You’re viewing a text-only version of this website that uses less data. View the main version of the website including all images and videos.
'ਮੈਂ ਚਾਹੁੰਦੀ ਹਾਂ ਕਿ ਮੇਰੀ ਸਾਥਣ ਨੂੰ ਘਰ ਵਿੱਚ ਜਵਾਈ ਜਿੰਨੀ ਇੱਜ਼ਤ ਤੇ ਪਿਆਰ ਮਿਲੇ', ਨਾਭੇ ਦੇ ਸਮਲਿੰਗੀ ਜੋੜੇ ਦੀ ਕਹਾਣੀ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
"ਲੋਕ ਸਾਨੂੰ ਭੈਣਾਂ ਜਾਂ ਦੋਸਤ ਸਮਝਦੇ ਹਨ, ਪਰ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਹਾਂ! ਹਾਂ, ਜੇਕਰ ਸਰਕਾਰ ਅਤੇ ਸਮਾਜ ਇਜਾਜ਼ਤ ਦੇਵੇ !"
ਇਹ ਭਾਵਨਾਵਾਂ ਪੰਜਾਬ ਦੇ ਨਾਭਾ ਸ਼ਹਿਰ ਵਿੱਚ ਰਹਿੰਦੀਆਂ ਦੋ ਕੁੜੀਆਂ ਨਵਨੀਤ ਅਤੇ ਮਨਪ੍ਰਿਆ ਦੀਆਂ ਹਨ ਜੋ ਇੱਕ ਲੈਸਬੀਅਨ ਜੋੜਾ ਹੈ।
ਲੈਸਬੀਅਨ ਜੋੜੇ ਦਾ ਮਤਲਬ ਦੋ ਔਰਤਾਂ ਜੋ ਇੱਕ ਦੂਜੇ ਨੂੰ ਪਸੰਦ ਕਰਦੀਆਂ ਹਨ ਅਤੇ ਉਨ੍ਹਾਂ ਵਿਚਕਾਰ ਰੋਮੈਂਟਿਕ ਅਤੇ ਜਿਨਸੀ ਸਬੰਧ ਵੀ ਹੁੰਦੇ ਹਨ।
ਨਵਨੀਤ ਅਤੇ ਮਨਪ੍ਰਿਆ ਨਾਭਾ ਸ਼ਹਿਰ ਵਿੱਚ ਕਿਰਾਏ ਦੇ ਇੱਕ ਘਰ ਵਿੱਚ ਲਿਵ-ਇਨ ਵਿੱਚ ਰਹਿੰਦੀਆਂ ਹਨ।
ਇਸੇ ਸ਼ਹਿਰ ਵਿੱਚ ਉਨ੍ਹਾਂ ਦਾ ਬੇਕਰੀ ਦਾ ਕਾਰੋਬਾਰ ਹੈ। ਜਿੱਥੇ ਉਹ 25 ਦੇ ਕਰੀਬ ਔਰਤਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ।
ਨਾਭਾ ਮਨਪ੍ਰਿਆ ਦਾ ਜੱਦੀ ਸ਼ਹਿਰ ਹੈ ਅਤੇ ਨਵਨੀਤ ਚੰਡੀਗੜ੍ਹ ਦੀ ਜੰਮਪਲ ਹੈ। ਪਰ ਨਵਨੀਤ ਮੁਤਾਬਕ ਉਹ ਪਿਛਲੇ 7-8 ਸਾਲ ਤੋਂ ਆਪਣੇ ਪਿਆਰ ਅਤੇ ਕਾਰੋਬਾਰ ਦੀ ਖ਼ਾਤਰ ਚੰਡੀਗੜ੍ਹ ਛੱਡ ਕੇ ਨਾਭਾ ਵਿੱਚ ਹੀ ਰਹਿ ਰਹੇ ਹਨ।
ਬੀਬੀਸੀ ਨਾਲ ਗੱਲ ਕਰਦਿਆਂ ਦੋਵਾਂ ਨੇ ਕਿਹਾ, "ਸ਼ਾਇਦ ਸਮਾਜ ਸਾਡੇ ਰਿਸ਼ਤੇ ਨੂੰ ਮਨਜ਼ੂਰੀ ਨਹੀਂ ਦੇਵੇਗਾ, ਪਰ ਅਸੀਂ ਹੋਰ ਘੁੱਟ-ਘੁੱਟ ਕੇ ਨਹੀਂ ਰਹਿ ਸਕਦੇ ਸੀ। ਇਸ ਕਰਕੇ ਸਾਨੂੰ ਆਪਣੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਦੱਸਣਾ ਪਿਆ ਕਿ ਅਸੀਂ ਕਿਸੇ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੀਆਂ ਕਿਉਂਕਿ ਅਸੀਂ ਇੱਕ-ਦੂਜੇ ਨੂੰ ਪਿਆਰ ਕਰਦੇ ਹਾਂ, ਉਹ ਪਿਆਰ ਜੋ ਆਮ ਤੌਰ ਉੱਤੇ ਮੁੰਡੇ-ਕੁੜੀਆਂ ਆਪਸ ਵਿੱਚ ਕਰਦੇ ਹਨ।"
ਦੋਵਾਂ ਦਾ ਬਚਪਨ ਕਿਵੇਂ ਸੀ?
ਮਨਪ੍ਰਿਆ ਦੱਸਦੇ ਹਨ ਕਿ ਉਨ੍ਹਾਂ ਦੀ ਸਕੂਲੀ ਪੜ੍ਹਾਈ ਦੌਰਾਨ ਵੀ ਉਨ੍ਹਾਂ ਨੂੰ ਕੁੜੀਆਂ ਹੀ ਚੰਗੀਆਂ ਲੱਗਦੀਆਂ ਸਨ, ਉਨ੍ਹਾਂ ਨੇ ਫ਼ਿਲਮਾਂ ਵਿੱਚ ਵੀ ਮਰਦ ਅਦਾਕਾਰ ਦੀ ਥਾਂ ਔਰਤਾਂ ਨੂੰ ਹੀ ਪਸੰਦ ਕੀਤਾ।
ਉਹ ਕਹਿੰਦੇ ਹਨ, "ਨਾਭਾ ਵਿੱਚ ਸਕੂਲੀ ਪੜ੍ਹਾਈ ਦੌਰਾਨ ਵੀ ਮੈਂ ਕਦੇ ਮੁੰਡਿਆਂ ਵੱਲ ਖਿੱਚ ਮਹਿਸੂਸ ਨਹੀਂ ਕਰਦੀ ਸੀ। ਦਿੱਲੀ ਵਿੱਚ ਕਾਲਜ ਦੌਰਾਨ ਮੈਨੂੰ ਆਪਣੀ ਹੀ ਇੱਕ ਦੋਸਤ ਨਾਲ ਪਿਆਰ ਹੋ ਗਿਆ ਪਰ ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਇਹ ਪਿਆਰ ਦੋਸਤੀ ਵਾਲਾ ਪਿਆਰ ਨਹੀਂ ਹੈ ਉਸ ਤੋਂ ਕੁਝ ਵੱਧ ਕੇ ਹੈ।"
"ਜਿਸ ਤੋਂ ਬਾਅਦ ਸਾਡੀ ਗੱਲਬਾਤ ਬੰਦ ਹੋ ਗਈ ਅਤੇ ਮੈਂ ਯੂਰਪ ਵਿੱਚ ਫਿਲਮ ਸਟੱਡੀ ਕਰਨ ਲਈ ਚਲੀ ਗਈ। ਜਿੱਥੇ ਮੈਨੂੰ ਆਪਣੇ-ਆਪ ਨੂੰ ਪਛਾਨਣ ਵਿੱਚ ਹੋਰ ਸੌਖ ਹੋ ਗਈ ਅਤੇ ਮੈਂ ਖੁੱਲ੍ਹ ਕੇ ਲੋਕਾਂ ਸਾਹਮਣੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੈਂ ਇੱਕ ਲੈਸਬੀਅਨ ਹਾਂ ਮਤਲਬ ਕਿ ਮੈਨੂੰ ਕੁੜੀਆਂ ਪਸੰਦ ਹਨ ਮੁੰਡੇ ਨਹੀਂ।"
ਨਵਨੀਤ ਦੱਸਦੇ ਹਨ ਕਿ ਉਨ੍ਹਾਂ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ। ਉਹ ਚੰਡੀਗੜ੍ਹ ਸਕੂਲ ਵਿੱਚ ਪੜ੍ਹਦੇ ਹੋਏ ਕੁੜੀਆਂ ਨੂੰ ਹੀ ਪਸੰਦ ਕਰਦੇ ਸਨ। ਬਾਹਰਵੀਂ ਵਿੱਚ ਪੜ੍ਹਦੇ ਹੋਏ ਉਹ ਐੱਲਜੀਬੀਟੀਕਿਊ ਬਾਰੇ ਜਾਗਰੂਕ ਹੋਣ ਲੱਗੇ ਅਤੇ ਸਮਝਣ ਲੱਗੇ ਕਿ ਇਹ ਕੌਣ ਹਨ ਅਤੇ ਆਮ ਮੁੰਡੇ ਕੁੜੀ ਤੋਂ ਕਿਵੇਂ ਵੱਖਰੇ ਹਨ।
ਉਹ ਦੱਸਦੇ ਹਨ, "ਚੰਡੀਗੜ੍ਹ ਵਿੱਚ ਮੈਨੂੰ ਆਪਣੇ ਆਪ ਨੂੰ ਖੁੱਲ੍ਹ ਕੇ ਸਮਝਣ ਦਾ ਮੌਕਾ ਨਹੀਂ ਮਿਲ ਰਿਹਾ ਸੀ ਇਸ ਲਈ ਮੈਂ ਵੀ ਪੜ੍ਹਨ ਲਈ ਦਿੱਲੀ ਗਈ ਜਿੱਥੇ ਮੈਨੂੰ ਹੋਰ ਮੇਰੇ ਵਰਗੇ ਲੋਕਾਂ ਦਾ ਸਾਥ ਮਿਲਿਆ ਅਤੇ ਮੈਂ ਵੀ ਸ਼ਰੇਆਮ ਦੱਸਣਾ ਸ਼ੁਰੂ ਕਰ ਦਿੱਤਾ ਕਿ ਮੈਂ ਲੈਸਬੀਅਨ ਹਾਂ।"
ਸੋਸ਼ਲ ਮੀਡੀਆ ਰਾਹੀਂ ਹੋਈ ਦੋਵਾਂ ਦੀ ਮੁਲਾਕਾਤ
ਨਵਨੀਤ ਅਤੇ ਮਨਪ੍ਰਿਆ ਮੁਤਾਬਕ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਐਪ ਟਿੰਡਰ ਰਾਹੀਂ ਹੋਈ। ਕਿਉਂਕਿ ਦੋਵੇਂ ਆਪਣੇ ਲਈ ਕਿਸੇ ਦਾ ਸਾਥ ਲੱਭ ਰਹੇ ਸਨ। ਕਈ ਮਹੀਨੇ ਟਿੰਡਰ ਉੱਤੇ ਗੱਲਬਾਤ ਕਰਨ ਤੋਂ ਬਾਅਦ ਦੋਵਾਂ ਦੀ ਪਹਿਲੀ ਮੁਲਾਕਾਤ ਚੰਡੀਗੜ੍ਹ ਵਿੱਚ ਹੋਈ।
ਮਨਪ੍ਰਿਆ ਕਹਿੰਦੇ ਹਨ, "ਇਸ ਸਮੇਂ ਤੱਕ ਮੈਂ ਯੂਰਪ ਤੋਂ ਵਾਪਸ ਪੰਜਾਬ ਆ ਗਈ ਸੀ ਅਤੇ ਇੱਥੇ ਕੋਈ ਕੰਮ ਕਰਨਾ ਚਾਹੁੰਦੀ ਸੀ ਅਤੇ ਨਵਨੀਤ ਦਿੱਲੀ ਤੋਂ ਚੰਡੀਗੜ੍ਹ ਆਈ ਹੋਈ ਸੀ। ਅਸੀਂ ਇੱਕ ਕੈਫੇ ਵਿੱਚ ਮਿਲੇ।"
"ਮੇਰਾ ਭਰਾ ਵੀ ਮੇਰੇ ਨਾਲ ਸੀ। ਅਸੀਂ ਆਪਸ ਵਿੱਚ ਬਹੁਤ ਗੱਲਾਂ ਕੀਤੀਆਂ। ਸਾਨੂੰ ਇੱਕ ਦੂਜੇ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਅਤੇ ਇਹ ਮੁਲਾਕਾਤਾਂ ਫੇਰ ਹੌਲੀ ਹੌਲੀ ਵੱਧਦੀਆਂ ਗਈਆਂ।"
ਔਰਤਾਂ ਨੂੰ ਰੁਜ਼ਗਾਰ ਦੇ ਰਹੀਆਂ ਮਨਪ੍ਰਿਆ ਅਤੇ ਨਵਨੀਤ
ਨਵਨੀਤ ਦੱਸਦੇ ਹਨ ਕਿ ਉਹ ਹੋਰ ਪੰਜਾਬੀ ਨੌਜਵਾਨਾਂ ਵਾਂਗ ਕੈਨੇਡਾ ਜਾਣਾ ਚਾਹੁੰਦੇ ਸਨ। ਪਰ ਇਸ ਸਮੇਂ ਦੌਰਾਨ ਮਨਪ੍ਰਿਆ ਚੰਡੀਗੜ੍ਹ ਵਿੱਚ ਆਪਣਾ ਪਰਿਵਾਰਕ ਕੈਫੇ ਚਲਾ ਰਹੇ ਸਨ ਇਸ ਕਰ ਕੇ ਉਹ ਹਫ਼ਤੇ ਦੇ ਆਖ਼ਰੀ ਦਿਨਾਂ ਉੱਤੇ ਕੈਫੇ ਵਿੱਚ ਮਨਪ੍ਰਿਆ ਦੀ ਮਦਦ ਕਰਨ ਲਈ ਜਾਂਦੇ ਸਨ।
ਨਵਨੀਤ ਦੱਸਦੇ ਹਨ, "ਮਨਪ੍ਰਿਆ ਫ਼ਿਲਮਾਂ ਵੱਲ ਧਿਆਨ ਜਾਣਾ ਛੱਡ ਕੇ ਆਪਣੇ ਪਿਤਾ ਦੀ ਬੇਕਰੀ ਦੇ ਕੰਮ ਵਿੱਚ ਵੀ ਹੱਥ ਵਟਾ ਰਹੇ ਸਨ। ਉਹ ਕੈਫੇ ਅਤੇ ਬੇਕਰੀ ਦੋਵਾਂ ਦਾ ਕੰਮ ਕਰ ਰਹੇ ਸਨ।"
"ਹਾਲਾਂਕਿ ਮਨਪ੍ਰਿਆ ਦੇ ਪਰਿਵਾਰਕ ਫ਼ੈਸਲਿਆਂ ਤੋਂ ਬਾਅਦ ਮਨਪ੍ਰਿਆ ਨੂੰ ਕੈਫੇ ਛੱਡ ਕੇ ਬੇਕਰੀ ਦਾ ਕਾਰੋਬਾਰ ਸੌਂਪ ਦਿੱਤਾ ਗਿਆ, ਪਰ ਬੇਕਰੀ ਨਾਭਾ ਵਿੱਚ ਸੀ ਇਸ ਕਰਕੇ ਉਹ ਚੰਡੀਗੜ੍ਹ ਛੱਡ ਕੇ ਨਾਭਾ ਆ ਗਏ ਤੇ ਮੈਂ ਵੀ ਮਨਪ੍ਰਿਆ ਦੀ ਮਦਦ ਲਈ ਨਾਭਾ ਆ ਗਈ।"
ਉਹ ਕਹਿੰਦੇ ਹਨ, "ਮੈਂ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਮਨਪ੍ਰਿਆ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਮਨਪ੍ਰਿਆ ਦੀ ਮਦਦ ਕਰਦੇ ਕਰਦੇ ਕਦੋਂ ਮੈਂ ਚੰਡੀਗੜ੍ਹ ਹੀ ਨਹੀਂ ਕੈਨੇਡਾ ਵੀ ਛੱਡ ਦਿੱਤਾ ਇਹ ਪਤਾ ਹੀ ਨਹੀਂ ਲੱਗਿਆ ਅਤੇ ਮੈਂ ਹਮੇਸ਼ਾ ਲਈ ਇੱਥੇ ਨਾਭਾ ਵਿੱਚ ਹੀ ਵੱਸ ਗਈ।"
ਮਨਪ੍ਰਿਆ ਦੱਸਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਦੇ ਘਰ ਦੇ ਸਾਹਮਣੇ ਇੱਕ ਉਨ੍ਹਾਂ ਦੇ ਦਾਦਾ-ਦਾਦੀ ਦਾ ਮਕਾਨ ਸੀ ਜਿੱਥੇ ਹੁਣ ਉਹ ਪਿੱਛਲੇ 8 ਸਾਲਾਂ ਤੋਂ 'ਕੇਕ ਇੰਡੀਆ' ਨਾਮ ਉੱਤੇ ਬੇਕਰੀ ਦਾ ਕਾਰੋਬਾਰ ਚਲਾ ਰਹੇ ਹਨ।
ਆਪਣੇ ਕਾਰੋਬਾਰ ਵਿੱਚ ਔਰਤ ਕਰਮਚਾਰੀ ਹੀ ਰੱਖਣ ਦੇ ਸਵਾਲ ਦਾ ਜਵਾਬ ਦਿੰਦਿਆਂ ਮਨਪ੍ਰਿਆ ਕਹਿੰਦੇ ਹਨ, "ਸ਼ੁਰੂ ਤੋਂ ਬੇਕਰੀ ਦਾ ਕਾਰੋਬਾਰ ਮਰਦਾਂ ਦਾ ਕਾਰੋਬਾਰ ਹੀ ਰਿਹਾ ਹੈ, ਅਸੀਂ ਆਪਣੇ ਕੰਮ ਵਿੱਚ ਔਰਤਾਂ ਨੂੰ ਲੈ ਕੇ ਆਉਣਾ ਚਾਹੁੰਦੇ ਸੀ ਇਸ ਕਰਕੇ ਅਸੀਂ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਪਹਿਲਾਂ ਬੇਕਰੀ ਦਾ ਕੰਮ ਸਿਖਾਇਆ ਅਤੇ ਨੌਕਰੀ ਦਿੱਤੀ।"
ਨਵਨੀਤ ਦੱਸਦੇ ਹਨ ਕਿ ਉਹ ਹੁਣ ਤੱਕ 150 ਦੇ ਕਰੀਬ ਔਰਤਾਂ ਨੂੰ ਰੁਜ਼ਗਾਰ ਦੇ ਚੁੱਕੇ ਹਨ। ਮੌਜੂਦਾ ਸਮੇਂ ਵਿੱਚ 25 ਦੇ ਕਰੀਬ ਔਰਤਾਂ ਉਨ੍ਹਾਂ ਨਾਲ ਕੰਮ ਕਰ ਰਹੀਆਂ ਹਨ।
'ਇਸ ਰਿਸ਼ਤੇ ਕਰਕੇ ਮਾਪੇ ਦੂਰ ਹੋ ਗਏ'
ਮਨਪ੍ਰਿਆ ਅਤੇ ਨਵਨੀਤ ਇੱਕ ਸਮਲਿੰਗੀ ਜੋੜੇ ਵੱਜੋਂ ਵਿਚਰ ਰਹੇ ਹਨ, ਇਸਦੇ ਬਾਰੇ ਦੋਵਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ 5 ਕੁ ਸਾਲ ਪਹਿਲਾਂ ਹੀ ਪਤਾ ਲੱਗਿਆ।
ਉਹ ਦੱਸਦੇ ਹਨ, "ਅਸੀਂ ਇੱਕ ਦੂਜੇ ਦੇ ਘਰ ਆਉਂਦੇ-ਜਾਂਦੇ ਸੀ, ਰਹਿੰਦੇ ਵੀ ਸੀ ਪਰ ਸਭ ਨੂੰ ਇਹੀ ਲੱਗਦਾ ਸੀ ਕਿ ਅਸੀਂ ਚੰਗੀਆਂ ਸਹੇਲੀਆਂ ਹਾਂ ਅਤੇ ਇਕੱਠੀਆਂ ਕਾਰੋਬਾਰ ਕਰ ਰਹੀਆਂ ਹਾਂ।"
ਪਰ ਨਵਨੀਤ ਮੁਤਾਬਕ ਜਦੋਂ ਉਨ੍ਹਾਂ ਨੂੰ ਮਾਪਿਆਂ ਨੇ ਕਿਸੇ ਮੁੰਡੇ ਨਾਲ ਵਿਆਹ ਕਰਵਾਉਣ ਬਾਰੇ ਜ਼ੋਰ ਪਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੇ ਕਿਉਂਕਿ ਉਨ੍ਹਾਂ ਨੂੰ ਮਨਪ੍ਰਿਆ ਪਸੰਦ ਹੈ।
ਨਵਨੀਤ ਕਹਿੰਦੇ ਹਨ, "ਮੇਰੇ ਮਾਪਿਆਂ ਨੇ ਮੈਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਵਿਆਹ ਤਾਂ ਮੁੰਡੇ ਨਾਲ ਹੀ ਹੋਵੇਗਾ ਪਰ ਮੈਂ ਉਨ੍ਹਾਂ ਨੂੰ ਆਪਣਾ ਫ਼ੈਸਲਾ ਦੱਸ ਚੁੱਕੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ ਵਿਆਹ ਲਈ ਜ਼ੋਰ ਨਹੀਂ ਪਾਇਆ ਪਰ ਹਾਂ ਸਾਡੇ ਵਿਚਾਲੇ ਰਿਸ਼ਤੇ ਵਿੱਚ ਕੁੜੱਤਣ ਜ਼ਰੂਰ ਆ ਗਈ।"
ਉਹ ਕਹਿੰਦੇ ਹਨ, "ਮੇਰੇ ਮਾਪੇ ਮੈਨੂੰ ਕਦੇ ਬੁਲਾਉਂਦੇ ਹਨ ਕਦੇ ਨਹੀਂ। ਪਰ ਜਦੋਂ ਮੈਂ ਘਰੇ ਜਾਂਦੀ ਹਾਂ ਤਾਂ ਉਹ ਪਿਆਰ ਵੀ ਕਰਦੇ ਹਨ ਪਰ ਉਹ ਮਨਪ੍ਰਿਆ ਨੂੰ ਆਪਣੇ ਜਵਾਈ ਵਾਲਾ ਪਿਆਰ ਨਹੀਂ ਦਿੰਦੇ। ਮੈਂ ਚਾਹੁੰਦੀ ਹਾਂ ਕਿ ਮੇਰੇ ਮਾਪੇ ਮੇਰੀ ਸਾਥਣ ਨੂੰ ਆਪਣਾ ਜਵਾਈ ਸਮਝਣ। ਉਨ੍ਹਾਂ ਨੂੰ ਅਜੇ ਵੀ ਲੱਗਦਾ ਕਿ ਜਵਾਈ ਦਾ ਮਤਲਬ ਮੁੰਡਾ ਹੀ ਹੁੰਦਾ ਹੈ।"
ਦੂਜੇ ਪਾਸੇ ਮਨਪ੍ਰਿਆ ਕਹਿੰਦੇ ਹਨ ਕਿ ਉਨ੍ਹਾਂ ਦੇ ਮਾਪੇ ਸ਼ਾਇਦ ਹੋਰ ਮਾਪਿਆਂ ਤੋਂ ਥੋੜ੍ਹਾ ਅਗਾਂਹ ਵਧੂ ਸੋਚ ਵਾਲੇ ਹਨ। ਉਨ੍ਹਾਂ ਨੇ ਮਨਪ੍ਰਿਆ ਅਤੇ ਨਵਨੀਤ ਦੇ ਰਿਸ਼ਤੇ ਨੂੰ ਕਦੇ ਬੁਰਾ ਨਹੀਂ ਕਿਹਾ ਪਰ ਇਸ ਬਾਰੇ ਕਦੇ ਖੁੱਲ੍ਹ ਗੱਲ ਵੀ ਨਹੀਂ ਕੀਤੀ।
ਮਨਪ੍ਰਿਆ ਕਹਿੰਦੇ ਹਨ, "ਮੇਰੇ ਮਾਪੇ ਸਾਨੂੰ ਅੱਜ ਵੀ ਮਿਲਦੇ ਹਨ, ਨਵਨੀਤ ਲੰਬਾ ਸਮਾਂ ਮੇਰੇ ਘਰੇ ਰਹੀ ਹੈ, ਉਹ ਜਿੰਨਾ ਮੈਨੂੰ ਪਿਆਰ ਕਰਦੇ ਹਨ ਓਨਾ ਹੀ ਨਵਨੀਤ ਨੂੰ ਵੀ ਕਰਦੇ ਹਨ। ਪਰ ਇਹ ਵੀ ਸੱਚ ਹੈ ਕਿ ਮੈਂ ਕਦੇ ਆਪਣੇ ਪਿਤਾ ਨਾਲ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਕੀਤੀ ਹੈ।"
'ਸਮਾਜ ਸਾਡੇ ਲਈ ਕਿਸੇ ਵੇਲੇ ਵੀ ਖ਼ਤਰਨਾਕ ਹੋ ਸਕਦਾ ਹੈ'
ਸਮਾਜ ਸਮਲਿੰਗੀ ਵਿਆਹਾਂ ਬਾਰੇ ਕੀ ਸੋਚਦਾ ਹੈ ਇਸ ਬਾਰੇ ਗੱਲ ਕਰਨ ਲੱਗਿਆ ਮਨਪ੍ਰਿਆ ਕਹਿੰਦੇ ਹਨ, "ਇਹ ਖ਼ਤਰਨਾਕ ਹੈ!"
"ਜਿਸ ਦਿਨ ਭਾਰਤ ਵਿੱਚ ਮੁੜ 377 ਵਰਗੀ ਧਾਰਾ ਲਾਗੂ ਹੋ ਜਾਂਦੀ ਹੈ ਉਸ ਦਿਨ ਤੋਂ ਅਸੀਂ ਅਪਰਾਧੀ ਬਣ ਜਾਵਾਂਗੇ। ਜਦੋਂ ਅਸੀਂ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ ਉਦੋਂ ਵੀ ਅਸੀਂ ਸਮਾਜ ਦੀ ਨਜ਼ਰ ਵਿੱਚ ਅਪਰਾਧੀ ਸੀ ਪਰ ਅਜਿਹਾ ਨਹੀਂ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ