You’re viewing a text-only version of this website that uses less data. View the main version of the website including all images and videos.
'ਮੁੰਡੇ ਕਿੱਥੋਂ ਕੁੜੀਆਂ ਦੀ ਰੀਸ ਕਰ ਲੈਣਗੇ ਜੀ', ਜੂੜਾ ਬੰਨ੍ਹ ਕੇ ਟਿੱਕੀਆਂ ਵੇਚਦੀ ਮਨਜੀਤ ਕਾਰਨ ਮੋਗੇ ਦੀ ਗਲੀ ਵੀ ਮਸ਼ਹੂਰ ਹੋ ਗਈ
"ਸਵੇਰੇ 10 ਵਜੇ ਸਾਰਾ ਸਾਮਾਨ ਤਿਆਰ ਕਰ ਜਾਂਦੇ ਹਾਂ ਅਤੇ ਫਿਰ ਸਾਰਾ ਦਿਨ ਇੱਥੇ ਗਾਹਕਾਂ ਵਿਚਕਾਰ ਲੰਘ ਜਾਂਦਾ ਹੈ, ਕਈ ਵਾਰ ਤਾਂ ਰੋਟੀ ਖਾਣ ਦਾ ਵੀ ਟਾਈਮ ਨਹੀਂ ਮਿਲਦਾ। "
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਗਾ ਦੀ ਰਹਿਣ ਵਾਲੀ ਮਨਜੀਤ ਕੌਰ ਦਾ ਹੈ, ਜੋ ਆਪਣੇ ਪਿਤਾ ਦੀ ਦੁਕਾਨ 'ਤੇ ਹੱਥ ਵਟਾਉਂਦੇ ਹਨ।
ਜਾਂ ਫਿਰ ਇੰਝ ਕਹਿ ਲਓ ਹੁਣ ਮੋਗਾ ਸ਼ਹਿਰ ਦੀ ਗਲੀ ਹੀ ਮਨਜੀਤ ਟਿੱਕੀਆਂ ਵਾਲੀ ਦੇ ਨਾਮ ਨਾਲ ਜਾਣੀ ਜਾਂਦੀ ਹੈ।
ਮਨਜੀਤ ਮਹਿਜ਼ 10-12 ਸਾਲ ਦੀ ਸੀ ਜਦੋਂ ਇੱਕ ਹਾਦਸੇ ਕਾਰਨ ਉਨ੍ਹਾਂ ਦੇ ਪਿਤਾ ਕੰਮ ਕਰਨ ਤੋ ਅਸਮਰਥ ਹੋ ਗਏ ਸਨ।
ਅਜਿਹੇ ਵਿੱਚ ਪਰਿਵਾਰ ਲਈ ਕਮਾਈ ਕਰਨ ਦੀ ਜ਼ਿੰਮੇਵਾਰੀ ਛੇਵੀਂ ਵਿੱਚ ਪੜ੍ਹਦੀ ਮਨਜੀਤ ਅਤੇ ਉਸਦੇ ਭਰਾ ਸਿਰ ਆ ਪਈ।
ਇਨ੍ਹਾਂ ਹਾਲਾਤਾਂ ਦਾ ਸਾਹਮਣਾ ਮਨਜੀਤ ਨੇ ਦਲੇਰੀ ਨਾਲ ਤਾਂ ਕੀਤਾ ਪਰ ਅਜਿਹੇ ਵਿੱਚ ਉਨ੍ਹਾਂ ਦੀ ਪੜ੍ਹਾਈ ਅੱਧ ਵਿਚਾਲੇ ਹੀ ਛੁੱਟ ਗਈ ਅਤੇ ਮਨਜੀਤ ਆਪਣੇ ਭਰਾ ਨਾਲ ਪਿਤਾ ਦੀ ਟਿੱਕੀਆਂ ਵਾਲੀ ਰੇਹੜੀ ਸੰਭਾਲਣ ਲੱਗ ਗਈ।
ਟਿੱਕੀਆਂ ਲਈ ਮਸ਼ਹੂਰ
ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਮੋਗਾ ਦੇ ਬਜ਼ਾਰ ਵਿੱਚ ਟਿੱਕੀਆਂ ਤੇ ਖਾਣ ਵਾਲੇ ਹੋਰ ਸਮਾਨ ਦੀ ਦੁਕਾਨ ਚਲਾਉਂਦੀ ਮਨਜੀਤ ਕੌਰ ਨੇ ਕਿਹਾ, "ਉਸ ਵੇਲੇ ਸੋਚਿਆ ਨਹੀਂ ਹੋਣਾ ਕਿ ਮਨਜੀਤ ਦੀਆਂ ਟਿੱਕੀਆਂ ਪੂਰੇ ਸ਼ਹਿਰ ਤੇ ਸ਼ਹਿਰ ਤੋਂ ਬਾਹਰ ਤੱਕ ਮਸ਼ਹੂਰ ਹੋ ਜਾਣਗੀਆਂ।"
“ਮੇਰਾ ਮੇਕਅੱਪ ਕਰਨ ਨੂੰ ਦਿਲ ਨਹੀਂ ਕਰਦਾ, ਮੇਰਾ ਧਿਆਨ ਕੰਮ ਵਿੱਚ ਹੀ ਰਹਿੰਦਾ ਹੈ।”
ਮੋਗਾ ਦੇ ਬਜ਼ਾਰ ਦੀ ਬਾਗ਼ ਗਲੀ ਮਨਜੀਤ ਦੀਆਂ ਟਿੱਕੀਆਂ ਕਰਕੇ ਵੀ ਮਸ਼ਹੂਰ ਹੈ।
ਚਹਿਲ-ਪਹਿਲ ਵਾਲੇ ਬਜ਼ਾਰ ਵਿੱਚ ਦੁਕਾਨ ਸੰਭਾਲਦੀ ਮਨਜੀਤ ਸਿਰ ਉੱਤੇ ਮੁੰਡਿਆਂ ਵਾਂਗ ਜੂੜਾ ਕਰਕੇ ਰੁਮਾਲ ਬੰਨ੍ਹਦੀ ਹੈ।
ਉਹ ਕਹਿੰਦੀ ਹੈ, “ਮੈਂ ਛੋਟੀ ਸੀ ਜਦੋਂ ਜੂੜਾ ਕਰਕੇ ਇੱਕ ਦਿਨ ਦੁਕਾਨ ’ਤੇ ਗਈ, ਫਿਰ ਆਦਤ ਪੈ ਗਈ, ਹੁਣ ਮੈਨੂੰ ਐਵੇਂ ਹੀ ਚੰਗਾ ਲਗਦਾ ਹੈ।”
ਜੂੜੇ ਵਾਲੀ ਕੁੜੀ
ਸ਼ਹਿਰ ਵਿੱਚ ਜੂੜੇ ਵਾਲੀ ਕੁੜੀ ਦੀਆਂ ਟਿੱਕੀਆਂ ਨਾਲ ਵੀ ਉਸ ਦੀ ਦੁਕਾਨ ਮਸ਼ਹੂਰ ਹੈ।
ਮਨਜੀਤ ਦੇ ਪਿਤਾ ਉਸ ਦੇ ਹੌਂਸਲੇ ਦੀ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਹਨ।
ਉਹ ਆਖਦੇ ਹਨ, “ਮੁੰਡੇ ਕਿੱਥੋਂ ਕੁੜੀਆਂ ਦੀ ਰੀਸ ਕਰ ਲੈਣਗੇ ਜੀ।”
ਉਨ੍ਹਾਂ ਨੇ ਅੱਖਾਂ ਪੂੰਜਦਿਆਂ ਦੱਸਿਆ ਕਿ ਮਨਜੀਤ ਉਦੋਂ ਬਾਰ੍ਹਾਂ ਸਾਲ ਦੀ ਸੀ, ਜਦੋਂ ਤੋਂ ਆਪਣੇ ਭਰਾ ਨਾਲ ਕੰਮ ਸੰਭਾਲਣ ਲੱਗ ਗਈ ਸੀ।
ਮਨਜੀਤ ਉਦੋਂ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ। ਉਨ੍ਹਾਂ ਦੇ ਪਿਤਾ ਇੱਕ ਹਾਦਸੇ ਬਾਅਦ ਕੰਮ ਕਰਨੋਂ ਅਸਮਰਥ ਸੀ। ਇਸੇ ਮਜਬੂਰੀ ਨੇ ਮਨਜੀਤ ਨੂੰ ਨਿੱਕੀ ਉਮਰੇ ਜ਼ਿੰਮੇਵਾਰੀ ਵਿੱਚ ਪਾ ਦਿੱਤਾ।
ਪਰ ਮਨਜੀਤ ਆਪਣਾ ਕਾਰੋਬਾਰ ਬਹੁਤ ਖੁਸ਼ੀ ਨਾਲ ਸੰਭਾਲਦੀ ਹੈ।
ਉਹ ਦੱਸਦੀ ਹੈ, “ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਸੀ, ਇਸ ਲਈ ਮੈਂ ਅਤੇ ਮੇਰਾ ਭਰਾ ਦੁਕਾਨ ਸੰਭਾਲਣ ਲੱਗ ਗਏ। ਪਹਿਲਾਂ ਰੇਹੜੀ ਹੁੰਦੀ ਸੀ, ਹੁਣ ਦੁਕਾਨ ਹੈ।”
ਮਨਜੀਤ ਦੱਸਦੀ ਹੈ ਕਿ ਉਹ ਸੱਤ ਵਜੇ ਉੱਠਦੀ ਹੈ, ਫਿਰ ਦੁਕਾਨ ’ਤੇ ਵੇਚੇ ਜਾਣ ਵਾਲੇ ਸਮਾਨ ਦੀ ਆਪਣੇ ਪਰਿਵਾਰ ਨਾਲ ਤਿਆਰੀ ਕਰਵਾਉਂਦੀ ਹੈ ਅਤੇ ਸਵੇਰੇ 10 ਵਜੇ ਦੁਕਾਨ ’ਤੇ ਪਹੁੰਚ ਜਾਂਦੀ ਹੈ। ਰਾਤ 10 ਵਜੇ ਘਰ ਪਰਤਦੀ ਹੈ।
ਉਸ ਨੇ ਕਿਹਾ, “ਫਿਰ ਸਾਰਾ ਦਿਨ ਇੱਥੇ ਗਾਹਕਾਂ ਵਿਚਕਾਰ ਲੰਘ ਜਾਂਦਾ ਹੈ, ਕਈ ਵਾਰ ਤਾਂ ਰੋਟੀ ਖਾਣ ਦਾ ਵੀ ਟਾਈਮ ਨਹੀਂ ਮਿਲਦਾ।”
ਕਰੀਬ ਵੀਹ ਸਾਲ ਤੋਂ ਮਨਜੀਤ ਇਸੇ ਤਰ੍ਹਾਂ ਕੰਮ ਸੰਭਾਲਦੀ ਹੈ।
ਇਸ ਦੁਕਾਨ ਦੇ ਪੱਕੇ ਗਾਹਕਾਂ ਵਿੱਚੋਂ ਇੱਕ ਰਮਨਦੀਪ ਕੌਰ ਨੇ ਕਿਹਾ, “ਬਾਗ਼ ਗਲੀ ਦੀਆਂ ਟਿੱਕੀਆਂ ਸਾਡੇ ਸ਼ਹਿਰ ਵਿੱਚ ਬਹੁਤ ਮਸ਼ਹੂਰ ਨੇ।"
"ਅਸੀਂ ਜਦੋਂ ਵੀ ਖਰੀਦਦਾਰੀ ਕਰਨ ਬਜ਼ਾਰ ਜਾਈਏ ਤਾਂ ਉਸ ਕੋਲ਼ੋਂ ਟਿੱਕੀਆਂ ਜ਼ਰੂਰ ਖਾ ਕੇ ਆਉਂਦੇ ਹਾਂ। ਜਿਸ ਤਰ੍ਹਾਂ ਮਨਜੀਤ ਦੁਕਾਨ ’ਤੇ ਮਿਹਨਤ ਕਰਦੀ ਹੈ, ਉਹ ਬਾਕੀ ਮੁੰਡੇ-ਕੁੜੀਆਂ ਲਈ ਪ੍ਰੇਰਨਾ ਸਰੋਤ ਹੈ।”
ਹੋਰਨਾਂ ਲਈ ਪ੍ਰੇਰਨਾ ਸਰੋਤ
ਬਜ਼ਾਰ ਵਿੱਚ ਇੱਕ ਹੋਰ ਦੁਕਾਨਦਾਰ ਅਤਰ ਸਿੰਘ ਕਹਿੰਦੇ ਹਨ, “ਮਨਜੀਤ ਬਹੁਤ ਮਿਹਨਤੀ ਕੁੜੀ ਹੈ। ਵੈਸੇ ਇਹ ਜੂੜੇ ਵਾਲੀ ਕੁੜੀ ਦੇ ਨਾਮ ਨਾਲ ਮਸ਼ਹੂਰ ਹੈ। ਅਸੀਂ ਬਹੁਤ ਸਾਲਾਂ ਤੋਂ ਇਸ ਨੂੰ ਦੁਕਾਨ ’ਤੇ ਕੰਮ ਕਰਦਿਆਂ ਵੇਖਿਆ ਹੈ। ਕਈਆਂ ਨੂੰ ਤਾਂ ਪਤਾ ਹੀ ਨਹੀਂ ਕਿ ਇਹ ਮੁੰਡਾ ਹੈ ਜਾਂ ਕੁੜੀ। ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਇਸ ਕੁੜੀ ’ਤੇ।”
ਮਨਜੀਤ ਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਹਨ ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ।
ਮਨਜੀਤ ਅਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਮਨਜੀਤ ਲਈ ਅਜਿਹਾ ਜੀਵਨ ਸਾਥੀ ਹੀ ਤਲਾਸ਼ ਰਹੇ ਹਨ, ਜੋ ਉਸ ਨੂੰ ਦੁਕਾਨ ਸੰਭਾਲਦੇ ਰਹਿਣ ਵਿੱਚ ਸਹਿਯੋਗ ਕਰੇ।
ਮਨਜੀਤ ਦੂਜੇ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਹਿੰਦੀ ਹੈ, “ਸਾਨੂੰ ਵਿਦੇਸ਼ਾਂ ਵੱਲ ਭੱਜਣ ਜਾਂ ਸਰਕਾਰੀ ਨੌਕਰੀਆਂ ਦੀ ਝਾਕ ਰੱਖਣ ਦੀ ਲੋੜ ਨਹੀਂ, ਜੇ ਮਿਹਨਤ ਕਰੀਏ ਤਾਂ ਇੱਥੇ ਹੀ ਬਹੁਤ ਕੁਝ ਹੈ।”
ਛੋਟੇ ਹੁੰਦਿਆਂ ਮਨਜੀਤ ਨੂੰ ਜ਼ਿੰਦਗੀ ਨੇ ਜੋ ਝਟਕਾ ਦਿੱਤਾ, ਉਹ ਉਸ ਤੋਂ ਡੋਲੀ ਨਹੀਂ। ਆਪਣੇ ਜਜ਼ਬੇ, ਲਗਨ ਅਤੇ ਮਿਹਨਤ ਨਾਲ ਕਾਰੋਬਾਰ ਵਿੱਚ ਕਾਮਯਾਬ ਹੋਈ। ਨਾ ਸਿਰਫ਼ ਪਰਿਵਾਰ ਦਾ ਸਹਾਰਾ ਬਣੀ, ਬਲਕਿ ਆਪਣੀ ਵੱਖਰੀ ਪਛਾਣ ਵੀ ਬਣਾਈ।