਡਾ ਜਾ ਕੇ 'ਗਾਇਬ' ਕਿਉਂ ਹੋ ਰਹੇ ਹਨ
- ਲੇਖਕ, ਮੁਹੰਮਦ ਸੋਹੈਬ ਅਤੇ ਉਮੈਰ ਸਲੀਮੀ
- ਰੋਲ, ਬੀਬੀਸੀ ਉਰਦੂ ਪੱਤਰਕਾਰ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਕਦੇ ਬਿਨਾਂ-ਡਿਗਰੀ ਦੇ ਪਾਇਲਟਾਂ ਕਾਰਨ ਤਾਂ ਕਦੇ ਨਿੱਜੀਕਰਨ ਦੀ ਮੰਗ ਕਾਰਨ ਅਕਸਰ ਵਿਵਾਦਾਂ ਵਿੱਚ ਘਿਰੀ ਰਹੀ ਹੈ। ਇਸੇ ਦੌਰਾਨ ਪੀਆਈਏ ਦੇ ਕਰਮਚਾਰੀਆਂ ਦੇ ਕੈਨੇਡਾ ਵਿੱਚ 'ਗ਼ਾਇਬ' ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ।
ਇਸੇ ਹਫ਼ਤੇ ਸ਼ਨੀਵਾਰ ਨੂੰ ਪੀਆਈਏ ਦੇ ਬੁਲਾਰੇ ਅਬਦੁੱਲਾ ਖ਼ਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੈਨੇਡਾ ਦੇ ਟੋਰਾਂਟੋ ਤੋਂ ਲਾਹੌਰ ਜਾਣ ਵਾਲੀ ਉਡਾਣ ਨੰਬਰ ਪੀਕੇ 798 ਦੇ ਇੱਕ ਫਲਾਈਟ ਅਟੈਂਡੈਂਟ, ਆਸਿਫ਼ ਨਜ਼ਾਮ ਸਮੇਂ 'ਤੇ ਹਵਾਈ ਅੱਡੇ 'ਤੇ ਨਹੀਂ ਪਹੁੰਚੇ।
ਪੀਆਈਏ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਬਚਾਅ ਵਿੱਚ 'ਖ਼ਰਾਬ ਸਿਹਤ' ਦਾ ਬਹਾਨਾ ਪੇਸ਼ ਕੀਤਾ।
ਪੀਆਈਏ ਦੇ ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਗ਼ੈਰ-ਕਾਨੂੰਨੀ ਤਰੀਕੇ ਨਾਲ 'ਗ਼ਾਇਬ' ਹੋਣ ਦੇ ਮਾਮਲੇ ਵਿੱਚ ਏਅਰਲਾਈਨਜ਼ ਦੇ ਕਰਮਚਾਰੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪੀਆਈਏ ਦਾ ਕੋਈ ਕਰੂ ਮੈਂਬਰ ਕੈਨੇਡਾ ਤੋਂ ਵਾਪਸ ਨਾ ਪਰਤਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਫਲਾਈਟ ਅਟੈਂਡੈਂਟ ਅਤੇ ਏਅਰ ਹੋਸਟੈੱਸ ਕੈਨੇਡਾ ਵਿੱਚ 'ਗ਼ਾਇਬ' ਹੋ ਚੁੱਕੇ ਹਨ।
29 ਫਰਵਰੀ 2024 ਨੂੰ ਵੀ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ।
ਪੀਆਈਏ ਦੀ ਉਡਾਣ ਨੰਬਰ ਪੀਕੇ 783 ਰਾਹੀਂ ਕਰਾਚੀ ਤੋਂ ਟੋਰਾਂਟੋ ਪਹੁੰਚੇ ਪੀਆਈਏ ਦੇ ਫਲਾਈਟ ਅਟੈਂਡੈਂਟ ਜਿਬਰਾਨ ਬਲੂਚ ਨੇ ਉਡਾਣ ਨੰਬਰ ਪੀਕੇ 782 ਰਾਹੀਂ ਵਾਪਸੀ ਕਰਨੀ ਸੀ। ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਦੇ ਟਰਮੀਨਲ 3 'ਤੇ ਜਹਾਜ਼ ਉਡਾਣ ਭਰਨ ਲਈ ਤਿਆਰ ਸੀ।
ਲੇਕਿਨ ਜਿਬਰਾਨ 'ਲਾਪਤਾ' ਸਨ। ਉਹ ਤੈਅ ਸਮੇਂ 'ਤੇ ਹੋਟਲ ਤੋਂ ਹਵਾਈ ਅੱਡੇ ਲਈ ਨਹੀਂ ਨਿਕਲੇ।
ਪਾਕਿਸਤਾਨ ਤੋਂ ਪ੍ਰਕਾਸ਼ਿਤ ਹੋਣ ਵਾਲੇ ਡਾਨ ਅਖ਼ਬਾਰ ਦੇ ਅਨੁਸਾਰ, ਬਾਅਦ ਵਿੱਚ ਜਦੋਂ ਕਰਮਚਾਰੀਆਂ ਨੇ ਹੋਟਲ ਦੇ ਕਮਰੇ ਵਿੱਚ ਉਨ੍ਹਾਂ ਦੀ ਭਾਲ ਕੀਤੀ ਤਾਂ ਉਹ 'ਗ਼ਾਇਬ' ਸਨ। ਰਿਪੋਰਟ ਅਨੁਸਾਰ ਅਧਿਕਾਰੀਆਂ ਨੂੰ ਜਿਬਰਾਨ ਬਾਰੇ ਕੋਈ ਸੁਰਾਗ਼ ਨਹੀਂ ਮਿਲ ਸਕਿਆ।
ਅਖ਼ਬਾਰ ਮੁਤਾਬਕ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਕੰਪਨੀ ਦੀ ਇੱਕ ਏਅਰ ਹੋਸਟੈੱਸ ਮਰੀਅਮ ਰਜ਼ਾ ਵੀ ਇਸੇ ਤਰ੍ਹਾਂ ਟੋਰਾਂਟੋ ਦੇ ਆਪਣੇ ਹੋਟਲ ਦੇ ਕਮਰੇ ਤੋਂ 'ਗ਼ਾਇਬ' ਹੋ ਗਏ ਸਨ।
ਸਮਾ ਟੀਵੀ ਦੇ ਅਨੁਸਾਰ, ਕੰਪਨੀ ਦੇ ਅਧਿਕਾਰੀਆਂ ਨੂੰ ਕਮਰੇ ਵਿੱਚ ਉਨ੍ਹਾਂ ਦੀ ਡਰੈੱਸ ਦੇ ਕੋਲ ਇੱਕ ਨੋਟ ਮਿਲਿਆ, ਜਿਸ 'ਤੇ ਲਿਖਿਆ ਸੀ, "ਥੈਂਕ ਯੂ ਪੀਆਈਏ।"
ਇਸੇ ਤਰ੍ਹਾਂ, ਜਨਵਰੀ 2024 ਦੀ ਸ਼ੁਰੂਆਤ ਵਿੱਚ ਏਅਰ ਹੋਸਟੈੱਸ ਫ਼ੈਜ਼ਾ ਮੁਖਤਾਰ ਵੀ ਕੈਨੇਡਾ ਤੋਂ ਆਪਣੀ ਤੈਅ ਉਡਾਣ ਰਾਹੀਂ ਪਾਕਿਸਤਾਨ ਵਾਪਸ ਨਹੀਂ ਪਰਤੇ ਸਨ।
ਡਾਨ ਦੀ ਇੱਕ ਰਿਪੋਰਟ ਅਨੁਸਾਰ 2003 ਵਿੱਚ ਪੀਆਈਏ ਦੇ ਸੱਤ ਕੈਬਿਨ ਕਰੂ ਮੈਂਬਰ 'ਗ਼ਾਇਬ' ਹੋਏ। ਉੱਥੇ ਹੀ ਦਿ ਐਕਸਪ੍ਰੈੱਸ ਟ੍ਰਿਬਿਊਨ ਅਨੁਸਾਰ 2022 ਵਿੱਚ ਪੰਜ ਕੈਬਿਨ ਕਰੂ ਮੈਂਬਰ ਇਸੇ ਤਰ੍ਹਾਂ ਬਿਨਾਂ ਕੋਈ ਸਬੂਤ ਛੱਡੇ 'ਗ਼ਾਇਬ' ਹੋ ਗਏ ਸਨ।
ਪੀਆਈਏ ਦਾ ਕੀ ਕਹਿਣਾ ਹੈ?
ਪੀਆਈਏ ਦੇ ਬੁਲਾਰੇ ਅਬਦੁੱਲਾ ਖ਼ਾਨ ਮੁਤਾਬਕ, ਪਿਛਲੇ ਕੁਝ ਸਾਲਾਂ ਦੌਰਾਨ ਚਾਲਕ ਦਲ ਦੇ ਮੈਂਬਰ ਕੈਨੇਡਾ ਪਹੁੰਚਣ ਤੋਂ ਬਾਅਦ ਲਗਾਤਾਰ ਦੇਸ ਵਾਪਸ ਨਹੀਂ ਪਰਤੇ ਹਨ।
ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਦੇ-ਕਦਾਈਂ ਹੁੰਦੀਆਂ ਰਹਿੰਦੀਆਂ ਸਨ, ਪਰ ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ਵਿੱਚ ਬਹੁਤ ਵਾਧਾ ਹੋਇਆ ਹੈ।
ਕਿਹਾ ਜਾ ਰਿਹਾ ਹੈ ਕਿ ਇਸਦੇ ਪਿੱਛੇ ਵਜ੍ਹਾ, ਬੀਤੇ ਕੁਝ ਸਾਲਾਂ ਦੌਰਾਨ ਪਾਕਿਸਤਾਨ ਵਿੱਚ ਵਿਗੜਦੀ ਆਰਥਿਕ ਸਥਿਤੀ ਅਤੇ ਪੀਆਈਏ ਦੇ ਨਿੱਜੀਕਰਨ ਨਾਲ ਜੁੜੀ ਹੈ।
ਪੀਆਈਏ ਦੇ ਨਿੱਜੀਕਰਨ ਨੂੰ ਲੰਘੇ ਲਗਭਗ ਦੋ ਦਹਾਕਿਆਂ ਵਿੱਚ ਇਸ ਦਿਸ਼ਾ ਵਿੱਚ ਪਾਕਿਸਤਾਨ ਦੀ ਪਹਿਲੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਪਾਕਿਸਤਾਨ ਲਈ ਕੌਮਾਂਤਰੀ ਮੁਦਰਾ ਕੋਸ਼ ਦੇ ਸੱਤ ਅਰਬ ਡਾਲਰ ਦੇ ਪ੍ਰੋਗਰਾਮ ਤਹਿਤ ਇਹ ਕਰਨਾ ਸਰਕਾਰ ਲਈ ਜ਼ਰੂਰੀ ਹੈ।
ਪੀਆਈਏ ਦਾ ਦਾਅਵਾ ਹੈ ਕਿ ਕੈਨੇਡਾ ਦੇ ਸ਼ਰਨਾਰਥੀ ਕਾਨੂੰਨ ਦਾ ਦਾਇਰਾ ਵੱਡਾ ਹੈ ਜਿਸਦਾ ਫ਼ਾਇਦਾ ਪੀਆਈਏ ਕਰਮਚਾਰੀ ਚੁੱਕ ਰਹੇ ਹਨ।
ਹਾਲਾਂਕਿ ਇਸ ਦੌਰਾਨ ਕੈਨੇਡਾ ਵਿੱਚ ਕਿਸੇ ਹੋਰ ਏਅਰਲਾਈਨ ਕੈਬਿਨ ਕਰੂ ਮੈਂਬਰ ਦੇ ਲਾਪਤਾ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਿਰਫ਼ ਪੀਆਈਏ ਦੇ ਕਰਮਚਾਰੀਆਂ ਜਾਂ ਪਾਕਿਸਤਾਨ ਤੱਕ ਹੀ ਸੀਮਤ ਨਹੀਂ ਹੈ। ਸਗੋਂ, ਕਈ ਹੋਰ ਦੇਸਾਂ ਦੇ ਲੋਕ ਵੀ ਕੈਨੇਡਾ ਦੇ ਸ਼ਰਨਾਰਥੀ ਕਾਨੂੰਨਾਂ ਦਾ ਫ਼ਾਇਦਾ ਚੁੱਕਦੇ ਰਹੇ ਹਨ।
ਪੀਆਈਏ ਨੇ ਬਦਲੇ ਨਿਯਮ
2021 ਵਿੱਚ, ਪੀਆਈਏ ਨੇ ਇਸ ਸੰਬੰਧੀ ਆਪਣੇ ਨਿਯਮ ਬਦਲੇ ਸਨ ਜਿਸ ਤਹਿਤ ਕੌਮਾਂਤਰੀ ਉਡਾਣਾਂ ਦੌਰਾਨ ਕੈਬਿਨ ਕਰੂ ਲਈ ਵਿਦੇਸ਼ੀ ਹਵਾਈ ਅੱਡਿਆਂ 'ਤੇ ਪਾਸਪੋਰਟ ਜਮ੍ਹਾ ਕਰਨਾ ਲਾਜ਼ਮੀ ਬਣਾ ਦਿੱਤਾ ਗਿਆ।
ਪੀਆਈਏ ਨੇ ਇੱਕ ਹੋਰ ਫ਼ੈਸਲਾ ਲਿਆ ਕਿ ਉਹ ਨੌਜਵਾਨ ਏਅਰ ਹੋਸਟੈੱਸ ਅਤੇ ਸਟੀਵਰਡ ਨੂੰ ਕੌਮਾਂਤਰੀ ਉਡਾਣਾਂ ਲਈ ਨਹੀਂ ਭੇਜੇਗੀ।
ਕੰਪਨੀ ਦੇ ਬੁਲਾਰੇ ਅਨੁਸਾਰ, ਇਨ੍ਹਾਂ ਸਾਰੇ ਕਦਮਾਂ ਦਾ ਸਪੱਸ਼ਟ ਰੂਪ ਵਿੱਚ ਕੋਈ ਅਸਰ ਨਹੀਂ ਪਿਆ। ਇਸ ਸਬੰਧ ਵਿੱਚ ਕੰਪਨੀ ਨੇ ਇੱਕ ਜਾਂਚ ਇਕਾਈ ਕਾਇਮ ਕੀਤੀ ਹੈ ਅਤੇ ਕੰਪਨੀ ਚਾਲਕ ਦਲ ਦੀ ਨਿਗਰਾਨੀ ਵੀ ਕਰ ਰਹੀ ਹੈ।
ਬੁਲਾਰੇ ਅਨੁਸਾਰ, "ਅਸੀਂ ਇਸ ਬਾਰੇ ਕੈਨੇਡੀਅਨ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨਾਲ ਚਾਲਕ ਦਲ ਦੇ ਮੈਂਬਰਾਂ ਬਾਰੇ ਵੇਰਵੇ ਸਾਂਝੇ ਕੀਤੇ ਹਨ।"
ਕੈਨੇਡਾ ਪੀਆਈਏ ਕਰਮਚਾਰੀਆਂ ਲਈ 'ਗ਼ਾਇਬ' ਹੋਣ ਲਈ ਪਸੰਦੀਦਾ ਦੇਸ਼ ਕਿਉਂ ਬਣਿਆ ਹੋਇਆ ਹੈ?
ਇਸ ਸਵਾਲ ਦਾ ਜਵਾਬ ਜਾਣਨ ਲਈ ਬੀਬੀਸੀ ਨੇ ਪਿਛਲੇ ਸਾਲ ਟੋਰਾਂਟੋ ਵਿੱਚ ਅਧਿਕਾਰੀਆਂ, ਪੀਆਈਏ ਅਤੇ ਹੋਰ ਏਅਰਲਾਈਨ ਕੰਪਨੀਆਂ ਦੇ ਕਰਮਚਾਰੀਆਂ, ਤੋਂ ਇਲਾਵਾ ਕੈਨੇਡਾ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਦੇ ਵਕੀਲ ਅਤੇ ਸਲਾਹਕਾਰ ਨਾਲ ਗੱਲਬਾਤ ਕੀਤੀ ਸੀ।
ਕੈਨੇਡਾ ਮਨ ਭਾਉਂਦਾ ਮੁਲਕ ਕਿਉਂ?
ਟੋਰਾਂਟੋ ਦਾ ਪੀਅਰਸਨ ਕੌਮਾਂਤਰੀ ਹਵਾਈ ਅੱਡਾ, ਕੈਨੇਡਾ ਦੇ ਓਂਟਾਰੀਓ ਪ੍ਰੋਵਿੰਸ ਦੇ ਪੀਲ ਖੇਤਰੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਬੀਬੀਸੀ ਨੇ ਪੀਲ ਪੁਲਿਸ ਤੋਂ ਪੁੱਛਿਆ ਕਿ ਕੀ ਲਾਪਤਾ ਪੀਆਈਏ ਕਰੂ ਮੈਂਬਰਾਂ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੁੰਮਸ਼ੁਦਗੀ ਰਿਪੋਰਟ ਦਰਜ ਕੀਤੀ ਗਈ ਹੈ।
ਪੀਲ ਪੁਲਿਸ ਦੇ ਬੁਲਾਰੇ ਰਿਚਰਡ ਚਿਨ ਨੇ ਈ-ਮੇਲ 'ਤੇ ਬੀਬੀਸੀ ਨੂੰ ਦੱਸਿਆ ਕਿ "ਅਸੀਂ ਆਪਣੇ ਹਵਾਈ ਅੱਡਾ ਸੈਕਸ਼ਨ ਤੋਂ ਪੁਸ਼ਟੀ ਕੀਤੀ ਹੈ ਕਿ ਪੀਲ ਪੁਲਿਸ ਨੂੰ ਇਸ ਸੰਦਰਭ ਵਿੱਚ ਕੋਈ ਗੁੰਮਸ਼ੁਦਾ ਵਿਅਕਤੀ ਨਾਲ ਜੁੜੀ ਕਾਲ ਨਹੀਂ ਮਿਲੀ ਹੈ।"
ਉਨ੍ਹਾਂ ਨੇ ਕਿਹਾ, "ਆਮ ਤੌਰ 'ਤੇ ਕੋਈ ਪਰਿਵਾਰਕ ਮੈਂਬਰ ਜਾਂ ਜਾਣਕਾਰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣ ਲਈ ਪੁਲਿਸ ਨਾਲ ਸੰਪਰਕ ਕਰਦਾ ਹੈ। ਜੇਕਰ ਏਅਰਲਾਈਨ ਕਰਮਚਾਰੀ ਸ਼ਰਨ ਪਾਉਣ ਲਈ 'ਗ਼ਾਇਬ' ਹੋ ਰਹੇ ਹਨ, ਤਾਂ ਇਸ ਸਬੰਧ ਵਿੱਚ ਕੈਨੇਡਾ ਸਰਹੱਦੀ ਸੇਵਾ ਏਜੰਸੀ (ਸੀਬੀਐੱਸਏ) ਨਾਲ ਰਾਬਤਾ ਕੀਤਾ ਜਾ ਸਕਦਾ ਹੈ।"
ਹਾਲਾਂਕਿ, ਸੀਬੀਐੱਸਏ ਦੀ ਬੁਲਾਰੀ ਕੈਰੇਨ ਮਾਰਟੇਲ ਨੇ ਈ-ਮੇਲ 'ਤੇ ਬੀਬੀਸੀ ਨੂੰ ਦੱਸਿਆ ਕਿ ਸੀਬੀਐੱਸਏ ਕਿਸੇ ਵਿਅਕਤੀ ਜਾਂ ਉਸਦੇ ਮਾਮਲੇ 'ਤੇ ਟਿੱਪਣੀ ਨਹੀਂ ਕਰਦਾ, ਕਿਉਂਕਿ ਕਿਸੇ ਵਿਅਕਤੀ ਦੀ ਸਰਹੱਦੀ ਅਤੇ ਇਮੀਗ੍ਰੇਸ਼ਨ ਸਬੰਧੀ ਜਾਣਕਾਰੀ ਨਿੱਜੀ ਮੰਨੀ ਜਾਂਦੀ ਹੈ ਅਤੇ ਨਿੱਜਤਾ ਕਨੂੰਨ ਦੇ ਤਹਿਤ ਆਉਂਦੀ ਹੈ।
ਕੁਝ ਇਸੇ ਤਰ੍ਹਾਂ ਦਾ ਜਵਾਬ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਵਿਭਾਗ (ਆਈਆਰਸੀਸੀ) ਨੇ ਦਿੱਤਾ। ਵਿਭਾਗ ਨੇ ਈਮੇਲ 'ਤੇ ਬੀਬੀਸੀ ਨੂੰ ਦੱਸਿਆ ਕਿ ਨਿੱਜਤਾ ਕਾਨੂੰਨਾਂ ਕਾਰਨ ਉਹ ਵਿਅਕਤੀਗਤ ਮਾਮਲਿਆਂ 'ਤੇ ਟਿੱਪਣੀ ਨਹੀਂ ਕਰ ਸਕਦੇ।
ਵਿਦੇਸ਼ੀ ਉਡਾਣਾਂ ਦੇ ਕਰੂ ਮੈਂਬਰਾਂ ਲਈ ਕੀ ਹਨ ਨਿਯਮ?
ਕੈਰੇਨ ਮਾਰਟੇਲ ਨੇ ਕੈਨੇਡਾ ਆਉਣ ਵਾਲੀਆਂ ਉਡਾਣਾਂ ਦੇ ਕਰੂ ਮੈਂਬਰਾਂ 'ਤੇ ਲਾਗੂ ਹੋਣ ਵਾਲੇ ਕੈਨੇਡੀਅਨ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ।
ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਨਿਯਮਾਂ ਅਨੁਸਾਰ ਜੋ ਵਿਅਕਤੀ ਉਡਾਣ ਦਲ ਦੇ ਮੈਂਬਰ ਹਨ ਜਾਂ ਉਸ ਦਾ ਹਿੱਸਾ ਹਨ, ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਜਾਂ ਰਹਿਣ ਲਈ ਆਰਜ਼ੀ ਵੀਜ਼ੇ ਦੀ ਲੋੜ ਨਹੀਂ ਹੈ। ਬਾਸ਼ਰਤੇ, ਕੈਨੇਡਾ ਅਤੇ ਦੂਜੇ ਦੇਸ (ਜਿੱਥੋਂ ਉਡਾਣ ਆਈ ਹੈ) ਦੇ ਵਿਚਕਾਰ ਵੀਜ਼ਾ ਸਮਝੌਤਾ ਹੋਵੇ।
ਸੀਬੀਐੱਸਏ ਦੀ ਬੁਲਾਰੀ ਕੈਰੇਨ ਮਾਰਟੇਲ ਦੇ ਮੁਤਾਬਕ, ਜੇਕਰ ਵਿਦੇਸ਼ੀ ਉਡਾਣ ਦਾ ਕੋਈ ਕਰੂ ਮੈਂਬਰ ਕੈਨੇਡਾ ਪਹੁੰਚਣ ਤੋਂ ਬਾਅਦ ਆਪਣਾ ਕੰਮ ਛੱਡ ਦਿੰਦਾ ਹੈ ਤਾਂ ਏਅਰਲਾਈਨ ਲਈ ਇਸਦੀ ਜਾਣਕਾਰੀ ਸੀਬੀਐੱਸਏ ਨੂੰ ਦੇਣੀ ਜ਼ਰੂਰੀ ਹੁੰਦੀ ਹੈ।
ਇਹ ਨਿਯਮ ਉਸ ਸੂਰਤ ਵਿੱਚ ਲਾਗੂ ਹੁੰਦਾ ਹੈ ਜਦੋਂ ਕੋਈ ਵਿਅਕਤੀ ਅਚਾਨਕ ਗ਼ਾਇਬ ਹੋ ਜਾਂਦਾ ਹੈ ਅਤੇ ਇਸ ਗੱਲ ਦੇ ਪੱਕੇ ਸਬੂਤ ਹੋਣ ਕਿ ਉਹ ਆਪਣੀ ਡਿਊਟੀ ਛੱਡ ਚੁੱਕਿਆ ਹੈ।
ਕੈਨੇਡਾ ਦੇ ਨਿਯਮਾਂ ਅਨੁਸਾਰ, "ਜੇਕਰ ਕਰਮਚਾਰੀ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਜਾਂ ਉਹ 72 ਘੰਟਿਆਂ ਦੇ ਅੰਦਰ ਖ਼ੁਦ ਕੈਨੇਡਾ ਨਹੀਂ ਛੱਡਦੇ ਤਾਂ ਏਅਰਲਾਈਨ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦੇਣੀ ਹੁੰਦੀ ਹੈ।"
ਕੈਰੇਨ ਮਾਰਟੇਲ ਦਾ ਕਹਿਣਾ ਹੈ ਕਿ ਕੰਪਨੀਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਕੈਨੇਡਾ ਲੈ ਕੇ ਨਾ ਆਉਣ ਜਿਨ੍ਹਾਂ ਕੋਲ ਵੈਧ ਦਸਤਾਵੇਜ਼ ਨਾ ਹੋਣ, ਇਸਦਾ ਉਲੰਘਣ ਹੋਣ 'ਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
ਕੈਨੇਡਾ ਵਿੱਚ ਕਰਮਚਾਰੀਆਂ ਦਾ 'ਗਾਇਬ' ਹੋਣਾ
ਬੀਬੀਸੀ ਨੇ ਪੀਆਈਏ ਅਤੇ ਹੋਰ ਏਅਰਲਾਈਨ ਕੰਪਨੀਆਂ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੈਨੇਡਾ ਵਿੱਚ ਕਰਮਚਾਰੀਆਂ ਦਾ 'ਗ਼ਾਇਬ' ਹੋ ਜਾਣਾ ਇੰਨਾ ਸੌਖਾ ਕਿਉਂ ਹੈ।
ਇਹ ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਕੈਨੇਡਾ ਵਿੱਚ ਕਨੂੰਨ ਅਤੇ ਪਹਿਲਾਂ ਤੋਂ ਮੌਜੂਦ ਮਜ਼ਬੂਤ ਨੈੱਟਵਰਕ ਦੇ ਕਾਰਨ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਸੌਖਾ ਨਹੀਂ ਹੁੰਦਾ।
ਇੱਕ ਮੁਸ਼ਕਿਲ ਦਸਤਾਵੇਜ਼ਾਂ ਦੀ ਵੀ ਹੁੰਦੀ ਹੈ। ਆਮ ਤੌਰ ਉੱਤੇ ਏਅਰਲਾਈਨ ਕਰਮਚਾਰੀਆਂ ਦੇ ਯਾਤਰਾ ਦਸਤਾਵੇਜ਼ ਦੂਜੇ ਯਾਤਰੀਆਂ ਤੋਂ ਵੱਖਰੇ ਹੁੰਦੇ ਹਨ। ਏਅਰਲਾਈਨ ਕਰਮਚਾਰੀਆਂ ਨੂੰ ਸਬੰਧਤ ਦੇਸ ਦੇ ਵੀਜ਼ੇ ਦੀ ਲੋੜ ਨਹੀਂ ਹੁੰਦੀ, ਸਗੋਂ ਉਹ ਇੱਕ ਆਮ ਐਲਾਨ (ਜਨਰਲ ਡੈਕਲੇਰੇਸ਼ਨ) ਦੇ ਜ਼ਰੀਏ ਇਨ੍ਹਾਂ ਦੇਸਾਂ ਦੀ ਯਾਤਰਾ ਕਰ ਸਕਦੇ ਹਨ।
ਕੌਮਾਂਤਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈਸੀਏਓ) ਦੇ ਅਨੁਸਾਰ ਇਸ ਦਸਤਾਵੇਜ਼ ਵਿੱਚ ਕਰੂ ਮੈਂਬਰ ਦੀ ਜਾਣਕਾਰੀ, ਜਹਾਜ਼ ਦਾ ਰਜਿਸਟ੍ਰੇਸ਼ਨ ਨੰਬਰ, ਉਡਾਣ ਦੇ ਆਉਣ ਅਤੇ ਰਵਾਨਗੀ ਬਾਰੇ ਜਾਣਕਾਰੀ ਹੁੰਦੀ ਹੈ।
ਇਹ ਦਸਤਾਵੇਜ਼ ਅਸਲ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਲਈ ਇੱਕ ਤਰ੍ਹਾਂ ਦੀ "ਗਾਰੰਟੀ" ਹੈ ਕਿ ਕਰੂ ਮੈਂਬਰ ਤੈਅ ਸਮੇਂ ਤੱਕ ਦੇਸ਼ ਛੱਡ ਦੇਣਗੇ।
ਪੀਆਈਏ ਦੇ ਇੱਕ ਅਧਿਕਾਰੀ ਨੇ ਦੱਸਿਆ, "ਜਦੋਂ ਕੋਈ ਕਰੂ ਮੈਂਬਰ ਲਾਪਤਾ ਹੋ ਜਾਂਦਾ ਹੈ, ਤਾਂ ਉਹ ਇਸ ਦੀ ਭਿਣਕ ਵੀ ਨਹੀਂ ਪੈਣ ਦਿੰਦੇ। ਇਹ ਸਭ ਬਹੁਤ ਖੂਫ਼ੀਆ ਤਰੀਕੇ ਨਾਲ ਕੀਤਾ ਜਾਂਦਾ ਹੈ। ਉਹ ਪਹਿਲਾਂ ਹੀ ਉਸ ਦੇਸ ਵਿੱਚ ਮੌਜੂਦ ਲੋਕਾਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰ ਚੁੱਕੇ ਹੁੰਦੇ ਹਨ।"
ਉਹ ਕਹਿੰਦੇ ਹਨ, "ਇਹ ਕੋਈ ਇੱਕ ਦਿਨ ਵਿੱਚ ਲਿਆ ਗਿਆ ਫ਼ੈਸਲਾ ਨਹੀਂ ਹੁੰਦਾ, ਸਗੋਂ ਉਹ ਕਈ ਮਹੀਨਿਆਂ ਦੀ ਯੋਜਨਾ ਅਤੇ ਕੈਨੇਡਾ ਵਿੱਚ ਏਜੰਟਾਂ ਦੇ ਨੈੱਟਵਰਕ ਰਾਹੀਂ ਦਸਤਾਵੇਜ਼ ਤਿਆਰ ਕਰਨ ਤੋਂ ਬਾਅਦ ਹੀ ਇਹ ਕਦਮ ਚੁੱਕਦੇ ਹਨ।"
ਇੱਕ ਪ੍ਰਾਈਵੇਟ ਏਅਰਲਾਈਨ ਕੰਪਨੀ ਵਿੱਚ ਕਮਰਸ਼ੀਅਲ ਪਾਇਲਟ ਨੇ ਬੀਬੀਸੀ ਨੂੰ ਦੱਸਿਆ ਕਿ ਪੀਆਈਏ ਵਿੱਚ ਨਿਯਮਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਹੋਰ ਕੰਪਨੀਆਂ ਦੀ ਤੁਲਨਾ ਵਿੱਚ ਓਨੀ ਸਖ਼ਤ ਨਹੀਂ ਹੈ, ਇਹ ਵੀ ਇੱਕ ਕਾਰਨ ਹੋ ਸਕਦਾ ਹੈ।
ਇਸਦੇ ਇਲਾਵਾ, ਪਾਕਿਸਤਾਨ ਦੀ ਅਰਥਵਿਵਸਥਾ ਅਤੇ ਪੀਆਈਏ ਦੇ ਭਵਿੱਖ ਬਾਰੇ ਸ਼ਸ਼ੋਪੰਜ ਵੀ ਇਸਦੇ ਪਿੱਛੇ ਇੱਕ ਕਾਰਨ ਹੈ।
ਏਅਰਲਾਈਨ ਅਧਿਕਾਰੀਆਂ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਏਅਰਲਾਈਨ ਦੇ ਕਰੂ ਮੈਂਬਰਾਂ ਉੱਤੇ ਲੰਬੀ ਉਡਾਣ ਦੌਰਾਨ ਦੇਸ ਵਿੱਚ ਯਾਤਰਾ ਕਰਨ ਜਾਂ ਸਾਕ-ਸੰਬੰਧੀਆਂ ਨੂੰ ਮਿਲਣ 'ਤੇ ਕੋਈ ਰੋਕ ਜਾਂ ਪਾਬੰਦੀ ਨਹੀਂ ਹੈ।
ਕੈਨੇਡਾ ਹੀ ਆਖ਼ਰ ਕਿਉਂ?
ਕੈਨੇਡਾ ਵਿੱਚ ਮੌਜੂਦ ਇਮੀਗ੍ਰੇਸ਼ਨ ਵਕੀਲ ਮੇਹਰੀਨ ਰਜ਼ਾ ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਵਿੱਚ ਸ਼ਰਨ ਚਾਹੁਣ ਵਾਲਿਆਂ ਦੀ ਨੁਮਾਇੰਦਗੀ ਕਰ ਰਹੇ ਹਨ।
ਉਨ੍ਹਾਂ ਨੇ ਓਂਟਾਰੀਓ ਵਿੱਚ ਸਾਊਥ ਏਸ਼ੀਆ ਲੀਗਲ ਕਲੀਨਿਕ ਕਾਇਮ ਕੀਤਾ ਹੈ, ਜੋ ਅਜਿਹੇ ਲੋਕਾਂ ਦੀ ਮਦਦ ਕਰਦਾ ਹੈ ਜੋ ਦੂਜੇ ਦੇਸ ਵਿੱਚ ਸ਼ਰਨ ਲੈਣ ਦਾ ਖਰਚਾ ਨਹੀਂ ਚੁੱਕ ਸਕਦੇ।
ਮੇਹਰੀਨ ਰਜ਼ਾ ਨੇ ਬੀਬੀਸੀ ਨੂੰ ਦੱਸਿਆ, "ਪੀਆਈਏ ਦੇ ਕਰੂ ਮੈਂਬਰਾਂ ਨਾਲ ਜੁੜੀਆਂ ਖ਼ਬਰਾਂ ਅਸੀਂ ਦੇਖੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ ਵੱਖੋ-ਵੱਖ ਕਾਰਨਾਂ ਕਰਕੇ ਕੈਨੇਡਾ ਵਿੱਚ ਪਨਾਹ ਲੈਣ ਲਈ ਪਾਕਿਸਤਾਨ ਸਮੇਤ ਹੋਰ ਵੀ ਦੇਸਾਂ ਤੋਂ ਲੋਕਾਂ ਦੀਆਂ ਅਰਜ਼ੀਆਂ ਵਿੱਚ ਵਾਧਾ ਹੋਇਆ ਹੈ।"
ਮੇਹਰੀਨ ਰਜ਼ਾ ਨੇ ਅੱਗੇ ਦੱਸਿਆ, "ਕੈਨੇਡਾ ਦਾ ਕਾਨੂੰਨ ਕਹਿੰਦਾ ਹੈ ਕਿ ਕਿਸੇ ਵੀ ਸੂਰਤ ਵਿੱਚ ਸ਼ਰਨ ਮੰਗਣ ਵਾਲੇ ਨੂੰ ਤੁਸੀਂ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖ ਸਕਦੇ। ਇਸ ਬਾਰੇ ਅਸੀਂ ਸਿਖਲਾਈ ਪ੍ਰੋਗਰਾਮ ਵੀ ਕਰਦੇ ਹਾਂ। ਇਹ ਵੀ ਸੰਭਵ ਹੈ ਕਿ ਵਿਅਕਤੀ ਇੱਥੇ ਆ ਕੇ ਵਿਆਹ ਕਰ ਲਵੇ ਅਤੇ ਆਪਣੇ ਸਾਥੀ ਦੀ ਮਦਦ ਨਾਲ ਸਪਾਊਸ ਵੀਜ਼ਾ ਜਾਂ ਸਥਾਈ ਵੀਜ਼ਾ ਹਾਸਲ ਕਰ ਲਵੇ।"
ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੇ ਅੰਕੜਿਆਂ ਮੁਤਾਬਕ, ਸਾਲ 2023 ਵਿੱਚ ਕੈਨੇਡਾ ਦੇ ਅਧਿਕਾਰੀਆਂ ਨੂੰ ਸ਼ਰਨ ਮੰਗਣ ਲਈ 1,44,000 ਅਰਜ਼ੀਆਂ ਮਿਲੀਆਂ ਜੋ ਕਿ ਸਾਲ 2022 ਦੀ ਤੁਲਨਾ ਵਿੱਚ 57% ਵੱਧ ਸਨ।
ਇਸ ਵਿੱਚੋਂ 4,832 ਅਰਜ਼ੀਆਂ ਪਾਕਿਸਤਾਨ ਤੋਂ ਸਨ। ਇਹ ਪਿਛਲੇ ਸਾਲ ਦੀਆਂ 1,894 ਅਰਜ਼ੀਆਂ ਨਾਲੋਂ 60% ਜ਼ਿਆਦਾ ਹਨ।
ਇਮੀਗ੍ਰੇਸ਼ਨ ਸਲਾਹਕਾਰ ਅਬਦੁੱਲਾ ਬਿਲਾਲ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਕੰਸਲਟੈਂਸੀ ਵਿੱਚ ਕੰਮ ਕਰਦੇ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਕੈਨੇਡਾ ਦੇ ਕਨੂੰਨ ਅਨੁਸਾਰ, ਤੁਸੀਂ ਜਿੱਥੋਂ ਦੇਸ ਵਿੱਚ ਪ੍ਰਵੇਸ਼ ਕਰ ਰਹੇ ਹੋ ਉੱਥੋਂ ਹੀ ਪਨਾਹ ਲਈ ਅਰਜ਼ੀ ਦੇ ਸਕਦੇ ਹੋ।"
"ਇਸ ਪੂਰੀ ਪ੍ਰਕਿਰਿਆ ਵਿੱਚ ਕੁਝ ਸਾਲਾਂ ਦਾ ਸਮਾਂ ਲੱਗ ਸਕਦਾ ਹੈ। ਜੇਕਰ ਕਿਸੇ ਕਾਰਨ ਤੁਹਾਨੂੰ ਪਨਾਹ ਨਹੀਂ ਦਿੱਤੀ ਜਾਂਦੀ ਹੈ ਤਾਂ ਤੁਸੀਂ ਅਪੀਲ ਕਰ ਸਕਦੇ ਹੋ।"
ਪਨਾਹ ਦੇਣ ਦੀ ਪ੍ਰਕਿਰਿਆ ਬਾਰੇ ਅਬਦੁੱਲਾ ਬਿਲਾਲ ਦਾ ਕਹਿਣਾ ਹੈ, "ਸਰਕਾਰ ਵੱਲੋਂ ਪਹਿਲਾਂ ਅਰਜ਼ੀ ਦੀ ਸਮੀਖਿਆ ਕੀਤੀ ਜਾਂਦੀ ਹੈ, ਫਿਰ ਉਸਨੂੰ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਵਿੱਚ ਭੇਜ ਦਿੱਤਾ ਜਾਂਦਾ ਹੈ। ਜੇਕਰ ਤੁਹਾਡੀ ਅਰਜ਼ੀ ਰੱਦ ਹੋਈ ਤਾਂ ਤੁਸੀਂ ਅਪੀਲ ਡਿਵੀਜ਼ਨ ਵਿੱਚ ਜਾ ਸਕਦੇ ਹੋ। ਇਸ ਦੌਰਾਨ ਤੁਸੀਂ ਸਪਾਂਸਰ ਵੀ ਹੋ ਸਕਦੇ ਹੋ।"
ਉਹ ਕਹਿੰਦੇ ਹਨ ਕਿ ਕੈਨੇਡਾ ਵਿੱਚ ਰਿਫਿਊਜੀ ਸੇਵਾ ਤੱਕ ਤੁਹਾਡੀ ਪਹੁੰਚ ਹੁੰਦੀ ਹੈ ਅਤੇ ਕੰਮ ਕਰ ਸਕਦੇ ਹੋ ਅਤੇ ਤੁਹਾਨੂੰ ਮੁਫ਼ਤ ਇਲਾਜ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਲੋਕ ਇੱਥੇ ਵਿਆਹ ਵੀ ਕਰਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਇਸ ਪ੍ਰਕਿਰਿਆ ਦਾ ਖਰਚਾ ਪੂਰਾ ਕਰਨ ਲਈ ਵਿਅਕਤੀ ਧਾਰਮਿਕ ਸੰਸਥਾਵਾਂ ਦੀ ਵੀ ਮਦਦ ਲੈ ਸਕਦਾ ਹੈ।
ਮੇਹਰੀਨ ਅਤੇ ਬਿਲਾਲ ਦੋਵਾਂ ਨੇ ਕਿਹਾ ਕਿ ਕਈ ਵਾਰ ਸ਼ਰਨ ਮੰਗਣ ਵਾਲਾ ਵਿਅਕਤੀ ਇਸਦੇ ਲਈ 'ਝੂਠੇ ਕਾਰਨ' ਦੱਸਦਾ ਹੈ। ਲੇਕਿਨ ਇਸਦਾ ਹਰਜਾਨਾ ਉਨ੍ਹਾਂ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜੋ ਸ਼ਰਨ ਦੇ ਅਸਲ ਹੱਕਦਾਰ ਹਨ।
ਮੇਹਰੀਨ ਰਜ਼ਾ ਨੇ ਬੀਬੀਸੀ ਨੂੰ ਦੱਸਿਆ ਕਿ ਸ਼ਰਨ ਮੰਗਣ ਦੇ ਕਾਰਨਾਂ ਵਿੱਚ "ਧਰਮ, ਜਿਨਸੀ ਰੁਝਾਨ, ਸਿਆਸੀ ਆਧਾਰ ਜਾਂ ਪਰਿਵਾਰਕ ਕਾਰਨਾਂ ਕਰਕੇ ਨਿਸ਼ਾਨਾ ਬਣਾਇਆ ਜਾਣਾ" ਸ਼ਾਮਲ ਹੋ ਸਕਦੇ ਹਨ।
ਅਬਦੁੱਲਾ ਬਿਲਾਲ ਕਹਿੰਦੇ ਹਨ, "ਕੈਨੇਡਾ ਵਿੱਚ ਸ਼ਰਨ ਲੈਣ ਦੀ ਪ੍ਰਕਿਰਿਆ ਦਾ ਹੁਣ ਵਪਾਰੀਕਰਨ ਹੋ ਰਿਹਾ ਹੈ।" ਉਹ ਕਹਿੰਦੇ ਹਨ ਕਿ ਲੋਕ ਵਿਜ਼ੀਟਰ ਵੀਜ਼ਾ 'ਤੇ ਆਉਂਦੇ ਹਨ ਅਤੇ ਫਿਰ ਸ਼ਰਨ ਲਈ ਅਰਜ਼ੀ ਦਿੰਦੇ ਹਨ।
ਉਹ ਕਹਿੰਦੇ ਹਨ ਕਿ ਕੇਵਲ ਪਾਕਿਸਤਾਨ ਹੀ ਨਹੀਂ, ਬਲਕਿ ਭਾਰਤ, ਈਰਾਨ, ਨਾਈਜੀਰੀਆ, ਮੈਕਸੀਕੋ ਵਰਗੇ ਦੂਜੇ ਦੇਸਾਂ ਤੋਂ ਵੀ ਲੋਕ ਕੈਨੇਡਾ ਵਿੱਚ ਸ਼ਰਨ ਲੈਣਾ ਚਾਹੁੰਦੇ ਹਨ, ਪਰ ਇਸਦੇ ਕਾਰਨਾਂ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ।
ਉਹ ਕਹਿੰਦੇ ਹਨ, "ਜੇਕਰ ਕੋਈ ਖ਼ੁਦ ਨੂੰ ਸਮਲਿੰਗੀ ਦੱਸਦਾ ਹੈ, ਤਾਂ ਇਸ ਦਾਅਵੇ ਦੀ ਪੁਸ਼ਟੀ ਕਿਵੇਂ ਕੀਤੀ ਜਾ ਸਕਦੀ ਹੈ? ਧਾਰਮਿਕ ਘੱਟਗਿਣਤੀ ਦੇ ਆਧਾਰ 'ਤੇ ਖ਼ਤਰੇ ਦੇ ਦਾਅਵਿਆਂ ਦੀ ਪੁਸ਼ਟੀ ਵੀ ਔਖੀ ਹੈ।"
ਪੀਆਈਏ ਨੇ ਸਮੱਸਿਆ ਬਾਰੇ ਕੀ ਕੀਤਾ ਹੈ?
ਪੀਆਈਏ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਇਸਨੂੰ ਰੋਕਣ ਲਈ ਬਾਂਡ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਪਰ ਇਸਦਾ ਕੋਈ ਅਸਰ ਨਹੀਂ ਹੋਇਆ।
ਉਹ ਕਹਿੰਦੇ ਹਨ ਕਿ ਕਰਮਚਾਰੀਆਂ ਤੋਂ ਬਾਂਡ ਲਏ ਗਏ ਪਰ ਇਸਦਾ ਕੋਈ ਅਸਰ ਨਹੀਂ ਹੋਇਆ, ਲੋਕਾਂ ਦਾ 'ਗ਼ਾਇਬ' ਹੋਣਾ ਨਹੀਂ ਰੁਕਿਆ।
ਪੀਆਈਏ ਦੇ ਅਧਿਕਾਰੀ ਕਹਿੰਦੇ ਹਨ, "'ਲਾਪਤਾ' ਹੋਏ ਲੋਕਾਂ ਦੇ ਪਰਿਵਾਰਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ ਸੀ, ਪਰ ਇਸਨੂੰ ਗ਼ੈਰ-ਵਿਹਾਰਕ ਮੰਨ ਕੇ ਇਹ ਵਿਚਾਰ ਛੱਡ ਦਿੱਤਾ ਗਿਆ। ਅਦਾਲਤ ਇਸ ਨੂੰ ਇੱਕ ਮਿੰਟ ਵਿੱਚ ਖ਼ਾਰਜ ਕਰ ਦੇਵੇਗੀ।"
ਉਹ ਕਹਿੰਦੇ ਹਨ, "ਇਸ ਤਰ੍ਹਾਂ 'ਗ਼ਾਇਬ' ਹੋਏ ਕਰਮਚਾਰੀਆਂ ਨੂੰ ਰੈੱਡ ਫਲਾਈ ਲਿਸਟ ਵਿੱਚ ਪਾਉਣ ਦੀ ਵੀ ਗੱਲ ਹੋਈ ਸੀ। ਹਾਲਾਂਕਿ ਇਹ ਮੁਸ਼ਕਲ ਹੈ ਕਿਉਂਕਿ ਇਨ੍ਹਾਂ ਲੋਕਾਂ ਨੂੰ ਡਿਪੋਰਟ ਨਹੀਂ ਕੀਤਾ ਗਿਆ ਹੈ। ਕੁਝ ਸਾਲਾਂ ਬਾਅਦ ਉਹ ਕਿਸੇ ਦੂਜੇ ਦੇਸ ਦੇ ਪਾਸਪੋਰਟ 'ਤੇ ਯਾਤਰਾ ਕਰਨਾ ਸ਼ੁਰੂ ਕਰ ਦਿੰਦੇ ਹਨ। ਤੁਸੀਂ ਉਨ੍ਹਾਂ ਨੂੰ ਰੋਕ ਨਹੀਂ ਸਕਦੇ।"
ਹਵਾਈ ਅੱਡੇ 'ਤੇ ਪਾਸਪੋਰਟ ਜਮ੍ਹਾ ਕਰਾਉਣ ਦੀ ਪ੍ਰਕਿਰਿਆ ਬਾਰੇ ਮੇਹਰੀਨ ਰਜ਼ਾ ਦੀ ਰਾਇ ਹੈ, "ਪਾਸਪੋਰਟ ਉਹ ਪਹਿਲੀ ਚੀਜ਼ ਹੈ ਜਿਸਨੂੰ ਸ਼ਰਨ ਲੈਣਾ ਚਾਹੁਣ ਵਾਲੇ ਲੋਕ ਨਸ਼ਟ ਕਰ ਦਿੰਦੇ ਹਨ, ਇਸਲਈ ਇਸਦਾ ਕੋਈ ਇਸਤੇਮਾਲ ਹੀ ਨਹੀਂ ਹੈ।"
ਉਹ ਕਹਿੰਦੇ ਹਨ, "ਇਸ ਸਮੱਸਿਆ ਦਾ ਹੱਲ ਦੋਵਾਂ ਦੇਸਾਂ ਦੇ ਅਧਿਕਾਰੀਆਂ ਨੂੰ ਗੱਲਬਾਤ ਦੇ ਜ਼ਰੀਏ ਹੀ ਕੱਢਣਾ ਪਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ