You’re viewing a text-only version of this website that uses less data. View the main version of the website including all images and videos.
ਸੱਸ ਦੇ ਕੈਂਸਰ ਮਗਰੋਂ ਜੈਵਿਕ ਖੇਤੀ ਨਾਲ ਕਿਵੇਂ ਜ਼ਿੰਦਗੀਆਂ ਬਦਲ ਰਹੀ ਹੈ ਇਹ ਆਰਕੀਟੈਕਟ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਲਈ
100 ਕਰੋੜ ਦੀ ਕੰਪਨੀ ਚਲਾਉਣ ਵਾਲੀ ਰੋਹਤਕ ਦੇ ਪਿੰਡ ਸੁੰਡਾਨਾ ਦੀ ਮੋਨਿਕਾ ਢਾਕਾ ਨੇ ਅੱਜ ਤੋਂ ਸੱਤ ਸਾਲ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣੀ ਮਹਿੰਗੀ ਗੱਡੀ ਨਾਲ ਪਿੰਡ ਜਾ ਕੇ ਉਹ ਖੇਤੀ ਵੀ ਕਰਨਗੇ।
ਪਰ 2015 ਵਿੱਚ ਜਦੋਂ ਉਨ੍ਹਾਂ ਦੀ ਸੱਸ ਨੂੰ ਕੈਂਸਰ ਨੇ ਜਕੜ ਲਿਆ ਤਾਂ ਮੋਨਿਕਾ ਦੇ ਪਰਿਵਾਰ ਦੀ ਸੋਚ ਬਦਲ ਗਈ ਅਤੇ ਉਨ੍ਹਾਂ ਨੇ ਕੈਮਿਕਲ ਵਾਲੇ ਖਾਣੇ ਤੋਂ ਮੁਕਤੀ ਪਾਉਣ ਲਈ ਖ਼ੁਦ ਆਪਣੀ ਜੱਦੀ ਜ਼ਮੀਨ ਉੱਤੇ ਆਰਗੈਨਿਕ ਖ਼ੇਤੀ ਸ਼ੁਰੂ ਕਰ ਦਿੱਤੀ।
ਮੋਨਿਕਾ ਢਾਕਾ ਪੇਸ਼ ਤੋਂ ਇੱਕ ਆਰਕੀਟੈਕਟ ਹਨ ਅਤੇ ਗੁਰੂਗ੍ਰਾਮ ਵਿੱਚ ਆਪਣੇ ਪਤੀ ਨਾਲ ਮਿਲ ਕੇ ਆਰਕੀ ਗਰੁੱਪ ਨਾਮ ਦੀ ਕੰਪਨੀ ਚਲਾਉਂਦੇ ਹਨ ਜੋ 500 ਟਾਪ ਕੰਪਨੀਆਂ ਲਈ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਕਰਦੀ ਹੈ।
ਮੋਨਿਕਾ ਦੱਸਦੇ ਹਨ, ‘‘ਹੁਣ ਮੈਂ ਆਰਕੀਟੈਕਟ ਅਤੇ ਇੱਕ ਕਾਰੋਬਾਰੀ ਮਹਿਲਾ ਹੋਣ ਦੇ ਨਾਲ-ਨਾਲ ਕਿਸਾਨ ਵੀ ਹਾਂ ਅਤੇ ਇੱਕ ਬਹੁਤ ਵੱਡੀ ਸੰਤੁਸ਼ਟੀ ਵਾਲੀ ਗੱਲ ਹੈ, ਕਿਉਂਕਿ ਮੈਂ ਖ਼ਾਲਸ ਖਾਣਾ ਸਿਰਫ਼ ਆਪਣੇ ਲਈ ਹੀ ਨਹੀਂ ਸਗੋਂ ਹੋਰਾਂ ਲੋਕਾਂ ਲਈ ਵੀ ਕੈਮਿਕਲ ਮੁਕਤ ਖਾਣਾ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਾਂ।’’
ਇਹ ਵੀ ਪੜ੍ਹੋ-
ਜੱਦੀ ਜ਼ਮੀਨ ਉੱਤੇ ਖੇਤੀ ਸ਼ੁਰੂ ਕਰਨ ਦੀਆਂ ਮੁਸ਼ਕਲਾਂ
47 ਸਾਲਾ ਮੋਨਿਕਾ ਦਾ ਕਹਿਣਾ ਹੈ ਕਿ ਜਦੋਂ ਰਸਾਇਣ-ਰਹਿਤ ਭੋਜਨ ਦੀ ਗੱਲ ਆਈ ਤਾਂ ਉਹ ਗੁਰੂਗ੍ਰਾਮ ਤੋਂ ਰੋਹਤਕ ਜ਼ਿਲ੍ਹੇ ਦੇ ਸੁੰਡਾਨਾ ਪਿੰਡ ਚਲੇ ਗਏ।
ਸੁੰਡਾਨਾ ਵਿੱਚ ਉਨ੍ਹਾਂ ਦੇ ਸਹੁਰਿਆਂ ਦਾ ਘਰ ਸੀ ਤੇ ਉਨ੍ਹਾਂ ਦੀ ਜੱਦੀ ਜ਼ਮੀਨ ਵੀ ਸੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਕਰੀਬ ਚਾਰ ਏਕੜ ਜ਼ਮੀਨ ਵਿੱਚ ਰਸਾਇਣ ਮੁਕਤ ਖੇਤੀ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਸੀ।
ਉਹ ਦੱਸਦੇ ਹਨ,"ਮੈਂ ਤਾਂ ਸਿਰਫ਼ ਆਪਣੇ ਵਿਆਹ ਵੇਲੇ ਹੀ ਆਪਣੇ ਸਹੁਰੇ ਘਰ ਆਈ ਸੀ। ਉਸ ਤੋਂ ਕੁਝ ਦੇਰ ਬਾਅਦ ਹੀ ਮੈਂ ਆਪਣੇ ਪਤੀ ਨਾਲ ਰਹਿਣ ਸ਼ਹਿਰ ਚਲੀ ਗਈ ਸੀ।”
“ਪਰ ਹੁਣ ਖੇਤੀ ਸ਼ੁਰੂ ਕਰਨ ਤੋਂ ਬਾਅਦ ਆਉਣ ਦਾ ਸਿਲਸਿਲਾ ਜਾਰੀ ਹੋ ਗਿਆ ਹੈ।"
ਮੋਨਿਕਾ ਕਹਿੰਦੇ ਹਨ ਕਿ ਕਿਉਂਕਿ ਉਹ ਪੜ੍ਹੇ-ਲਿਖੇ ਤੇ ਆਤਮਨਿਰਭਰ ਹਨ, ਇਸੇ ਲਈ ਉਹ ਅਜਿਹਾ ਫ਼ੈਸਲਾ ਲੈਣ ਵਿੱਚ ਕਾਮਯਾਬ ਹੋਏ ਹਨ।
ਉਹ ਦੱਸਦੇ ਹਨ,“ਜਦੋਂ ਮੈਂ ਪਿੰਡ ਦੀ ਜ਼ਮੀਨ ’ਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਰਸਾਇਣ ਮੁਕਤ ਖੇਤੀ ਸਫ਼ਲ ਨਹੀਂ ਹੋਵੇਗੀ ਅਤੇ ਕੁਝ ਦਿਨਾਂ ਵਿੱਚ ਹੀ ਅਸਫ਼ਲਤਾ ਨਜ਼ਰ ਆ ਜਾਵੇਗੀ।”
"ਉਦਾਸ ਹੋਣ ਦੀ ਬਜਾਏ, ਮੈਂ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ ਅਤੇ ਇੱਕ ਤਕਨੀਕੀ ਟੀਮ ਬਣਾਈ।”
ਉਨ੍ਹਾਂ ਮੁਤਾਬਕ ਉਹ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਈ ਲੋਕਾਂ ਨੂੰ ਮਿਲੇ ਅਤੇ ਜੈਵਿਕ ਖੇਤੀ ਨਾਲ ਸਬੰਧਿਤ ਸਮੱਸਿਆਵਾਂ ਤੇ ਚੁਣੌਤੀਆਂ ਬਾਰੇ ਗੱਲ ਕੀਤੀ। ਇਸ ਸਭ ਦਾ ਹੱਲ ਲੱਭਿਆ।
ਮੋਨਿਕਾ ਕਹਿੰਦੇ ਹਨ,“ਕਿਸਾਨਾਂ ਦਾ ਕਹਿਣਾ ਸੀ ਕਿ ਜੈਵਿਕ ਖੇਤੀ ਵਿੱਚ ਝਾੜ ਘੱਟ ਹੁੰਦਾ ਹੈ ਅਤੇ ਜੇ ਹੁੰਦਾ ਵੀ ਹੈ ਤਾਂ ਇਹ ਦੀ ਬਾਜ਼ਾਰ ਵਿੱਚ ਮੰਗ ਬਹੁਤ ਘੱਟ ਹੈ।”
“ਆਮ ਲੋਕਾਂ ਨੂੰ ਲੱਗਦਾ ਹੈ ਕਿ ਆਰਗੈਨਿਕ ਉਤਪਾਦ ਬਹੁਤ ਮਹਿੰਗੇ ਹਨ। ਪਰ ਅਜਿਹਾ ਹੈ ਨਹੀਂ।”
ਮੋਨਿਕਾ ਮੰਡੀਕਰਨ ਕਿਵੇਂ ਸਿਖਾਉਂਦੇ ਹਨ
ਮੋਨਿਕਾ ਦਾ ਕਹਿਣਾ ਹੈ ਕਿ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਇੱਕ ਵੱਡੀ ਕੰਪਨੀ ਚਲਾਉਣ ਦਾ ਤਜਰਬਾ ਸੀ ਇਸ ਲਈ ਉਨ੍ਹਾਂ ਨੂੰ ਪਤਾ ਸੀ ਕੀ ਆਪਣਾ ਉਤਪਾਦ ਕਿਵੇਂ ਵੇਚਣਾ ਹੈ।
ਉਨ੍ਹਾਂ ਨੇ ਆਨਲਾਈਨ ਐਪ ਜ਼ਰੀਏ ਚੀਜ਼ਾਂ ਵੇਚੀਆਂ ਤੇ ਆਨਲਾਈਨ ਲੋਕਾਂ ਨੂੰ ਜੈਵਿਕ ਖੇਤੀ ਬਾਰੇ ਜਾਣਕਾਰੀ ਵੀ ਮੁਹੱਈਆ ਕਰਵਾਈ।
ਉਹ ਦੱਸਦੇ ਹਨ, "ਮੇਰੀ ਚਾਰ ਏਕੜ ਜ਼ਮੀਨ ਵਿੱਚ ਬਹੁਤ ਸਾਰੇ ਨਿੰਬੂ ਜਾਤੀ ਦੇ ਫ਼ਲ ਅਤੇ ਸਬਜ਼ੀਆਂ ਹਨ ਜਿਨ੍ਹਾਂ ਦੀ ਬਾਜ਼ਾਰ ਵਿੱਚ ਹਮੇਸ਼ਾ ਮੰਗ ਹੁੰਦੀ ਹੈ। ਬਹੁਤ ਸਾਰੇ ਕਿਸਾਨਾਂ ਨੇ ਸਾਡੇ ਤੋਂ ਸਿੱਖ ਕੇ ਜੈਵਿਕ ਖੇਤੀ ਅਪਣਾਈ ਹੈ।"
“ਅਸੀਂ ਕਿਸਾਨਾਂ ਨੂੰ ਦੱਸਦੇ ਹਾਂ ਕਿ ਖੇਤੀ ਕਿਵੇਂ ਕਰਨੀ ਹੈ ਅਤੇ ਕਿਹੜੀ ਤਕਨੀਕ ਦੀ ਵਰਤੋਂ ਕਰਨੀ ਹੈ ਅਤੇ ਤੁਸੀਂ ਆਪਣੀ ਉਪਜ ਸਾਨੂੰ ਬਿਹਤਰ ਕੀਮਤ 'ਤੇ ਵੇਚ ਸਕਦੇ ਹੋ, ਜਿਸ ਨੂੰ ਅਸੀਂ ਅਗਾਂਹ ਵੇਚ ਸਕਦੇ ਹਾਂ।”
ਮੋਨਿਕਾ ਦੱਸਦੇ ਹਨ ਹੈ ਕਿ ਜੈਵਿਕ ਖੇਤੀ ਦੇ ਪ੍ਰਮਾਣੀਕਰਣ ਤੋਂ ਲੈ ਕੇ, ਕਿਹੜੇ ਬੀਜ ਅਤੇ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ਤੋਂ ਮਲਟੀ-ਫਰੋਪਿੰਗ ਦੁਆਰਾ ਵੱਧ ਮੁਨਾਫ਼ਾ ਕਿਵੇਂ ਕਮਾਉਣਾ ਹੈ, ਸਭ ਕੁਝ ਫ਼ਾਰਮ ਵਿੱਚ ਸਿਖਾਇਆ ਜਾਂਦਾ ਹੈ।
ਉਹ ਕਹਿੰਦੇ ਹਨ, "ਬਾਹਰੋਂ ਕੋਈ ਵੀ ਸਮਾਨ ਨਹੀਂ ਖਰਦੀਦਾ ਹੈ ਅਤੇ ਪਿੰਡ ਵਿੱਚ ਹੀ ਮਿਲਣ ਵਾਲੇ ਸਮਾਨ ਦੀ ਵਰਤੋਂ ਕਰਦੇ ਹਾਂ। ਗਊ ਦੇ ਗੋਬਰ ਤੋਂ ਲੈ ਕੇ ਗੰਡੋਇਆਂ ਦੀ ਖਾਦ ਤੱਕ ਹਰ ਚੀਜ਼ ਦੀ ਖੇਤੀ ਵਿੱਚ ਵਰਤੋਂ ਕਰਨੀ ਪੈਂਦੀ ਹੈ।"
ਔਰਤਾਂ ਨੂੰ ਕੰਮ ਮੁਹੱਈਆ ਕਰਵਾਉਣਾ
ਮੋਨਿਕਾ ਮੁਤਾਬਕ ਜਦੋਂ ਖੇਤਾਂ ਵਿੱਚ ਵਾਢੀ ਜਾਂ ਹੋਰ ਕੰਮਾਂ ਲਈ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਤਾਂ ਉਸ ਸਮੇਂ ਉਹ ਕੋਸ਼ਿਸ਼ ਕਰਦੇ ਹਨ ਕਿ ਔਰਤਾਂ ਨੂੰ ਕੰਮ ਦਿੱਤਾ ਜਾਵੇ।
ਇਸ ਨਾਲ ਪਿੰਡ ਦੀਆਂ ਔਰਤਾਂ ਨੂੰ ਰੋਜ਼ਗਾਰ ਮਿਲਦਾ ਹੈ।
ਉਹ ਔਰਤਾਂ ਦੇ ਹੱਥ ਵਿੱਚ ਆਪਣੇ ਪੈਸੇ ਹੋਣ ਦੇ ਫ਼ਾਇਦੇ ਦੱਸਦਿਆਂ ਕਹਿੰਦੇ ਹਨ, "ਜਦੋਂ ਪੈਸਾ ਔਰਤਾਂ ਕੋਲ ਜਾਂਦਾ ਹੈ ਤਾਂ ਉਹ ਇਸ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰਕ ਲੋੜਾਂ 'ਤੇ ਖ਼ਰਚ ਕਰਦੀਆਂ ਹਨ।”
“ਇੰਨਾਂ ਹੀ ਨਹੀਂ ਔਰਤਾਂ ਪੈਸੇ ਕਮਾਉਣ ਲਈ ਮਰਦਾਂ ਨਾਲੋਂ ਜ਼ਿਆਦਾ ਮਿਹਨਤ ਕਰਦੀਆਂ ਹਨ।"