ਅਮ੍ਰਿਤਪਾਲ ਸਿੰਘ : ਪੰਜਾਬ 'ਚ ਪੁਲਿਸ ਕਾਰਵਾਈ ਨੂੰ ਕਿਵੇਂ ਦੇਖ ਰਿਹਾ ਹੈ ਕੌਮਾਂਤਰੀ ਮੀਡੀਆ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਦਾ ਦਾਅਵਾ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਦੀ ਗ਼੍ਰਿਫ਼ਤਾਰੀ ਹਾਲੇ ਤੱਕ ਨਹੀਂ ਹੋਈ

'ਵਾਰਿਸ ਪੰਜਾਬ ਦੇ' ਮੁਖੀ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਅਤੇ ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਨੂੰ ਲੈ ਕੇ ਦੁਨੀਆਂ ਭਰ ਦੇ ਮੀਡੀਆ ਵਿੱਚ ਖ਼ਬਰਾਂ ਲੱਗੀਆਂ ਹਨ।

ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਇੰਟਰਨੈੱਟ ਸੇਵਾਵਾਂ ਅੱਜ ਯਾਨੀ 21 ਮਾਰਚ ਨੂੰ ਬਹਾਲ ਕਰ ਦਿੱਤੀਆਂ ਪਰ ਕਈ ਇਲਾਕਿਆਂ ਨੂੰ ਗ੍ਰਹਿ ਮੰਤਰਾਲੇ ਵਲੋਂ ਸੰਵੇਦਨਸ਼ੀਲ ਦੱਸਦਿਆਂ ਇੰਟਰਨੈੱਟ ਤੇ ਐੱਸਐੱਮਐੱਸ ਸੇਵਾਵਾਂ ਬੰਦ ਰੱਖੀਆਂ ਹਨ।

ਸੂਬੇ ਦੇ ਕੁਝ ਹਿੱਸਿਆਂ ਵਿੱਚ ਧਾਰਾ 144 ਲਗਾ ਕੇ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉੱਤੇ ਰੋਕ ਲਗਾਈ ਗਈ ਹੈ।

ਇਸ ਦੇ ਕਾਰਨ ਅਮਰੀਕਾ, ਕੈਨੇਡਾ ਤੇ ਯੂਕੇ ਵਿੱਚ ਸਰਗਰਮ ਸਿੱਖ ਆਗੂਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।

ਹੁਣ ਤੱਕ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 114 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਇਨ੍ਹਾਂ ਵਿੱਚੋਂ ਅਮ੍ਰਿਤਪਾਲ ਸਿੰਘ ਦੇ ਚਾਚੇ ਸਮੇਤ 5 ਨੂੰ ਪੰਜਾਬ ਪੁਲਿਸ ਦੀ ਟੀਮ ਨੇ ਅਸਾਮ ਦੇ ਡਿਬਰੂਗੜ੍ਹ ਭੇਜਿਆ ਹੈ।

ਇਹ ਕਾਰਵਾਈ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਹੋਈ ਸੀ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਦੀ ਕਾਰਵਾਈ ਵਿਰੁੱਧ ਵਿਦੇਸ਼ਾਂ ਵਿੱਚ ਵੀ ਮੁਜ਼ਾਹਰੇ ਹੋਏ ਹਨ
BBC

ਅਮ੍ਰਿਤਪਾਲ ਸਿੰਘ ਕੌਣ ਹਨ

ਅਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ।

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।

BBC

ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ-ਦਿ ਡੇਲੀ ਗਾਰਡੀਅਨ

ਦਿ ਡੇਲੀ ਗਾਰਡੀਅਨ ਦੀ 20 ਮਾਰਚ ਦੀ ਖ਼ਬਰ ਵਿੱਚ ਖ਼ਾਲਿਸਤਾਨ ਦੀ ਮੰਗ ਕਰਨ ਵਾਲੇ ਅਮ੍ਰਿਤਪਾਲ ਸਿੰਘ ਦੇ ਜਲੰਧਰ ਦੇ ਇਲਾਕੇ ਵਿੱਚੋਂ ਪੁਲਿਸ ਨੂੰ ਚਕਮਾ ਦੇ ਭੱਜ ਜਾਣ ਨੇ ਪੰਜਾਬ ਪੁਲਿਸ ਦੀ ਕਾਬਲੀਅਤ ’ਤੇ ਸਵਾਲ ਖੜ੍ਹੇ ਕੀਤੇ ਹਨ।

ਗਾਰਡੀਅਨ ਵਲੋਂ ਅਜਨਾਲਾ ਘਟਨਾ ਦਾ ਵੀ ਹਵਾਲਾ ਦਿੱਤਾ ਗਿਆ। ਜਦੋਂ ਅਮ੍ਰਿਤਪਾਲ ਸਿੰਘ ਦੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਨੇ ਇੱਕ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਪੁਲਿਸ ਹਿਰਾਸਤ ਵਿੱਚੋਂ ਛਡਵਾਉਣ ਲਈ ਅਜਨਾਲਾ ਥਾਣੇ ਦਾ ਘਿਰਾਓ ਕਰ ਲਿਆ ਸੀ।

ਇਸ ਖ਼ਬਰ ਵਿੱਚ ਅਮ੍ਰਿਤਪਾਲ ਸਿੰਘ ਦੇ ਦੁਬਈ ਵਿੱਚ ਰਹਿੰਦਿਆ ਖ਼ਾਲਿਸਤਾਨ ਪੱਖੀ ਲਖਬੀਰ ਸਿੰਘ ਰੋਡੇ ਦੇ ਭਰਾ ਜਸਵੰਤ ਸਿੰਘ ਰੋਡੇ ਤੇ ਪਰਮਜੀਤ ਸਿੰਘ ਪੰਮਾ ਦੇ ਸੰਪਰਕ ਵਿੱਚ ਹੋਣ ਦੀ ਗੱਲ ਆਖੀ ਗਈ ਹੈ।

ਰਿਪੋਰਟ ਵਿੱਚ ਇੰਟਨਨੈੱਟ ਸੇਵਾਵਾਂ ਮੁਅੱਤਲ ਕਰਨ ਤੇ ਇਸ ਦੇ ਆਮ ਲੋਕਾਂ ਨੂੰ ਉਪਲੱਬਧ ਕਈ ਸਹੂਲਤਾਂ ’ਤੇ ਪੈਣ ਵਾਲੇ ਅਸਰ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਇੱਕ ਸਿੱਖ ਵੱਖਵਾਦੀ ਖ਼ਾਤਰ 2.7 ਕਰੋੜ ਲੋਕਾਂ ਦਾ ਇੰਟਰਨੈੱਟ ਬੰਦ-ਸੀਐੱਨਐੱਨ

ਸੀਐੱਨਐੱਨ ਦੀ ਖ਼ਬਰ ਵਿੱਚ ਇੱਕ ਸਿੱਖ ਵੱਖਵਾਦੀ ਆਗੂ ਦੀ ਗ਼੍ਰਿਫ਼ਤਾਰੀ ਲਈ ਚਲਦੀ ਕਾਰਵਾਈ ਦੌਰਾਨ 2.7 ਕਰੋੜ ਪੰਜਾਬ ਵਾਸੀਆਂ ਨੂੰ ਪ੍ਰਾਪਤ ਇੰਟਰਨੈੱਟ ਦੀ ਸੁਵਿਧਾ ਬੰਦ ਕੀਤੇ ਜਾਣ ਦੀ ਗੱਲ ਆਖੀ ਗਈ ਹੈ।

ਖ਼ਬਰ ਵਿੱਚ ਪੰਜਾਬ ਪੁਲਿਸ ਵਲੋਂ ਇੰਟਰਨੈੱਟ ਬੰਦ ਕੀਤੇ ਜਾਣ ਨੂੰ ਜਾਇਜ਼ ਠਹਿਰਾਉਂਦਿਆਂ ਦਿੱਤੇ ਹਵਾਲਿਆਂ ਜਿਵੇਂ ਕਿ ਝੂਠੀਆਂ ਖ਼ਬਰਾਂ ਦੇ ਪ੍ਰਸਾਰੇ ਤੇ ਅਫ਼ਵਾਹਾਂ ਤੋਂ ਬਚਣਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਸੀਐੱਨਐੱਨ ਨੇ ਲਿਖਿਆ ਕਿ ਅਮ੍ਰਿਤਪਾਲ ਦੇ ਸਮਰਥਕਾਂ ਦੇ ਹੱਥਾਂ ਵਿੱਚ ਤਲਵਾਰਾਂ ਤੇ ਡਾਂਗਾ ਫ਼ੜੀ ਪੰਜਾਬ ਦੀਆਂ ਗ਼ਲੀਆਂ ਵਿੱਚ ਘੁੰਮਦਿਆਂ ਦੀਆਂ ਕਈ ਵੀਡੀਓ ਮੌਜੂਦ ਹਨ।

ਕਰੀਬ 114 ਲੋਕ ਪੁਲਿਸ ਵਲੋਂ ਫ਼ੜੇ ਗਏ ਪਰ ਅਮ੍ਰਿਤਪਾਲ ਹਾਲੇ ਤੱਕ ਗ਼੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਖ਼ਬਰ ਵਿੱਚ ਲਿਖਿਆ ਗਿਆ ਕਿ ਦਹਾਕਿਆਂ ਤੋਂ ਕੁਝ ਸਿੱਖਾਂ ਵਲੋਂ ‘ਖ਼ਾਲਿਸਤਾਨ’ ਨਾਮ ਦੇ ਵੱਖਰੇ ਖਿੱਤੇ ਦੀ ਗੱਲ ਕੀਤੀ ਜਾਂਦੀ ਰਹੀ ਹੈ।

ਸਾਲਾਂ ਤੋਂ ਖ਼ਾਲਿਸਤਾਨ ਲਹਿਰ ਦੇ ਸਮਰਥਕਾਂ ਤੇ ਭਾਰਤ ਸਰਕਾਰ ਵਿੱਚ ਟਕਰਾਅ ਰਿਹਾ ਹੈ। ਜਿਸ ਵਿੱਚ ਕਈ ਮੌਤਾਂ ਵੀ ਹੋਈਆਂ ਸਨ।

ਬੀਬੀਸੀ ਪੰਜਾਬੀ

ਅਮ੍ਰਿਤਪਾਲ ਸਿੰਘ 'ਤੇ ਪੁਲਿਸ ਦੀ ਕਾਰਵਾਈ: ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਜਾਰੀ ਹੈ
  • ਹੁਣ ਤੱਕ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 154 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ
  • ਪਰ ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
  • ਇਹ ਕਾਰਵਾਈ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ
  • ਜੇ ਕੋਈ ਪੰਜਾਬ ’ਤੇ ਮਾੜੀ ਅੱਖ ਰੱਖੇ ਤਾਂ ਪੰਜਾਬ ਇਸ ਨੂੰ ਬਰਦਾਸ਼ ਨਹੀਂ ਕਰਦਾ ਹੈ: ਭਗਵੰਤ ਮਾਨ
  • ਅਮ੍ਰਿਤਪਾਲ ਸਿੰਘ ਦੇ ਵਕੀਲ ਕਿਹਾ ਕਿ ਅਮ੍ਰਿਤਪਾਲ ਖ਼ਿਲਾਫ਼ ਵੀ ਐੱਨਐੱਸਏ ਲਗਾ ਦਿੱਤਾ ਗਿਆ ਹੈ
  • ਇਸ ਤੋਂ ਪਹਿਲਾਂ ਪੁਲਿਸ ਨੇ 5 ਲੋਕਾਂ ਉਪਰ ਐੱਨਐੱਸਏ ਲਗਾਉਣ ਦੀ ਪੁਸ਼ਟੀ ਕੀਤੀ ਸੀ
  • ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਮੰਗਲਵਾਰ ਦੁਪਹਿਰ ਤੱਕ ਮੁਅੱਤਲ ਹਨ
  • ਕੁਝ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਗਈ ਹੈ ਤੇ ਪੁਲਿਸ ਫਲੈਗ ਮਾਰਚ ਵੀ ਕੱਢ ਰਹੀ ਹੈ
ਬੀਬੀਸੀ ਪੰਜਾਬੀ
ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ

ਇੰਟਰਨੈੱਟ ਸੇਵਾਵਾਂ ਬੰਦ ਕਰਨ ਬਾਰੇ ਪੰਜਾਬ ਸਰਕਾਰ ਦਾ ਤਰਕ

  • ਸਮਾਜ ਦਾ ਇੱਕ ਤਬਕਾ ਭੜਕਾਊ ਸਮੱਗਰੀ, ਝੂਠੀ ਜਾਣਕਾਰੀ, ਅਫ਼ਵਾਹਾਂ, ਜਾਅਲੀ ਖ਼ਬਰਾਂ ਆਦਿ ਫ਼ੈਲਾਉਣ ਲਈ ਫ਼ੋਨ ਤੇ ਉਪਲੱਭਧ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰਦਾ ਹੈ।
  • ਦੇਸ਼ ਵਿਰੋਧੀ ਗਤੀਵਿਧੀਆਂ ਲਈ ਮੁਜ਼ਾਹਾਰਾਕਾਰੀਆਂ ਜਾਂ ਅੰਦੋਲਨਕਾਰੀਆਂ ਨੂੰ ਲਾਮਬੰਦ ਕਰਨ ਲਈ ਮੋਬਾਈਲ ਇੰਟਰਨੈੱਟ ਦੀ ਵਰਤੋਂ ਨਾਲ ਚੱਲਣ ਵਾਲੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਦੀ ਵਰਤੋਂ ਕੀਤੀ ਜਾਂਦੀ ਹੈ।
  • ਗ਼ਲਤ ਜਾਣਕਾਰੀ ਅਤੇ ਭੰਨਤੋੜ ਜ਼ਰੀਏ ਜਨਤਕ ਸੁਰੱਖਿਆ, ਜਨਤਕ ਸਹੂਲਤਾਂ, ਜਨਤਕ ਕਾਨੂੰਨ ਤੇ ਵਿਵਸਥਾ ਅਤੇ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਗੰਭੀਰ ਨੁਕਸਾਨ ਹੋਣ ਦਾ ਖ਼ਤਰਾ ਹੈ।”

80 ਦੇ ਦਹਾਕੇ ਵਿੱਚ ਹੋਈ ਸਿੱਖ ਬਗ਼ਾਵਤ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ-ਦਿ ਨਿਊ ਯਾਰਕ ਟਾਈਮਜ਼

ਦਿ ਨਿਊ ਯਾਰਕ ਟਾਈਮਜ਼ ਵਲੋਂ ਵੀ ਅਮ੍ਰਿਤਪਾਲ ਦੀ ਗ਼੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੀ ਕਾਰਵਾਈ ਬਾਰੇ ਖ਼ਬਰ ਛਾਪੀ ਗਈ।

ਖ਼ਬਰ ਵਿੱਚ ਲਿਖਿਆ ਗਿਆ ਕਿ ਭਾਰਤ ਦੇ ਇੱਕ ਸੂਬੇ ਵਿੱਚ ਇੱਕ ਵੱਖਵਾਦੀ ਦੀ ਗ਼੍ਰਿਫ਼ਤਾਰੀ ਲਈ ਸੁਰੱਖਿਆ ਬਲ ਲੱਗੇ ਹੋਏ ਹਨ ਤੇ ਇਸ ਦੇ ਚਲਦਿਆਂ ਇੰਟਰਨੈੱਟ ਸੇਵਾਵਾਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਅੰਮ੍ਰਿਤਪਾਲ ਸਿੰਘ, ਇੱਕ ਸਵੈ-ਐਲਾਨੇ ਪ੍ਰਚਾਰਕ ਦੇ ਉਭਾਰ ਨੇ ਪੰਜਾਬ ਵਿੱਚ ਹਿੰਸਾ ਦਾ ਡਰ ਪੈਦਾ ਕਰ ਦਿੱਤਾ ਸੀ।

ਇਹ ਉਹ ਸੂਬਾ ਹੈ, ਜਿੱਥੇ 1980 ਦੇ ਦਹਾਕੇ ਵਿੱਚ ਸਿੱਖ ਬਗ਼ਾਵਤ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਸਨ।

ਆਮ ਲੋਕਾਂ ਵਿੱਚ ਵੱਖਵਾਦੀ ਖ਼ੂਨੀ ਬਗ਼ਾਵਤ ਦੀਆਂ ਯਾਦਾਂ ਸੰਜੋਈ ਬੈਠੇ ਸੂਬੇ ਵਿੱਚ ਹਿੰਸਾ ਦਾ ਡਰ ਪੈਦਾ ਹੋ ਗਿਆ ਹੈ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਉਨ੍ਹਾਂ ਦੇ ਘਰ ਬਾਹਰ ‘ਏਕੇਐੱਫ਼’ ਯਾਨੀ ਆਨੰਦਪੁਰ ਖ਼ਾਲਸਾ ਫ਼ੌਜ ਲਿਖਿਆ ਹੋਇਆ ਹੈ

ਭਾਰਤ ’ਚ ਸੰਚਾਰ ਮਾਧਿਅਮਾਂ ’ਤੇ ਲੱਗਣ ਵਾਲੀ ਪਹਿਲੀ ਇੰਨੀ ਸਖ਼ਤ ਪਾਬੰਦੀ-ਦਿ ਵਾਸ਼ਿੰਗਟਨ ਪੋਸਟ

ਦਿ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ, ਕਿਉਂਕਿ ਅਧਿਕਾਰੀ ਇੱਕ ਸਿੱਖ ਵੱਖਵਾਦੀ ਨੂੰ ਫ਼ੜਨ ਦੀ ਕੋਸ਼ਿਸ਼ ਕਰ ਰਹੇ ਹਨ, ਪੰਜਾਬ ਦੇ 2.7 ਕਰੋੜ ਲੋਕਾਂ ਦੀ ਇੰਟਰਨੈੱਟ ਸੇਵਾ ਤੇ ਐੱਸਐੱਮਐੱਸ ਸੇਵਾ ਬੰਦ ਕਰ ਦਿੱਤੀ ਗਈ ਹੈ।

ਭਾਰਤ ਵਿੱਚ ਹਾਲੇ ਦੇ ਸਾਲਾਂ ਵਿੱਚ ਸੰਚਾਰ ਮਾਧਿਅਮਾਂ ’ਤੇ ਲੱਗਣ ਵਾਲੀ ਇਹ ਪਹਿਲੀ ਇੰਨੀ ਸਖ਼ਤ ਪਾਬੰਦੀ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਮ੍ਰਿਤਪਾਲ ਸਿੰਘ ਦੀ ਗ਼੍ਰਿਫ਼ਤਾਰੀ ਲਈ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ।

ਖ਼ਬਰ ਵਿੱਚ ਅਮ੍ਰਿਤਪਾਲ ਤੇ ਖ਼ਾਲਿਸਤਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ।

30 ਸਾਲਾ ਅਮ੍ਰਿਤਪਾਲ ਇੱਕ ਵੱਖਵਾਦੀ ਲਹਿਰ ਜਿਸ ਵਲੋਂ ਸਿੱਖਾਂ ਲਈ ਵੱਖਰੇ ਖ਼ਿੱਤੇ, ‘ਖ਼ਾਲਿਸਤਾਨ’ ਦੀ ਮੰਗ ਕੀਤੀ ਜਾਂਦੀ ਹੈ, ਦੇ ਸਮਰਥਕਾਂ ਵਿੱਚ ਬਹੁਤ ਮਸ਼ਹੂਰ ਹੈ।

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸਿਜ਼ ਵੀ ਤੈਨਾਤ ਹਨ

ਖ਼ਾਲਿਸਤਾਨ ਬਾਰੇ ਵਿਚਾਰਾਂ ਨਾਲ ਉਭਰਣ ਵਾਲਾ ਅਮ੍ਰਿਤਪਾਲ ਸਿੰਘ-ਅਲਜ਼ਜੀਰਾ

ਅਲਜ਼ਜੀਰਾ ਨੇ ਆਪਣੀ ਖ਼ਬਰ ਵਿੱਚ ਲਿਖਿਆ ਕਿ, 30 ਸਾਲਾ ਅਮ੍ਰਿਤਪਾਲ ਸਿੰਘ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਆਪਣੀ ਪਛਾਣ ਬਣਾਈ ਹੈ। ਉਹ ਸਿੱਖਾਂ ਲਈ ਵੱਖਰੀ ਧਰਤ ‘ਖ਼ਾਲਿਸਤਾਨ’ ਦੀ ਮੰਗ ਕਰਦੇ ਹਨ।

ਕਰੀਬ 3 ਕਰੋੜ ਲੋਕਾਂ ਦੀ ਆਬਾਦੀ ਵਾਲੇ ਭਾਰਤੀ ਸੂਬੇ ਦੇ ਪੇਂਡੂ ਖਿੱਤੇ ਵਿੱਚ ਅਮ੍ਰਿਤਪਾਲ ਸਿੰਘ ਨੇ ਸਿੱਖੀ ਬਾਰੇ ਆਪਣੇ ਕੱਟੜ ਵਿਚਾਰਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)