ਪਾਕਿਸਤਾਨ 'ਚ ਯਾਤਰਾ ਲਈ ਇਕੱਲੀਆਂ ਔਰਤਾਂ ਨੂੰ ਨਾ ਭੇਜਣ ਦੀ ਗੱਲ 'ਤੇ ਪੰਜਾਬਣਾਂ ਦਾ ਇਤਰਾਜ਼, 'ਇਹ ਰੂੜੀਵਾਦੀ ਮਾਨਸਿਕਤਾ ਦਾ ਨਤੀਜਾ'

    • ਲੇਖਕ, ਚਰਨਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

ਗੁਰਪੁਰਬ ਮੌਕੇ 4 ਨਵੰਬਰ ਨੂੰ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚੋਂ ਇੱਕ ਮਹਿਲਾ ਸਰਬਜੀਤ ਕੌਰ ਵਾਪਿਸ ਭਾਰਤ ਨਹੀਂ ਪਰਤੀ। ਪਾਕਿਸਤਾਨੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 48 ਸਾਲਾ ਸਿੱਖ ਔਰਤ ਨੇ ਉੱਥੇ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਨਾਲ ਵਿਆਹ ਕਰਵਾਇਆ ਲਿਆ ਹੈ।

ਇਹ ਖ਼ਬਰ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਐੱਸਜੀਪੀਸੀ ਕੋਸ਼ਿਸ਼ ਕਰੇਗੀ ਕਿ ਅੱਗੇ ਤੋਂ ਜੱਥਿਆਂ ਵਿੱਚ ਕਿਸੇ ਇਕੱਲੀ ਔਰਤ ਨੂੰ ਨਾ ਭੇਜਿਆ ਜਾਵੇ।

ਐੱਸਜੀਪੀਸੀ ਵੱਲੋਂ ਅਜਿਹਾ ਕਹੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਈ ਪ੍ਰਤੀਕਰਮ ਵੀ ਦੇਖਣ ਨੂੰ ਮਿਲੇ ਅਤੇ ਕੁਝ ਔਰਤਾਂ ਨੇ ਇਸ ਉੱਤੇ ਸਵਾਲ ਵੀ ਖੜੇ ਕੀਤੇ ਹਨ।

ਐੱਸਜੀਪੀਸੀ ਨੇ ਕੀ ਕਿਹਾ ਸੀ?

ਸਰਬਜੀਤ ਕੌਰ ਦੇ ਮਾਮਲੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਐੱਸਜੀਪੀਸੀ ਦੇ ਬੁਲਾਰੇ ਪ੍ਰਤਾਪ ਸਿੰਘ ਨੇ ਕਿਹਾ ਸੀ, "ਮੈਂ ਸਮਝਦਾ ਹਾਂ ਕਿ ਬੀਬੀ ਦੇ ਇਸ ਤਰ੍ਹਾਂ ਨਾਲ ਗਾਇਬ ਹੋ ਜਾਣ ਕਰਕੇ ਪੰਜਾਬ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ, ਜੋ ਜੱਥੇ ਵਿੱਚ ਯਾਤਰੀ ਸਨ ਉਨ੍ਹਾਂ ਨੂੰ ਵੀ ਨਮੋਸ਼ੀ ਝੱਲਣੀ ਪਈ ਹੈ।"

"ਸਾਨੂੰ ਪਤਾ ਲੱਗਿਆ ਹੈ ਕਿ ਸ਼ਾਇਦ ਉਸ ਨੇ ਵਿਆਹ ਕਰਵਾ ਲਿਆ ਇਸ ਦਾ ਮਤਲਬ ਤਾਂ ਉਹ ਪਹਿਲਾਂ ਹੀ ਉੱਥੇ ਕਿਸੇ ਦੇ ਸੰਪਰਕ ਵਿੱਚ ਸੀ, ਅਜਿਹੇ ਵਿੱਚ ਸਾਡੀਆਂ ਏਜੰਸੀਆਂ ਕੀ ਕਰ ਰਹੀਆਂ ਸਨ, ਇਨ੍ਹਾਂ ਨੇ ਕਿਉਂ ਨਹੀਂ ਖੋਜ ਪੜਤਾਲ ਕੀਤੀ, ਉਸ ਨੂੰ ਜਾਣ ਨਹੀਂ ਸੀ ਦੇਣਾ ਚਾਹੀਦਾ।"

ਉਹ ਅਗਾਂਹ ਕਹਿੰਦੇ ਹਨ, "ਪਹਿਲੀ ਗੱਲ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਕੱਲੀ ਬੀਬੀ ਨਾ ਜਾਵੇ, ਕਿਉਂਕਿ ਸਾਡੇ

ਕੋਲ 8 ਨਾਮ ਸਨ ਅਤੇ ਅਸੀਂ ਇਹ ਕਲੀਅਰ ਨਹੀਂ ਕਰ ਸਕੇ ਕਿ ਉਹ ਇਕੱਲੀ ਬੀਬੀ ਹੈ, ਨਹੀਂ ਤਾਂ ਅਸੀਂ ਇਕੱਲੀ ਬੀਬੀ ਨੂੰ ਵੈਸੇ ਹੀ ਨਹੀਂ ਜਾਣ ਦਿੰਦੇ। ਅੱਗੇ ਤੋਂ ਹੋਰ ਵੀ ਸੁਚੇਤ ਹੋਵਾਂਗੇ ਕਿ ਕੋਈ ਵੀ ਇਕੱਲੀ ਬੀਬੀ ਨਾ ਜਾ ਸਕੇ।"

'ਇੱਕ ਔਰਤ ਕਰਕੇ ਸਾਰੀਆਂ ਔਰਤਾਂ ਬਾਰੇ ਅਜਿਹਾ ਕਹਿ ਦੇਣਾ ਜ਼ਾਇਜ ਨਹੀਂ'

ਸੇਵਾ ਮੁਕਤ ਪ੍ਰੋਫੈਸਰ ਅਤੇ ਪਟਿਆਲਾ ਮੈਡੀਕਲ ਕਾਲਜ ਦੇ ਡਿਪਾਰਟਮੈਂਟ ਆਫ ਪੀਡੀਆਟ੍ਰੀਸ਼ਨ ਦੇ ਮੁਖੀ ਰਹੇ ਡਾ. ਹਰਸ਼ਿੰਦਰ ਕੌਰ ਕਹਿੰਦੇ ਹਨ ਕਿ ਐੱਸਜੀਪੀਸੀ ਦਾ ਅਜਿਹਾ ਕਹਿਣਾ ਬਹੁਤ ਹੀ ਨਿੰਦਣਯੋਗ ਹੈ।

ਉਹ ਕਹਿੰਦੇ ਹਨ,"ਸਿੱਖ ਧਰਮ ਵਿੱਚ ਖ਼ਾਸ ਤੌਰ ਉੱਤੇ ਕਿਹਾ ਗਿਆ ਹੈ ਕਿ ਔਰਤ ਰਾਜਿਆਂ-ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਹੈ, ਇਸ ਧਰਮ ਵਿੱਚ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ।"

"ਔਰਤ ਨੂੰ ਲੀਡਰਸ਼ਿਪ, ਯੁੱਧ ਕਲਾ ਸਣੇ ਹੋਰ ਸਾਰੇ ਅਧਿਕਾਰ ਦਿੱਤੇ ਗਏ ਹਨ ਅਤੇ ਔਰਤਾਂ ਨੇ ਵੀ ਦੇਸ਼-ਵਿਦੇਸ਼ ਵਿੱਚ ਜਾ ਕੇ ਹਰ ਖੇਤਰ ਵਿੱਚ ਖੁਦ ਨੂੰ ਸਾਬਿਤ ਕੀਤਾ ਹੈ ਅਤੇ ਇਸ ਦੇ ਉਲਟ ਅੱਜ ਦੇ ਦਿਨ ਇੱਕ ਔਰਤ ਕਰਕੇ ਸਾਰੀਆਂ ਔਰਤਾਂ ਬਾਰੇ ਫ਼ੈਸਲਾ ਦੇ ਦੇਣਾ ਬਿਲਕੁਲ ਜ਼ਾਇਜ ਨਹੀਂ ਹੈ, ਇਹ ਔਰਤ ਜਾਤ ਨੂੰ ਪਛਾਂਹ ਖਿੱਚਣ ਵਾਲੀਆਂ ਗੱਲਾਂ ਹਨ।"

ਉਨ੍ਹਾਂ ਕਿਹਾ,"ਜਦੋਂ 2018 ਵਿੱਚ ਇੱਕ ਨੌਜਵਾਨ ਪਾਕਿਸਤਾਨ ਜਾ ਕਿ ਲਾਪਤਾ ਹੋ ਗਿਆ ਸੀ ਉਦੋਂ ਤਾਂ ਤੁਰੰਤ ਅਜਿਹਾ ਫ਼ੈਸਲਾ ਨਹੀਂ ਲਿਆ ਗਿਆ।"

ਉਹ ਕਹਿੰਦੇ ਹਨ, "ਇੱਕ ਪਾਸੇ ਆਪਾਂ ਆਪਣੀਆਂ ਧੀਆਂ ਅਤੇ ਭੈਣਾਂ ਨੂੰ ਦੁਨੀਆਂ ਵਿੱਚ ਬਾਹਰ ਜਾਣ ਅਤੇ ਆਜ਼ਾਦ ਹੋਣ ਲਈ ਪ੍ਰੇਰਿਤ ਕਰਦੇ ਹਾਂ ਅਤੇ ਦੂਜੇ ਪਾਸੇ ਅਜਿਹੇ ਫੈਸਲਿਆਂ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਔਰਤ ਆਪਣੇ ਪਰਿਵਾਰਕ ਮੈਂਬਰ ਦੇ ਬਿਨਾਂ ਇਕੱਲੀ ਖੁਦ ਨੂੰ ਸੁਰੱਖਿਅਤ ਰੱਖ ਹੀ ਨਹੀਂ ਸਕਦੀ, ਅਜਿਹਾ ਕਰਨਾ ਸਾਰੀਆਂ ਔਰਤਾਂ ਦੇ ਕਿਰਦਾਰ ਉੱਤੇ ਧੱਬਾ ਲਾਉਣ ਵਰਗਾ ਹੈ।"

ਉਨ੍ਹਾਂ ਫ਼ੈਸਲੇ ਉੱਤੇ ਸਵਾਲ ਖੜੇ ਕਰਦਿਆਂ ਕਿਹਾ, "ਮੈਨੂੰ ਦੱਸੋ ਜਿਸ ਔਰਤ ਦਾ ਪਤੀ ਨਹੀਂ ਹੋਵੇਗਾ,ਪਰਿਵਾਰਕ ਮੈਂਬਰ ਨਹੀਂ ਹੋਣਗੇ, ਕੀ ਉਹ ਔਰਤ ਯਾਤਰਾ ਨਹੀਂ ਕਰ ਸਕਦੀ।"

"ਔਰਤਾਂ ਦੇ ਸਸ਼ਕਤੀਕਰਨ ਦੀਆਂ ਗੱਲਾਂ ਹੁੰਦੀਆਂ, ਪਰ ਇਹ ਰੂੜੀਵਾਦੀ ਮਾਨਸਿਕਤਾ ਦਾ ਨਤੀਜਾ"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿਰਨਜੋਤ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦਾ ਇਕੱਲੀ ਬੀਬੀ ਨੂੰ ਪਾਕਿਸਤਾਨ ਗੁਰਦੁਆਰਿਆਂ ਦੀ ਯਾਤਰਾ 'ਤੇ ਨਾ ਭੇਜਣ ਦਾ ਫ਼ੈਸਲਾ ਹਾਸੋਹੀਣਾ ਹੈ।

ਉਹ ਇਤਰਾਜ਼ ਜਤਾਉਂਦੇ ਹੋਏ ਕਹਿੰਦੇ ਹਨ, "ਸਿੱਖ ਧਰਮ ਵਿੱਚ ਔਰਤ ਅਤੇ ਮਰਦ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ। ਦੋਵਾਂ ਦੇ ਸੋਚਣ-ਸਮਝਣ ਦੀ ਸ਼ਕਤੀ ਬਰਾਬਰ ਦੀ ਹੁੰਦੀ ਹੈ। ਇੱਕ ਇਸਤਰੀ ਨੇ ਗਲਤੀ ਕੀਤੀ ਹੈ, ਉਹ ਸਾਰੀਆਂ ਸਿੱਖ ਬੀਬੀਆਂ ਦੀ ਨੁਮਾਇੰਦਗੀ ਨਹੀਂ ਕਰਦੀ, ਇਸ ਘਟਨਾ ਤੋਂ ਬਾਅਦ ਸਾਰੀਆਂ ਸਿੱਖ ਬੀਬੀਆਂ ਨੂੰ ਬਰੈਂਡ ਕਰ ਦੇਣਾ ਕਿ ਇਹ ਸਾਰੀਆਂ ਹੀ ਇਹੋ ਜਿਹੀਆਂ ਹੋਣੀਆਂ ਅਤੇ ਇਨ੍ਹਾਂ ਨੂੰ ਇਕੱਲਿਆਂ ਜਾਣ ਨਹੀਂ ਦੇਣਾ, ਇਹ ਬਿਲਕੁਲ ਗਲਤ ਹੈ। ਐੱਸਜੀਪੀਸੀ ਦੇ ਇਸ ਰਵੱਈਏ ਦੀ ਮੈਂ ਨਿੰਦਾ ਕਰਦੀ ਹਾਂ।"

ਉਹ ਅਗਾਂਹ ਕਹਿੰਦੇ ਹਨ,"ਪਹਿਲਾਂ ਵੀ ਅਜਿਹੀ ਘਟਨਾ ਹੋਈ ਸੀ ਜਦੋਂ ਜੱਥੇ ਨਾਲ ਗਈ ਔਰਤ ਨੇ ਪਾਕਿਸਤਾਨ ਵਿੱਚ ਨਿਕਾਹ ਕਰਵਾ ਲਿਆ ਸੀ। ਉਸ ਵੇਲੇ ਵੀ ਅਜਿਹੀਆਂ ਗੱਲਾਂ ਹੋਈਆਂ ਕਿ ਇਕੱਲੀ ਔਰਤ ਨੂੰ ਨਹੀਂ ਜਾਣ ਦੇਣਾ। ਅਸੀਂ ਪਹਿਲਾਂ ਅੰਦਰਖਾਤੇ ਇਸ ਗੱਲ ਦਾ ਵਿਰੋਧ ਕਰਦੇ ਰਹੇ ਹਾਂ ਕਿ ਤੁਸੀਂ ਇਹ ਗਲਤ ਕਰ ਰਹੇ ਹੋ। ਹੁਣ ਜਦੋਂ ਫਿਰ ਉਹੋ ਜਿਹੀ ਘਟਨਾ ਹੋਈ ਹੈ ਤਾਂ ਇਹ ਗੱਲ ਦੁਹਰਾਈ ਗਈ ਹੈ।"

ਕਿਰਨਜੋਤ ਕਹਿੰਦੇ ਹਨ ਕਿ ਭਾਵੇਂ ਔਰਤਾਂ ਦੇ ਸਸ਼ਕਤੀਕਰਨ ਦੀਆਂ ਦੇਸ਼ ਵਿੱਚ ਖੂਬ ਗੱਲਾਂ ਹੁੰਦੀਆਂ ਹਨ ਪਰ ਅਜਿਹੇ ਬਿਆਨਾਂ ਤੋਂ ਬਾਅਦ ਉਸੇ ਰਵਾਇਤੀ ਸੋਚ ਦੀ ਝਲਕ ਮਿਲਦੀ ਹੈ ਜੋ ਸਦੀਆਂ ਤੋਂ ਔਰਤਾਂ ਲਈ ਚੱਲਦੀ ਆ ਰਹੀ ਹੈ। ਇਸ ਮਾਨਸਿਕ ਸਮਝ ਨੂੰ ਬਦਲਣ ਲਈ ਅਜੇ ਵੀ ਸਮਾਂ ਚਾਹੀਦਾ ਹੈ, ਅਤੇ ਇਹ ਰੂੜੀਵਾਦੀ ਮਾਨਸਿਕਤਾ ਦਾ ਰਿਐਕਸ਼ਨ ਹੈ, ਸਿੱਖ ਮਾਨਸਿਕਤਾ ਦਾ ਨਹੀਂ।

ਕਿਰਨਜੋਤ ਕੌਰ ਨੇ ਮੰਗ ਕੀਤੀ ਹੈ ਕਿ ਐੱਸਜੀਪੀਸੀ ਦੀ ਐਗਜ਼ਕਟਿਵ ਕਮੇਟੀ ਵਿੱਚ ਜੋ ਮਹਿਲਾ ਮੈਂਬਰ ਹਨ ਉਨ੍ਹਾਂ ਨੂੰ ਇਸ ਬਾਰੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਬਹੁਤ ਪਛਾਂਹ ਖਿੱਚੂ ਮਾਨਸਕਿਤਾ ਹੈ।

ਪਾਕਿਸਤਾਨ ਯਾਤਰਾ ਕਰ ਚੁੱਕੀਆਂ ਔਰਤਾਂ ਨੇ ਕੀ ਕਿਹਾ

ਐੱਸਜੀਪੀਸੀ ਦੇ ਬਿਆਨ ਉੱਤੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਨੇ ਕਈ ਵਾਰ ਪਾਕਿਸਤਾਨ ਜਾ ਆਈਆਂ ਜਲੰਧਰ ਦੀਆਂ ਰਹਿਣ ਵਾਲੀਆਂ ਕੁਝ ਮਹਿਲਾਵਾਂ ਨਾਲ ਗੱਲਬਾਤ ਕੀਤੀ,ਨਾਮ ਨਾ ਛਾਪਣ ਦੀ ਸ਼ਰਤ ਉੱਤੇ ਉਨ੍ਹਾਂ ਦੱਸਿਆ, ਜੇਕਰ ਐੱਸਜੀਪੀਸੀ ਔਰਤਾਂ ਉੱਤੇ ਇਸ ਤਰ੍ਹਾਂ ਦੀ ਪਾਬੰਦੀ ਲਗਾ ਰਹੀ ਹੈ ਤਾਂ ਜਦੋਂ ਪੁਰਸ਼ਾਂ ਨਾਲ ਸਬੰਧਿਤ ਕੋਈ ਮਾਮਲਾ ਹੁੰਦਾ ਤਾਂ ਇਹੋ ਜਿਹੀ ਪਾਬੰਦੀ ਪੁਰਸ਼ਾਂ ਉੱਤੇ ਵੀ ਹੋਣੀ ਚਾਹੀਦੀ ਹੈ। ਅਜਿਹੇ ਸਖ਼ਤ ਫ਼ੈਸਲਾ ਸਿਰਫ਼ ਔਰਤਾਂ ਉੱਤੇ ਹੀ ਕਿਉਂ ਲਾਗੂ ਹੁੰਦੇ ਹਨ।

ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰ ਚੁੱਕੇ ਇੱਕ ਹੋਰ ਮਹਿਲਾ ਕਹਿੰਦੇ ਹਨ ਕਿ ਸਰਬਜੀਤ ਕੌਰ ਦਾ ਫ਼ੈਸਲਾ ਨਿੱਜੀ ਹੈ,ਪਰ ਸਾਰੀਆਂ ਔਰਤਾਂ ਨੂੰ ਇਸ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।

ਜਲੰਧਰ ਦੇ ਹੀ ਰਹਿਣ ਵਾਲੇ ਇੱਕ ਸ਼ਖ਼ਸ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਕਰਕੇ ਉਹ ਚਿੰਤਤ ਹਨ। ਉਹ ਕਹਿੰਦੇ ਹਨ ਕਿ ਸਿੱਖਾਂ ਲਈ ਪਾਕਿਸਤਾਨ ਵਿਚਲੇ ਗੁਰੂਧਾਮ ਬਹੁਤ ਮਹੱਤਵ ਰੱਖਦੇ ਹਨ, ਪਰ ਜਦੋਂ ਕਦੇ ਵੀ ਪਾਕਿਸਤਾਨ ਭਾਰਤ ਵਿਚਾਲੇ ਅਜਿਹੇ ਮਾਮਲਿਆਂ ਕਰਕੇ ਤਣਾਅ ਵੱਧਦਾ ਹੈ ਤਾਂ ਸਿੱਖਾਂ ਨਾਲ ਸੰਬੰਧਿਤ ਸਖ਼ਤ ਫ਼ੈਸਲੇ ਲਏ ਜਾਂਦੇ ਹਨ ਅਤੇ ਇਹ ਦੁਖਦਾਈ ਹਨ।

ਮਹਿਲਾਵਾਂ ਵੱਲੋਂ ਬਿਆਨ ਉੱਤੇ ਪ੍ਰਗਟਾਏ ਇਤਰਾਜ਼ ਬਾਰੇ ਪ੍ਰਤੀਕਿਰਿਆ ਲੈਣ ਲਈ ਐੱਸਜੀਸੀਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਰਾਬਤਾ ਨਹੀਂ ਹੋ ਸਕਿਆ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਰਬਜੀਤ ਕੌਰ ਦੇ ਮਾਮਲੇ 'ਤੇ ਕੀ ਕਿਹਾ ਸੀ?

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਰਬਜੀਤ ਕੌਰ ਦੇ ਜੱਥੇ ਨਾਲ ਪਾਕਿਸਤਾਨ ਜਾਣ ਅਤੇ ਫਿਰ ਉੱਥੋਂ ਨਾ ਮੁੜਨ ਉੱਤੇ ਪ੍ਰਤੀਕਿਰਿਆ ਦਿੰਦੇ ਕਿਹਾ ਸੀ,"ਪਾਕਿਸਤਾਨ ਨੂੰ ਉਸ ਬੀਬੀ ਨੂੰ ਵਾਪਸ ਭੇਜਣਾ ਚਾਹੀਦਾ ਹੈ, ਤਾਂ ਜੋ ਸਿੱਖ ਜੱਥਿਆਂ ਉੱਤੇ ਅਸਰ ਨਾ ਪਵੇ"

ਅਗਾਂਹ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਹ ਜੱਥੇ ਦਾ ਮਸਲਾ ਨਹੀਂ ਹੈ, ਜਿਵੇਂ ਇਸ ਨੂੰ ਤੂਲ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਆ ਚੁੱਕੇ ਹਨ, ਇਸ ਨੂੰ ਜੱਥੇ ਨਾਲ ਜੋੜਣਾ ਮੰਦਭਾਗਾ ਹੈ।

"ਸਰਬਜੀਤ ਕੌਰ ਦੀ ਇਨਕੁਇਰੀ ਕਰਨਾ ਪੰਜਾਬ ਸਰਕਾਰ ਦਾ ਫਰਜ਼ ਸੀ ਕਿਉਂਕਿ ਜਦੋਂ ਜੱਥੇ ਦੇ ਵਿੱਚ ਸੰਗਤ ਪਾਕਿਸਤਾਨ ਜਾ ਰਹੀ ਸੀ ਤਾਂ ਵਾਹਘਾ ਸਰਹੱਦ ਤੋਂ ਵੀ 50 ਦੇ ਕਰੀਬ ਸ਼ਰਧਾਲੂਆਂ ਨੂੰ ਇਨਕੁਆਇਰੀ ਸਹੀ ਨਾ ਹੋਣ ਕਰਕੇ ਵਾਪਸ ਮੋੜਿਆ ਗਿਆ ਸੀ ਫਿਰ ਸਰਬਜੀਤ ਕੌਰ ਪਾਕਿਸਤਾਨ ਕਿਵੇਂ ਗਈ ਇਹ ਸਰਕਾਰ ਦੇ ਉੱਪਰ ਸਵਾਲ ਖੜੇ ਹੁੰਦੇ ਹਨ।"

ਪਹਿਲਾਂ ਵੀ ਅਜਿਹੇ ਮਾਮਲੇ ਆ ਚੁੱਕੇ ਹਨ ਸਾਹਮਣੇ

ਸਾਲ 2018 ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਉਸ ਵੇਲੇ ਕਿਰਨ ਬਾਲਾ ਨਾਮ ਦੀ ਮਹਿਲਾ ਜੱਥੇ ਦਾ ਹਿੱਸਾ ਬਣ ਕੇ ਪਾਕਿਸਤਾਨ ਪਹੁੰਚੀ ਸੀ ਅਤੇ ਉੱਥੇ ਪਹੁੰਚ ਕੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਉੱਥੇ ਇੱਕ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ।

2018 ਵਿੱਚ ਹੀ ਇੱਕ ਪੰਜਾਬੀ ਨੌਜਵਾਨ ਵੀ ਜੱਥੇ ਨਾਲ ਪਾਕਿਸਤਾਨ ਗਿਆ ਸੀ ਅਤੇ ਉੱਥੇ ਲਾਪਤਾ ਹੋ ਗਿਆ ਸੀ। ਹਾਲਾਂਕਿ ਕੁਝ ਦਿਨਾਂ ਬਾਅਦ ਹੀ ਅਟਾਰੀ-ਵਾਘਾ ਸਰਹੱਦ ਰਾਹੀਂ ਭਾਰਤ ਵਾਪਸ ਆ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)