ਲੈਸਬੀਅਨ, ਗੇਅ, ਬਾਇਸੈਕਸ਼ੁਅਲ, ਟ੍ਰਾਂਸਜੈਂਡਰ ਤੇ ਕੁਈਰ ਵਿੱਚ ਕੀ ਫ਼ਰਕ ਹੁੰਦਾ ਹੈ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਸਤੰਬਰ 2018 ਵਿੱਚ ਸੁਪਰੀਮ ਕੋਰਟ ਨੇ ਸਮਲਿੰਗੀ ਜਿਨਸੀ ਸਬੰਧ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਹਟਾ ਦਿੱਤਾ ਸੀ।

ਇਸ ਅਨੁਸਾਰ ਆਪਸੀ ਸਹਿਮਤੀ ਨਾਲ ਦੋ ਬਾਲਗਾਂ ਵਿਚਾਲੇ ਬਣਾਏ ਗਏ ਸਮਲਿੰਗੀ ਸਬੰਧਾਂ ਨੂੰ ਅਪਰਾਧ ਨਹੀਂ ਮੰਨਿਆ ਜਾਵੇਗਾ।

ਪਰ ਸਮਲਿੰਗੀ ਲੋਕਾਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਜਾਂ ਨਹੀਂ, ਇਸ ਉੱਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣਾ ਅਜੇ ਬਾਕੀ ਹੈ।

ਕੋਰਟ ਵਿੱਚ ਇਸ ਮੰਗ ਨੂੰ ਰੱਖਣ ਵਾਲੇ ਪਟੀਸ਼ਨਕਰਤਾਵਾਂ ਵਿੱਚ ਲੈਸਬੀਅਨ, ਗੇਅ ਅਤੇ ਟ੍ਰਾਂਸਜੈਂਡਰ ਜੋੜੇ ਸ਼ਾਮਲ ਹਨ। ਬੁਨਿਆਦੀ ਹੱਕਾਂ ਦੀ ਇਸ ਬਹਿਸ ਨੂੰ ਬਿਹਤਰ ਸਮਝਣ ਲਈ ਐੱਲਜੀਬੀਟੀਕਿਊਆਈ ਏ (LGBTQIA) ਦਾ ਮਤਲਬ ਜਾਨਣਾ ਜ਼ਰੂਰੀ ਹੈ।

ਸਮਲਿੰਗੀ ਭਾਈਚਾਰੇ ਵਿੱਚ ਆਉਂਦੀ ਵੱਖ-ਵੱਖ ਪਛਾਣ ਮਗਰ ਦੋ ਪਹਿਲੂ ਹਨ – ਸਰੀਰਕ ਇੱਛਾ ਅਤੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ।

ਇਨ੍ਹਾਂ ਨਾਲ ਵੱਖ-ਵੱਖ ਸੈਕਸ਼ੁਅਲ (ਲੈਸਬੀਅਨ, ਗੇਅ, ਬਾਇਸੈਕਸ਼ੁਅਲ) ਅਤੇ ਜੈਂਡਰ ਪਛਾਣ (ਟ੍ਰਾਂਸਜੈਂਡਰ, ਇੰਟਰਸੈਕਸ) ਬਣਦੀ ਹੈ।

ਇਹ ਵੀ ਪੜ੍ਹੋ:

L – ‘ਲੈਸਬੀਅਨ’: ਉਹ ਔਰਤ ਜੋ ਔਰਤਾਂ ਨੂੰ ਚਾਹੁੰਦੀ ਹੈ।

G – ‘ਗੇਅ’: ਉਹ ਮਰਦ ਜੋ ਮਰਦਾਂ ਨੂੰ ਚਾਹੁੰਦੇ ਹਨ।

ਅਕਸਰ ‘ਗੇਅ’ ਸ਼ਬਦ ਦਾ ਇਸਤੇਮਾਲ ਪੂਰੇ ਸਮਲਿੰਗੀ ਭਾਈਚਾਰੇ ਲਈ ਵੀ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ – ‘ਗੇਅ ਕਮਿਊਨਿਟੀ‘ ਜਾਂ ‘ਗੇਅ ਪੀਪਲ।’

B – ‘ਬਾਇਸੈਕਸ਼ੁਅਲ’: ਉਹ ਇਨਸਾਨ ਜੋ ਮਰਦ ਅਤੇ ਔਰਤ ਦੋਵਾਂ ਨੂੰ ਚਾਹੁੰਦੇ ਹਨ। ਇਹ ਇਨਸਾਨ ਮਰਦ ਵੀ ਹੋ ਸਕਦਾ ਹੈ ਜਾਂ ਔਰਤ ਵੀ।

T - ‘ਟ੍ਰਾਂਸਜੈਂਡਰ’: ਉਹ ਇਨਸਾਨ ਜਿਨ੍ਹਾਂ ਦੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ ਮੁਤਾਬਕ ਪੈਦਾ ਹੋਣ ਸਮੇਂ ਉਨ੍ਹਾਂ ਦਾ ਜੋ ਜੈਂਡਰ ਤੈਅ ਕੀਤਾ ਗਿਆ, ਜਦੋਂ ਉਹ ਵੱਡੇ ਹੋ ਕੇ ਖ਼ੁਦ ਨੂੰ ਸਮਝੇ ਤਾਂ ਉਸ ਤੋਂ ਉਲਟ ਮਹਿਸੂਸ ਕਰਨ ਲੱਗੇ।

‘ਟ੍ਰਾਂਸਜੈਂਡਰ ਵੂਮਨ‘: ਪੈਦਾਇਸ਼ ਸਮੇਂ ਬੱਚੇ ਦੇ ਗੁਪਤ ਅੰਗ ਦੇ ਹਿਸਾਬ ਨਾਲ ਉਸ ਨੂੰ ਮੁੰਡਾ ਮੰਨਿਆ ਗਿਆ ਪਰ ਸਮੇਂ ਦੇ ਨਾਲ ਉਨ੍ਹਾਂ ਨੇ ਸਮਝਿਆ ਕਿ ਉਹ ਕੁੜੀ ਵਾਂਗ ਮਹਿਸੂਸ ਕਰਦੇ ਹਨ।

‘ਟ੍ਰਾਂਸਜੈਂਡਰ ਮੈਨֹ’: ਪੈਦਾਇਸ਼ ਸਮੇਂ ਬੱਚੇ ਦੇ ਗੁਪਤ ਅੰਗ ਦੇ ਹਿਸਾਬ ਨਾਲ ਉਸ ਨੂੰ ਕੁੜੀ ਮੰਨਿਆ ਗਿਆ ਪਰ ਸਮੇਂ ਦੇ ਨਾਲ ਉਨ੍ਹਾਂ ਨੇ ਸਮਝਿਆ ਕਿ ਉਹ ਮੁੰਡੇ ਵਾਂਗ ਮਹਿਸੂਸ ਕਰਦੇ ਹਨ।

ਆਪਣੀ ਪਸੰਦ ਦੀ ਲਿੰਗਕ ਪਛਾਣ ਲਈ ਦਵਾਈ, ‘ਹਾਰਮੋਨ ਰਿਪਲੇਸਮੈਂਟ ਥੈਰੇਪੀ’ ਅਤੇ ‘ਸੈਕਸ ਰੀਅਸਾਇਨਮੈਂਟ ਸਰਜਰੀ’ ਰਾਹੀਂ ‘ਟ੍ਰਾਂਸਜੈਂਡਰ’ ਆਪਣੇ ਸਰੀਰ ਦੇ ਗੁਪਤ ਅੰਗਾਂ ਦੀ ਬਨਾਵਟ ਬਦਲਵਾਉਂਦੇ ਹਨ ਤਾਂ ਜੋ ਉਹ ਜਿਵੇਂ ਮਹਿਸੂਸ ਕਰਦੇ ਹਨ, ਉਨ੍ਹਾਂ ਦਾ ਸਰੀਰ ਵੀ ਉਸੇ ਤਰ੍ਹਾਂ ਹੀ ਹੋਵੇ।

ਕਿਸੇ ਮਰਦ ਜਾਂ ਔਰਤ ਵਾਂਗ ਹੀ ‘ਟ੍ਰਾਂਸਜੈਂਡਰ’ ਦੀ ਸਰੀਰਕ ਚਾਹਤ ਮੁਤਾਬਕ ਉਹ ‘ਲੈਸਬੀਅਨ ਟ੍ਰਾਂਸਜੈਂਡਰ’, ‘ਗੇਅ ਟ੍ਰਾਂਸਜੈਂਡਰ’ ਜਾਂ ‘ਬਾਇਸੈਕਸ਼ੁਅਲ ਟ੍ਰਾਂਸਜੈਂਡਰ’ ਹੋ ਸਕਦੇ ਹਨ।

ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਟ੍ਰਾਂਸਜੈਂਡਰਜ਼ ਦੇ ਸਥਾਨਕ ਨਾਵਾਂ ਵਿੱਚ ਖੁਸਰਾ, ਹਿਜੜਾ, ਅਰਾਵਨੀ, ਕੋਥੀ, ਸ਼ਿਵ-ਸ਼ਕਤੀ, ਕਿੰਨਰ ਅਤੇ ਜੋਗਤੀ ਹਿਜੜਾ ਆਦਿ ਸ਼ਾਮਲ ਹਨ।

Q – ‘ਕੁਈਰ‘: ਸਭ ਤੋਂ ਪਹਿਲਾਂ ਇਸ ਸ਼ਬਦ ਦੀ ਵਰਤੋਂ ਸਮਲਿੰਗੀ ਭਾਈਚਾਰੇ ਪ੍ਰਤੀ ਨਫ਼ਰਤ ਦਿਖਾਉਣ ਲਈ ਹੁੰਦੀ ਸੀ।

ਹੁਣ ਭਾਈਚਾਰੇ ਦੇ ਕੁਝ ਲੋਕ ਇਸ ਨੂੰ ਮੁੜ ਅਪਣਾ ਰਹੇ ਹਨ। ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੀ ਪਛਾਣ, ਸਿਰਫ਼ ਆਪਣੀ ਸਰੀਰਕ ਚਾਹਤਾਂ ਦੇ ‘ਲੇਬਲ’ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ।

Q – ‘ਕਵੇਸ਼ਚਨਿੰਗ’: ਉਹ ਇਨਸਾਨ ਜੋ ਹਾਲੇ ਆਪਣੀ ਲਿੰਗਕ ਪਛਾਣ ਅਤੇ ਸਰੀਰਕ ਚਾਹਤ ਤੈਅ ਨਹੀਂ ਕਰ ਸਕੇ ਹਨ।

I – ‘ਇੰਟਰ-ਸੈਕਸ’: ਪੈਦਾਇਸ਼ ਸਮੇਂ ਜਿਸ ਇਨਸਾਨ ਦੇ ਗੁਪਤ ਅੰਗਾਂ ਤੋਂ ਇਹ ਸਾਫ਼ ਨਹੀਂ ਹੁੰਦਾ ਕਿ ਉਹ ਮੁੰਡਾ ਹੈ ਜਾਂ ਕੁੜੀ, ਉਨ੍ਹਾਂ ਨੂੰ ‘ਇੰਟਰ-ਸੈਕਸ’ ਕਿਹਾ ਜਾਂਦਾ ਹੈ।

ਡਾਕਟਰ ਨੂੰ ਉਸ ਵੇਲੇ ਜੋ ਸਹੀ ਲੱਗਦਾ ਹੈ, ਉਸ ਬੱਚੇ ਨੂੰ ਉਸੇ ਲਿੰਗ ਦਾ ਮੰਨ ਲਿਆ ਜਾਂਦਾ ਹੈ ਅਤੇ ਉਸ ਨੂੰ ਉਸੇ ਤਰ੍ਹਾਂ ਪਾਲਿਆ ਪੋਸਿਆ ਜਾਂਦਾ ਹੈ।

ਵੱਡਾ ਹੋਣ ਤੋਂ ਬਾਅਦ ਉਹ ਇਨਸਾਨ ਖ਼ੁਦ ਨੂੰ ਮਰਦ, ਔਰਤ ਜਾਂ ‘ਟ੍ਰਾਂਸਜੈਂਡਰ’, ਕੁਝ ਵੀ ਮੰਨ ਸਕਦਾ ਹੈ।

ਸਾਲ 2014 ਵਿੱਚ ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫ਼ੈਸਲੇ ਵਿੱਚ ‘ਟ੍ਰਾਂਸਜੈਂਡਰਜ਼’ ਨੂੰ ਤੀਜੇ ਲਿੰਗ ਦੀ ਪਛਾਣ ਦਿੱਤੀ, ਜਿਸ ਤਹਿਤ ਉਨ੍ਹਾਂ ਨੂੰ ਨੌਕਰੀਆਂ, ਸਿੱਖਿਆ ਆਦਿ ਵਿੱਚ ਰਾਖਵਾਂਕਰਨ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ।

A – ‘ਏਲਾਇਜ਼’: ਉਹ ਲੋਕ ਜੋ ਖ਼ੁਦ ਸਮਲਿੰਗੀ ਨਹੀਂ ਹਨ ਪਰ ਉਸ ਭਾਈਚਾਰੇ ਦਾ ਸਮਰਥਨ ਕਰਦੇ ਹਨ।

A – ‘ਅਸੈਕਸ਼ੁਅਲ’: ਉਹ ਇਨਸਾਨ ਜਿਸ ਨੂੰ ਕਿਸੇ ਵੀ ਹੋਰ ਇਨਸਾਨ ਪ੍ਰਤੀ ਸਰੀਰਕ ਤੌਰ ਉੱਤੇ ਖਿੱਚ ਨਹੀਂ ਹੈ।

P – ‘ਪੈਨਸੈਕਸ਼ੁਅਲ’: ਉਹ ਇਨਸਾਨ ਜੋ ਕਿਸੇ ਹੋਰ ਪ੍ਰਤੀ ਸਰੀਰਿਕ ਤੌਰ ਉੱਤੇ ਖਿੱਚ ਰੱਖਦੇ ਹਨ। ਉਨ੍ਹਾਂ ਦੀ ਆਪਣੀ ਲਿੰਗਕ ਅਤੇ ਸੈਕਸ਼ੁਅਲ ਪਛਾਣ ਵੀ ਤੈਅ ਨਹੀਂ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)