You’re viewing a text-only version of this website that uses less data. View the main version of the website including all images and videos.
ਕਾਮਸੂਤਰ ‘ਸਿਰਫ਼ ਸਰੀਰਕ ਸਬੰਧਾਂ’ ਬਾਰੇ ਨਹੀਂ ਤਾਂ ਫਿਰ ਇਸ ਦਾ ਅਸਲ ਵਿਸ਼ਾ ਕੀ ਹੈ?
ਕਾਮਸੂਤਰ ਰਿਸ਼ੀ ਵਾਤਸਯਾਨ ਦੀ ਸੰਸਕ੍ਰਿਤ ਵਿੱਚ ਲਿਖੀ ਇੱਕ ਰਚਨਾ ਹੈ।
ਪੱਛਮੀ ਜਗਤ ਵਿੱਚ, ਕਾਮਸੂਤਰ ਨੂੰ ਇੱਕ 'ਕਾਮੁਕ ਸਾਹਿਤ' ਵਜੋਂ ਦੇਖਿਆ ਜਾਂਦਾ ਹੈ। ਸ਼ਾਇਦ ਮੌਜੂਦਾ ਸਮੇਂ ਭਾਰਤ ਵਿੱਚ ਵੀ ਬਹੁਤ ਸਾਰੇ ਲੋਕ ‘ਕਾਮਸੂਤਰ’ ਨੂੰ ਮਹਿਜ਼ ਸਰੀਰਕ ਸਬੰਧਾਂ ਬਾਰੇ ਦੱਸਣ ਵਾਲ਼ੀ ਕਿਤਾਬ ਹੀ ਸਮਝਦੇ ਹਨ।
ਜਦਕਿ ਆਧੁਨਿਕ ਧਰਮਾਂ ਮੁਤਾਬਕ ਸਰੀਰ ਇੱਕ ਬੁਰੀ ਚੀਜ਼ (ਨਾਸ਼ਵਾਨ) ਹੈ। ਸਰੀਰਕ ਸੁੱਖ ਵਿਅਰਥ ਹੈ ਅਤੇ ਇਸ ਦੀ ਇੱਛਾ ਕਰਨਾ ਪਾਪ ਹੈ।
ਸੈਕਸ ਦੇ ਪਿੱਛੇ ਇੱਕੋ-ਇੱਕ ਉਦੇਸ਼ ਬੱਚੇ ਪੈਦਾ ਕਰਨਾ ਹੋਣਾ ਚਾਹੀਦਾ ਹੈ। ਇਸਦੇ ਉਲਟ ਪ੍ਰਾਚੀਨ ਭਾਰਤੀ ਰਿਸ਼ੀ ਵਾਤਸਯਾਨ ਗੰਗਾ ਦੇ ਕੰਢੇ ਬੈਠੇ ਕਾਮਸੂਤਰ ਵਰਗੇ ਗ੍ਰੰਥ ਦੀ ਰਚਨਾ ਕਰ ਰਹੇ ਸਨ।
ਉਹ ਸੰਦੇਸ਼ ਦੇ ਰਹੇ ਸਨ ਕਿ ਸਰੀਰਕ ਸੁੱਖ ਇੱਕ ਬਹੁਤ ਚੰਗੀ ਚੀਜ਼ ਹੈ, ਅਤੇ ਸਮਝਾ ਰਹੇ ਸਨ ਕਿ ਇਸਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ।
ਕੀ ਵਾਤਸਾਯਨ ਵਰਗੇ ਬ੍ਰਹਮਚਾਰੀ ਰਿਸ਼ੀ ਦੀ ਲਿਖੀ ਇਹ ਕਿਤਾਬ ਸਿਰਫ਼ ਕਾਮੁਕਤਾ ਦੀ ਗੱਲ ਕਰਦੀ ਹੈ? ਇਸ ਕਿਤਾਬ ਨੂੰ ਸੈਕਸ ਮੈਨੂਅਲ ਵਜੋਂ ਦੇਖਣਾ/ਦਿਖਾਉਣਾ ਕਿੰਨਾ ਸਹੀ ਹੈ?
‘ਕਾਮਸੂਤਰ’ ਅਸਲ ਵਿੱਚ ਇੱਕ ਅਜਿਹੀ ਕਿਤਾਬ ਹੈ ਜਿਸ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਗਿਆ ਜਾਂ ਗਲਤ ਹੀ ਸਮਝਿਆ ਗਿਆ।
ਜੇਕਰ ਅਸੀਂ ਇਸ ਕਿਤਾਬ ਦੀ ਬਣਤਰ ਅਤੇ ਇਸ ਦੀ ਸਮੱਗਰੀ ਨੂੰ ਡੂੰਘਾਈ ਨਾਲ ਸਮਝੀਏ ਤਾਂ ਕਾਮਸੂਤਰ ਬਾਰੇ ਸਾਡੀਆਂ ਬਹੁਤ ਸਾਰੀਆਂ ਗਲਤ ਧਾਰਨਾਵਾਂ ਦੂਰ ਹੋ ਜਾਣਗੀਆਂ।
ਮਹਿਜ਼ ਕਾਮਸੂਤਰ ਹੀ ਨਹੀਂ, ਸਗੋਂ ਕਾਮੁਕਤਾ ਬਾਰੇ ਪ੍ਰਾਚੀਨ ਭਾਰਤੀ ਵਿਚਾਰ ਅਤੇ ਅਸੀਂ ਉਸ ਤੋਂ ਕਿੰਨੀ ਦੂਰ ਹੋ ਗਏ ਹਾਂ। ਇਹ ਵੀ ਸਮਝ ਆਵੇਗਾ।
ਕਾਮਸੂਤਰ ਦੀ ਬਣਤਰ
ਕਾਮਸੂਤਰ ਰਿਸ਼ੀ ਵਾਤਸਾਯਨ ਦੀਆਂ ਰਚਨਾਵਾਂ ਦਾ ਇੱਕ ਸੰਗ੍ਰਹਿ ਹੈ। ਕਾਮਸੂਤਰ ਦੇ ਰਚਨਾਕਾਲ ਬਾਰੇ ਕੋਈ ਸਟੀਕ ਜਾਣਕਾਰੀ ਨਹੀਂ ਹੈ।
ਵਿਦਵਾਨਾਂ ਦੀ ਰਾਇ ਹੈ ਕਿ ਇਹ ਕਿਤਾਬ ਚੌਥੀ ਸਦੀ ਈਸਾ ਪੂਰਵ ਵਿੱਚ ਲਿਖੀ ਗਈ ਹੋ ਸਕਦੀ ਹੈ, ਜਦੋਂ ਕਿ ਕੁਝ ਖੋਜੀਆਂ ਦੀ ਰਾਇ ਹੈ ਕਿ ਕਾਮਸੂਤਰ ਤੀਜੀ ਸਦੀ ਈਸਵੀ ਵਿੱਚ ਲਿਖਿਆ ਗਿਆ ਸੀ।
ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਗ੍ਰੰਥ ਨੂੰ ਗੁਪਤ ਰਾਜ ਦੌਰਾਨ ਲਿਖਿਆ ਗਿਆ। ਹਾਲਾਂਕਿ, ਕਾਮਸੂਤਰ ਵਿੱਚ ਗੁਪਤ ਰਾਜ ਦਾ ਕਿਤੇ ਵੀ ਜ਼ਿਕਰ ਨਹੀਂ ਹੈ।
ਅਸਲ ਵਿੱਚ ਇਹ ਇੱਕ ਕਿਤਾਬ ਨਹੀਂ ਹੈ ਸਗੋਂ ਸੱਤ ਕਿਤਾਬਾਂ ਦਾ ਇੱਕ ਸੈੱਟ ਹੈ, ਜਿਸ ਵਿੱਚ 36 ਅਧਿਆਏ ਅਤੇ ਕੁੱਲ 1250 ਸਲੋਕ ਹਨ।
ਕਲਾ ਇਤਿਹਾਸ ਦੀ ਵਿਦਵਾਨ ਅਤੇ ਖੋਜੀ ਅਲਕਾ ਪਾਂਡੇ, ਕਾਮਸੂਤਰ ਦੀ ਬਣਤਰ ਬਾਰੇ ਦੱਸਦੇ ਹਨ, ‘ਕਾਮਸੂਤਰ’ ਦੀਆਂ ਸੱਤ ਕਿਤਾਬਾਂ ਵਿੱਚੋਂ ਪਹਿਲੀ ਕਿਤਾਬ ‘ਚੰਗੀ ਜ਼ਿੰਦਗੀ’ ਜਿਊਣ ਬਾਰੇ ਹੈ। ਇਹ ਧਰਮ (ਨੈਤਿਕ ਕਦਰਾਂ-ਕੀਮਤਾਂ), ਅਰਥ (ਆਰਥਿਕ ਕਦਰਾਂ-ਕੀਮਤਾਂ), ਕਾਮ (ਭੌਤਿਕ ਮੁੱਲ) ਅਤੇ ਮੋਕਸ਼ ਜੋ ਚਾਰ ਪੁਰਸ਼ਾਰਥ ਹਨ, ਬਾਰੇ ਗੱਲ ਕਰਦੀ ਹੈ।
ਅਸੀਂ ਜਾਣਦੇ ਹਾਂ ਕਿ ‘ਕਾਮ’ ਦਾ ਅਰਥ ਹੈ ਕਾਮੁਕ ਸੁੱਖ ਅਤੇ ਇਹ ਵੀ ‘ਬਿਹਤਰ ਜ਼ਿੰਦਗੀ’ ਜਿਊਣ ਲਈ ਅਹਿਮ ਹੈ।
ਇਸ ਪੁਸਤਕ ਲੜੀ ਦੀ ਦੂਜੀ ਪੁਸਤਕ ਕਾਮ ਦੀ ਖੇਡ ਅਤੇ ਸੰਭੋਗ ਦੇ ਆਸਣਾਂ ਬਾਰੇ ਹੈ।
‘ਕਾਮਸੂਤਰ’ ਵਿੱਚ ਰੱਖੀ ਗਈ ਇਸ ਪੁਸਤਕ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਲੇਖਕ ਅਤੇ ਪ੍ਰੋਫ਼ੈਸਰ ਮਾਧਵੀ ਮੈਨਨ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਇੱਕ ਪੁਸਤਕ ਘਰ ਦੀ ਸਜਾਵਟ ਅਤੇ ਵਾਸਤੂਕਲਾ ਬਾਰੇ ਵੀ ਹੈ।
ਮਾਧਵੀ ਮੈਨਨ ਦੀ ਰਾਇ ਹੈ ਕਿ ਕਿਤਾਬ ਦੱਸਦੀ ਹੈ ਕਿ ਤੁਸੀਂ ਕਾਮ ਅਤੇ ਖੁਸ਼ੀ ਦੀ ਭਾਵਨਾ ਨੂੰ ਵਧਾਉਣ ਲਈ ਕਿਸੇ ਥਾਂ ਨੂੰ ਕਿਵੇਂ ਬਣਾ ਅਤੇ ਸਜਾ ਸਕਦੇ ਹੋ।
"ਛੇਵੀਂ ਕਿਤਾਬ ਪੂਰੀ ਤਰ੍ਹਾਂ ਗਨਿਕਾਵਾਂ ਬਾਰੇ ਹੈ। ਉਸੇ ਭਾਗ ਵਿੱਚ ਭਾਂਤ-ਭਾਂਤ ਦੀਆਂ ਔਰਤਾਂ ਬਾਰੇ ਲਿਖਿਆ ਗਿਆ ਹੈ। ਹੁਣ ਲੋਕ ਕਹਿਣਗੇ, 'ਓਏ, ਇਹ ਵੇਸਵਾ ਜਾਂ ਵੇਸਵਾਗਿਰੀ ਬਾਰੇ ਹੈ' ਅਤੇ ਸਮੁੱਚੀ ਕਿਤਾਬ ਨੂੰ ਹੀ ਰੱਦ ਕਰ ਦੇਣਗੇ।
ਜਦਕਿ ਗਨਿਕਾ ਕੋਈ ਅਜਿਹੀ ਔਰਤ ਨਹੀਂ ਸੀ ਜਿਸ ਨੇ ਆਪਣਾ ਸਰੀਰ ਵੇਚ ਦਿੱਤਾ ਹੋਵੇ। ਉਹ ਤਤਕਾਲੀ ਭਾਰਤ ਦੇ ਸੱਭਿਅਕ ਅਤੇ ਕੁਲੀਨ ਵਰਗ ਦੇ ਸਮਾਜਿਕ ਜੀਵਨ ਦਾ ਹਿੱਸਾ ਸਨ।
ਔਰਤ ਦੀਆਂ ਇੱਛਾਵਾਂ ਅਹਿਮ ਹਨ
ਸੈਕਸ ਬਾਰੇ ਇੱਕ ਆਮ ਗਲਤ ਧਾਰਨਾ ਇਹ ਹੈ ਕਿ ਸੈਕਸ ਦੌਰਾਨ ਮਰਦ ਦੀ ਖੁਸ਼ੀ ਜ਼ਰੂਰੀ ਹੈ, ਔਰਤ ਦੀ ਖੁਸ਼ੀ ਨਹੀਂ। ਇਸ ਸੋਚ ਨੂੰ ਸਭ ਤੋਂ ਪਹਿਲਾਂ ‘ਕਾਮਸੂਤਰ’ ਨੇ ਰੱਦ ਕੀਤਾ।
ਅਤੀਤ ਵਿੱਚ ਅਜਿਹਾ ਮੰਨਿਆ ਜਾਂਦਾ ਸੀ ਕਿ 'ਔਰਗੈਜ਼ਮ' (ਚਰਮ ਸੁੱਖ) ਹਾਸਲ ਕਰਨ ਲਈ ਔਰਤਾਂ ਮਰਦਾਂ 'ਤੇ ਨਿਰਭਰ ਹਨ। ਜਦਕਿ 'ਕਾਮਸੂਤਰ' 'ਚ ਪਹਿਲੀ ਵਾਰ ਕਿਹਾ ਗਿਆ ਕਿ ਔਰਤਾਂ ਨੂੰ ਇਹ ਖੁਸ਼ੀ ਹਾਸਲ ਕਰਨ ਲਈ ਮਰਦਾਂ ਦੀ ਲੋੜ ਨਹੀਂ ਹੈ।
ਹਾਲਾਂਕਿ ਸੈਕਸ, ਮਰਦ ਅਤੇ ਔਰਤ ਦੋਵਾਂ ਦੀ ਇੱਕ ਸਰੀਰਕ ਲੋੜ ਹੈ ਪਰ ਇਸ ਬਾਰੇ ਦੋਵਾਂ ਦੀਆਂ ਭਾਵਨਾਵਾਂ ਅਤੇ ਕਾਮੁਕਤਾ ਦੇ ਸਰੋਤਾਂ ਵਿੱਚ ਬਹੁਤ ਵੱਡਾ ਅੰਤਰ ਹੈ।
ਵਾਤਸਯਾਨ ਦਾ ਕਹਿਣਾ ਹੈ, "ਪੁਰਸ਼ਾਂ ਦੀ ਸਰੀਰਕ ਇੱਛਾ ਅੱਗ ਵਰਗੀ ਹੈ। ਇਹ ਜਣਨ ਅੰਗਾਂ ਤੋਂ ਸ਼ੁਰੂ ਹੋ ਕੇ ਸਿਰ ਤੱਕ ਜਾਂਦੀ ਹੈ। ਅੱਗ ਵਾਂਗ, ਇਹ ਆਸਾਨੀ ਨਾਲ਼ ਬਲ਼ਦੀ ਹੈ ਅਤੇ ਤੇਜ਼ੀ ਨਾਲ ਫ਼ੈਲ ਜਾਂਦੀ ਹੈ। ਇਸ ਦੇ ਉਲਟ, ਔਰਤ ਦੀ ਕਾਮ ਇੱਛਾ ਪਾਣੀ ਦੀ ਨਿਆਈਂ ਹੈ। ਇਸ ਨੂੰ ਜਗਾਉਣ ਅਤੇ ਫਿਰ ਇਸ ਤੋਂ ਉੱਭਰਨ ਵਿੱਚ ਵੀ ਸਮਾਂ ਲੱਗਦਾ ਹੈ।"
ਲੇਖਿਕਾ ਮਾਧਵੀ ਮੈਨਨ ਮੁਤਾਬਕ, "ਕਾਮਸੂਤਰ ਵਿੱਚ ਜਦੋਂ ਵੀ ਇਸਤਰੀ-ਪੁਰਸ਼ ਦੇ ਸਰੀਰਕ ਸਬੰਧਾਂ ਦਾ ਕੋਈ ਜ਼ਿਕਰ ਹੁੰਦਾ ਹੈ, ਤਾਂ ਵਾਤਸਯਾਨ ਨੇ ਔਰਤਾਂ ਦੀ ਸਰੀਰਕ ਸਥਿਤੀ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਚੁੰਮਣਾ, ਕੱਟਣਾ ਵਗੈਰਾ ਚਾਹੀਦਾ ਹੈ।
ਸਭ ਤੋਂ ਮਹੱਤਵਪੂਰਨ ਉਹ ਇਹ ਵੀ ਕਹਿੰਦਾ ਹੈ ਕਿ ਪੁਰਸ਼ ਨੂੰ ਅਜਿਹਾ ਸਿਰਫ਼ ਤਾਂ ਹੀ ਕਰਨਾ ਚਾਹੀਦਾ ਹੈ ਜਦੋਂ ਉਹ ਚਾਹੁੰਦੀ ਹੈ।
‘ਕਾਮਸੂਤਰ’ ਕਿਤਾਬ ਬਾਰੇ ਮੁੱਖ ਗੱਲਾਂ:
- ਅਸਲ ਵਿੱਚ ‘ਕਾਮਸੂਤਰ’ ਕਿਤਾਬ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਗਿਆ ਜਾਂ ਗਲਤ ਸਮਝਿਆ ਗਿਆ
- ਕਾਮਸੂਤਰ ਰਿਸ਼ੀ ਵਾਤਸਾਯਨ ਦੀਆਂ ਰਚਨਾਵਾਂ ਦਾ ਇੱਕ ਸੰਗ੍ਰਹਿ ਹੈ
- ਪ੍ਰਾਚੀਨ ਭਾਰਤ ਵਿੱਚ ਲਿੰਗਕਤਾ ਪ੍ਰਤੀ ਉਦਾਰਵਾਦੀ ਦ੍ਰਿਸ਼ਟੀਕੋਣ ਮੌਜੂਦ ਸੀ
- 'ਤੀਜੇ ਲਿੰਗ' ਵਾਲਿਆਂ ਦਾ ਮੁਗ਼ਲਾਂ ਦੇ ਦਰਬਾਰ ਵਿੱਚ ਮਾਣ-ਸਨਮਾਨ ਸੀ
- ਅੰਗਰੇਜ਼ ਨੇ ਹਰ ਉਸ ਚੀਜ਼ ਦਾ ਅਪਰਾਧੀਕਰਨ ਕੀਤਾ ਜੋ ਪ੍ਰਜਨਨ ਲਈ ਤਿਆਰ ਕੀਤੀ ਗਈ ਲਿੰਗਕਤਾ ਦੇ ਢਾਂਚੇ ਦੇ ਅੰਦਰ ਫਿੱਟ ਨਹੀਂ ਬੈਠਦੀ ਸੀ
ਵਾਤਸਯਾਨ ਨੇ ਇਸਤਰੀ-ਪੁਰਸ਼ ਦੇ ਸਰੀਰਕ ਸਬੰਧਾਂ ਦੇ ਨਾਲ-ਨਾਲ ਉਨ੍ਹਾਂ ਦੇ ਪਿਆਰ ਅਤੇ ਭਾਵਨਾਤਮਕ ਰਿਸ਼ਤਿਆਂ ਬਾਰੇ ਵੀ ਟਿੱਪਣੀ ਕੀਤੀ ਹੈ। ਉਹ ਪਿਆਰ ਵਿੱਚ ਰੋਣ ਅਤੇ ਲੜਨ ਦੀਆਂ ਗੱਲਾਂ ਵੀ ਕਰਦੇ ਹਨ।
ਵਾਤਸਯਾਨ ਨੇ ਉਸ ਸਮੇਂ ਰਿਸ਼ਤੇ ਦੀ ਤਾਜ਼ਗੀ ਬਣਾਈ ਰੱਖਣ ਬਾਰੇ ਵੀ ਲਿਖਿਆ ਸੀ। ਉਨ੍ਹਾਂ ਮੁਤਾਬਕ ਰਿਸ਼ਤੇ ਦਾ ਰੋਮਾਂਚ ਅਤੇ ਤਾਜ਼ਗੀ ਬਰਕਰਾਰ ਰੱਖਣ ਲਈ ਦੋਵਾਂ ਦਾ ਲੜਨਾ ਵੀ ਜ਼ਰੂਰੀ ਹੈ।
ਵਾਤਸਯਾਨ ਦਾ ਕਹਿਣਾ ਹੈ ਕਿ ਇਹ ਲੜਾਈ ਉਦੋਂ ਹੀ ਸਫ਼ਲ ਹੁੰਦੀ ਹੈ ਜਦੋਂ ਦੋਵਾਂ ਵਿਚਾਲੇ ਰਿਸ਼ਤਾ ਮਜ਼ਬੂਤ ਅਤੇ ਆਪਸੀ ਵਿਸ਼ਵਾਸ ਹੋਵੇ। ਹਾਲਾਂਕਿ, ਜੇ ਦੋਵਾਂ ਵਿਚਕਾਰ ਪਿਆਰ ਨਹੀਂ ਹੈ, ਤਾਂ ਇਹ ਲੜਾਈ ਭਿਆਨਕ ਹੋ ਸਕਦੀ ਹੈ। ਫਿਰ ਕੋਈ ਹੱਲ ਨਹੀਂ ਹੈ।
ਕਾਮਸੂਤਰ ਵਿੱਚ ਰਿਸ਼ੀ ਲਿਖਦੇ ਹਨ, "ਇੱਕ ਆਦਮੀ ਹਮੇਸ਼ਾ ਲੜਾਈ ਸ਼ੁਰੂ ਕਰਦਾ ਹੈ। ਔਰਤ ਗੁੱਸੇ ਵਿੱਚ ਚੀਕਦੀ ਹੈ। ਉਹ ਆਪਣੇ ਗਹਿਣੇ ਸੁੱਟ ਦਿੰਦਾ ਹੈ। ਉਹ ਆਪਣੀਆਂ ਚੀਜ਼ਾਂ ਤੋੜ ਕੇ ਆਦਮੀ ’ਤੇ ਸੁੱਟ ਦਿੰਦੀ ਹੈ। ਹਾਲਾਂਕਿ ਇਸ ਲੜਾਈ ਦਾ ਇੱਕ ਨਿਯਮ ਹੈ। ਔਰਤ ਆਪਣੀ ਹੱਦ ਪਾਰ ਨਹੀਂ ਕਰਦੀ।
ਕਾਮਸੂਤਰ ਵਿੱਚ ਇਸ ਦਾ ਬਹੁਤ ਰੌਚਿਕ ਕਾਰਨ ਦੱਸਿਆ ਗਿਆ ਹੈ, ਜੋ ਕਿ 100% ਔਰਤ ਪੱਖੀ ਹੈ।
"ਸਭ ਤੋਂ ਪਹਿਲਾਂ, ਜੇ ਆਦਮੀ ਉਸਨੂੰ ਮਨਾਉਣ ਪਿੱਛੇ ਨਾ ਗਿਆ ਤਾਂ ਇਹ ਉਸ ਦੀ ਬੇਇੱਜ਼ਤੀ ਹੋਵੇਗੀ। ਦੂਜਾ ਲੜਾਈ ਉਦੋਂ ਖ਼ਤਮ ਹੁੰਦੀ ਹੈ ਜਦੋਂ ਆਦਮੀ ਉਸ ਦੇ ਪੈਰਾਂ 'ਤੇ ਡਿੱਗਦਾ ਹੈ ਅਤੇ ਉਸ ਤੋਂ ਮਾਫ਼ੀ ਮੰਗਦਾ ਹੈ ਅਤੇ ਉਹ ਘਰ ਤੋਂ ਬਾਹਰ ਅਜਿਹਾ ਨਹੀਂ ਕਰ ਸਕਦਾ।
ਸਮਲਿੰਗਤਾ ਅਤੇ ਤੀਜੇ ਲਿੰਗ ਦੇ ਹਵਾਲੇ
ਲੇਖਕ ਲਿਖਦਾ ਹੈ ਕਿ ਸੁਸ਼ਰੁਤ ਸੰਹਿਤਾ ਅਨੁਸਾਰ ਸਮਲਿੰਗੀ ਪੁਰਸ਼ਾਂ ਯਾਨੀ ਕਿ ਕਲੀਬਾ ਨੂੰ ਉਨ੍ਹਾਂ ਦੇ ਲਿੰਗਕ ਰੁਝਾਨ ਦੇ ਅਨੁਸਾਰ ਪੰਜ ਕਿਸਮਾਂ - ਅਸੇਕਯ, ਸੁਗੰਧਿਕਾ, ਕੁੰਭਿਕਾ, ਇਰਸ਼ਕਾ ਅਤੇ ਸ਼ੰਧਾ ਵਿੱਚ ਵੰਡਿਆ ਗਿਆ ਹੈ।
ਤਨਾਰਦਾ ਸਮ੍ਰਿਤੀ ਵਿੱਚ ਮੁਖੇਭਾਗ ਸੇਵਕ ਅਤੇ ਈਰਸ਼ਿਕਾ ਬਾਰੇ ਲਿਖਿਆ ਹੈ ਕਿ ਅਜਿਹੇ ਮਰਦਾਂ ਨੂੰ ਔਰਤਾਂ ਨਾਲ਼ ਵਿਆਹ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ।
ਵਾਤਸਾਯਨ ਨੇ ਸਮਲਿੰਗੀ ਪੁਰਸ਼ਾਂ ਲਈ "ਪਾਂਡਾ" ਸ਼ਬਦ ਦੇ ਤਹਿਤ 14 ਵੱਖ-ਵੱਖ ਕਿਸਮਾਂ ਦੇ ਪੁਰਸ਼ਾਂ ਦੀ ਸੂਚੀ ਦਿੱਤੀ ਹੈ।
ਸਮਲਿੰਗੀ ਔਰਤਾਂ (ਲੇਜ਼ਬਿਅਨ) ਲਈ ਅਤੇ ਔਰਤ ਦੀ ਲਿੰਗਕ ਪਛਾਣ ਲਈ, ਵੈਦਿਕ ਸਾਹਿਤ ਵਿੱਚ 'ਨਸਤ੍ਰੀਯ' ਸ਼ਬਦ ਮਿਲਦਾ ਹੈ।
ਵੱਖ-ਵੱਖ ਗ੍ਰੰਥਾਂ ਦੇ ਹਵਾਲਿਆਂ ਨਾਲ਼, ਲੇਖਕ ਨੇ ਨਸਤ੍ਰੀਯਾਂ ਦੀਆਂ 10 ਕਿਸਮਾਂ ਬਾਰੇ ਲਿਖਿਆ ਹੈ।
ਸਵੈਨਿਨੀ- ਹੋਰ ਔਰਤਾਂ ਨਾਲ਼ ਜਿਸ ਦੇ ਸੰਬੰਧ ਹੋਣ।
ਕਾਮਿਨੀ- ਜਿਸਦੇ ਔਰਤਾਂ ਅਤੇ ਮਰਦਾਂ ਦੋਵਾਂ ਨਾਲ਼ ਸੰਬੰਧ ਹੋਣ।
ਇਸਤਰੀ ਮਰਦਾਨੀ- ਵਿਹਾਰ ਤੋਂ ਮਰਦਾਨਾ ਹੋਵੇ।
ਹਿਜੜਾ- ਇੱਕ ਆਦਮੀ ਜੋ ਇੱਕ ਮਰਦ ਵਰਗਾ ਦਿਸਦਾ ਹੈ ਅਤੇ ਉਸ ਨੂੰ ਮਾਹਵਾਰੀ ਨਹੀਂ ਆਉਂਦੀ ਤੇ ਨਾ ਹੀ ਉਸਦੀਆਂ ਛਾਤੀਆਂ ਹਨ।
ਨਰਸੰਧਾ- ਜਿਸ ਵਿੱਚੋਂ ਜਨਾਨਾਪਣ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਿਆ ਹੈ।
ਵਰਤ- ਜਿਸਦਾ ਮਾਦਾ ਬੀਜ ਕੁੱਖ ਵਿੱਚ ਹੀ ਵਿਕਸਿਤ ਨਹੀਂ ਹੋ ਸਕਿਆ।
ਸੁਸ਼ਿਵਕਰਤ ਯਾ ਸੁਸੀਮੁਖੀ - ਜਿਸਦੀ ਯੋਨੀ ਅਵਿਕਸਿਤ ਜਾਂ ਛੋਟੀ ਹੈ।
ਬਾਂਝਪਨ - ਬਿਨਾਂ ਮਾਹਵਾਰੀ ਦੇ।
ਮੋਘਪੁਸਪਾ -ਜੋ ਗਰਭਵਤੀ ਨਾ ਹੋਵੇ।
ਪੁਤਰਘਾਨੀ- ਉਹ ਔਰਤ ਜਿਸਦਾ ਅਕਸਰ ਗਰਭ ਗਿਰਦਾ ਰਹਿੰਦਾ ਹੈ।
ਕਾਮਸੂਤਰ ਵਿੱਚ ਸਵੈਰਿਣੀ ਦਾ ਜ਼ਿਕਰ ਹੈ। ਉੱਥੇ ਪੁਰਾਣਾਂ ਵਿੱਚ ਕਾਮਿਨੀ ਅਤੇ ਮਹਾਂਭਾਰਤ ਵਿੱਚ ਸਤਰੀਪੁੰਸਾਚਾ ਦਾ ਜ਼ਿਕਰ ਹੈ। ਇਨ੍ਹਾਂ ਸਾਰੀਆਂ ਤਿੰਨ ਕਿਸਮ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਜਿਣਸੀ ਵਿਹਾਰ ਦੇ ਆਧਾਰ 'ਤੇ ਵੰਡਿਆ ਗਿਆ ਹੈ।
ਸੰਸਕ੍ਰਿਤ ਸ਼ਬਦ ਸੰਧਾ ਅਜਿਹੇ ਆਦਮੀ ਲਈ ਵਰਤਿਆ ਜਾਂਦਾ ਹੈ ਜੋ ਜਮਾਂਦਰੂ ਹੀ ਆਪਣੀ ਮਰਦਾਨਗੀ ਗੁਆ ਚੁੱਕਾ ਹੈ ਅਤੇ ਇੱਕ ਔਰਤ ਵਾਂਗ ਵਿਵਹਾਰ ਕਰਦਾ ਹੈ। ਇਸ ਰੁਝਾਨ ਦੇ ਉਲਟ ਇੱਕ ਔਰਤ ਲਈ ਵੀ ਇਹੀ ਸ਼ਬਦ ਹੈ ਜੋ ਮਰਦ ਵਰਗਾ ਬਣਨਾ ਚਾਹੁੰਦੀ ਹੈ।
ਨਿਪੁੰਸਕਤਾ ਇੰਟਰਸੈਕਸ ਹੈ। ਭਾਵ ਦੋਵਾਂ ਲਿੰਗਾਂ ਵਿੱਚ ਹੋ ਸਕਦੀ ਹੈ। ਭਾਵ ਇੱਕ ਅਜਿਹਾ ਵਿਅਕਤੀ ਜੋ ਜਨਮ ਸਮੇਂ ਮਰਦ ਜਾਂ ਔਰਤ ਦਾ ਲਿੰਗ ਨਿਰਧਾਰਿਤ ਨਹੀਂ ਕਰ ਸਕਿਆ।
ਪ੍ਰਾਚੀਨ ਵੈਦਿਕ ਭਾਰਤ ਵਿੱਚ, ਟਰਾਂਸਜੈਂਡਰ ਲੋਕਾਂ ਨੂੰ ਸਮਾਜ ਤੋਂ ਆਪਣੀ ਜਿਣਸੀ ਪਛਾਣ ਛੁਪਾਉਣ ਦੀ ਲੋੜ ਨਹੀਂ ਸੀ, ਅਮਾਰਾ ਲਿਖਦੇ ਹਨ ਕਿ ਅੰਡਕੋਸ਼ ਹਟਾਉਣ ਦੀ ਰਵਾਇਤ ਨਹੀਂ ਸੀ, ਸਗੋਂ ਜਣਨ ਅੰਗ ਕੱਪੜੇ ਨਾਲ ਕੱਸ ਕੇ ਬੰਨ੍ਹ ਲਏ ਜਾਂਦੇ ਸੀ।
ਸਾਡੇ ਸਮਾਜ ਵਿੱਚ ਅਜੇ ਵੀ ਸਮਲਿੰਗਤਾ ਨੂੰ ਸਵੀਕਾਰ ਕਰਨ ਪ੍ਰਤੀ ਬਹੁਤੀ ਖੁੱਲ੍ਹ ਨਹੀਂ ਹੈ। ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ, ਸਮਲਿੰਗਕਤਾ ਸਵੀਕਾਰੇ ਜਾਣ ਲਈ ਸੰਘਰਸ਼ ਕਰਦੀ ਦਿਖਾਈ ਦਿੰਦੀ ਹੈ।
ਅੱਜ, ਜਦੋਂ ਕਿ LGBTQ ਭਾਈਚਾਰਾ ਆਪਣੀ ਜਿਣਸੀ ਪਛਾਣ ਹਾਸਲ ਕਰਨ ਲਈ ਵੱਖ-ਵੱਖ ਪੱਧਰਾਂ 'ਤੇ ਸੰਘਰਸ਼ ਕਰ ਰਿਹਾ ਹੈ, ਪ੍ਰਾਚੀਨ ਭਾਰਤ ਵਿੱਚ, ਭਾਈਚਾਰੇ ਦੀ ਆਪਣੀ ਵਿਲੱਖਣ ਪਛਾਣ ਨੂੰ ਸਵੀਕਾਰ ਕੀਤਾ ਗਿਆ ਸੀ, ਮਾਨਤਾ ਦਿੱਤੀ ਗਈ ਸੀ।
ਇੱਕ ਅੰਤਰਰਾਸ਼ਟਰੀ ਸੰਸਥਾ GALVA-108 (ਗੇਅ ਐਂਡ ਲੇਜ਼ਬੀਅਨ ਵੈਸ਼ਨਵ ਐਸੋਸੀਏਸ਼ਨ), ਨੇ ਵੈਦਿਕ ਸਾਹਿਤ ਵਿੱਚ ਲਿੰਗਕ ਵਿਭਿੰਨਤਾ ਉੱਤੇ ਖੋਜ ਕਰਕੇ ਲਿਖਿਆ ਹੈ।
ਇਸਦੀ ਸਥਾਪਨਾ 2001 ਵਿੱਚ ਅਮਾਰਾ ਦਾਸ ਵਿਲੀਅਮਜ਼ ਨੇ ਤਿੰਨ ਹੋਰ ਸਹਿਯੋਗੀਆਂ ਨਾਲ਼ ਮਿਲ ਕੇ ਕੀਤੀ ਸੀ।
ਅਮਾਰਾ "ਤੀਜੀ ਪ੍ਰਕਿਰਤੀ: ਤੀਜੇ ਲਿੰਗ ਦੇ ਲੋਕ" ਦੇ ਲੇਖਕ ਹਨ।
ਉਨ੍ਹਾਂ ਮੁਤਾਬਕ ਨਾਰਦ ਸਮ੍ਰਿਤੀ, ਸੁਸ਼ਰੁਤ ਸੰਹਿਤਾ ਅਤੇ ਵਾਤਸਾਯਨ ਵੱਲੋਂ ਲਿਖਿਆ ਕਾਮਸੂਤਰ ਕਾਮੁਕ ਪ੍ਰਵਿਰਤੀ ਦੇ ਅਨੁਸਾਰ ਵਰਗੀਕਰਨ ਦਰਸਾਉਂਦੇ ਹਨ।
ਕਾਮਸੂਤਰ ਵਿੱਚ ‘ਤੀਜੀ ਪ੍ਰਕਿਰਤੀ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਬ੍ਰਿਟਿਸ਼ ਸ਼ਾਸਨ ਦਾ ਪ੍ਰਭਾਵ
ਜੇ ਸਾਡੇ ਗ੍ਰੰਥਾਂ ਵਿੱਚ ਲਿੰਗ ਅਤੇ ਲਿੰਗਕ ਵਖਰੇਵਿਆਂ ਦਾ ਸਥਾਨ ਸੀ, ਅਤੇ ਅਸੀਂ ਉਨ੍ਹਾਂ ਨੂੰ ਸਮਝਦੇ ਸੀ, ਤਾਂ ਅਸੀਂ ਸਮੇਂ ਦੇ ਬਦਲਾਅ ਨਾਲ਼ ਇਨ੍ਹਾਂ ਸਮਾਜਿਕ ਸਮੂਹਾਂ ਪ੍ਰਤੀ ਇੰਨੇ ਰੂੜੀਵਾਦੀ ਕਿਵੇਂ ਹੋ ਗਏ?
ਅਸੀਂ ਕਦੋਂ ਤੋਂ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਮੰਨਣ ਤੋਂ ਝਿਜਕਣ ਲੱਗ ਪਏ ਹਾਂ?
ਲੇਖਿਕਾ ਅਤੇ ਪ੍ਰੋਫ਼ੈਸਰ ਮਾਧਵੀ ਮੈਨਨ ਦਾ ਕਹਿਣਾ ਹੈ ਕਿ ਅਸੀਂ ਅੱਜ ਵੀ ਬ੍ਰਿਟਿਸ਼ ਬਸਤੀਵਾਦੀਆਂ ਦੀ ਦਿੱਤੀ ਮਾਨਸਿਕਤਾ ਦੇ ਨਤੀਜੇ ਭੁਗਤ ਰਹੇ ਹਾਂ।
ਕਾਮਸੂਤਰ ਤੋਂ ਹੀ ਅਸੀਂ 'ਤੀਜੇ ਲਿੰਗ' ਨੂੰ ਸੰਵੇਦਨਸ਼ੀਲਤਾ ਨਾਲ ਸਮਝਿਆ, ਜਿਸ ਨੂੰ ਅਸੀਂ ਹੁਣ ਟਰਾਂਸਜੈਂਡਰ ਕਹਿੰਦੇ ਹਾਂ।
ਜਿਨ੍ਹਾਂ ਨੂੰ ‘ਹਿਜੜੇ’ ਕਿਹਾ ਜਾਂਦਾ ਹੈ, ਉਨ੍ਹਾਂ ਦਾ ਮੁਗ਼ਲਾਂ ਦੇ ਦਰਬਾਰ ਵਿੱਚ ਮਾਣ-ਸਨਮਾਨ ਸੀ। ਵੱਖ-ਵੱਖ ਰਸਮਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਉਸਦੀ ਮੌਜੂਦਗੀ ਨੂੰ ਸ਼ੁਭ ਮੰਨਿਆ ਜਾਂਦਾ ਸੀ।
ਜਦੋਂ ਅੰਗਰੇਜ਼ ਭਾਰਤ ਆਏ ਅਤੇ ਇਸ ਬਾਰੇ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸੀ - ਇਹ ਕੀ ਹੈ? ਇੱਕ ਆਦਮੀ, ਔਰਤ ਦੇ ਰੂਪ ਵਿੱਚ ਕਿਵੇਂ ਕੱਪੜੇ ਪਾ ਸਕਦਾ ਹੈ ਅਤੇ ਘੁੰਮ ਸਕਦਾ ਹੈ?
ਉਦੋਂ ਉਨ੍ਹਾਂ ਨੇ ਜਰਾਇਮਪੇਸ਼ਾ ਕਬੀਲੇ ਐਕਟ ਪਾਸ ਕੀਤਾ ਸੀ।
ਕਾਨੂੰਨ ਵਿੱਚ ਇਹ ਵੀ ਵਿਵਸਥਾ ਸੀ ਕਿ ਜੇਕਰ ਕੋਈ ਵਿਅਕਤੀ ਜਨਤਕ ਤੌਰ 'ਤੇ ਆਪਣੇ ਲਿੰਗ ਅਨੁਸਾਰ ਕੱਪੜੇ ਨਹੀਂ ਪਾਉਂਦਾ ਤਾਂ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹੀ ਇੱਕ ਮਿਸਾਲ ਬਣ ਗਿਆ।
ਅੰਗਰੇਜ਼ ਨੇ ਹਰ ਉਸ ਚੀਜ਼ ਦਾ ਅਪਰਾਧੀਕਰਨ ਕੀਤਾ ਜੋ ਪ੍ਰਜਨਨ ਲਈ ਤਿਆਰ ਕੀਤੀ ਗਈ ਲਿੰਗਕਤਾ ਦੇ ਢਾਂਚੇ ਦੇ ਅੰਦਰ ਫਿੱਟ ਨਹੀਂ ਬੈਠਦੀ ਸੀ।
ਮੰਦਿਰਾਂ ਵਿੱਚ ਮੂਰਤੀਆਂ ਅਤੇ ਸਮਲਿੰਗਕਤਾ
ਪ੍ਰਾਚੀਨ ਭਾਰਤ ਵਿੱਚ ਲਿੰਗਕਤਾ ਪ੍ਰਤੀ ਉਦਾਰਵਾਦੀ ਦ੍ਰਿਸ਼ਟੀਕੋਣ ਅਤੇ ਸੰਮਿਲਨਤਾ ਨਾ ਸਿਰਫ਼ ਕਾਮਸੂਤਰ ਵਰਗੇ ਗ੍ਰੰਥਾਂ ਵਿੱਚ ਮੌਜੂਦ ਹੈ। ਇਹ ਪ੍ਰਾਚੀਨ ਸ਼ਿਲਪਕਾਰੀ ਵਿੱਚੋਂ ਵੀ ਪ੍ਰਗਟ ਹੁੰਦੀ ਹੈ।
ਪ੍ਰਸਿੱਧ ਲੇਖਕ ਅਤੇ ਪੁਰਾਣਾਂ ਦੇ ਵਿਦਵਾਨ ਦੇਵਦੱਤ ਪਟਨਾਇਕ ਕਹਿੰਦੇ ਹਨ, "ਕਾਂਚੀਪੁਰਮ, ਕੋਨਾਰਕ, ਖਜੁਰਾਹੋ ਵਰਗੇ ਮੰਦਰਾਂ ਦੀਆਂ ਕੰਧਾਂ 'ਤੇ ਸਮਲਿੰਗੀ ਸੈਕਸ ਦੀਆਂ ਤਸਵੀਰਾਂ ਹਨ। ਇਹ ਸ਼ਾਇਦ ਔਰਤਾਂ ਨੂੰ ਇੱਕ ਦੂਜੇ ਦੇ ਭਾਵੁਕ ਸੰਪਰਕ ਵਿੱਚ ਦਰਸਾਉਂਦੀਆਂ ਹਨ।”
ਉਹ ਸ਼ਾਇਦ ਪਿਆਰ ਵਿੱਚ ਔਰਤਾਂ ਦੀ ਨੁਮਾਇੰਦਗੀ ਕਰਦੇ ਸਨ, ਜਾਂ ਕਿਸੇ ਆਦਮੀ ਨੂੰ ਭਰਮਾਉਣ ਦਾ ਦਿਖਾਵਾ ਕਰ ਰਹੀਆਂ ਨਾਚੀਆਂ ਸਨ।
ਦੇਵਦੱਤ ਅੱਗੇ ਕਹਿੰਦੇ ਹਨ,"ਇਸਦੀ ਤੁਲਨਾ ਵਿੱਚ, ਸੈਕਸ ਕਰ ਰਹੇ ਦੋ ਪੁਰਸ਼ਾਂ ਦੀਆਂ ਤਸਵੀਰਾਂ ਮੁਕਾਬਲਤਨ ਛੋਟੀਆਂ ਹਨ। ਹੋ ਸਕਦਾ ਹੈ ਕਿ ਉਨ੍ਹਾਂ ਕੰਧਾਂ 'ਤੇ ਟ੍ਰਾਂਸਜੈਂਡਰ ਲੋਕਾਂ ਦੀਆਂ ਤਸਵੀਰਾਂ ਹੋਣ, ਅਤੇ ਅਸੀਂ ਗਲਤੀ ਨਾਲ਼ ਉਨ੍ਹਾਂ ਨੂੰ ਮਰਦ ਜਾਂ ਔਰਤ ਕਹਿ ਰਹੇ ਹੋਈਏ। ਇਹ ਹਰ ਕਿਸੇ ਦੀਆਂ ਅੱਖਾਂ 'ਤੇ ਨਿਰਭਰ ਕਰਦਾ ਹੈ।”
ਦੇਵਦੱਤ ਦੱਸਦੇ ਹਨ ਕਿ ਕਿਵੇਂ ਲਿੰਗਕਤਾ ਬਾਰੇ ਇਹ ਵਿਚਾਰ ਸਮੇਂ ਦੇ ਨਾਲ਼ ਵੈਦਿਕ ਭਾਰਤ ਅਤੇ ਪੁਰਾਣਾਂ ਦੀਆਂ ਕਹਾਣੀਆਂ ਵਿੱਚ ਪਿੱਛੇ ਛੱਡ ਦਿੱਤੇ ਗਏ:
ਇਹ ਵਿਚਾਰ ਅਲੋਪ ਨਹੀਂ ਹੋਏ, ਅੱਜ ਵੀ ਮਥੁਰਾ ਦੇ ਵਰਿੰਦਾਵਨ ਵਿੱਚ ਸ਼ਿਵ ਨੂੰ ਔਰਤ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਆਂਧਰਾ ਪ੍ਰਦੇਸ਼ ਵਿੱਚ ਬ੍ਰਹਮੋਤਸਵਮ ਮਨਾਇਆ ਜਾਂਦਾ ਹੈ, ਤਿਰੂਪਤੀ ਬਾਲਾਜੀ ਨੂੰ ਸਾੜੀ ਲਾਈ ਜਾਂਦੀ ਹੈ, ਕਰਨਾਟਕ ਵਿੱਚ ਦੇਵੀ ਪੁਲੀਗਮਾ ਦੀ ਪੂਜਾ ਸਮੇਂ ਅੱਗੇ ਮਿਸ਼ੀ ਰੱਖੀ ਜਾਂਦੀ ਹੈ। ਦੇਵਤੇ, ਔਰਤਾਂ ਵਾਂਗ ਪਹਿਰਾਵਾ ਪਾਉਂਦੇ ਹਨ, ਜਦੋਂ ਕਿ ਦੇਵੀਆਂ, ਮਰਦਾਂ ਵਾਲ਼ੇ ਗਹਿਣੇ ਪਾਉਂਦੀਆਂ ਹਨ। ਇਸ ਦਾ ਮਤਲਬ ਹੈ ਕਿ ਸਾਡੀ ਸੋਚ ਲਿੰਗ ਨਾਲੋਂ ਬਹੁਤ ਵੱਖਰੀ ਹੈ। ਲਿੰਗ ਇੱਕ ਬਹੁਤ ਹੀ ਤਰਲ ਚੀਜ਼ ਹੈ।
ਖਜੁਰਾਹੋ 'ਚ ਸੈਲਾਨੀ ਗਾਈਡ ਨਰਿੰਦਰ ਨੇ ਮੰਦਰ ਦੀਆਂ ਇਨ੍ਹਾਂ ਤਸਵੀਰਾਂ ਬਾਰੇ ਕਿਹਾ ਕਿ ਕਾਮੁਕ ਕਿਰਿਆ ਦੀਆਂ ਤਸਵੀਰਾਂ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹਨ। ਇਨ੍ਹਾਂ ਨੂੰ ਖਜੁਰਾਹੋ ਵਰਗੇ ਮੰਦਰਾਂ ਵਿੱਚ ਮੂਰਤੀਕਲਾ ਰਾਹੀਂ ਦਿਖਾਇਆ ਗਿਆ ਹੈ।
ਖਜੁਰਾਹੋ ਸਿਰਫ਼ ਧਾਰਮਿਕ ਰਾਜਧਾਨੀ ਹੀ ਨਹੀਂ ਸੀ। ਸਗੋਂ ਇਹ ਇੱਕ ਵਿਦਿਅਕ ਕੇਂਦਰ ਵੀ ਸੀ। ਇਹ ਕੇਵਲ ਕਾਮ ਦੀ ਕਲਾ ਨਹੀਂ ਹੈ; ਇਸ ਵਿੱਚ ਸਮਲਿੰਗਕਤਾ ਵੀ ਹੈ, ਕਾਮੁਕਤਾ ਵੀ ਹੈ। ਮੂਰਤੀਕਲਾ ਸਮੁੱਚੇ ਤੌਰ 'ਤੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਜਾਪਦੀ । ਇਹ ਜੀਵਨ ਦੇ ਚਹੁੰ ਪਰਤੀ ਰਹੱਸ ਨੂੰ ਖੋਲ੍ਹਣ ਦੀ ਕੋਸ਼ਿਸ਼ ਹੈ।
ਨਰਿੰਦਰ ਕਹਿੰਦੇ ਹਨ, ਅਕਸਰ, ਇੱਥੇ ਆਉਣ ਵਾਲੇ ਸੈਲਾਨੀ ਇਨ੍ਹਾਂ ਮੂਰਤੀਆਂ ਨੂੰ ਸਰੇਆਮ ਨਹੀਂ ਦੇਖਦੇ।
ਨਰਿੰਦਰ ਦੱਸਦੇ ਹਨ, "ਇੱਥੇ ਆਉਣ ਵਾਲੇ ਬਹੁਤ ਸਾਰੇ ਸੈਲਾਨੀ ਕਹਿੰਦੇ ਹਨ ਕਿ ਅਸੀਂ ਇਨ੍ਹਾਂ ਮੰਦਰਾਂ ਨੂੰ ਨਹੀਂ ਦੇਖਣਾ ਚਾਹੁੰਦੇ। ਕਿਉਂਕਿ ਇਨ੍ਹਾਂ ਵਿੱਚ ਕਾਮੁਕ ਚਿੱਤਰ ਹਨ। ਸਾਡੇ ਨਾਲ ਬੱਚੇ ਹਨ, ਅਸੀਂ ਆਪਣੇ ਪਰਿਵਾਰਾਂ ਨਾਲ ਆਏ ਹਾਂ।"
ਸਿਰਫ਼ ਕਾਮਸੂਤਰ ਜਾਂ ਮੰਦਰਾਂ ਵਿਚਲੀਆਂ ਪ੍ਰਾਚੀਨ ਮੂਰਤੀਆਂ ਵਿੱਚ ਹੀ ਨਹੀਂ, ਸਗੋਂ ਕਈ ਹਿੰਦੂ ਗ੍ਰੰਥਾਂ ਅਤੇ ਸਾਹਿਤ ਵਿੱਚ ਵੀ ਸੈਕਸ ਜੀਵਨ ਅਤੇ ਲਿੰਗਕਤਾ ਬਾਰੇ ਕਈ ਗੱਲਾਂ ਹਨ।
ਸਾਹਿਤ ਵਿੱਚ ਸ਼ਿਵ ਅਤੇ ਪਾਰਵਤੀ ਦੇ ਰੋਮਾਂਸ ਦਾ ਜ਼ਿਕਰ ਵੀ ਮਿਲਦਾ ਹੈ। ਮਿਸਾਲ ਵਜੋਂ ਕਾਲੀਦਾਸ ਦਾ ਕੁਮਾਰਸੰਭਵ ਹੈ।
ਜੈਦੇਵ ਨੇ 14ਵੀਂ ਸਦੀ ਵਿੱਚ ‘ਗੀਤ ਗੋਵਿੰਦਾ’ ਕਵਿਤਾ ਲਿਖੀ ਸੀ। ਇਸ ਵਿੱਚ ਦੱਸਿਆ ਗਿਆ ਹੈ ਕਿ ਕ੍ਰਿਸ਼ਨ ਨੇ ਇੱਕ ਔਰਤ ਵਾਂਗ ਕੱਪੜੇ ਪਾਏ ਸਨ। ਤੁਸੀਂ ਉਸ ਦੀਆਂ ਤਸਵੀਰਾਂ ਦੇਖ ਸਕਦੇ ਹੋ। ਰਾਧਾ ਅਤੇ ਕ੍ਰਿਸ਼ਨ ਦੀਆਂ ਕੁਝ ਤਸਵੀਰਾਂ ਇੱਕ-ਦੂਜੇ ਵਾਂਗ ਪਾਈਆਂ ਹੋਈਆਂ ਹਨ।
ਅਰਧਨਾਰੀਸ਼ਵਰ ਦੀ ਮੂਰਤ ਕੀ ਹੈ? ਅੱਧਾ ਸ਼ਿਵ ਅਤੇ ਅੱਧੀ ਪਾਰਵਤੀ। ਇਹ ਸਪੱਸ਼ਟ ਕਰਦਾ ਹੈ ਕਿ ਲਿੰਗ ਪਛਾਣ ਮੌਜੂਦ ਨਹੀਂ ਹੈ, ਮਰਦ ਅਤੇ ਔਰਤ ਦੋਵੇਂ ਬੱਚੇ ਪੈਦਾ ਕਰਨ ਦੇ ਇਰਾਦੇ ਨਾਲ ਸਹਿਵਾਸ ਕਰਦੇ ਹਨ, ਪਰ ਲਿੰਗ ਪਛਾਣ ਇਸ ਤੋਂ ਕਿਤੇ ਅੱਗੇ ਜਾ ਸਕਦੀ ਹੈ।
ਇਸ ਲਈ ਜੇ ਤੁਸੀਂ ਸੋਚਦੇ ਹੋ ਕਿ ਅਧਿਆਤਮਿਕਤਾ ਪਵਿੱਤਰ ਹੈ ਅਤੇ ਸੈਕਸ ਪਾਪ, ਤਾਂ ਤੁਹਾਨੂੰ ਥੋੜ੍ਹਾ ਸੋਚਣ ਦੀ ਲੋੜ ਹੈ। ਉਹ ਕਾਮ ਸੂਤਰ ਦਾ ਸਮਾਂ ਸੀ ਜਦੋਂ ਭਾਰਤੀ ਸੱਭਿਅਤਾ, ਅਧਿਆਤਮਿਕਤਾ ਅਤੇ ਕਾਮੁਕਤਾ ਦਾ ਸੁਮੇਲ ਕਰ ਰਹੀ ਸੀ...।