ਧੀਆਂ ਨੂੰ 'ਦੇਵੀ' ਮੰਨਣ ਵਾਲੇ ਦੇਸ ਵਿੱਚ ਕੁੜੀਆਂ ਕੂੜੇ ਦੇ ਢੇਰ 'ਤੇ ਕਿਉਂ ਮਿਲਦੀਆਂ ਹਨ

    • ਲੇਖਕ, ਅਰਜੁਨ ਪਰਮਾਰ
    • ਰੋਲ, ਬੀਬੀਸੀ ਪੱਤਰਕਾਰ

14 ਨਵੰਬਰ, ਭਾਰਤ ਵਿੱਚ ''ਬਾਲ ਦਿਵਸ'' (ਚਿਲਡਰਨਸ ਡੇ) ਵਜੋਂ ਮਨਾਇਆ ਜਾਂਦਾ ਹੈ। ਬੱਚਿਆਂ ਦੀ ਮਾਸੂਮੀਅਤ ਅਤੇ ਪਿਆਰ ਨੂੰ ਸਮਰਪਿਤ ਇਸ ਦਿਹਾੜੇ ਮੌਕੇ ਇੱਕ ਬੱਚੀ ਅਜਿਹੀ ਵੀ ਹੈ ਜੋ ਹਸਪਤਾਲ ਵਿੱਚ ਲਵਾਰਿਸ ਪਈ ਹੈ। 15 ਦਿਨਾਂ ਦੀ ਇਸ ਮਾਸੂਮ ਬੱਚੀ ਦਾ ਸੂਰਤ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਲੰਘੇ 28 ਅਕਤੂਬਰ ਨੂੰ ਇਹ ਬੱਚੀ ਸੂਰਤ ਦੇ ਭੇਸਤਾਨ ਇਲਾਕੇ ਵਿੱਚ ਇੱਕ ਕੂੜੇਦਾਨ ਵਿੱਚ ਮਿਲੀ ਸੀ।

ਭਾਰਤਭਾਈ ਬੇਲ ਨਾਮ ਦੇ ਇੱਕ ਵਿਅਕਤੀ ਨੇ ਇਸ ਬੱਚੀ ਨੂੰ ਦੇਖ ਲਿਆ ਅਤੇ ਉਹ ਇਸ ਨੂੰ ਹਸਪਤਾਲ ਲੈ ਆਏ।

ਇਸ ਪੂਰੀ ਘਟਨਾ ਨੂੰ ਯਾਦ ਕਰਦਿਆਂ ਭਾਰਤਭਾਈ ਕਹਿੰਦੇ ਹਨ, ''ਜਦੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਉੱਥੇ ਕਿਵੇਂ ਪਈ ਸੀ, ਮਾਸੂਮ ਜਿਹੀ...ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਮੈਨੂੰ ਨਹੀਂ ਪਤਾ ਕਿ ਇਹ ਹੰਝੂ ਇਸਦੀ ਹਾਲਤ ਨੂੰ ਦੇਖ ਕੇ ਹਨ, ਇਸਦੀ ਮਾਸੂਮੀਅਤ ਕਰਕੇ ਹਨ ਜਾਂ ਫਿਰ ਇਸਦੇ ਪਿਤਾ ਦੀ ਬੇਦਰਦੀ ਤੇ ਬੇਰਹਿਮੀ ਕਾਰਨ ਹਨ।''

ਇਸ ਬੱਚੀ ਨੂੰ ਇੱਕ ਬੈਗ ਵਿੱਚ ਪਾ ਕੇ ਸੁੱਟਿਆ ਗਿਆ ਸੀ ਅਤੇ ਕੁੱਤੇ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਭਾਰਤਭਾਈ ਨੇ ਬੱਚੀ ਨੂੰ ਬੈਗ 'ਚੋਂ ਕੱਢਿਆ, ਉਸਨੂੰ ਸਾਫ ਕੀਤਾ 'ਤੇ ਮੂੰਹ ਨਾਲ ਉਸ ਨੂੰ ਸਾਹ ਦੇ ਕੇ ਉਸਦੀ ਜਾਨ ਬਚਾਈ।

ਭਾਰਤ, ਜਿੱਥੇ ਔਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ, ਇਸੇ ਦੇਸ਼ ਵਿੱਚ ਨਵਜਾਤ ਬੱਚੀਆਂ ਕੂੜੇ ਦੇ ਢੇਰ 'ਤੇ ਵੀ ਮਿਲਦੀਆਂ ਹਨ ਅਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।

ਇਸ ਸਮੱਸਿਆ ਬਾਰੇ ਹੋਰ ਜਾਣਕਾਰੀ ਲਈ ਅਤੇ ਦੇਸ਼ ਵਿੱਚ ਬਚਿਆਂ ਦੀ ਇਸ ਮਾੜੀ ਹਾਲਤ ਪਿਛਲੇ ਕਾਰਨ ਜਾਨਣ ਲਈ, ਅਸੀਂ ਕੁਝ ਮਾਹਰਾਂ ਨਾਲ ਇਸ ਬਾਬਤ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਕੁੜੀਆਂ ਨੂੰ ਇਸ ਤਰ੍ਹਾਂ ਕਿਉਂ ਸੁੱਟ ਦਿੱਤਾ ਜਾਂਦਾ ਹੈ?

ਪ੍ਰਕਾਸ਼ ਕੌਰ, ਲਵਾਰਿਸ ਜਾਂ ਛੱਡੇ ਗਏ ਬੱਚਿਆਂ ਲਈ ਪੰਜਾਬ ਦੇ ਸ਼ਹਿਰ ਜਲੰਧਰ ਵਿੱਚ 'ਯੂਨੀਕ ਕੇਅਰ' ਨਾਮ ਦਾ ਇੱਕ ਯਤੀਮਖਾਨਾ (ਚਿਲਡਰਨ ਹੋਮ) ਚਲਾਉਂਦੇ ਹਨ। ਉਨ੍ਹਾਂ ਨੇ ਬੀਬੀਸੀ ਗੁਜਰਾਤੀ ਸੇਵਾ ਨੂੰ ਦੱਸਿਆ ਕਿ ਅੱਜ ਦੇ ਭਾਰਤੀ ਸਮਾਜ ਦੀ ਇਹ ਸੱਚਾਈ ਹੈ ਕਿ ਮਾਪੇ ਕੁੜੀਆਂ ਨੂੰ ਜ਼ਿਆਦਾ ਤਿਆਗਦੇ ਹਨ।

ਲਵਾਰਿਸ ਛੱਡੇ ਗਏ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੇ ਪ੍ਰਕਾਸ਼ ਕੌਰ ਨੂੰ ਉਨ੍ਹਾਂ ਦੇ ਇਨ੍ਹਾਂ ਯਤਨਾਂ ਸਦਕਾ ਸਾਲ 2018 ਵਿੱਚ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਹ ਇਸ ਸਮੱਸਿਆ ਨੂੰ ''ਬਹੁਤ ਜ਼ਿਆਦਾ ਗੰਭੀਰ ਸਮੱਸਿਆ'' ਕਹਿੰਦੇ ਹਨ ਅਤੇ ਕਹਿੰਦੇ ਹਨ ਕਿ ''ਮੁੰਡਿਆਂ ਦੀ ਬਜਾਏ ਕੁੜੀਆਂ ਨੂੰ ਲਵਾਰਿਸ ਛੱਡੇ ਜਾਣ ਸੀ ਸੰਭਾਵਨਾ ਜ਼ਿਆਦਾ ਹੁੰਦੀ ਹੈ।''

''ਇਸਦਾ ਮੁੱਖ ਕਾਰਨ ਹੈ ਸਾਡਾ ਸਮਾਜਿਕ ਢਾਂਚਾ, ਜਿੱਥੇ ਕੁੜੀਆਂ ਨੂੰ ਇੱਕ ਬੋਝ ਸਮਝਿਆ ਜਾਂਦਾ ਹੈ। ਸਮਾਜ ਦਾ ਛੋਟਾ ਨਜ਼ਰੀਆ, ਪੜ੍ਹਾਈ ਦੀ ਘਾਟ ਅਤੇ ਸਿੱਖਿਆ ਪ੍ਰਣਾਲੀ ਦੀਆਂ ਸਮੱਸਿਆਵਾਂ।''

ਉਹ ਅਜਿਹੇ ਮਾਮਲਿਆਂ ਲਈ ਸਮਾਜ ਦੀ ਸੋਚ ਨੂੰ ਵੀ ਦੋਸ਼ੀ ਠਹਿਰਾਉਂਦੇ ਹਨ।

ਉਹ ਕਹਿੰਦੇ ਹਨ, ''ਇੱਥੋਂ ਤੱਕ ਕਿ ਅੱਜ ਵੀ ਸਾਡੇ ਸਮਾਜ ਵਿੱਚ ਪੁੱਤਰ ਨੂੰ ਪਰਿਵਾਰ ਤੇ ਜਾਤੀ ਦਾ ਵਾਰਸ ਸਮਝਿਆ ਜਾਂਦਾ ਹੈ, ਜਦਕਿ ਕੁੜੀ ਨੂੰ ਇੱਕ ਬੋਝ ਮੰਨਿਆ ਜਾਂਦਾ ਹੈ। ਮੰਨੋ ਜਾਂ ਨਾ ਮੰਨੋ ਪਰ ਇਹ ਸੱਚਾਈ ਹੈ, ਜਿਸਦਾ ਸਾਹਮਣਾ ਅਸੀਂ ਰੋਜ਼ਾਨਾ ਕਰਦੇ ਹਾਂ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

''ਇਸ ਤੋਂ ਇਲਾਵਾ, ਅਸੀਂ ਆਪਣੇ ਬੱਚਿਆਂ ਨੂੰ ਇਹ ਵੀ ਨਹੀਂ ਸਿਖਾਉਂਦੇ ਕਿ ਕੁੜੀਆਂ ਅਤੇ ਮੁੰਡੇ ਬਰਾਬਰ ਹੁੰਦੇ ਹਨ। ਇੱਥੋਂ ਤੱਕ ਕਿ ਅਸੀਂ ਸਕੂਲਾਂ ਵਿੱਚ ਵੀ ਉਨ੍ਹਾਂ ਨੂੰ ਇਸ ਬਾਰੇ ਸਹੀ ਨਹੀਂ ਸਿਖਾਉਂਦੇ। ਲੋਕਾਂ ਵਿੱਚ ਅਜਿਹੀ ਬੇਰੁਖੀ ਲਈ ਇਹੀ ਮੁੱਖ ਕਾਰਨ ਹੈ।''

ਪ੍ਰਕਾਸ਼ ਕੌਰ ਨੇ ਇਹ ਮੰਗ ਵੀ ਕੀਤੀ ਹੈ ਕਿ ਬੱਚਿਆਂ ਨੂੰ ਅਜਿਹੀ ਹਾਲਤ ਵਿੱਚ ਛੱਡਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਉਹ ਅੱਗੇ ਕਹਿੰਦੇ ਹਨ, ''ਮੌਜੂਦਾ ਕਾਨੂੰਨੀ ਵਿਵਸਥਾਵਾਂ ਦੇ ਤਹਿਤ, ਬੱਚੇ ਨੂੰ ਲਵਾਰਿਸ ਛੱਡਣਾ ਇੱਕ ਅਜਿਹਾ ਜੁਰਮ ਹੈ ਜਿਸ ਵਿੱਚ ਜ਼ਮਾਨਤ ਮਿਲ ਸਕਦੀ ਹੈ, ਇਸ ਲਈ ਉਹ ਆਸਾਨੀ ਨਾਲ ਛੁੱਟ ਜਾਂਦੇ ਹਨ।''

''ਇਹ ਇੱਕ ਬੱਚੇ ਦੀ ਜ਼ਿੰਦਗੀ ਲਈ ਗੰਭੀਰ ਖਤਰਾ ਸੀ ਜਿਸ 'ਤੇ ਧਿਆਨ ਹੀ ਨਹੀਂ ਦਿੱਤਾ ਗਿਆ। ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੇ ਦਿਲਾਂ ਵਿੱਚ ਡਰ ਪੈਦਾ ਕਰਨ ਲਈ ਸਖ਼ਤ ਕਾਨੂੰਨਾਂ ਦੀ ਜ਼ਰੂਰਤ ਹੈ। ਮੌਜੂਦਾ ਵਿਵਸਥਾਵਾਂ ਨਾਕਾਫ਼ੀ ਹਨ।''

ਸੈਂਟਰਲ ਅਡੋਪਸ਼ਨ ਰਿਸੋਰਸ ਅਥਾਰਿਟੀ ਦੇ ਸਾਬਕਾ ਪ੍ਰਧਾਨ ਏਲੋਮਾ ਲੋਬੋ ਵੀ ਕੁੜੀਆਂ ਨੂੰ ਇਸ ਤਰ੍ਹਾਂ ਲਵਾਰਿਸ ਛੱਡਣ ਨੂੰ ਘਿਨੌਣਾ ਅਪਰਾਧ ਕਹਿੰਦੇ ਹਨ।

ਉਹ ਕਹਿੰਦੇ ਹਨ, ''ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਜ਼ਿਆਦਾ ਲਵਾਰਿਸ ਛੱਡਿਆ ਜਾਂਦਾ ਹੈ। ਜਦੋਂ ਵੀ ਕਿਸੇ ਜੋੜੇ ਦੇ ਘਰ ਤੀਸਰੀ-ਚੌਥੀ ਸੰਤਾਨ ਵਜੋਂ ਇੱਕ ਲੜਕੀ ਦਾ ਜਨਮ ਹੁੰਦਾ ਹੈ, ਉਹ ਬੱਚੀ ਨੂੰ ਲਵਾਰਿਸ ਛੱਡਣ ਸਣੇ ਹੋਣ ਤਰੀਕਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ। ਬਹੁਤੇ ਮਾਮਲਿਆਂ ਵਿੱਚ ਇਹੀ ਹੁੰਦਾ ਹੈ।''

ਦੇਸ਼ ਭਰ ਵਿੱਚ ਗੋਦ ਲੈਣ ਯੋਗ ਬੱਚਿਆਂ ਵਿੱਚ ਕੁੜੀਆਂ ਦੀ ਸੰਖਿਆ ਜ਼ਿਆਦਾ

ਸੈਂਟਰਲ ਅਡੋਪਸ਼ਨ ਰਿਸੋਰਸ ਅਥਾਰਿਟੀ ਨਾਲ ਮਿਲ ਕੇ ਬੀਬੀਸੀ ਗੁਜਰਾਤੀ ਨੇ ਸੂਚਨਾ ਤੇ ਅਧਿਕਾਰ ਕਾਨੂੰਨ ਤਹਿਤ ਇੱਕ ਯਾਚਿਕਾ (ਅਰਜ਼ੀ) ਦਿੱਤੀ ਸੀ, ਜਿਸਦੇ ਜਵਾਬ ਵਿੱਚ ਪਾਇਆ ਗਿਆ ਕਿ ਦੇਸ਼ ਭਰ ਵਿੱਚ ਯਤੀਮ ਖਾਨਿਆਂ ਵਿੱਚ ਗੋਦ ਲਏ ਜਾ ਸਕਣ ਵਾਲੇ ਬੱਚਿਆਂ ਵਿੱਚ 1432 ਕੁੜੀਆਂ ਸਨ ਅਤੇ 1032 ਮੁੰਡੇ ਸਨ।

ਜੇ ਅਸੀਂ ਇਸ ਅੰਕੜੇ ਨੂੰ ਵੇਖੀਏ ਤਾਂ ਗੋਦ ਲਏ ਜਾ ਸਕਣ ਵਾਲੇ ਬੱਚਿਆਂ ਵਿੱਚ ਕੁੜੀਆਂ ਦੀ ਸੰਖਿਆ 38% ਜ਼ਿਆਦਾ ਹੈ।

ਦੇਸ਼ ਭਰ ਵਿੱਚ ਅਨਾਥਘਰਾਂ ਵਿੱਚ 0-2 ਸਾਲ ਦੀ ਉਮਰ ਵਾਲੇ ਮੁੰਡਿਆਂ ਦੀ ਸੰਖਿਆ 188 ਹੈ, ਜਿਨ੍ਹਾਂ ਨੂੰ ਗੋਦ ਲਿਆ ਜਾ ਸਕਦਾ ਹੈ।

ਜਦਕਿ ਇਸੇ ਉਮਰ ਦੀਆਂ ਕੁੜੀਆਂ ਦੀ ਗਿਣਤੀ 241 ਹੈ।

ਇਸ ਹਿਸਾਬ ਨਾਲ 0-2 ਸਾਲ ਦੀ ਉਮਰ ਵਾਲੇ, ਗੋਦ ਲਏ ਜਾ ਸਕਣ ਵਾਲੇ ਬੱਚਿਆਂ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਸੰਖਿਆ 28% ਜ਼ਿਆਦਾ ਹੈ।

ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਹਰ ਸਾਲ ਮੁੰਡਿਆਂ ਦੀ ਤੁਲਨਾ ਵਿੱਚ 40% ਵਧੇਰੇ ਕੁੜੀਆਂ ਨੂੰ ਗੋਦ ਲਿਆ ਜਾਂਦਾ ਹੈ। ਇਸਦੇ ਬਾਵਜੂਦ ਵੀ ਯਤੀਮਖਾਨਿਆਂ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਦੀ ਸੰਖਿਆ ਜ਼ਿਆਦਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਅਜਿਹੀਆਂ ਸਥਿਤੀਆਂ ਲਈ, ਕੁੜੀਆਂ ਨੂੰ ਲਵਾਰਿਸ ਛੱਡਣ ਦੇ ਵਧੇਰੇ ਮਾਮਲੇ ਅਤੇ ਸਮਾਜਿਕ ਰਵੱਈਏ ਜ਼ਿੰਮੇਵਾਰ ਹਨ।

ਏਲੋਮਾ ਲੋਬੋ ਕਹਿੰਦੇ ਹਨ, ''ਮਾਪਿਆਂ ਦੀ ਤਰਜੀਹ ਤੋਂ ਇਲਾਵਾ, ਯਤੀਮਖਾਨਿਆਂ ਵਿੱਚ ਕੁੜੀਆਂ ਦਾ ਵਧੇਰੇ ਹੋਣਾ ਵੀ ਜ਼ਿਆਦਾ ਕੁੜੀਆਂ ਨੂੰ ਗੋਦ ਲੈਣ ਦਾ ਇੱਕ ਵੱਡਾ ਕਾਰਨ ਹੈ।''

''ਸਾਡੇ ਸਮਾਜ ਵਿੱਚ ਕੁੜੀਆਂ ਨੂੰ ਬਹੁਤ ਸਾਰੇ ਕਾਰਨਾਂ ਕਰਕੇ ਬੋਝ ਸਮਝਿਆ ਜਾਂਦਾ ਹੈ। ਇਸੇ ਕਾਰਨ ਮਾਪੇ ਮੁੰਡਿਆਂ ਦੀ ਬਜਾਏ ਕੁੜੀਆਂ ਨੂੰ ਜ਼ਿਆਦਾ ਲਵਾਰਿਸ ਛੱਡਦੇ ਹਨ।''

''ਕਿਸੇ ਅਜਿਹੇ ਮਾਮਲੇ ਵਿੱਚ ਜਿੱਥੇ ਬੱਚਾ ਅਪਾਹਜ ਹੋਵੇ, ਜੇ ਉਹ ਕੁੜੀ ਹੋਵੇ ਤਾਂ ਬਹੁਤ ਸੰਭਾਵਨਾ ਹੁੰਦੀ ਹੈ ਕਿ ਉਸ ਨੂੰ ਲਵਾਰਿਸ ਛੱਡ ਦਿੱਤਾ ਜਾਵੇਗਾ, ਜਦਕਿ ਜੇ ਉਹ ਮੁੰਡਾ ਹੋਵੇ ਤਾਂ ਮਾਪੇ ਕਿਸੇ ਤਰ੍ਹਾਂ ਉਸ ਬੱਚੇ ਨੂੰ ਪਰਿਵਾਰ ਵਿੱਚ ਹੀ ਰੱਖਦੇ ਹਨ। ਇਹ ਬਹੁਤ ਦੁਖਦਾਈ ਹੈ।''

ਪ੍ਰਕਾਸ਼ ਕੌਰ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਕੁੜੀਆਂ ਨੂੰ ਅਪਨਾਉਣ ਅਤੇ ਜੇ ਉਨ੍ਹਾਂ ਨੂੰ ਬੱਚੀ ਲਵਾਰਿਸ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ 'ਯੂਨੀਕ ਕੇਅਰ' ਨਾਲ ਸੰਪਰਕ ਕਰਨ ਅਤੇ ਬੱਚੀ ਉਨ੍ਹਾਂ ਨੂੰ ਸੌਂਪ ਦੇਣ।

ਉਹ ਕਹਿੰਦੇ ਹਨ, ''ਧੀਆਂ ਪਿਆਰ ਨਾਲ ਭਰੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਨਾ ਛੱਡੋ ਤੇ ਜੇ ਤੁਹਾਨੂੰ ਕਿਸੇ ਵੀ ਕਾਰਨ ਅਜਿਹਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਸਾਨੂੰ ਸੌਂਪ ਦਿਓ। ਅਸੀਂ ਤੁਹਾਡੇ ਕੋਲ ਆਵਾਂਗੇ ਅਤੇ ਬੱਚੀ ਨੂੰ ਲੈ ਜਾਵਾਂਗੇ। ਪਰ ਉਨ੍ਹਾਂ ਨੂੰ ਲਵਾਰਿਸ ਨਾ ਸੁੱਟੋ ਅਤੇ ਨਾ ਹੀ ਮਾਰੋ। ਉਨ੍ਹਾਂ ਨੂੰ ਵੀ ਜਿਉਣ ਦਿਓ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)