ਭਾਰਤ ਵਿੱਚ ਸਮਲਿੰਗੀ ਵਿਆਹ: 73 ਸਾਲਾ ਬਜ਼ੁਰਗ, ਸਮਲਿੰਗੀ ਜੋੜਿਆਂ ਦੇ ਵਿਆਹ ਦੇ ਹੱਕ ਲਈ ਕਿਉਂ ਲੜ ਰਹੀ ਹੈ?

    • ਲੇਖਕ, ਉਮੰਗ ਪੋਦਾਰ
    • ਰੋਲ, ਬੀਬੀਸੀ ਪੱਤਰਕਾਰ

16 ਸਾਲ ਦੇ ਆਮ ਵਿਆਹੁਤਾ ਜੀਵਨ ਨੂੰ ਛੱਡਣ ਤੋਂ ਲੈ ਕੇ ਸਮਲਿੰਗੀ ਵਿਆਹ ਦੀ ਸਮਾਨਤਾ ਲਈ ਪਟੀਸ਼ਨ ਦਾਇਰ ਕਰਨ ਤੱਕ ਕਾਰਕੁਨ ਮਾਇਆ ਸ਼ਰਮਾ ਦੀ ਨਜ਼ਰ ਵਿੱਚ ਇਸ ਅੰਦੋਲਨ ਨੂੰ ਦੇਖਦੇ ਹਾਂ।

ਜਦੋਂ ਇੱਕ ਐੱਲਜੀਬੀਟੀਕਿਊ ਕਾਰਕੁਨ ਮਾਇਆ ਸ਼ਰਮਾ ਨੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਆਪਣੇ 16 ਸਾਲਾਂ ਦੇ ਵਿਆਹ ਨੂੰ ਤੋੜ ਦਿੱਤਾ ਤਾਂ, ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਸੁਪਰੀਮ ਕੋਰਟ ਨੂੰ ਸਮਲਿੰਗੀ ਜੋੜਿਆਂ, ਟਰਾਂਸਜੈਂਡਰ ਅਤੇ ਕੁਈਰਜ਼ ਲਈ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਕਹਿਣਗੇ।

ਮਾਇਆ ਹੁਣ 70 ਸਾਲਾਂ ਦੇ ਹੋ ਗਏ ਹਨ। ਉਹ ਆਪਣੀ ਮਹਿਲਾ ਸਾਥੀ ਨਾਲ ਵਡੋਦਰਾ ਵਿੱਚ ਰਹਿੰਦੇ ਹਨ। ਭਾਵੇਂ ਸਮਲਿੰਗੀ ਵਿਆਹ ਕਾਨੂੰਨੀ ਵੀ ਹੋ ਜਾਵੇ, ਫਿਰ ਵੀ ਉਨ੍ਹਾਂ ਦੀ ਵਿਆਹ ਕਰਨ ਦੀ ਆਪਣੀ ਕੋਈ ਯੋਜਨਾ ਨਹੀਂ ਹੈ।

ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਜ਼ਰੀਏ, "ਅਸੀਂ ਸਮਾਨਤਾ ਦੀ ਸਾਂਝ ਦੀ ਕਲਪਨਾ ਕਰਨ ਦੇ ਸਮਰੱਥ ਹਾਂ।"

ਆਮ ਵਿਆਹ ਤੋਂ ਲੈ ਕੇ ਇੱਕ ਲੈਸਬੀਅਨ ਦੇ ਰੂਪ ਵਿੱਚ ਆਪਣੀ ਲਿੰਗਕਤਾ ਨੂੰ ਸਵੀਕਾਰ ਕਰਨ ਤੱਕ, ਮਾਇਆ ਐੱਲਜੀਬੀਟੀਕਿਊ ਅੰਦੋਲਨ ਦੇ ਕਈ ਮਹੱਤਵਪੂਰਨ ਕਾਰਜਾਂ ਦਾ ਹਿੱਸਾ ਰਹੇ ਹਨ।

ਪੇਸ਼ ਹੈ ਉਨ੍ਹਾਂ ਦੀ ਯਾਤਰਾ ਦੀ ਇੱਕ ਝਲਕ...

ਸ਼ੁਰੂਆਤੀ ਸਰਗਰਮੀਆਂ

ਰਾਜਸਥਾਨ ਦੇ ਅਜਮੇਰ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਮਾਇਆ 1960 ਦੇ ਦਹਾਕੇ ਦੇ ਅਖ਼ੀਰ ਵਿੱਚ ਆਰਟਸ ਵਿੱਚ ਬੀਏ ਕਰਨ ਲਈ ਨਵੀਂ ਦਿੱਲੀ ਪਹੁੰਚੇ।

1983 ਵਿੱਚ, ਉਨ੍ਹਾਂ ਨੇ ਇੱਕ ਮਹਿਲਾ ਸੰਗਠਨ ‘ਸਹੇਲੀ’ ਵਿੱਚ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।

ਇੱਥੇ ਉਨ੍ਹਾਂ ਦੀ ਮੁਲਾਕਾਤ "ਆਪਣੇ ਵਰਗੀਆਂ ਬਹੁਤ ਸਾਰੀਆਂ ਔਰਤਾਂ ਨਾਲ ਹੋਈ ਜੋ ਆਪਣੇ ਵਿਆਹਾਂ ਨੂੰ ਤੋੜਨਾ ਚਾਹੁੰਦੀਆਂ ਸਨ।"

"ਸਮਾਜਿਕ ਨਿਯਮਾਂ ਦੁਆਰਾ ਨਿਰਦੇਸ਼ਿਤ ਹੋਣ ਦੀ ਬਜਾਏ, ਆਪਣੀ ਮਰਜ਼ੀ ਮੁਤਾਬਕ ਕੁਝ ਕਰਨ ਦੀ ਆਜ਼ਾਦੀ ਤਲਾਸ਼ਣੀ ਚਾਹੁੰਦੀਆਂ ਸਨ।"

ਮਾਇਆ ਆਪਣੇ ਸ਼ੁਰੂਆਤੀ ਸਾਲਾਂ ਤੋਂ ਹੀ ਹਮੇਸ਼ਾ ਔਰਤਾਂ ਵੱਲ ਆਕਰਸ਼ਿਤ ਰਹੇ ਸਨ।

ਉਹ ਕਹਿੰਦੇ ਹਨ, "ਇੱਕ ਜਵਾਨ ਕੁੜੀ ਦੇ ਰੂਪ ਵਿੱਚ, ਮੇਰੀ ਹਮੇਸ਼ਾ ਔਰਤਾਂ ਨਾਲ ਬਹੁਤ ਡੂੰਘੀ ਦੋਸਤੀ ਰਹੀ ਹੈ। ਸਕੂਲ ਦੇ ਦੌਰਾਨ ਮੈਂ ਆਪਣੀ ਇੱਕ ਅਧਿਆਪਕ ਨਾਲ ਗਹਿਰਾਈ ਨਾਲ ਜੁੜੀ ਹੋਈ ਸੀ।"

ਜਿਵੇਂ-ਜਿਵੇਂ ਸਾਲ ਬੀਤਦੇ ਗਏ, ਉਨ੍ਹਾਂ ਨੂੰ ਵਿਪਰੀਤ ਲਿੰਗ ਪੱਖੀ ਦੁਨੀਆਂ ਵਿੱਚ "ਗਰਭ ਧਾਰਨ ਕਰਨਾ...ਔਰਤਾਂ ਨਾਲ ਰਿਸ਼ਤਾ ਕਾਇਮ ਕਰਨਾ ਅਸੰਭਵ" ਜਾਪਣ ਲੱਗਿਆ।

ਉਹ ਕਹਿੰਦੇ ਹਨ, ਉਨ੍ਹਾਂ ਦੇ ਕੰਮ ਨੇ "ਬਹੁਤ ਸਾਰੇ ਅੰਦਰੂਨੀ ਸਵਾਲ ਖੜ੍ਹੇ ਕਰ ਦਿੱਤੇ।"

1988 ਵਿੱਚ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਦੇ ਵਿਆਹ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ। ਸਮਲਿੰਗੀ ਜੋੜਿਆਂ ਨੇ ਮਿਲ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ।

ਮਾਇਆ ਕਹਿੰਦੇ ਹਨ, “ਇਹ ਖ਼ਬਰ ਸੁਣ ਕੇ ਬਹੁਤ ਖੁਸ਼ੀ ਹੋਈ।” ਹਾਲਾਂਕਿ, ਇਹ ਸਭ ਕੁਝ ਦੇਖਣਾ ਮੁਸ਼ਕਲ ਸੀ ਕਿ ਉਨ੍ਹਾਂ ਨੂੰ ਕਿਸ ਸਥਿਤੀ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਕਈਆਂ ਨੇ ਖ਼ੁਦਕੁਸ਼ੀਆਂ ਕਰ ਲਈਆਂ।

ਉਹ ਕਹਿੰਦੇ ਹਨ, “ਉਸ ਸਮੇਂ ਉੱਥੇ ਸ਼ਾਇਦ ਹੀ ਕੋਈ ਸਮਲਿੰਗੀ ਸੀ। ਅਸੀਂ ਇੱਕ-ਦੂਜੇ ਨੂੰ ਜਾਣਦੀਆਂ ਸੀ” ਪਰ ਦੁਨੀਆਂ ਭਰ ਦੀ ਤਾਂ ਗੱਲ ਹੀ ਛੱਡ ਦਿਓ, ਇੱਥੋਂ ਤੱਕ ਕਿ ਨਜ਼ਦੀਕੀ ਦੋਸਤਾਂ ਦੇ ਸਾਹਮਣੇ ਆਉਣਾ ਵੀ ਮੁਸ਼ਕਲ ਸੀ।

‘ਲੈੱਸ ਦੈੱਨ ਗੇ’ ਦਾ ਰਿਲੀਜ਼ ਹੋਣਾ

ਮਾਇਆ ਨੂੰ ਐੱਲਜੀਬੀਟੀਕਿਊ ਯਾਤਰਾ ਵਿੱਚ ਇੱਕ ਮਹੱਤਵਪੂਰਨ ਪਲ ਵਜੋਂ 1991 ਵਿੱਚ 70 ਪੰਨਿਆਂ ਦੀ ਰਿਪੋਰਟ ਦਾ ਰਿਲੀਜ਼ ਹੋਣਾ ਯਾਦ ਹੈ, ਜਿਸ ਨੂੰ “ਦਿ ਪਿੰਕ ਬੁੱਕ” ਵੀ ਕਿਹਾ ਜਾਂਦਾ ਹੈ।

‘ਲੈੱਸ ਦੈੱਨ ਗੇ’ ਸਿਰਲੇਖ ਵਾਲੀ ਇਹ ਰਿਪੋਰਟ ਉਸ ਸਮੇਂ ਪ੍ਰਕਾਸ਼ਿਤ ਕੀਤੀ ਗਈ, ਜਦੋਂ ਡਾਕਟਰ ਐੱਚਆਈਵੀ/ਏਡਜ਼ ਵਾਲੇ ਲੋਕਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਰਹੇ ਸਨ।

ਇਸ ਨੇ ਵਿਆਪਕ ਤੌਰ ’ਤੇ ਪ੍ਰਚਲਿਤ ਧਾਰਨਾ ਨੂੰ ਚੁਣੌਤੀ ਦਿੱਤੀ ਕਿ “ਸਮਲਿੰਗਕਤਾ ਭਾਰਤ ਵਿੱਚ (ਨਹੀਂ) ਮੌਜੂਦ ਸੀ”, ਜਾਂ ਇਹ ਇੱਕ “ਠੀਕ ਹੋਣ ਵਾਲੀ ਬਿਮਾਰੀ ਸੀ।”

ਇਸ ਨੂੰ “ਭਾਰਤ ਵਿੱਚ ਸਮਲਿੰਗੀ ਅਤੇ ਲੈਸਬੀਅਨ ਜੀਵਨ ’ਤੇ ਪਹਿਲਾ ਦਸਤਾਵੇਜ਼” ਮੰਨਿਆ ਜਾਂਦਾ ਹੈ।

ਇਸ ਰਿਪੋਰਟ ਵਿੱਚ ਦੂਰਦ੍ਰਿਸ਼ਟੀ ਵਾਲੀਆਂ ਮੰਗਾਂ ਕੀਤੀਆਂ ਗਈਆਂ, ਧਾਰਾ 377 ਨੂੰ ਖ਼ਤਮ ਕਰਨਾ ਅਤੇ ਸਮਲਿੰਗੀ ਵਿਆਹ ਦੀ ਸਮਾਨਤਾ ਨੂੰ ਅਨੁਕੂਲ ਬਣਾਉਣ ਲਈ ਵਿਸ਼ੇਸ਼ ਵਿਆਹ ਐਕਟ ਵਿੱਚ ਸੋਧ ਕਰਨਾ।

ਪਿਆਰ ਹੋਣਾ

ਇਸ ਸਮੇਂ ਦੌਰਾਨ ਮਾਇਆ ਨੇ ਆਪਣੇ 16 ਸਾਲ ਦੇ ਵਿਆਹੁਤਾ ਜੀਵਨ ਨੂੰ ਛੱਡ ਦਿੱਤਾ ਸੀ। ਉਹ ਕਹਿੰਦੇ ਹਨ, “ਇੱਕ ਦਿਨ, ਮੈਂ ਇੱਕ ਛੋਟਾ ਸੂਟਕੇਸ ਪੈਕ ਕੀਤਾ ਅਤੇ ਘਰ ਤੋਂ ਬਾਹਰ ਆ ਗਈ।”

ਉਹ ਆਪਣਾ ਘਰ ਛੱਡ ਕੇ ਦਿੱਲੀ ਵਿੱਚ ਇੱਕ ਸਰਵੈਂਟ ਕੁਆਰਟਰ ਵਿੱਚ ਰਹਿਣ ਲੱਗੇ।

ਮਾਇਆ ਨੇ ਆਪਣੀ ਲਿੰਗਕਤਾ ਦੇ ਕਾਰਨ ਆਪਣਾ ਵਿਆਹੁਤਾ ਜੀਵਨ ਨਹੀਂ ਛੱਡਿਆ ਸੀ, ਜਿਸ ਨੂੰ ਉਹ ਹੁਣ ਤੱਕ ਪੂਰੀ ਤਰ੍ਹਾਂ ਸਵੀਕਾਰ ਨਹੀਂ ਕਰ ਸਕੇ ਸਨ, ਬਲਕਿ ਇਸ ਲਈ ਛੱਡਿਆ ਕਿਉਂਕਿ ਉਨ੍ਹਾਂ ਨੂੰ ਵਿਆਹ ਦੀ ਸੰਸਥਾ ਬਹੁਤ ਦਮਨਕਾਰੀ ਲੱਗੀ।

ਉਹ ਕਹਿੰਦੇ ਹਨ, “ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਇਹ ਕਿੰਨਾ ਗ਼ੈਰ-ਬਰਾਬਰੀ ਵਾਲਾ ਅਤੇ ਦਮਨਕਾਰੀ ਸੀ।”

ਇਸ ਕਦਮ ਵਿੱਚ ਉਨ੍ਹਾਂ ਦੇ ਕੰਮ ਨੇ ਅਹਿਮ ਭੂਮਿਕਾ ਨਿਭਾਈ ਸੀ। “ਸਹੇਲੀ ਨੇ ਮੈਨੂੰ ਬਹੁਤ ਦਿਲਾਸਾ ਅਤੇ ਹਿੰਮਤ ਦਿੱਤੀ। ਮੈਨੂੰ ਵੱਖਰੇ ਢੰਗ ਨਾਲ ਸੋਚਣ ਦੀ ਸ਼ਕਤੀ ਮਹਿਸੂਸ ਹੋਈ।”

ਕੁਝ ਸਮੇਂ ਬਾਅਦ ਉਨ੍ਹਾਂ ਨੂੰ ਇੱਕ ਮਹਿਲਾ ਨਾਲ ਪਿਆਰ ਹੋ ਗਿਆ।

“ਇਹ ਮੇਰੀ ਜ਼ਿੰਦਗੀ ਦਾ ਇੱਕ ਸ਼ਾਨਦਾਰ ਪੜਾਅ ਸੀ। ਇਹ ਸਮਝਣਾ ਕਿ ਤੁਸੀਂ ਕੌਣ ਹੋ, ਇੱਕ ਗੱਲ ਹੈ, ਪਰ ਜਦੋਂ ਤੁਸੀਂ ਕਿਸੇ ਨਾਲ ਪਿਆਰ ਵਿੱਚ ਪੈ ਜਾਂਦੇ ਹੋ, ਤਾਂ ਇਹ ਇੱਕ ਕਦਮ ਹੋਰ ਅੱਗੇ ਹੁੰਦਾ ਹੈ।”

ਉਹ ਆਪਣੀ ਸਾਥੀ ਨੂੰ ਬਹੁਤ ਸ਼ਿੱਦਤ ਨਾਲ ਯਾਦ ਕਰਦੇ ਹਨ। “ਮੈਂ ਉਸ ਨੂੰ ਆਪਣਾ ਗੁਰੂ ਮੰਨਦੀ ਹਾਂ। ਮੈਂ ਇਹ ਦੇਖ ਕੇ ਖੁਸ਼ ਹਾਂ ਕਿ ਉਹ ਕਿੰਨਾ ਕੁਝ ਕਰਨ ਦੇ ਸਮਰੱਥ ਹੈ।”

ਸਮਲਿੰਗੀਆਂ ਨੂੰ ਮਾਨਤਾ

1990 ਦੇ ਦਹਾਕੇ ਵਿੱਚ ਐੱਲਜੀਬੀਟੀਕਿਊ ਨੂੰ ਲੈ ਕੇ ਗੱਲਬਾਤ ਤੇਜ਼ ਹੋ ਗਈ।

ਜਦੋਂ ਕਿਰਨ ਬੇਦੀ ਨੇ 1994 ਵਿੱਚ ਤਿਹਾੜ ਜੇਲ੍ਹ ਵਿੱਚ ਕੰਡੋਮ ਵੰਡਣਾ ਬੰਦ ਕਰ ਦਿੱਤਾ ਤਾਂ ਇਸ ਨੂੰ ਸਮਲਿੰਗੀ ਸਬੰਧਾਂ ’ਤੇ ਰੋਕ ਲਾਉਣ ਲਈ ਇੱਕ ਕਦਮ ਦੇ ਰੂਪ ਵਿੱਚ ਦੇਖਿਆ ਗਿਆ।

ਇਸ ਕਾਰਨ ਕਈ ਵਿਰੋਧ ਪ੍ਰਦਰਸ਼ਨ ਹੋਏ।

ਮਾਇਆ ਕਹਿੰਦੇ ਹਨ, “ਮੈਂ ਵੀ ਉਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਸੀ।”

ਇੱਥੋਂ ਤੱਕ ਕਿ ਔਰਤਾਂ ਦੇ ਸਮੂਹਾਂ ਨੇ ਵੀ ਹਮੇਸ਼ਾ ਐੱਲਜੀਬੀਟੀਕਿਊ ਮੁੱਦਿਆਂ ਦਾ ਸਮਰਥਨ ਨਹੀਂ ਕੀਤਾ।

“ਵਿਮਲਾ ਫਾਰੂਕੀ (ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ) ਨੇ ਕਿਹਾ ਕਿ ਇਹ ਪਤਿਤ ਪੱਛਮੀ ਸੱਭਿਆਚਾਰ ਹੈ।”

ਸਮਲਿੰਗੀਆਂ ਨੇ ਛੋਟੇ-ਛੋਟੇ ਦਾਇਰੇ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਦੁਨੀਆਂ ਦੇ ਸਾਹਮਣੇ ਆਉਣਾ ਅਜੇ ਵੀ ਮੁਸ਼ਕਲ ਸੀ।

“ਜਦੋਂ ਵੀ ਐੱਲਜੀਬੀਟੀਕਿਊ ਮੁੱਦਿਆਂ ’ਤੇ ਚਰਚਾ ਕੀਤੀ ਜਾਂਦੀ ਸੀ, ਲੋਕ ਡਰਦੇ ਸਨ ਕਿ ਅਸੀਂ ਸਮਾਜਿਕ ਤਾਣੇ-ਬਾਣੇ ਨੂੰ ਤੋੜਨ ਜਾ ਰਹੇ ਹਾਂ।”

ਉਹ ਕਹਿੰਦੇ ਹਨ, “ਮੈਂ ਬਹੁਤ ਬੇਚੈਨ ਸੀ, ਕਿਉਂਕਿ ਮੈਂ ਉਦੋਂ ਸਿਆਣੀ ਨਹੀਂ ਸੀ।”

ਉਹ ਦੱਸਦੇ ਹਨ ਕਿ ਕਿਵੇਂ ਉਹ ਚਾਹੁੰੀੇ ਸਨ ਕਿ ਦੁਨੀਆਂ ਅਜਿਹੇ ਵਚਿੱਤਰ ਲੋਕਾਂ ਨੂੰ ਸਵੀਕਾਰ ਕਰੇ।

ਮਾਇਆ ਨੇ ਆਪਣੀ ਕਿਤਾਬ ਵਿੱਚ ਲਿਖਿਆ, ਫਿਰ ਹਾਲਾਤ ਬਦਲਣ ਲੱਗੇ। ਰਾਂਚੀ ਵਿੱਚ 1997 ਵਿੱਚ ਇੱਕ ਮਹਿਲਾ ਅੰਦੋਲਨ ਕਾਨਫਰੰਸ ਵਿੱਚ ਸਮਲਿੰਗੀ ਅਧਿਕਾਰਾਂ ਨੂੰ ਘੋਸ਼ਣਾ ਵਿੱਚ ਸ਼ਾਮਲ ਕੀਤਾ ਗਿਆ ਸੀ।

ਫਿਲਮ ‘ਫਾਇਰ’ ਦਾ ਵਿਵਾਦ

1998 ਵਿੱਚ ਆਈ ਫਿਲਮ 'ਫਾਇਰ', ਜਿਸ ਵਿੱਚ "ਦਰਾਣੀ-ਜੇਠਾਣੀ ਵਿਚਕਾਰ ਸਰੀਰਕ ਸਬੰਧਾਂ ਦੇ ਸਪਸ਼ਟ ਦ੍ਰਿਸ਼" ਸਨ, ਇਹ ਇੱਕ ਹੋਰ ਮੀਲ ਪੱਥਰ ਸੀ।

ਮੁੰਬਈ, ਦਿੱਲੀ ਅਤੇ ਸੂਰਤ ਵਿੱਚ ਥੀਏਟਰਾਂ ਵਿੱਚ ਭੰਨਤੋੜ ਕੀਤੀ ਗਈ ਅਤੇ ਸਿਆਸੀ ਪਾਰਟੀਆਂ ਅਤੇ ਐੱਲਜੀਬੀਟੀਕਿਊ ਸਮੂਹਾਂ ਦੁਆਰਾ ਵਿਰੋਧ ਪ੍ਰਦਰਸ਼ਨ ਦੀ ਚਰਚਾ ਕਈ ਦਿਨਾਂ ਤੱਕ ਰਹੀ।

ਉਨ੍ਹਾਂ ਨੇ ਕਿਹਾ, “ਅਸੀਂ ਬਹੁਤ ਪਿਆਰ ਅਤੇ ਮਾਣ ਨਾਲ ਇੱਕ ਪੋਸਟਰ ਬਣਾਇਆ, ਜਿਸ ਵਿੱਚ ‘ਇੰਡੀਅਨ ਔਰ ਲੈਸਬੀਅਨ' ਲਿਖਿਆ ਸੀ।”

“ਅਸੀਂ ਰੀਗਲ ਸਿਨੇਮਾ ਦੇ ਬਾਹਰ ਇਕੱਠੇ ਹੋਏ ਅਤੇ ਇੱਕ ਮੋਮਬੱਤੀ ਮਾਰਚ ਕੀਤਾ।”

ਅਗਲੀ ਸਵੇਰ, ਲੈਸਬੀਅਨ ਸ਼ਬਦ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਸੀ।

“ਇਸ ਤੋਂ ਵੀ ਅਸੀਂ ਡਰ ਗਏ। ਸਾਡੇ ਪਰਿਵਾਰਾਂ ਅਤੇ ਸਾਡੇ ਕਾਰਜ ਸਥਾਨ ’ਤੇ ਸਾਡੇ ਬਾਰੇ ਪਤਾ ਨਹੀਂ ਸੀ। ਇਸ ਲਈ ਸਾਨੂੰ ਨਹੀਂ ਪਤਾ ਸੀ ਕਿ ਇਸ ਦੇ ਕੀ ਨਤੀਜੇ ਹੋ ਸਕਦੇ ਹਨ।”

ਪਰ ਵਿਰੋਧ ਨੇ ਉਨ੍ਹਾਂ ਦੀ ਹਿੰਮਤ ਵਧਾਈ।

“ਜਦੋਂ ਤੁਸੀਂ ਡਰ ਤੋਂ ਉੱਪਰ ਉੱਠ ਜਾਂਦੇ ਹੋ, ਤਾਂ ਇਹ ਸਿਰਫ਼ ਤੁਹਾਡਾ ਨਹੀਂ ਰਹਿ ਜਾਂਦਾ। ਇਹ ਦੂਜੇ ਵਿਅਕਤੀ ਤੱਕ ਚਲਾ ਜਾਂਦਾ ਹੈ, ਅਤੇ ਤੁਹਾਨੂੰ ਲੱਗਦਾ ਹੈ ਕਿ ਉਹ ਮੇਰੇ ਨਾਲ ਕੀ ਕਰ ਸਕਦੇ ਹਨ।”

ਉਹ ਕਹਿੰਦੇ ਹਨ, “ਇਸ ਤਰ੍ਹਾਂ ਦੇ ਕਈ ਛੋਟੇ-ਛੋਟੇ ਪਲ ਆਏ।”

ਵਡੋਦਰਾ ਸ਼ਿਫਟ ਹੋਣਾ

ਮਾਇਆ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇੱਕ ਟਰੇਡ ਯੂਨੀਅਨ ਨਾਲ ਕੰਮ ਕਰ ਰਹੇ ਸੀ, ਜਿਸ ਨੇ ਐੱਲਜੀਬੀਟੀਕਿਊ ਮੁੱਦੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ।

"ਯੂਨੀਅਨ ਦਾ ਅਕਸ ਖ਼ਰਾਬ ਕਰਨ ’ਤੇ ਉਹ ਮੇਰੇ ਨਾਲ ਬਹੁਤ ਨਾਰਾਜ਼ ਸਨ ...। ਇਸ ਲਈ ਮੈਨੂੰ ਆਪਣੀ ਨੌਕਰੀ ਛੱਡਣੀ ਪਈ।”

ਆਖ਼ਰਕਾਰ, ਉਹ ਵਡੋਦਰਾ ਚਲੇ ਗਏ ਅਤੇ ‘ਵਿਕਲਪ ਮਹਿਲਾ ਸਮੂਹ’ ਨਾਲ ਜੁੜ ਗਏ, ਜੋ ਔਰਤਾਂ ਅਤੇ ਐੱਲਜੀਬੀਟੀਕਿਊ ਅਧਿਕਾਰਾਂ ਲਈ ਕੰਮ ਕਰਦਾ ਹੈ।

ਆਪਣੇ ਕੰਮ ਦੇ ਆਧਾਰ 'ਤੇ ਉਨ੍ਹਾਂ ਨੇ 2006 ਵਿੱਚ ‘ਲਵਿੰਗ ਵੂਮੈਨ: ਬੀਇੰਗ ਲੈਸਬੀਅਨ ਇਨ ਅੰਡਰਪ੍ਰੀਵਿਲੇਜ਼ਡ ਇੰਡੀਆ’ ਸਿਰਲੇਖ ਨਾਲ ਇੱਕ ਕਿਤਾਬ ਲਿਖੀ। ਇਸ ਵਿੱਚ ਪੇਂਡੂ ਭਾਰਤ ਵਿੱਚ ਸਮਲਿੰਗੀਆਂ ਦੇ ਜੀਵਨ ਦਾ ਵੇਰਵਾ ਦਿੱਤਾ ਗਿਆ।

ਧਾਰਾ 377 ਲਈ ਲੜਾਈ

ਹਾਲਾਂਕਿ ਭਾਰਤ ਵਿੱਚ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦੀ ਲੜਾਈ 1990 ਦੇ ਦਹਾਕੇ ਤੋਂ ਚੱਲੀ ਆ ਰਹੀ ਹੈ, ਪਰ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਇਸ ਕਾਨੂੰਨੀ ਲੜਾਈ ਵਿੱਚ ਤੇਜ਼ੀ ਆਈ।

ਸਾਲ 2003 ਇਸ ਭਾਈਚਾਰੇ ਲਈ ਇੱਕ ਵੱਡਾ ਝਟਕਾ ਸੀ ਜਦੋਂ ਦਿੱਲੀ ਹਾਈ ਕੋਰਟ ਨੇ ਸ਼ੁਰੂ ਵਿੱਚ ਆਈਪੀਸੀ ਦੀ ਧਾਰਾ 377 ਨੂੰ ਦਿੱਤੀ ਕਾਨੂੰਨੀ ਚੁਣੌਤੀ ਨੂੰ ਖ਼ਾਰਜ ਕਰ ਦਿੱਤਾ ਸੀ, ਜੋ ਸਮਲਿੰਗਤਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਬਾਰੇ ਸੀ।

ਮਾਇਆ ਇਸ ਲੜਾਈ ਵਿੱਚ ਨੇੜਿਓਂ ਸ਼ਾਮਲ ਸਨ ਅਤੇ ਇਸ ਭਾਈਚਾਰੇ ਵਿੱਚ ਸਮਰਥਨ ਇਕੱਠਾ ਕਰ ਰਹੇ ਸੀ।

ਉਹ ਅੱਗੇ ਦੱਸਦੇ ਹਨ, “ਅਸੀਂ ਪੈਦਲ ਸੈਨਿਕਾਂ ਵਾਂਗ ਸੀ। ਸਾਨੂੰ ਮਾਤਾ-ਪਿਤਾ ਦਾ ਸਮਰਥਨ ਮਿਲਿਆ, ਇੱਥੋਂ ਤੱਕ ਕਿ ਵਿਕਰਮ ਸੇਠ ਵਰਗੇ ਵੱਡੇ ਨਾਮ ਵੀ ਸਾਡੇ ਸਮਰਥਨ ਵਿੱਚ ਆਏ।”

2009 ਵਿੱਚ ਇਸ ਧਾਰਾ ਸਬੰਧੀ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦੇ ‘ਰੀਡ ਡਾਊਨ’ (ਗ਼ੈਰ-ਕਾਨੂੰਨੀ ਜਾਂ ਗ਼ੈਰ-ਸੰਵਿਧਾਨਕ ਐਲਾਨੇ ਜਾਣ ਤੋਂ ਬਚਾਉਣ ਲਈ ਵਿਧਾਨਿਕ ਵਿਵਸਥਾਵਾਂ ਨੂੰ ਪੜ੍ਹਨਾ) ਤੋਂ ਸਿਰਫ਼ ਚਾਰ ਸਾਲ ਬਾਅਦ ਸੁਪਰੀਮ ਕੋਰਟ ਦੁਆਰਾ ਉਲਟਾ ਦਿੱਤਾ ਗਿਆ ਸੀ।

ਉਹ ਅੱਗੇ ਕਹਿੰਦੇ ਹਨ, “ਇਸ ਨੂੰ ਦੁਬਾਰਾ ਲਾਗੂ ਕਰਨਾ ਸੱਚਮੁੱਚ ਨਿਰਾਸ਼ਾਜਨਕ ਸੀ।”

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਲਾਭ ਹੋਇਆ। ਇਸ ਮਾਮਲੇ ਨਾਲ ਸਮੁੱਚਾ ਐੱਲਜੀਬੀਟੀਕਿਊ ਭਾਈਚਾਰਾ "ਇੱਕ ਸਮਝ ਦੇ ਨਾਲ ਇੱਕਠਾ ਹੋ ਰਿਹਾ ਸੀ", ਜੋ ਉਦੋਂ ਤੱਕ "ਖਿੰਡਿਆ ਹੋਇਆ ਅਤੇ ਵਿਵਾਦਪੂਰਨ" ਸੀ।

ਟਰਾਂਸਜੈਂਡਰਾਂ ਨੂੰ ਮਾਨਤਾ ਦੇਣਾ ਅਤੇ ਸਮਲਿੰਗਤਾ ਨੂੰ ਅਪਰਾਧ ਤੋਂ ਮੁਕਤ ਕਰਾਉਣਾ

ਧਾਰਾ 377 ਨੂੰ ਉਲਟਾਉਣ ਤੋਂ ਕੁਝ ਮਹੀਨਿਆਂ ਬਾਅਦ ਸੁਪਰੀਮ ਕੋਰਟ ਨੇ ਇੱਕ ਹੋਰ ਇਤਿਹਾਸਕ ਫ਼ੈਸਲਾ ਸੁਣਾਇਆ, ਜਿਸ ਵਿੱਚ ਟਰਾਂਸਜੈਂਡਰਾਂ ਨੂੰ "ਤੀਜੇ ਲਿੰਗ" ਵਜੋਂ ਮਾਨਤਾ ਦੇਣ ਬਾਰੇ ਕਿਹਾ ਗਿਆ।

ਮਾਇਆ ਦਾ ਕਹਿਣਾ ਹੈ, "ਹੁਣ ਅਸੀਂ ਅਸਲ ਵਿੱਚ ਸਰਕਾਰ ਅੱਗੇ ਪੱਖ ਰੱਖ ਸਕਦੇ ਹਾਂ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤੁਸੀਂ ਇਹ ਕਰ ਸਕਦੇ ਹੋ।”

ਪਰ ਇੱਕ ਵੱਡਾ ਪਲ ਅਕਤੂਬਰ 2018 ਵਿੱਚ ਆਇਆ, ਜਦੋਂ ਸੁਪਰੀਮ ਕੋਰਟ ਨੇ ਧਾਰਾ 377 ਨੂੰ ਰੱਦ ਕਰ ਦਿੱਤਾ। ਜਿਸ ਨਾਲ ਹੁਣ ਸਮਲਿੰਗੀ ਹੋਣਾ ਕੋਈ ਅਪਰਾਧ ਨਹੀਂ ਰਿਹਾ।

ਇਸ ਨਾਲ ਮਾਇਆ ਆਪਣੀ ਪਛਾਣ ਦੇ ਨਾਲ ਸਹਿਜ ਹੋ ਗਏ ਸਨ, ਇਹ ਮਨੋਬਲ ਵਧਾਉਣ ਵਾਲਾ ਸੀ।

ਉਨ੍ਹਾਂ ਦਾ ਕਹਿਣਾ ਹੈ, "ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਕੋਈ ਕਹੇਗਾ ਕਿ ਅਸੀਂ ਗ਼ੈਰ-ਕੁਦਰਤੀ ਹਾਂ।"

“ਇਸ ਲਈ ਇਹ ਤਸੱਲੀ ਸੀ ਕਿ ਅਸੀਂ ਅਪਰਾਧੀ ਨਹੀਂ।”

ਹਾਲਾਂਕਿ ਐੱਲਜੀਬੀਟੀਕਿਊ ਨੂੰ ਸਵੀਕਾਰਨ ਦਾ ਅਹਿਸਾਸ ਦਿਵਾਉਣ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਸੀ, ਪਰ ਫਿਰ ਵੀ ਅਜੇ ਕੰਮ ਕਰਨਾ ਬਾਕੀ ਹੈ।

“ਕਾਨੂੰਨ ਵਿੱਚ ਤਬਦੀਲੀ ਜ਼ਰੂਰੀ ਹੈ। ਹਾਲਾਂਕਿ, ਇਸ ਦਾ ਅਸਰ ਹੌਲੀ-ਹੌਲੀ ਮਹਿਸੂਸ ਹੁੰਦਾ ਹੈ।”

ਵਡੋਦਰਾ ਵਿੱਚ ਆਪਣੀ ਠਹਿਰ ਦੌਰਾਨ, ਉਨ੍ਹਾਂ ਦੀ ਮੁਲਾਕਾਤ ਉਸ ਔਰਤ ਨਾਲ ਹੋਈ ਜੋ ਹੁਣ ਉਨ੍ਹਾਂ ਦੀ ਪਾਰਟਨਰ ਹੈ। ਉਹ ਇਸ ਸਮੇਂ ਨੂੰ ਆਪਣੇ "ਮਜ਼ੇਦਾਰ ਦਿਨਾਂ" ਵਜੋਂ ਬਿਆਨ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਕਿਉਂਕਿ ਮੈਂ ਇਸ ਭਾਈਚਾਰੇ ਵਿੱਚ ਕੰਮ ਕਰ ਰਹੀ ਸੀ, ਉਨ੍ਹਾਂ ਨੂੰ ਰੋਜ਼ਾਨਾ ਮਿਲਦੀ ਰਹਿੰਦੀ ਸੀ। ਇਸ ਲਈ ਮੈਂ ਵੀ ਪਿਆਰ ਵਿੱਚ ਪੈ ਗਈ ਸੀ।”

ਵਿਆਹ ਦੇ ਅਧਿਕਾਰ ਦੀ ਮੰਗ

ਸਮਲਿੰਗਤਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਹਟਾਉਣ ਅਤੇ ਟਰਾਂਸਜੈਂਡਰ ਨੂੰ ਮਾਨਤਾ ਦੇਣ ਨਾਲ, ਐੱਲਜੀਬੀਟੀਕਿਊ ਭਾਈਚਾਰੇ ਵਿੱਚ ਕਈਆਂ ਨੇ ਵਿਆਹ ਦੇ ਅਧਿਕਾਰ ’ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ।

ਜਨਵਰੀ 2020 ਵਿੱਚ ਇੱਕ ਸਮਲਿੰਗੀ ਜੋੜੇ ਨੇ ਕੇਰਲ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਵਿਆਹ ਦੇ ਅਧਿਕਾਰ ਦੀ ਮੰਗ ਕੀਤੀ ਸੀ।

ਇਸੇ ਤਰ੍ਹਾਂ ਦੀਆਂ ਪਟੀਸ਼ਨਾਂ ਦਿੱਲੀ ਅਤੇ ਉੜੀਸਾ ਦੀਆਂ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਵਿੱਚ ਵੀ ਦਾਇਰ ਕੀਤੀਆਂ ਗਈਆਂ।

ਪਟੀਸ਼ਨਕਰਤਾਵਾਂ ਨੇ ਦਲੀਲ ਦਿੱਤੀ ਕਿ ਵਿਪਰੀਤ ਲਿੰਗ ਦੇ ਜੋੜਿਆਂ ਦੇ ਵਿਆਹ ਨੂੰ ਦਿੱਤੇ ਗਏ ਕਈ ਬੁਨਿਆਦੀ ਅਧਿਕਾਰਾਂ ਤੋਂ ਉਨ੍ਹਾਂ ਨੂੰ ਵਾਂਝੇ ਕਰ ਦਿੱਤਾ ਗਿਆ। ਜਨਵਰੀ 2023 ਵਿੱਚ ਸੁਪਰੀਮ ਕੋਰਟ ਨੇ ਇਨ੍ਹਾਂ ਸਾਰੀਆਂ ਪਟੀਸ਼ਨਾਂ ਨੂੰ ਕਲੱਬ ਕਰ ਦਿੱਤਾ।

ਹਾਲਾਂਕਿ ਮਾਇਆ ਅਜੇ ਵੀ ਵਿਆਹ ਦੇ ਵਿਚਾਰ ਦੇ ਖ਼ਿਲਾਫ਼ ਹਨ। ਉਨ੍ਹਾਂ ਨੇ ਅਤੇ ਕਈ ਹੋਰਾਂ ਨੇ ਵੀ ਫਰਵਰੀ 2023 ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਕਿਉਂਕਿ ਉਹ ਵਧੇਰੇ ਬਰਾਬਰ ਜਾਇਦਾਦ ਅਤੇ ਵਿਰਾਸਤ ਕਾਨੂੰਨ ਚਾਹੁੰਦੇ ਸਨ।

"ਮੈਂ ਜ਼ਰੂਰੀ ਤੌਰ 'ਤੇ ਇਨ੍ਹਾਂ ਅਲੱਗ ਕਿਸਮ ਦੇ ਲੋਕਾਂ ਦੇ ਵਿਆਹ ਦਾ ਸਮਰਥਨ ਨਹੀਂ ਕਰ ਰਹੀ ਹਾਂ। ਕਿਉਂਕਿ ਵਿਆਹ ਸ਼ਬਦ ਵਿੱਚ ਬਹੁਤ ਸਾਰੇ ਰਿਸ਼ਤੇ ਨਾਤੇ ਸ਼ਾਮਲ ਹੁੰਦੇ ਹਨ। ਮੈਂ ਇਸ ਦੀ ਬਜਾਏ ਇਸ ਨੂੰ ਪਾਰਟਨਰਸ਼ਿਪ ਕਹਾਂਗੀ।”

ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪਟੀਸ਼ਨ ਰਾਹੀਂ ਲੋਕ ਜ਼ਿਆਦਾ ਬਰਾਬਰੀ ਵਾਲੀ, ਘੱਟ ਪਿਤਰਸੱਤਾ ਸੰਸਥਾ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ।

ਉਨ੍ਹਾਂ ਦੀ ਪਟੀਸ਼ਨ ਵਿੱਚ ਇੱਕ ਵਿਲੱਖਣ ਮੰਗ ਵੀ ਕੀਤੀ ਗਈ ਹੈ: ਕਿਸੇ ਦੇ ਪਰਿਵਾਰ ਨੂੰ ਚੁਣਨ ਦਾ ਬਦਲ।

ਉਹ ਕਹਿੰਦੇ ਹਨ, “(ਪਰਿਵਾਰਾਂ ਵਿੱਚ) ਹਿੰਸਾ ਸਪੱਸ਼ਟ ਨਜ਼ਰ ਨਹੀਂ ਆਉਂਦੀ।”

“ਸਮਲਿੰਗੀਆਂ ਨੂੰ ਉਨ੍ਹਾਂ ਦੇ ਆਪਣੇ ਪਰਿਵਾਰਾਂ ਵਿੱਚ ਜਿਸ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਤੁਸੀਂ ਉਨ੍ਹਾਂ ਲਈ ਸਹਾਇਤਾ ਢਾਂਚਾ ਕਿਵੇਂ ਪ੍ਰਦਾਨ ਕਰੋਗੇ?”

ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੁਪਰੀਮ ਕੋਰਟ ਕੀ ਫ਼ੈਸਲਾ ਕਰਦਾ ਹੈ, ਮਾਇਆ ਦਾ ਮੰਨਣਾ ਹੈ ਕਿ ਅੰਦੋਲਨ ਨੂੰ ਪਤਾ ਹੈ ਕਿ ਉਸ ਨੇ ਕੀ ਕੰਮ ਕਰਨਾ ਹੈ।

ਮਾਇਆ ਸ਼ਰਮਾ ਨੇ ਕਿਹਾ, “ਕਾਨੂੰਨੀ ਮਾਨਤਾ ਦੀ ਤਲਾਸ਼ ਇੱਕ ਪਾਸੇ ਹੈ ਅਤੇ ਸਮਾਜਿਕ ਤਬਦੀਲੀ ਦੂਜੇ ਪਾਸੇ ਹੈ।"

"ਹਾਲਾਂਕਿ, ਇਹ ਇੱਕ ਖੂਬਸੂਰਤ ਵਿਚਾਰ ਹੈ ਕਿ ਦੋਵੇਂ ਕਦੇ ਮਿਲ ਸਕਦੇ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)