ਪ੍ਰਿਅੰਕਾ ਗਾਂਧੀ ਨੂੰ ਟੱਕਰ ਦੇਣ ਕੇਰਲ ਪਹੁੰਚੀ ਸਿੱਖ ਔਰਤ ਸੀਤਾ ਕੌਰ ਕੌਣ ਹੈ, ਕਿਸਾਨ ਅੰਦੋਲਨ ਨਾਲ ਉਹ ਕਿਵੇਂ ਜੁੜੇ ਸਨ

ਤਸਵੀਰ ਸਰੋਤ, Jiwan Singh
ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਉੱਤੇ ਜ਼ਿਮਨੀ ਚੋਣ ਦਾ ਅਖਾੜਾ ਭਖਿਆ ਹੋਇਆ ਹੈ।
ਕਾਂਗਰਸ ਦੀ ਉਮੀਦਵਾਰ ਅਤੇ ਗਾਂਧੀ ਪਰਿਵਾਰ ਦੀ ਮੈਂਬਰ ਪ੍ਰਿਅੰਕਾ ਗਾਂਧੀ ਇੱਥੋਂ ਆਪਣੀ ਪਹਿਲੀ ਚੋਣ ਲੜ ਰਹੇ ਹਨ ਜਿਸ ਕਾਰਨ ਵੀ ਇਹ ਸੀਟ ਮੁੜ ਚਰਚਾ ਵਿੱਚ ਹੈ।
2024 ਦੀਆਂ ਆਮ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਵਾਇਨਾਡ ਅਤੇ ਰਾਇ ਬਰੇਲੀ ਸੀਟਾਂ ਤੋਂ ਚੋਣ ਜਿੱਤੇ ਸਨ। ਉਨ੍ਹਾਂ ਵੱਲੋਂ ਵਾਇਨਾਡ ਸੀਟ ਤੋਂ ਅਸਤੀਫ਼ਾ ਦੇਣ ਕਾਰਨ ਇਸ ਸੀਟ ਉੱਤੇ 13 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਿੰਗ ਹੋਵੇਗੀ।

ਭਾਵੇਂ ਕਿ ਇਸ ਸੀਟ ਉੱਤੇ ਮੁੱਖ ਮੁਕਾਬਲਾ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਅਤੇ ਖੱਬੀਆਂ ਪਾਰਟੀਆਂ ਦੇ ਮੋਰਚੇ ਦੇ ਉਮੀਦਵਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਚਾਲੇ ਹੈ, ਪਰ ਇਸ ਸੀਟ ਉੱਤੇ ਚੋਣ ਲੜਨ ਲਈ ਤਾਮਿਲਨਾਡੂ ਤੋਂ ਪਹੁੰਚੀ ਸੀਤਾ ਕੌਰ ਵੀ ਮੀਡੀਆ ਦੀਆਂ ਸੁਰਖੀਆਂ ਬਣ ਰਹੇ ਹਨ।
ਸੀਤਾ ਕੌਰ ਆਪਣੇ ਸਿਰ ਉਪਰ ਦਸਤਾਰ ਸਜਾ ਕੇ ਰੱਖਦੇ ਹਨ ਅਤੇ ਸਿੱਖ ਧਰਮ ਦੀ ਫ਼ਿਲਾਸਫ਼ੀ ਵਿੱਚ ਯਕੀਨ ਰੱਖਦੇ ਹਨ।
ਕੌਣ ਹਨ ਸੀਤਾ ਕੌਰ

ਤਸਵੀਰ ਸਰੋਤ, Jiwan Singh
ਭਾਰਤ ਦੇ ਚੋਣ ਕਮਿਸ਼ਨ ਦੀ ਵੈੱਬਸਾਇਟ ਉੱਤੇ ਉਪਲੱਬਧ ਜਾਣਕਾਰੀ ਮੁਤਾਬਕ 52 ਸਾਲਾ ਏ ਸੀਤਾ ਉਰਫ਼ ਸੀਤਾ ਕੌਰ ਦਾ ਪਿਛੋਕੜ ਤਾਮਿਲਨਾਡੂ ਦੇ ਚੱਨੇਈ ਦਾ ਹੈ। ਉਹ ਅੰਨਾਨਗਰ ਪੂਰਬੀ ਦੀ 30ਵੀਂ ਸਟਰੀਟ ਦੀ ਵਾਸੀ ਹੈ। ਉਨ੍ਹਾਂ ਦੇ ਪਤੀ ਦਾ ਨਾਮ ਏ ਰਾਜਨ ਹੈ।
ਚੋਣ ਕਮਿਸ਼ਨ ਨੂੰ ਦਾਖਲ ਕੀਤੇ ਗਏ ਸੀਤਾ ਕੌਰ ਦੇ ਹਲਫੀਆ ਬਿਆਨ ਵਿੱਚ ਜੋ ਤਸਵੀਰ ਲਗਾਈ ਗਈ ਹੈ, ਉਸ ਵਿੱਚ ਉਨ੍ਹਾਂ ਨੀਲੇ ਰੰਗ ਦੀ ਦਸਤਾਰ ਸਜਾਈ ਹੋਈ ਹੈ ਅਤੇ ਉਸ ਉੱਤੇ ਸਿੱਖ ਧਰਮ ਦਾ ਨਿਸ਼ਾਨ ਖੰਡਾ ਲੱਗਿਆ ਹੋਇਆ ਹੈ।
ਸੀਤਾ ਕੌਰ ਨੂੰ ਬਹੁਜਨ ਦ੍ਰਾਵਿੜ ਪਾਰਟੀ ਨੇ ਟਿਕਟ ਦੇ ਕੇ ਆਪਣਾ ਅਧਿਕਾਰਤ ਉਮੀਦਵਾਰ ਬਣਾਇਆ ਹੈ। ਉਹ ਇਸ ਪਾਰਟੀ ਦੀ ਸਰਗਰਮ ਆਗੂ ਹੈ।
ਪਾਰਟੀ ਦੇ ਪ੍ਰਧਾਨ ਐਡਵੋਕੇਟ ਜੀਵਨ ਸਿੰਘ ਨੇ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨੂੰ ਦੱਸਿਆ ਕਿ ਸੀਤਾ ਦਾ ਜਨਮ ਇੱਕ ਦਲਿਤ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਪਰ ਉਹ ਅਤੇ ਉਹਨਾਂ ਦੇ ਪਤੀ ਨੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਆਪਣਾ ਧਰਮ ਬਦਲ ਲਿਆ।
ਐਡਵੋਕੇਟ ਜੀਵਨ ਸਿੰਘ ਕਿਹਾ ਕਿ ਸੀਤਾ ਇੱਕ 'ਡਾਕੂਮੈਂਟ ਰਾਈਟਰ' ਹਨ ਅਤੇ ਉਹਨਾਂ ਦੇ ਪਤੀ ਸਰਕਾਰੀ ਬੱਸ ਕਡੰਕਟਰ ਦੀ ਨੌਕਰੀ ਤੋਂ ਸੇਵਾ ਮੁਕਤ ਹੋਏ ਹਨ ਅਤੇ ਉਹਨਾਂ ਦੀਆਂ ਦੋ ਧੀਆਂ ਹਨ।
ਸੀਤਾ ਦੀ ਜ਼ਿੰਦਗੀ ਅਤੇ ਰਾਜਨੀਤਿਕ ਸਫ਼ਰ ਬਾਰੇ ਦੱਸਿਆਂ ਉਹਨਾਂ ਕਿਹਾ ਕਿ, ‘‘ਸੀਤਾ ਦੇ ਮਾਤਾ ਪਿਤਾ ਚਾਹ ਦੇ ਖੇਤਾਂ ਵਿੱਚ ਕੰਮ ਕਰਦੇ ਸਨ। ਉਹ 12ਵੀਂ ਜਮਾਤ ਤੱਕ ਪੜੇ ਹਨ। ਜਦੋਂ ਮੈਂ ਆਪਣੀ ਪਾਰਟੀ ਦਾ ਪ੍ਰਚਾਰ ਕਰਦਾ ਸੀ ਤਾਂ ਇੱਕ ਨੌਜਵਾਨਾਂ ਦਾ ਗਰੁੱਪ ਪ੍ਰਭਾਵਿਤ ਹੋ ਕੇ ਸਾਡੇ ਨਾਲ ਜੁੜਿਆ ਜਿੰਨਾਂ ਵਿੱਚ ਸੀਤਾ ਅਤੇ ਉਹਨਾਂ ਦੇ ਪਤੀ ਰਾਜਨ ਵੀ ਸਨ।''
ਉਹ ਕਹਿੰਦੇ ਹਨ, ''ਉਹਨਾਂ ਨੇ ਸਿੱਖ ਧਰਮ ਵੀ ਅਪਣਾ ਲਿਆ ਅਤੇ ਬਰਾਬਰੀ ਦਾ ਸਮਾਜ ਸਿਰਜਣ ਲਈ ਲੜੀ ਜਾ ਰਹੀ ਰਾਜਨੀਤਿਕ ਲੜਾਈ ਦਾ ਹਿੱਸਾ ਬਨਣ ਦਾ ਫੈਸਲਾ ਵੀ ਕੀਤਾ।’’
ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸੀਤਾ ਕੌਰ ਆਪਣੀ ਪਾਰਟੀ ਦੇ ਆਗੂ ਜੀਵਨ ਸਿੰਘ ਦੇ ਚੋਣ ਪ੍ਰਚਾਰ ਲਈ ਪੰਜਾਬ ਆਏ ਸਨ। ਜੀਵਨ ਸਿੰਘ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ।
ਸੀਤਾ ਭਾਵੇਂ ਉਹ ਪੰਜਾਬੀ ਨਹੀਂ ਜਾਣਦੇ ਪਰ ਤਮਿਲ ਅਤੇ ਅੰਗਰੇਜੀ ਦੇ ਚੰਗੇ ਵਕਤਾ ਹਨ।
ਸੀਤਾ ਕੌਰ ਦੀ ਪਾਰਟੀ ਦਾ ਪਿਛੋਕੜ

ਤਸਵੀਰ ਸਰੋਤ, Jiwan Singh
ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਜੀਵਨ ਸਿੰਘ ਮੁਤਾਬਕ ਉਹ ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਅਤੇ ਦੱਖਣ ਭਾਰਤ ਦੇ ਸਮਾਜ ਸੁਧਾਰਕ ਪੇਰੀਆਰ ਦੀ ਵਿਚਾਰਧਾਰਾ ਨਾਲ ਪਹਿਲਾਂ ਹੀ ਜੁੜੇ ਹੋਏ ਸਨ।
ਉਹਨਾਂ ਦੀ ਪਾਰਟੀ ਦਲਿਤ, ਆਦਿਵਾਸੀ ਅਤੇ ਦਬੇ-ਕੁਚਲੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜਨ ਦਾ ਦਾਅਵਾ ਕਰਦੀ ਹੈ।
ਜੀਵਨ ਸਿੰਘ ਕਹਿੰਦੇ ਹਨ, ‘‘ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਰਾਜਨੀਤਿਕ ਪਾਰਟੀਆਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਤਾਂ ਕਰਦੀਆਂ ਹਨ ਪਰ ਕੋਈ ਵੀ ਜਾਤੀ ਪ੍ਰਥਾ ਖਤਮ ਕਰਨ ਨੂੰ ਏਜੇਡਾ ਨਹੀਂ ਬਣਾਉਂਦਾ। ਸਾਨੂੰ ਇਹਨਾਂ ਤੋਂ ਬਰਾਬਰੀ ਦੇ ਸਮਾਜ ਦੀ ਕੋਈ ਉਮੀਦ ਨਹੀਂ। ਇਸ ਲਈ ਅਸੀਂ ਜਾਤੀ ਮੁਕਤ ਸਮਾਜ ਦੀ ਲੜਾਈ ਲੜ ਰਹੇ ਹਾਂ ਜਿਸ ਨੂੰ ਬਣਾਉਣ ਲਈ ਸੱਤਾ ਵਿੱਚ ਆਉਣਾ ਬਹੁਤ ਜਰੂਰੀ ਹੈ।’’
ਸਿੱਖ ਧਰਮ ਤੋਂ ਪ੍ਰਭਾਵਿਤ ਹੋਣ ਬਾਰੇ ਉਹਨਾਂ ਕਿਹਾ, ‘‘ਜਦੋਂ ਦਲਿਤ ਆਗੂ ਕਾਂਸੀ ਰਾਮ ਨੇ ਲੋਕ ਸਭਾ ਵਿੱਚ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਹੀ ਮੇਰਾ ਚੋਣ ਮਨੋਰੰਥ ਪੱਤਰ ਹੈ ਤਾਂ ਮੈਨੂੰ ਸਿੱਖ ਧਰਮ ਦੀ ਫ਼ਿਲਾਸਫ਼ੀ ਬਾਰੇ ਪਤਾ ਲੱਗਾ।’’
ਜੀਵਨ ਸਿੰਘ ਨੇ ਦੱਸਿਆ ਸੀ, ‘‘ਦਿੱਲੀ ਵਿੱਚ 2020-21 ਦੇ ਕਿਸਾਨ ਅੰਦੋਲਨ ਦੌਰਾਨ ਜਿਵੇਂ ਪੰਜਾਬ ਤੋਂ ਆਏ ਸਿੱਖ ਭਾਈਚਾਰੇ ਨੂੰ ਅਸੀਂ ਦੇਖਿਆ ਸੀ ਤਾਂ ਸਿੱਖ ਧਰਮ ਤੋਂ ਪ੍ਰਭਾਵਿਤ ਹੋਏ। ਜਿਸ ਤੋਂ ਬਾਅਦ ਮੈਂ ਅਤੇ ਮੇਰੇ ਕਈ ਸਾਥੀ ਸਿੱਖ ਬਣ ਗਏ।’’
ਸਖ਼ਤ ਮੁਕਾਬਲੇ ’ਚ ਜਿੱਤ ਦੀ ਉਮੀਦ

ਤਸਵੀਰ ਸਰੋਤ, Priyanka Gandhi/FB
ਵਾਇਨਾਡ ਲੋਕ ਸਭਾ ਸੀਟ ਉੱਤੇ ਜ਼ਿਮਨੀ ਚੋਣ ਲਈ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ, ਭਾਜਪਾ ਉਮਦੀਵਾਰ ਨਵਿਆ ਹਰਿਦਾਸ ਅਤੇ ਸੀਪੀਆਈ ਦੇ ਸਤਿਆਨ ਮੋਕੇਰੀ ਚੋਣ ਮੈਦਾਨ ਵਿੱਚ ਹਨ।
ਮਾਹਿਰਾਂ ਵੱਲੋਂ ਇਸ ਜ਼ਿਮਨੀ ਚੋਣ ਉੁਪਰ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਭਾਵੇਂ ਕਿ ਇਹ ਪ੍ਰਿਅੰਕਾ ਗਾਂਧੀ ਦੀ ਪਹਿਲੀ ਚੋਣ ਹੈ ਪਰ ਭਾਜਪਾ ਨੇ ਵੀ ਆਪਣੇ ਨਵੇਂ ਅਤੇ ਨੌਜਵਾਨ ਚਿਹਰੇ ਨਵਿਆ ਹਰਿਦਾਸ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜੋ ਕੋਝੀਕੋਡ ਮਿਊਂਸੀਪਲ ਕਾਰਪੋਰੇਸ਼ਨ ਦੇ ਕੌਂਸਲਰ ਅਤੇ ਬੀਜੇਪੀ ਦੇ ਮਹਿਲਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਹਨ।
ਹਲਾਂਕਿ ਇਤਿਹਾਸਿਕ ਤੌਰ ਉਪਰ ਇਹ ਸੀਟ ਕਾਂਗਰਸ ਕੋਲ ਰਹੀ ਹੈ ਪਰ ਇਸ ਵਾਰ ਨਵੇਂ ਚਿਹਰੇ ਇਤਿਹਾਸ ਰਚਣ ਲਈ ਉਤਾਰੇ ਗਏ ਦੱਸੇ ਜਾ ਰਹੇ ਹਨ।
ਇਸ ਤਰ੍ਹਾਂ ਦੇ ਸਖਤ ਮੁਕਾਬਲੇ ਵਿੱਚ ਜਿੱਤ ਦੀਆਂ ਸੰਭਾਵਨਾਵਾਂ ਬਾਰੇ ਜੀਵਨ ਸਿੰਘ ਕਹਿੰਦੇ ਹਨ, ‘‘ਦੱਖਣ ਦੇ ਲੋਕ ਬਹੁਤ ਪੜੇ-ਲਿਖੇ ਅਤੇ ਸਮਝ ਰੱਖਣ ਵਾਲੇ ਹਨ। ਕਾਂਗਰਸ ਨੇ ਜਾਤੀਵਾਦ ਨੂੰ ਖਤਮ ਕਰਨ ਲਈ ਕੁਝ ਨਹੀਂ ਕੀਤਾ। ਸਾਨੂੰ ਉਮੀਦ ਹੈ ਕਿ ਲੋਕ ਬਿਨਾਂ ਸੋਚੇ ਸਮਝੇ ਵੋਟ ਨਹੀਂ ਪਾਉਣਗੇ।’’
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












