ਇਸ ਵਪਾਰੀ ਨੇ 50 ਸਾਲ ਪਹਿਲਾਂ ਸ਼੍ਰੀਲੰਕਾ ਤੋਂ ਚੋਰੀ ਕੀਤੇ 37 ਰੁਪਏ ਅੱਜ 70 ਹਜ਼ਾਰ ਕਰਕੇ ਕਿਉਂ ਮੋੜੇ?

ਪਾਲਿਆਨਧੀ ਨੇ ਕੋਇੰਬਟੂਰ ਦੇ ਇੱਕ ਵਪਾਰੀ ਰੰਜੀਤ ਤੋਂ ਪੈਸੇ ਲਏ ਸਨ
ਤਸਵੀਰ ਕੈਪਸ਼ਨ, ਪਾਲਿਆਨਧੀ ਨੇ ਕੋਇੰਬਟੂਰ ਦੇ ਇੱਕ ਵਪਾਰੀ ਰੰਜੀਤ ਤੋਂ ਪੈਸੇ ਲਏ ਸਨ
    • ਲੇਖਕ, ਮੁਰਲੀਧਰਨ ਕਾਸ਼ੀਵਿਸ਼ਵਨਾਥਨ ਅਤੇ ਜ਼ੇਵੀਅਰ ਸੇਲਵਾਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਦੇ ਦੱਖਣੀ ਸੂਬੇ ਤਾਮਿਲ ਨਾਡੂ ਦੇ ਇੱਕ ਵਪਾਰੀ ਨੇ 50 ਸਾਲ ਪਹਿਲਾਂ 1970ਵਿਆਂ ਵਿੱਚ ਚੋਰੀ ਕੀਤੇ 37 ਰੁਪਏ ਵਾਪਸ ਕੀਤੇ।

ਉਹ ਵਪਾਰੀ ਕੌਣ ਹੈ ਅਤੇ ਅਜਿਹਾ ਕਿਵੇਂ ਵਾਪਰਿਆ ਸੀ ? ਆਓ ਜਾਣਦੇ ਹਾਂ ਕਿ ਮਾਮਲਾ ਕੀ ਸੀ।

50 ਸਾਲ ਪਹਿਲਾਂ ਕੀ ਹੋਇਆ

ਸ਼੍ਰੀਲੰਕਾ ਦੇ ਨੁਵਾਰਾ ਏਲੀਆ ਜ਼ਿਲ੍ਹੇ 'ਚ ਮਾਸਕੇਲੀਆ ਨੇੜੇ ਅਲਕੋਲਾ ਖੇਤਰ 'ਚ ਸਥਿਤ ਚਾਹ ਦੇ ਬਾਗ਼ 'ਚ ਕੰਮ ਕਰਨ ਵਾਲੇ ਸੁਬਰਾਮਨੀਅਮ-ਸੈਗਵਾਈ ਜੋੜੇ ਨੇ ਆਪਣੀ ਰਿਹਾਇਸ਼ ਖਾਲ੍ਹੀ ਕਰਕੇ ਕਿਸੇ ਹੋਰ ਜਗ੍ਹਾ ਜਾਣ ਦਾ ਫ਼ੈਸਲਾ ਕੀਤਾ। ਇਹ 1970 ਦੇ ਅੱਧ ਦੀ ਗੱਲ ਹੈ।

ਘਰ ਖਾਲ੍ਹੀ ਕਰਨ ਵਿੱਚ ਮਦਦ ਲਈ ਜੋੜੇ ਨੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਮੁੰਡੇ ਰਣਜੀਤ ਨੂੰ ਸੱਦ ਲਿਆ।

ਪੁਰਾਣੇ ਘਰ ਤੋਂ ਨਵੇਂ ਘਰ ਵਿੱਚ ਸਮਾਨ ਲੈ ਕੇ ਜਾਣਾ ਕਾਫੀ ਉਲਝਿਆ ਹੋਇਆ ਕੰਮ ਸੀ। ਰਣਜੀਤ ਸਮਾਨ ਪਹੁੰਚਾਉਣ ਵਿੱਚ ਮਸਰੂਫ਼ ਸੀ।

ਪਰ ਉਹ ਯਾਦ ਕਰਦੇ ਹਨ ਕਿ, ''ਜਦੋਂ ਮੈਂ ਪੁਰਾਣੇ ਘਰ ਵਿੱਚ ਪਏ ਸਿਰਾਣੇ ਨੂੰ ਚੁੱਕਿਆ ਤਾਂ ਉੱਥੇ ਕੁਝ ਪੈਸੇ ਪਏ ਸਨ।''

ਉਸ ਨੂੰ ਆਸ ਸੀ ਕਿ ਉਸ ਦਿਨ ਉਹ ਥੋੜ੍ਹੇ ਜਿਹੇ ਪੈਸੇ ਉਸ ਦੇ ਜੀਵਨ ਨੂੰ ਬਦਲਣ ਦੇਣਗੇ।

ਇਹ ਕੁਝ 37 ਰੁਪਏ 50 ਪੈਸੇ ਸਨ ਅਤੇ ਰਣਜੀਤ ਨੇ ਉਹ ਪੈਸੇ ਕਿਸੇ ਨੂੰ ਦੱਸੇ ਬਿਨਾਂ ਚੁੱਕ ਲਏ। ਰਣਜੀਤ ਉਸ ਵੇਲੇ ਬੇਰੁਜ਼ਗਾਰ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਈ ਚਿਰਾਂ ਬਾਅਦ ਘਰ ਬਦਲਣ ਵਿੱਚ ਮਸਰੂਫ਼ ਸੈਗਵਾਈ ਨੂੰ ਯਾਦ ਆਇਆ ਕਿ ਉਸ ਦੇ ਸਿਰਾਣੇ ਹੇਠਾਂ ਪੈਸੇ ਸਨ।

ਘਰ ਬਦਲਣ ਤੋਂ ਬਾਅਦ ਉਹ ਰਣਜੀਤ ਨੂੰ ਬੇਝਿਜਕ ਪੈਸਿਆਂ ਬਾਰੇ ਪੁੱਛਿਆ ਪਰ ਰਣਜੀਤ ਨੇ ਇਨਕਾਰ ਕਰ ਦਿੱਤਾ ਕਿ ਉਸ ਨੇ ਪੈਸੇ ਨਹੀਂ ਦੇਖੇ।

ਉਸ ਵੇਲੇ ਚਾਹ ਦੇ ਬਾਗ਼ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਗਰੀਬੀ ਦੇ ਲਿਹਾਜ਼ ਨਾਲ 37 ਰੁਪਏ ਵੱਡੀ ਰਕਮ ਸੀ।

ਇਸ ਤੋਂ ਬਾਅਦ ਸੈਗਵਾਈ ਨੇ ਕਿਹਾ ਕਿ ਉਹ ਮੰਦਿਰ ਜਾਵੇਗਾ ਅਤੇ ਸਾਮੀ ਨੂੰ ਸ਼ਿਕਾਇਤ ਕਰੇਗਾ। ਹਾਲਾਂਕਿ, ਉਹ ਇਹ ਸੁਣ ਕੇ ਥੋੜ੍ਹਾ ਜਿਹਾ ਹੈਰਾਨ ਹੋਇਆ, ਰਣਜੀਤ ਵੀ ਸੈਗਵਾਈ ਨਾਲ ਮੰਦਿਰ ਗਿਆ।

ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨ ਮਗਰੋਂ ਉਹ ਮੂਰਤੀ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਕਹਿਣ ਲੱਗਾ, "ਮੈਂ ਉਹ ਪੈਸੇ ਚੁੱਕੇ ਹਨ, ਮੈਨੂੰ ਕੁਝ ਨਾ ਕਰਿਓ" ਅਤੇ ਉਹ ਚਲਾ ਗਿਆ।

ਰਣਜੀਤ ਤਾਮਿਲਨਾਡੂ ਆ ਗਿਆ

ਸੁਬਰਾਮਣੀਅਮ-ਈਸ਼ਵਾਈ ਜੋੜਾ ਪਹਾੜੀਆਂ ਵਿੱਚ ਖੇਤੀ ਮਜ਼ਦੂਰ ਵਜੋਂ ਕੰਮ ਕਰਦਾ ਸੀ
ਤਸਵੀਰ ਕੈਪਸ਼ਨ, ਸੁਬਰਾਮਣੀਅਮ-ਈਸ਼ਵਾਈ ਜੋੜਾ ਪਹਾੜੀਆਂ ਵਿੱਚ ਖੇਤੀ ਮਜ਼ਦੂਰ ਵਜੋਂ ਕੰਮ ਕਰਦਾ ਸੀ

ਰਣਜੀਤ ਦੀ ਮਾਂ ਮਰੀਅੰਮਲ ਅਤੇ ਪਿਤਾ ਪਾਲਾਨੀਚਾਮੀ ਦੋਵੇਂ ਸ਼੍ਰੀਲੰਕਾ ਦੀਆਂ ਪਹਾੜੀਆਂ ʼਤੇ ਚਾਹ ਦੇ ਬਾਗ਼ ਵਿੱਚ ਕੰਮ ਕਰਦੇ ਸਨ।

ਰਣਜੀਤ ਦਾ ਪਰਿਵਾਰ ਵੱਡਾ ਸੀ, ਜਿਸ ਵਿੱਚ ਤਿੰਨ ਭਰਾ ਅਤੇ ਦੋ ਵੱਡੀਆਂ ਭੈਣਾਂ ਹਨ। ਗਰੀਬੀ ਕਾਰਨ ਉਹ ਦੂਜੀ ਜਮਾਤ ਤੋਂ ਉੱਤੇ ਪੜ੍ਹਾਈ ਨਹੀਂ ਕਰ ਸਕਿਆ।

ਸਾਲ 1977 ਵਿੱਚ ਜਦੋਂ ਰਣਜੀਤ 17 ਸਾਲ ਦੇ ਸਨ ਤਾਂ ਉਨ੍ਹਾਂ ਨੇ ਅਗਲੇਰੀ ਜ਼ਿੰਦਗੀ ਲਈ ਤਮਿਲਨਾਡੂ ਜਾਣ ਦਾ ਫ਼ੈਸਲਾ ਲਿਆ। ਜਦੋਂ ਤਾਮਿਲਨਾਡੂ ਲਈ ਨਿਕਲੇ ਤਾਂ ਉਨ੍ਹਾਂ ਨੇ ਘਰੋਂ ਕੁਝ ਗਹਿਣੇ ਚੁੱਕੇ।

ਰਣਜੀਤ ਯਾਦ ਕਰਦੇ ਹਨ ਕਿ ਜਦੋਂ ਤਾਮਿਲਨਾਡੂ ਆਏ ਤਾਂ ਹਾਲਾਤ ਹੌਲੀ-ਹੌਲੀ ਬਦਲਣ ਲੱਗੇ, ਹਾਲਾਂਕਿ, ਸ਼ੁਰੂਆਤ ਇੰਨੀ ਚੰਗੀ ਨਹੀਂ ਸੀ।

ਰਣਜੀਤ ਦੱਸਦੇ ਹਨ, "ਮੈਂ ਜਿਹੜੇ ਗਹਿਣੇ ਘਰੋਂ ਚੋਰੀ ਕੀਤੇ ਸਨ ਉਨ੍ਹਾਂ ਨੂੰ ਵੇਚ ਦਿੱਤਾ ਅਤੇ ਇੱਕ ਸਟੋਰ ਖੋਲ੍ਹਿਆ। ਮੈਨੂੰ ਨੁਕਸਾਨ ਹੋਇਆ ਅਤੇ ਮੈਂ ਸੜਕ ʼਤੇ ਆ ਗਿਆ। ਉਸ ਤੋਂ ਬਾਅਦ ਇੱਕ ਰੈਸਟੋਰੈਂਟ ਵਿੱਚ ਸਫਾਈ ਕਰਮੀ ਵਜੋਂ ਕੰਮ ਕੀਤਾ।"

"ਬਾਅਦ ਵਿੱਚ, ਮੈਂ ਬੱਸ ਸਟੇਸ਼ਨ ʼਤੇ ਫੇਰੀ ਲਗਾਈ ਅਤੇ ਕੂਲੀ ਦਾ ਕੰਮ ਵੀ ਕੀਤਾ। ਸ਼ਾਇਦ ਹੀ ਕੋਈ ਨੌਕਰੀ ਹੋਵੇ ਜਿਹੜੀ ਮੈਂ ਨਾ ਕੀਤੀ ਹੋਵੇ। ਫਿਰ ਮੈਂ ਹੌਲੀ-ਹੌਲੀ ਖਾਣਾ ਬਣਾਉਣਾ ਸਿੱਖਿਆ। ਛੇਤੀ ਹੀ ਇਹ ਮੇਰੇ ਜੀਵਨ ਦੀ ਕਲਾ ਬਣ ਗਈ।"

"ਫਿਰ ਮੈਂ ਛੋਟੇ ਪੱਧਰ ʼਤੇ ਕੈਟਰਿੰਗ ਕੰਪਨੀ ਦੀ ਸ਼ੁਰੂਆਤ ਕੀਤੀ। ਹੁਣ ਇਹ ਕੰਪਨੀ ਇੱਕ ਵੱਡੀ ਕੰਪਨੀ ਬਣ ਗਈ ਹੈ, ਜਿਸ ਵਿੱਚ 125 ਲੋਕ ਕੰਮ ਕਰਦੇ ਹਨ।"

ਅਲਾਗੋਲਾ
ਤਸਵੀਰ ਕੈਪਸ਼ਨ, ਅਲਾਗੋਲਾ -ਜਿੱਥੇ ਸੁਬਰਾਮਣੀਅਨ-ਏਸਗਵਾਈ ਜੋੜਾ ਨੁਵਾਰਲੀਆ ਦੇ ਨੇੜੇ ਰਹਿੰਦਾ ਸੀ

ਰਣਜੀਤ ਨੇ ਫ਼ੈਸਲਾ ਲਿਆ ਕਿ ਉਹ ਪੈਸੇ ਵਾਪਸ ਕਰਨਗੇ

ਰਣਜੀਤ ਦੀ ਸਿਹਤ ਖ਼ਰਾਬ ਹੋ ਗਈ ਸੀ ਅਤੇ ਉਨ੍ਹਾਂ ਨੇ ਉਸ ਦੌਰਾਨ ਬਾਈਬਲ ਪੜ੍ਹੀ।

ਬਾਈਬਲ ਵਿੱਚ ਲਿਖਿਆ ਸੀ, ʻਦੁਸ਼ਟ ਆਦਮੀ ਆਪਣਾ ਕਰਜ਼ਾ ਨਹੀਂ ਚੁਕਾਉਂਦਾ, ਧਰਮੀ ਨਿਵਾਂ ਜਾਂਦਾ ਹੈ ਅਤੇ ਉਸ ਨੂੰ ਮੋੜਦਾ ਹੈʼ, ਇਸ ਵਾਕ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਰਣਜੀਤ ਮੁਤਾਬਕ, "ਇਸ ਤੋਂ ਬਾਅਦ, ਮੈਂ ਜਿੱਥੇ ਕਿਤੇ ਕਿਸੇ ਕੋਲੋਂ ਵੀ ਥੋੜ੍ਹੇ-ਬਹੁਤੇ ਪੈਸੇ ਲਏ ਸਨ ਤਾਂ ਮੈਂ ਉਨ੍ਹਾਂ ਨੂੰ ਲੱਭਿਆ ਅਤੇ ਪੈਸੇ ਮੋੜੇ। ਹਾਲਾਂਕਿ, ਮੈਂ ਬੈਂਕ ਦੇ 1500 ਰੁਪਏ ਨਹੀਂ ਮੋੜੇ ਸਨ, ਇਹ ਮੈਂ ਕਾਫੀ ਸਾਲਾਂ ਬਾਅਦ ਮੋੜੇ ਸਨ।"

"ਪਰ ਇੱਕ ਚੀਜ਼ ਮੈਨੂੰ ਅੰਦਰੋਂ ਪਰੇਸ਼ਾਨ ਕਰ ਰਹੀ ਸੀ ਕਿ ਮੈਂ 37 ਰੁਪਏ ਵਾਪਸ ਨਹੀਂ ਕੀਤਾ ਜੋ ਮੈਂ ਆਪਣੀ ਦਾਦੀ ਦੇ ਚੁਰਾਏ ਸਨ।"

ਉਹ ਅੱਗੇ ਦੱਸਦੇ ਹਨ, "ਮੈਨੂੰ ਪਤਾ ਸੀ ਕਿ ਦਾਦੀ ਨਹੀਂ ਰਹੀ ਪਰ ਮੈਂ ਉਨ੍ਹਾਂ ਦੇ ਵਾਰਿਸਾਂ ਨੂੰ ਲੱਭਣਾ ਚਾਹੁੰਦਾ ਸੀ ਤਾਂ ਜੋ ਪੈਸੇ ਮੋੜ ਸਕਾਂ। ਮੈਂ ਸ਼੍ਰੀਲੰਕਾ ਵਿੱਚ ਮੌਜੂਦ ਆਪਣੇ ਦੋਸਤਾਂ ਦੀ ਮਦਦ ਨਾਲ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ।"

"ਲੰਬੀ ਜੱਦੋ-ਜਹਿਦ ਤੋਂ ਬਾਅਦ, ਮੈਨੂੰ ਉਹ ਥਾਂ ਲੱਭ ਗਈ ਜਿੱਥੇ ਦਾਦੀ ਦਾ ਪੁੱਤਰ ਪਿਛਲੇ ਸਾਲਾਂ ਤੋਂ ਰਹਿ ਰਿਹਾ ਸੀ। ਦਾਦੀ ਦੇ ਤਿੰਨ ਬੇਟੇ ਅਤੇ ਇੱਕ ਧੀ ਸੀ। ਉਨ੍ਹਾਂ ਦੇ ਇੱਕ ਬੇਟੇ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਧੀ ਤਾਮਿਲਨਾਡੂ ਆਈ ਸੀ।"

ਰਣਜੀਤ
ਤਸਵੀਰ ਕੈਪਸ਼ਨ, ਇਸ ਜਗ੍ਹਾ ਤੋਂ ਘਰ ਬਦਲਣ ਸਮੇਂ ਹੀ ਰਣਜੀਤ ਨੇ ਪੈਸੇ ਲਏ ਸਨ

ਰਣਜੀਤ ਨੇ 37 ਰੁਪਏ 50 ਪੈਸੇ ਕਈ ਗੁਣਾ ਕਰ ਕੇ ਮੋੜੇ

ਸੁਬਰਮਨੀਅਮ ਸੈਗਵਾਈ ਜੋੜੇ ਦੇ ਛੇ ਬੱਚੇ ਸਨ, ਤਿੰਨ ਪੁੱਤਰ ਮੁਰੂਗਯਾ, ਪਲਨੀਆਧੀ ਤੇ ਕ੍ਰਿਸ਼ਨਨ ਅਤੇ ਤਿੰਨ ਧੀਆਂ, ਵੀਰੰਮਲ, ਅਲਗੰਮਲ ਅਤੇ ਚੇਲੰਮਲ।

ਮੁਰੂਗਯਾ ਦੀ ਮੌਤ ਹੋ ਗਈ ਸੀ। ਉਸ ਦੀ ਪਤਨੀ ਅਤੇ ਚਾਰ ਪੁੱਤਰ ਸਨ। ਪਲਨੀਆਧੀ ਕੋਲੰਬੋ ਦੇ ਨੇੜੇ ਰਹਿੰਦਾ ਸੀ ਅਤੇ ਕ੍ਰਿਸ਼ਨਨ ਤਾਲਾਵੱਕਲਾ ਨੇੜਏ ਨੁਵਾਰਾ ਏਲੀਆ ਵਿੱਚ ਰਹਿ ਰਿਹਾ ਸੀ।

ਰਣਜੀਤ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਸੈਗਵਾਈ ਦੇ ਬੱਚਿਆਂ ਨੂੰ ਆਪਣਾ ਕਰਜ਼ਾ ਉਤਾਰਨਾ ਚਾਹੁੰਦਾ ਹੈ।

ਰਣਜੀਤ ਮੁਤਾਬਕ, ਉਹ 21 ਅਗਸਤ ਨੂੰ ਕੋਲੰਬੋ ਗਏ ਅਤੇ ਸੁਬਰਾਮਨੀਅਮ ਪਰਿਵਾਰ ਨਾਲ ਰੈਸਟੋਰੈਂਟ ਵਿੱਚ ਮਿਲੇ ਅਤੇ ਉਨ੍ਹਾਂ ਲਈ ਕੱਪੜੇ ਵੀ ਲੈ ਕੇ ਗਏ।

ਰਣਜੀਤ ਨੇ 1970ਵਿਆਂ ਦੀ ਇਸ ਘਟਨਾ ਬਾਰੇ ਉਨ੍ਹਾਂ ਨੂੰ ਦੱਸਿਆ। ਉਸ ਤੋਂ ਬਾਅਦ ਉਨ੍ਹਾਂ ਨੇ ਚੋਰੀ ਕੀਤੇ 37 ਰੁਪਏ 50 ਪੈਸੇ ਦੇ ਏਵਜ਼ ਵਿੱਚ ਮੁਰੂਗਯਾ, ਪਲਨੀਆਧੀ ਤੇ ਕ੍ਰਿਸ਼ਨਨ ਦੇ ਪਰਿਵਾਰ ਨੂੰ ਸ਼੍ਰੀਲੰਕਾ ਦੀ ਕਰੰਸੀ ਵਿੱਚ 70 ਹਜ਼ਾਰ ਰੁਪਏ ਦਿੱਤੇ।

ਪਾਲਿਆਨਧੀ
ਤਸਵੀਰ ਕੈਪਸ਼ਨ, ਰਣਜੀਤ ਦੁਆਰਾ ਤੋਹਫੇ ਵਿੱਚ ਦਿੱਤਾ ਗਿਆ ਪੈੱਨ ਦਿਖਾਉਂਦੇ ਪਾਲਿਆਨਧੀ

ਸੁਬਰਾਮਨੀਅਮ ਸੈਗਵਾਈ ਦੇ ਪਰਿਵਾਰ ਲਈ ਇਹ ਮੁਲਾਕਾਤ ਬੇਹੱਦ ਸੁਖਦ ਅਤੇ ਹੈਰਾਨ ਕਰਨ ਦੇਣ ਵਾਲੀ ਸੀ। ਪਲਨੀਆਧੀ ਤੇ ਕ੍ਰਿਸ਼ਨਨ ਅਜੇ ਵੀ ਹੈਰਾਨ ਸਨ।

ਕੋਲੰਬੋ ਵਿੱਚ ਰਹਿਣ ਵਾਲੇ ਪਲਨੀਆਧੀ ਦਾ ਕਹਿਣਾ ਹੈ, "ਰਣਜੀਤ ਨੇ ਜੋ ਕੀਤਾ ਉਸ ਨਾਲ ਹਾਲਾਤ ਥੋੜ੍ਹੇ ਬਿਹਤਰ ਹਨ। ਸਾਨੂੰ ਲੱਗਾ ਅਜਿਹਾ ਵੀ ਕੋਈ ਵਿਅਕਤੀ ਹੋ ਸਕਦਾ ਹੈ। ਉਹ ਵਾਪਸ ਆਏ ਅਤੇ ਸਾਨੂੰ ਪੈਸੇ ਵਾਪਸ ਕੀਤੇ।"

"ਇਸ ਵੇਲੇ ਇਨ੍ਹਾਂ ਪੈਸਿਆਂ ਦਾ ਮਿਲਣਾ ਸਾਡੇ ਲਈ ਵੱਡੀ ਮਦਦ ਹੋਈ ਹੈ, ਖ਼ਾਸ ਕਰ ਕੇ ਮੇਰੇ ਛੋਟੇ ਭਰਾ ਲਈ ਅਤੇ ਉਸ ਦੀ ਪਤਨੀ ਲਈ। ਉਹ ਬਹੁਤ ਖੁਸ਼ ਹਨ।"

ਪਲਨੀਆਧੀ ਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਵੀ ਕੋਈ ਚੋਰੀ ਹੋਈ ਸੀ।

ਉਹ ਆਖਦੇ ਹਨ, "ਮੈਂ 12-13 ਸਾਲ ਦੀ ਉਮਰ ਵਿੱਚ ਕੋਲੰਬੋ ਆ ਗਿਆ ਸੀ। ਮੇਰੇ ਮਾਤਾ-ਪਿਤਾ ਸ਼ਹਿਰ ਵਿੱਚ ਰਹਿੰਦੇ ਸਨ। ਮੈਨੂੰ ਨਹੀਂ ਪਤਾ ਉਸ ਵੇਲੇ ਉੱਥੇ ਕੀ ਹੋਇਆ। ਮੇਰੇ ਮਾਤਾ ਨੂੰ ਵੀ ਨਹੀਂ ਪਤਾ ਹੋਣਾ ਕਿ ਉਸ ਉਨ੍ਹਾਂ ਨੇ ਪੈਸੇ ਲਈ ਸਨ। ਹੁਣ ਵੀ ਜੇਕਰ ਉਹ ਨਾ ਦੱਸਦੇ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਸੀ।"

ਭਵਾਨੀ ਅਤੇ ਪਰਿਵਾਰ
ਤਸਵੀਰ ਕੈਪਸ਼ਨ, ਭਵਾਨੀ ਅਤੇ ਪਰਿਵਾਰ ਜਿਨ੍ਹਾਂ ਨੇ ਕੋਇੰਬਟੂਰ ਦੇ ਕਾਰੋਬਾਰੀ ਰਣਜੀਤ ਤੋਂ ਪੈਸੇ ਲਏ ਸਨ

ਪਲਨੀਆਧੀ ਦੀ ਧੀ ਭਵਾਨੀ ਦਾ ਕਹਿਣਾ ਹੈ, "ਮੈਂ ਆਪਣੀ ਦਾਦੀ ਨੂੰ ਕਦੇ ਨਹੀਂ ਮਿਲੀ। ਐਨੇ ਸਾਲਾਂ ਬਾਅਦ ਮੈਂ ਸੋਚ ਵੀ ਨਹੀਂ ਸਕਦੀ ਕਿ ਮੇਰੀ ਦਾਦੀ ਕਾਰਨ ਸਾਨੂੰ ਇਹ ਵੱਡੀ ਰਕਮ ਮਿਲੀ ਹੈ। ਅੱਜ ਕੱਲ੍ਹ ਇੰਨੇ ਚੰਗੇ ਲੋਕ ਵੀ ਹਨ, ਇੰਝ ਲੱਗਦਾ ਹੈ ਕਿ ਅੱਜ ਵੀ ਇਮਾਨਦਾਰੀ ਅਤੇ ਮਾਨਵਤਾ ਜ਼ਿੰਦਾ ਹੈ।"

"ਇਸ ਵੇਲੇ ਸ਼੍ਰੀਲੰਕਾ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਹੈ। ਆਰਥਿਕ ਹਾਲਾਤ ਬਹੁਤ ਮਾੜੇ ਹਨ। ਇਸ ਰਕਮ ਨਾਲ ਵੱਡੀ ਮਦਦ ਹੋ ਸਕਦੀ ਹੈ।"

ਕ੍ਰਿਸ਼ਨਨ ਦਾ ਕਹਿਣਾ ਹੈ, "ਮੈਨੂੰ ਜੋ ਪੈਸੇ ਮਿਲਿਆ ਮੈਂ ਚਾਰੇ ਬੱਚਿਆਂ ਨੂੰ 10-10 ਹਜ਼ਾਰ ਰੁਪਏ ਦੇ ਦਿੱਤੇ। ਇਹ ਸੱਚਮੁਚ ਮਦਦਗਾਰ ਸੀ। ਅਸੀਂ ਬੇਹੱਦ ਮਾੜੇ ਹਾਲਾਤ ਵਿੱਚ ਸੀ। ਜੇਕਰ ਮੇਰੀ ਮਾਂ ਹੁੰਦੀ ਤਾਂ ਉਹ ਬਹੁਤ ਖੁਸ਼ ਹੁੰਦੀ।"

ਰਣਜੀਤ ਦਾ ਕਹਿਣਾ ਹੈ ਕਿ ਸੈਗਵਾਈ ਦੀ ਇੱਕ ਧੀ ਚੇਲੰਮਲ ਦਾ ਪਰਿਵਾਰ ਟ੍ਰਿਚੀ ਨੇੜਏ ਹੈ ਅਤੇ ਉਹ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਵੀ ਕੁਝ ਰਕਮ ਅਦਾ ਕੀਤੀ ਜਾਵੇ।

ਉਹ ਆਖਦੇ ਹਨ, "ਮੈਂ ਇਹ ਪੈਸਾ ਵਾਪਸ ਕਰ ਕੇ ਬਹੁਤ ਖੁਸ਼ ਹਾਂ ਅਤੇ ਮੈਨੂੰ ਰਾਹਤ ਮਿਲੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)