ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾਅ ਲੱਗਣ ਅਤੇ ਹਟਣ ਵਿਚਾਲੇ 6 ਘੰਟਿਆਂ ʼਚ ਕੀ-ਕੀ ਹੋਇਆ, ਮਾਰਸ਼ਲ ਲਾਅ ਹੁੰਦਾ ਕੀ ਹੈ

ਤਸਵੀਰ ਸਰੋਤ, Reuters
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਮੰਗਲਵਾਰ ਰਾਤ ਨੂੰ ਹੈਰਾਨ ਕਰਨ ਵਾਲਾ ਫ਼ੈਸਲਾ ਕਰਦੇ ਹੋਏ ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾਅ ਦਾ ਐਲਾਨ ਕੀਤਾ।
ਹਾਲਾਂਕਿ, ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ ਅਤੇ ਬੁੱਧਵਾਰ ਨੂੰ ਭਾਰੀ ਦਬਾਅ ਹੇਠ ਇਸ ਨੂੰ ਪਲਟਣਾ ਵੀ ਪਿਆ।
ਹਾਲਾਂਕਿ, ਯੂਨ ਨੂੰ ਹੁਣ ਕੁਰਸੀ ਤੱਕ ਛੱਡਣ ਦੇ ਨਾਅਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਲਾਨ ਦੇ ਛੇ ਘੰਟਿਆਂ ਅੰਦਰ ਹੀ ਯੂਨ ਨੂੰ ਆਪਣੇ ਇਸ ਫ਼ੈਸਲੇ ਨੂੰ ਵਾਪਸ ਲੈਣਾ ਪਿਆ ਪਰ ਇਨ੍ਹਾਂ ਘੰਟਿਆਂ ਦੇ ਅੰਦਰ ਦੇਸ਼ ਵਿੱਚ ਸਹਿਮ ਅਤੇ ਡਰ ਵਾਲਾ ਮਾਹੌਲ ਬਣ ਗਿਆ।
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਫੌਜ ਦੀ ਮੌਜੂਦਗੀ ਦੇ ਬਾਵਜੂਦ ਸੰਸਦ ਵਿੱਚ ਦਾਖ਼ਲ ਹੋ ਕੇ ਮਾਰਸ਼ਲ ਲਾਅ ਲਗਾਉਣ ਵਾਲੇ ਬਿੱਲ ਨੂੰ ਰੱਦ ਕਰ ਦਿੱਤਾ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਯੂਨ ਨੇ ਦੇਰ ਰਾਤ ਇੱਕ ਟੀਵੀ ਸੰਬੋਧਨ ਵਿੱਚ ਇਸ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਕਦਮ ਦੇਸ਼ ʼਚੋਂ ਉੱਤਰੀ ਕੋਰੀਆ ਦੇ ਸਮਰਥਕਾਂ ਨੂੰ ਹਟਾਉਣ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਾਰਵਾਦੀ ਸੰਵਿਧਾਨਕ ਵਿਵਸਥਾ ਨੂੰ ਬਚਾਉਣ ਲਈ ਅਜਿਹਾ ਕਰ ਰਹੇ ਹਾਂ।
ਰਾਸ਼ਟਰਪਤੀ ਯੋਲ ਨੇ ਕਿਹਾ ਕਿ ਉਨ੍ਹਾਂ ਕੋਲ ਮਾਰਸ਼ਲ ਲਾਅ ਲਗਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਦੇ ਤਹਿਤ ਕਿਹੜੇ ਖ਼ਾਸ ਕਦਮ ਚੁੱਕੇ ਜਾਣਗੇ।

ਤਸਵੀਰ ਸਰੋਤ, Reuters
6 ਘੰਟਿਆਂ ਦਾ ਘਟਨਾਕ੍ਰਮ
ਮੰਗਲਵਾਰ ਰਾਤ 11 ਵਜੇ ਰਾਸ਼ਟਰਪਤੀ ਯੂਨ ਨੇ ਦੇਸ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਨੂੰ ਉੱਤਰ ਕੋਰੀਆ ਨਾਲ ਹਮਦਰਦੀ ਰੱਖਣ ਵਾਲੀਆਂ ʻਦੇਸ਼ ਵਿਰੋਧੀʼ ਤਾਕਤਾਂ ਤੋਂ ਬਚਾਉਣ ਲਈ ਦੇਸ਼ ਵਿੱਚ ਮਾਰਸ਼ਲ ਲਾਅ ਲਗਾਉਣ ਜਾ ਰਹੇ ਹਨ।
ਯੂਨ ਦੇ ਐਲਾਨ ਤੋਂ ਬਾਅਦ ਥੋੜ੍ਹੇ ਹੀ ਸਮੇਂ ਅੰਦਰ ਪੁਲਿਸ ਸਿਓਲ ਵਿੱਚ ਨੈਸ਼ਨਲ ਅਸੈਂਬਲੀ ਦੀ ਇਮਾਰਤ ਵਿੱਚ ਤੈਨਾਤ ਹੋ ਗਈ।
ਇਸ ਇਮਾਰਤ ਨੂੰ ਦੇਸ਼ ਦੇ ਸੈਰ-ਸਪਾਟਾ ਅਧਿਕਾਰੀ ʻਕੋਰੀਆ ਦੇ ਲੋਕਤੰਤਰ ਦਾ ਚਿਨ੍ਹʼ ਦੱਸਦੇ ਹਨ।
ਫੌਜ ਨੇ ਆਦੇਸ਼ ਵਿੱਚ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਸੰਸਦ ਅਤੇ ਸਿਆਸੀ ਸਮੂਹਾਂ ਦੇ ਰੋਸ-ਮੁਜ਼ਾਹਰੇ ਅਤੇ ਗਤੀਵਿਧੀਆਂ ʼਤੇ ਰੋਕ ਲਗਾਈ ਜਾਂਦੀ ਹੈ ਅਤੇ ਮੀਡੀਆ ਨੂੰ ਸਰਕਾਰ ਦੇ ਕੰਟ੍ਰੋਲ ਵਿੱਚ ਲਿਆ ਜਾਂਦਾ ਹੈ।
ਪਰ ਦੱਖਣੀ ਕੋਰੀਆ ਦੇ ਆਗੂਆਂ ਨੇ ਤੁਰੰਤ ਯੂਨ ਦੇ ਐਲਾਨ ਨੂੰ ਗ਼ੈਰ-ਕਾਨੂੰਨੀ ਅਤੇ ਅਸੰਵੈਧਾਨਿਕ ਕਰਾਰ ਦਿੱਤਾ।
ਇੱਥੇ ਜ਼ਿਕਰਯੋਗ ਹੈ ਕਿ ਅਜੋਕੇ ਲੋਕਤਾਂਤਰਿਕ ਦੱਖਣੀ ਕੋਰੀਆ ਦਾ ਤਾਨਾਸ਼ਾਹੀ ਨਾਲੋਂ ਵਾਹ-ਵਾਸਤਾ ਟੁੱਟੇ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, ਉਹ ਸਾਲ 1987 ਵਿੱਚ ਹੀ ਫੌਜ ਸ਼ਾਸਨ ਵਿੱਚੋਂ ਨਿਕਲਿਆ ਸੀ।
ਉੱਥੇ ਆਖਰੀ ਵਾਰ ਮਾਰਸ਼ਲ ਲਾਅ 1979 ਵਿੱਚ ਲਗਾਇਆ ਗਿਆ ਸੀ।

ਝੜਪਾਂ
ਇਸ ਵਿਚਾਲੇ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਧਿਰ, ਉਦਾਰਵਾਦੀ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਲੀ ਜੋ-ਮਿਆਂਗ ਨੇ ਆਪਣੇ ਸੰਸਦ ਮੈਂਬਰਾਂ ਨੂੰ ਸੰਸਦ ਪਹੁੰਚ ਕੇ ਮਾਰਸ਼ਲ ਲਾਅ ਦੇ ਐਲਾਨ ਦੇ ਖ਼ਿਲਾਫ਼ ਵੋਟ ਪਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਦੇ ਸੱਦੇ ʼਤੇ ਹਜ਼ਾਰਾਂ ਲੋਕ ਸੰਸਦ ਦੇ ਬਾਹਰ ਜਮਾਂ ਹੋਣ ਲੱਗੇ।
ਮੁਜ਼ਹਰਾਕਾਰੀ ਨਾਅਰੇ ਲਗਾ ਰਹੇ ਸਨ, "ਮਾਰਸ਼ਲ ਲਾਅ ਨਹੀਂ ਲੱਗੇਗਾʼ ਅਤੇ ʻਤਾਨਾਸ਼ਾਹੀ ਨੂੰ ਖ਼ਤਮ ਕਰੋ।ʼ
ਸਥਾਨਕ ਮੀਡੀਆ ਨੇ ਸੰਸਦ ਦੇ ਬਾਹਰੋਂ ਪ੍ਰਸਾਰਣ ਕਰਦੇ ਹੋਏ ਗੇਟ ʼਤੇ ਮੁਜ਼ਾਹਰਾਕਾਰੀਆਂ ਅਤੇ ਪੁਲਿਸ ਵਿਚਾਲੇ ਕੁਝ ਝੜਪਾਂ ਵੀ ਦਿਖਾਈਆਂ।
ਪਰ ਸੈਨਿਕਾਂ ਦੀ ਮੌਜੂਦਗੀ ਦੇ ਬਾਵਜੂਦ ਤਣਾਅ ਹਿੰਸਾ ਵਿੱਚ ਨਹੀਂ ਬਦਲਿਆ।

ਤਸਵੀਰ ਸਰੋਤ, Getty Images
ਇਸ ਵਿਚਾਲੇ ਬੈਰੀਕੇਡ ਨੂੰ ਪਾਰ ਕਰਦੇ ਹੋਏ ਉਹ ਸੰਸਦ ਵਿੱਚ ਦਾਖ਼ਲ ਹੋ ਗਏ। ਉਹ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਵੋਟਿੰਗ ਰੂਮ ਤੱਕ ਪਹੁੰਚਣ ਵਿੱਚ ਸਫ਼ਲ ਰਹੇ।
ਇੱਕ ਵਜੇ ਤੱਕ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਮਾਰਸ਼ਲ ਲਾਅ ਹਟਾਉਣ ਦੀ ਬੇਨਤੀ ਲਈ ਮਤਾ ਪਾਇਆ।
ਯੂਨ ਦੇ ਮਾਰਸ਼ਲ ਲਾਅ ਦੇ ਐਲਾਨ ਦੇ ਦੋ ਘੰਟੇ ਤੋਂ ਵੀ ਘੱਟ ਸਮੇਂ ʼਚ 190 ਸੰਸਦ ਮੈਂਬਰ, ਜਿਨ੍ਹਾਂ ਵਿੱਚ ਯੂਨ ਪਾਰਟੀ ਦੇ ਕੁਝ ਮੈਂਬਰ ਸ਼ਾਮਿਲ ਸਨ, ਨੇ ਇਸ ਨੂੰ ਰੋਕਣ ਲਈ ਸਰਬਸੰਮਤੀ ਨਾਲ ਵੋਟ ਦਿੱਤਾ।
ਵੋਟਿੰਗ ਤੋਂ ਬਾਅਦ, ਵਿਰੋਧੀ ਧਿਰ ਦੇ ਨੇਤਾ ਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ "ਭ੍ਰਿਸ਼ਟ ਚੱਕਰ ਨੂੰ ਤੋੜਨ ਅਤੇ ਆਮ ਸਮਾਜ ਵਿੱਚ ਵਾਪਸ ਆਉਣ ਦਾ ਇੱਕ ਨਿਰਣਾਇਕ ਮੌਕਾ ਹੈ।"
ਸਾਢੇ ਚਾਰ ਵਜੇ ਤੱਕ, ਯੂਨ ਉਸੇ ਨੀਲੇ ਪਰਦੇ ਦੇ ਸਾਹਮਣੇ, ਟੀਵੀ 'ਤੇ ਵਾਪਸ ਆ ਗਏ ਸਨ ਅਤੇ ਕਿਹਾ ਕਿ ਉਹ ਮਾਰਸ਼ਲ ਲਾਅ ਵਾਪਸ ਲੈ ਰਹੇ ਹਨ।

ਤਸਵੀਰ ਸਰੋਤ, Reuters
ਕੀ ਰਾਸ਼ਟਰਪਤੀ ਉੱਤੇ ਲੱਗ ਸਕਦਾ ਹੈ ਮਹਾਂਦੋਸ਼
ਹੁਣ, ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਕੀ ਯੂਨ ਨੂੰ ਮਹਾਂਦੋਸ਼ ਦਾ ਸਾਹਮਣਾ ਕਰਨਾ ਪਵੇਗਾ, ਹਾਲਾਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਦੱਖਣੀ ਕੋਰੀਆ ਦੇ ਪਹਿਲੇ ਰਾਸ਼ਟਰਪਤੀ ਨਹੀਂ ਹੋਣਗੇ।
ਛੇ ਵਿਰੋਧੀ ਪਾਰਟੀਆਂ ਦੁਆਰਾ ਉਨ੍ਹਾਂ 'ਤੇ ਮਹਾਂਦੋਸ਼ ਦਾ ਮਤਾ ਦਾਇਰ ਕੀਤਾ ਗਿਆ ਸੀ ਅਤੇ ਇਸ ਦੇ 72 ਘੰਟਿਆਂ ਦੇ ਅੰਦਰ ਵੋਟਿੰਗ ਹੋਣੀ ਚਾਹੀਦੀ ਹੈ। ਸੰਸਦ ਮੈਂਬਰ ਸ਼ੁੱਕਰਵਾਰ, 6 ਦਸੰਬਰ ਜਾਂ ਸ਼ਨੀਵਾਰ, 7 ਦਸੰਬਰ ਨੂੰ ਇਕੱਠੇ ਹੋਣਗੇ।
ਮਤਾ ਪਾਸ ਕਰਨ ਲਈ, 300 ਮੈਂਬਰੀ ਨੈਸ਼ਨਲ ਅਸੈਂਬਲੀ ਦੇ ਦੋ ਤਿਹਾਈ ਯਾਨਿ 200 ਵੋਟਾਂ ਦੀ ਲੋੜ ਹੁੰਦੀ ਹੈ।
ਵਿਰੋਧੀ ਪਾਰਟੀ ਕੋਲ ਇਕੱਲੇ ਕਾਫ਼ੀ ਵੋਟਾਂ ਹਨ, ਜਦਕਿ ਯੂਨ ਦੀ ਆਪਣੀ ਪਾਰਟੀ ਨੇ ਉਨ੍ਹਾਂ ਦੀਆਂ ਕਾਰਵਾਈਆਂ ਦੀ ਆਲੋਚਨਾ ਕੀਤੀ ਹੈ ਪਰ ਅਜੇ ਤੱਕ ਆਪਣਾ ਰੁਖ਼ ਤੈਅ ਨਹੀਂ ਕੀਤਾ ਹੈ।
ਜੇਕਰ ਸੱਤਾਧਾਰੀ ਪਾਰਟੀ ਦੇ ਕੁਝ ਮੈਂਬਰ ਇਸ ਮਤੇ ਦੀ ਹਮਾਇਤ ਕਰ ਲੈਣ ਤਾਂ ਇਹ ਕਾਮਯਾਬ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਜੇ ਸੰਸਦ ਇਸ ਮਤੇ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਯੂਨ ਦੀਆਂ ਸ਼ਕਤੀਆਂ ਤੁਰੰਤ ਮੁਅੱਤਲ ਕਰ ਦਿੱਤੀਆਂ ਜਾਣਗੀਆਂ ਅਤੇ ਪ੍ਰਧਾਨ ਮੰਤਰੀ ਹਾਨ ਡਕ-ਸੂ ਕਾਰਜਕਾਰੀ ਰਾਸ਼ਟਰਪਤੀ ਬਣ ਜਾਣਗੇ।
ਇੱਕ ਨੌਂ ਮੈਂਬਰੀ ਕੌਂਸਲ ਜੋ ਦੱਖਣੀ ਕੋਰੀਆ ਦੀਆਂ ਸਰਕਾਰਾਂ ਦੀਆਂ ਸ਼ਾਖਾਵਾਂ ਦੀ ਨਿਗਰਾਨੀ ਕਰਨ ਵਾਲੀ ਸੰਵਿਧਾਨਕ ਅਦਾਲਤ ਦਾ ਅੰਤਮ ਫ਼ੈਸਲਾ ਹੋਵੇਗਾ।
ਜੇਕਰ ਇਹ ਮਹਾਂਦੋਸ਼ ਨੂੰ ਬਰਕਰਾਰ ਰੱਖਦਾ ਹੈ, ਤਾਂ ਯੂਨ ਨੂੰ ਹਟਾ ਦਿੱਤਾ ਜਾਵੇਗਾ ਅਤੇ 60 ਦਿਨਾਂ ਦੇ ਅੰਦਰ ਨਵੀਂ ਚੋਣ ਹੋਣੀ ਚਾਹੀਦੀ ਹੈ। ਜੇਕਰ ਇਸ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ ਤਾਂ ਯੂਨ ਅਹੁਦੇ ʼਤੇ ਕਾਇਮ ਰਹਿਣਗੇ।
ਇਹ 2016 ਦੇ ਰਾਸ਼ਟਰਪਤੀ ਪਾਰਕ ਗਿਊਨ-ਹੇ ਦੇ ਬੇਦਖਲੀ ਦੀ ਗੂੰਜ ਹੈ, ਜਿਸ ਵਿੱਚ ਯੂਨ ਨੇ ਇਸਤਗਾਸਾ ਪੱਖ ਦੇ ਭ੍ਰਿਸ਼ਟਾਚਾਰ ਦੇ ਕੇਸ ਦੀ ਅਗਵਾਈ ਕਰਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਪਾਰਕ ਨੂੰ 4 ਸਾਲ ਅਤੇ 9 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ 2022 ਵਿੱਚ ਰਿਹਾ ਕੀਤਾ ਗਿਆ ਸੀ।
ਰਾਸ਼ਟਰਪਤੀ ਰੋਹ ਮੂ-ਹਿਊਨ ਨੇ ਵੀ 2004 ਵਿੱਚ ਸੰਵਿਧਾਨਕ ਅਦਾਲਤ ਦੁਆਰਾ ਸੰਸਦ ਦੇ ਮਹਾਂਦੋਸ਼ ਵੋਟ ਨੂੰ ਉਲਟਾਉਣ ਤੋਂ ਬਾਅਦ ਹਟਾਉਣ ਤੋਂ ਬਚਿਆ।

ਤਸਵੀਰ ਸਰੋਤ, Reuters
ਮਾਰਸ਼ਲ ਕੀ ਹੈ ਅਤੇ ਕਦੋਂ ਲਾਗੂ ਹੁੰਦਾ ਹੈ
ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾਅ ਐਮਰਜੈਂਸੀ ਦੇ ਸਮੇਂ ਲਗਾਇਆ ਗਿਆ, ਅਸਥਾਈ ਸ਼ਾਸਨ ਹੁੰਦਾ ਹੈ ਜਿਸ ਦੌਰਾਨ ਦੇਸ਼ ਦੀ ਕਮਾਨ ਫੌਜ ਦੇ ਹੱਥਾਂ ਵਿੱਚ ਆ ਜਾਂਦੀ ਹੈ।
ਇਸ ਦੇ ਕਾਰਨ ਇਹ ਦੱਸੇ ਜਾਂਦੇ ਹਨ ਕਿ ਚੁਣੀ ਹੋਈ ਸਰਕਾਰ ਆਪਣਾ ਕੰਮਕਾਜ ਕਰਨ ਵਿੱਚ ਅਸਮਰੱਥ ਹੈ।
ਦੱਖਣੀ ਕੋਰੀਆ ਵਿੱਚ ਇਸ ਦਾ ਐਲਾਨ ਆਖ਼ਰੀ ਵਾਰ ਸਾਲ 1979 ਵਿੱਚ ਕੀਤਾ ਗਿਆ ਸੀ। ਉਦੋਂ ਦੱਖਣੀ ਕੋਰੀਆ ਦੇ ਤਤਕਾਲੀ ਫੌਜ ਤਾਨਾਸ਼ਾਹ ਪਾਰਕ ਚੁੰਗ-ਹੀ ਦਾ ਤਖ਼ਤਾ ਪਲਟਣ ਦੌਰਾਨ ਕਤਲ ਕਰ ਦਿੱਤਾ ਗਿਆ ਸੀ।
ਸਾਲ 1987 ਵਿੱਚ ਦੱਖਣੀ ਕੋਰੀਆ ਦੇ ਸੰਸਦੀ ਲੋਕਤੰਤਰ ਬਣਨ ਤੋਂ ਬਾਅਦ ਇਸ ਨੂੰ ਕਦੇ ਲਾਗੂ ਨਹੀਂ ਕੀਤਾ ਗਿਆ।
ਪਰ ਮੰਗਲਵਾਰ ਨੂੰ ਮਾਰਸ਼ਲ ਲਾਅ ਲਗਾ ਦਿੱਤਾ ਗਿਆ ਸੀ। ਉਨ੍ਹਾਂ ਦੇਸ਼ ਦੇ ਨਾਮ ਸੰਬੋਧਨ ਵਿੱਚ ਕਿਹਾ ਸੀ ਕਿ ਉਹ ਦੱਖਣੀ ਕੋਰੀਆ ਨੂੰ ʻਦੇਸ਼-ਵਿਰੋਧੀ ਤਾਕਤਾਂʼ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਰਾਸ਼ਟਰਪਤੀ ਯੂਨ ਪਹਿਲਾਂ ਦੀਆਂ ਸਰਕਾਰਾਂ ਦੀ ਤੁਲਨਾ ਵਿੱਚ ਉੱਤਰ ਕੋਰੀਆ ਦੇ ਪ੍ਰਤੀ ਵਧੇਰੇ ਕਠੋਰ ਰੁਖ਼ ਅਪਣਾਉਂਦੇ ਰਹੇ ਹਨ।
ਮਾਰਸ਼ਲ ਲਾਅ ਦੇ ਤਹਿਤ ਫੌਜ ਨੂੰ ਵਾਧੂ ਸ਼ਕਤੀਆਂ ਦਿੱਤੀਆਂ ਜਾਂਦੀਆਂ ਅਤੇ ਅਕਸਰ ਨਾਗਰਿਕਾਂ ਦੇ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ।
ਫੌਜ ਨੇ ਸਿਆਸੀ ਗਤੀਵਿਧੀਆਂ ਅਤੇ ਮੀਡੀਆ ʼਤੇ ਰੋਕ ਦਾ ਐਲਾਨ ਤਾਂ ਕੀਤਾ ਪਰ ਮੁਜ਼ਾਹਰਾਕਾਰੀਆਂ ਅਤੇ ਸਿਆਸੀ ਆਗੂਆਂ ਨੇ ਉਨ੍ਹਾਂ ਆਦੇਸ਼ਾਂ ਦੀ ਖੁੱਲ੍ਹ ਕੇ ਅਣਦੇਖੀ ਕੀਤੀ।
ਫੌਜ ਨੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਸਾਰਾ ਮੀਡੀਆ ਸਰਕਾਰ ਦੇ ਕੰਟ੍ਰੋਲ ਵਿੱਚ ਹੈ ਪਰ ਇਸ ਦਾ ਕੋਈ ਸਬੂਤ ਜ਼ਮੀਨੀ ਪੱਧਰ ’ਤੇ ਨਹੀਂ ਮਿਲਿਆ।
ਇੱਥੋਂ ਤੱਕ ਕਿ ਯੋਨਹਾਪ ਨਾਮ ਦੇ ਰਾਸ਼ਟਰੀ ਪ੍ਰਸਾਰਕ ਸਮੇਤ ਹੋਰ ਆਉਟਲੈਟਾਂ ਨੇ ਆਮ ਤੌਰ 'ਤੇ ਰਿਪੋਰਟਿੰਗ ਜਾਰੀ ਰੱਖੀ।

ਤਸਵੀਰ ਸਰੋਤ, Reuters
ਘੁਟਾਲਿਆਂ ਅਤੇ ਵਿਵਾਦਾਂ ਵਿੱਚ ਫਸੇ ਰਾਸ਼ਟਰਪਤੀ
ਰਾਸ਼ਟਰਪਤੀ ਯੂਨ ਸੁਕ-ਯੋਲ ਪੀਪੁਲਜ਼ ਪਾਵਰ ਪਾਰਟੀ ਦੇ ਨੇਤਾ ਹਨ। 2022 ਵਿੱਚ, ਉਨ੍ਹਾਂ ਨੇ ਆਪਣੇ ਵਿਰੋਧੀ ਲੀ ਜੇ ਮਯੂੰਗ ਨੂੰ ਸਿਰਫ 0.7 ਫੀਸਦ ਵੋਟਾਂ ਦੇ ਫਰਕ ਨਾਲ ਹਰਾਇਆ। 1987 ਵਿੱਚ ਦੱਖਣੀ ਕੋਰੀਆ ਵਿੱਚ ਸਿੱਧੀਆਂ ਚੋਣਾਂ ਹੋਣ ਤੋਂ ਬਾਅਦ ਇਹ ਜਿੱਤ ਦਾ ਸਭ ਤੋਂ ਛੋਟਾ ਅੰਤਰ ਸੀ।
ਰਾਸ਼ਟਰਪਤੀ ਯੂਨ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਵਿਵਾਦਿਤ ਰਹੇ ਹਨ। ਕਈ ਵਿਵਾਦਾਂ ਅਤੇ ਸਕੈਂਡਲਾਂ 'ਚ ਫਸੇ ਰਹਿਣ ਕਾਰਨ ਲੋਕਾਂ 'ਚ ਉਨ੍ਹਾਂ ਦੀ ਰੇਟਿੰਗ ਲਗਾਤਾਰ ਘਟਦੀ ਜਾ ਰਹੀ ਹੈ।
ਉਨ੍ਹਾਂ ਦੀ ਪਤਨੀ ਵੀ ਕੁਝ ਕਥਿਤ ਘੁਟਾਲਿਆਂ ਅਤੇ ਵਿਵਾਦਾਂ ਨਾਲ ਜੁੜੀ ਰਹੀ ਹੈ। ਉਨ੍ਹਾਂ 'ਤੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਹੇਰਾਫੇਰੀ, ਰਿਸ਼ਵਤ ਵਜੋਂ ਲਗਜ਼ਰੀ ਡਿਓਰ ਹੈਂਡਬੈਗ ਲੈਣ ਦਾ ਇਲਜ਼ਾਮ ਸੀ।
ਪਿਛਲੇ ਦਿਨੀਂ ਰਾਸ਼ਟਰਪਤੀ ਨੇ ਇਸ ਮਾਮਲੇ ʼਤੇ ਇਹ ਕਹਿ ਕੇ ਮੁਆਫ਼ੀ ਮੰਗੀ ਸੀ ਕਿ ਉਨ੍ਹਾਂ ਦੀ ਪਤਨੀ ਨੂੰ ਚੰਗਾ ਵਤੀਰਾ ਕਰਨਾ ਚਾਹੀਦਾ ਸੀ।
ਸੰਸਦ ਵਿੱਚ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਕੋਲ ਬਹੁਮਤ ਹੈ।
ਰਿਪੋਰਟ- ਕੋਹ ਈਵੇ, ਟੇਸਾ ਵੋਂਗ, ਨਿਕ ਮਾਰਸ਼, ਜੇਕ ਕਵੋਨ ਅਤੇ ਯੂਨਾ ਕੁ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












