ਬੱਸ ਨੂੰ ਅੱਗ ਲੱਗਣ ਨਾਲ 25 ਮੌਤਾਂ: ‘ਅਸੀਂ ਯਾਤਰੀਆਂ ਦੀਆਂ ਚੀਕਾਂ ਸੁਣੀਆਂ, ਪਰ ਕੁਝ ਨਹੀਂ ਕਰ ਸਕੇ’

ਮਹਾਰਾਸ਼ਟਰ 'ਚ ਮੁੰਬਈ-ਨਾਗਪੁਰ ਐਕਸਪ੍ਰੈੱਸਵੇਅ 'ਤੇ ਜਾ ਰਹੀ ਇੱਕ ਨਿੱਜੀ ਬੱਸ ਅੱਜ, 1 ਜੁਲਾਈ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ।
ਹਾਦਸੇ 'ਚ 25 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਬੱਸ ਵਿੱਚ 33 ਲੋਕ ਸਵਾਰ ਸਨ। ਬੁਲਢਾਨਾ ਦੇ ਐੱਸਪੀ ਸੁਨੀਲ ਕੜਾਸਣੇ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ।

ਤਸਵੀਰ ਸਰੋਤ, ANI/Twitter
ਡੀਜ਼ਲ ਟੈਂਕ 'ਚ ਧਮਾਕੇ ਕਾਰਨ ਲੱਗੀ ਅੱਗ
ਪ੍ਰਾਈਵੇਟ ਬੱਸ ਨੰਬਰ 29 ਬੀਈ 1819 ਨਾਗਪੁਰ ਤੋਂ ਸਮਰੁੱਧੀ ਹਾਈਵੇਅ ਰਾਹੀਂ ਪੁਣੇ ਵੱਲ ਆ ਰਹੀ ਸੀ।
ਇਸ ਦੌਰਾਨ ਬੁਲਢਾਣਾ ਦੇ ਸਿੰਧਖੇੜ ਰਾਜਾ ਨੇੜੇ ਬੱਸ ਦਾ ਟਾਇਰ ਫ਼ਟ ਗਿਆ ਅਤੇ ਇਹ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ। ਜਿਸ ਤੋਂ ਬਾਅਦ ਉਹ ਇੱਕ ਖੰਭੇ ਨਾਲ ਟਕਰਾ ਗਈ।
ਇਸ ਟੱਕਰ 'ਚ ਬੱਸ ਦਾ ਡੀਜ਼ਲ ਟੈਂਕ ਫ਼ਟ ਗਿਆ, ਜਿਸ ਤੋਂ ਬਾਅਦ ਚੰਗਿਆੜੀ ਕਾਰਨ ਬੱਸ ਨੂੰ ਅੱਗ ਲੱਗ ਗਈ।
ਅੱਗ ਲੱਗਣ ਕਾਰਨ ਬੱਸ ਵਿੱਚ ਸਵਾਰ ਬਹੁਤੇ ਲੋਕ ਸੜਨ ਨਾਲ ਮਾਰੇ ਗਏ। ਕੜਾਸਣੇ ਨੇ ਦੱਸਿਆ ਕਿ ਹਾਦਸੇ ਵਿੱਚ ਕੁਝ ਯਾਤਰੀ ਸੀਸ਼ੇ ਤੋੜ ਕੇ ਬਚਣ ਵਿੱਚ ਕਾਮਯਾਬ ਰਹੇ ਹਨ।

ਬੁਲਢਾਣਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖ਼ਮੀ ਯਾਤਰੀ
ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਦੀ ਜਾਂਚ ਜਾਰੀ ਹੈ।
ਪੁਲਿਸ ਨੇ ਇਹ ਵੀ ਦੱਸਿਆ ਕਿ ਜ਼ਖ਼ਮੀ ਯਾਤਰੀਆਂ ਦਾ ਬੁਲਢਾਣਾ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਬੱਸ ਨੂੰ ਲੱਗੀ ਅੱਗ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।


ਹਾਦਸੇ ਤੋਂ ਪਹਿਲਾਂ ਬੱਸ ਯਾਤਰੀ ਦੁਪਹਿਰ ਦੇ ਖਾਣੇ ਲਈ ਰੁਕੇ
ਹਾਦਸੇ ਤੋਂ ਕੁਝ ਘੰਟੇ ਪਹਿਲਾਂ ਵਿਦਰਭ ਟਰੈਵਲਜ਼ ਦੀ ਬੱਸ ਦੁਪਹਿਰ ਦੇ ਖਾਣੇ ਲਈ ਕਾਰੰਜਾ ਰੁਕੀ ਸੀ।
ਇਸ ਤੋਂ ਬਾਅਦ ਕਾਰੰਜਾ ਨੇੜੇ ਇੰਟਰਚੇਂਜ ਤੋਂ ਸਮ੍ਰਿੱਧੀ ਹਾਈਵੇਅ ਪੁਣੇ ਵੱਲ ਰਵਾਨਾ ਹੋਈ ਸੀ ਤੇ ਰਾਹ ਵਿੱਚ ਬੁਲਢਾਣਾ ਨੇੜੇ ਹਾਦਸਾਗ੍ਰਸਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਬੁਝਾਈ। ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਖ਼ਮੀ ਯਾਤਰੀ ਸ਼ੀਸ਼ੇ ਤੋੜ ਕੇ ਬਾਹਰ ਨਿਕਲੇ
ਪੁਲਿਸ ਨੇ ਹਾਦਸੇ 'ਚ ਵਾਲ-ਵਾਲ ਬਚੇ ਯਾਤਰੀਆਂ ਤੋਂ ਘਟਨਾ ਦੀ ਜਾਣਕਾਰੀ ਹਾਸਲ ਕੀਤੀ।
ਇੱਕ ਯਾਤਰੀ ਨੇ ਦੱਸਿਆ, ''ਮੈਂ ਛਤਰਪਤੀ ਸੰਭਾਜੀਨਗਰ 'ਚ ਉਤਰਨ ਹੀ ਵਾਲਾ ਸੀ। ਮੈਂ ਹੇਠਾਂ ਉਤਰਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਮੇਰਾ ਸਟਾਪ ਇੱਕ ਘੰਟੇ ਵਿੱਚ ਆ ਜਾਣਾ ਸੀ। ਫਿਰ ਬੱਸ ਪਲਟ ਗਈ ਤੇ ਮੈਂ ਅਤੇ ਮੇਰਾ ਦੋਸਤ ਹੇਠਾਂ ਡਿੱਗ ਪਏ।”
"ਇਸ ਦੌਰਾਨ, ਅਸੀਂ ਦੇਖਿਆ ਕਿ ਸਾਡੇ ਸਾਹਮਣੇ ਵਾਲਾ ਯਾਤਰੀ ਸ਼ੀਸ਼ਾ ਤੋੜ ਕੇ ਜਾ ਰਿਹਾ ਸੀ, ਇਸ ਲਈ ਅਸੀਂ ਉਸ ਦਾ ਪਿੱਛਾ ਕੀਤਾ। ਅਸੀਂ ਬੱਸ ਵਿੱਚੋਂ ਛਾਲ ਮਾਰਨ ਵਿੱਚ ਕਾਮਯਾਬ ਹੋ ਗਏ।"
“ਸਾਡੇ ਬਾਹਰ ਆਉਣ ਤੋਂ ਬਾਅਦ ਕੁਝ ਯਾਤਰੀ ਸਾਡੇ ਪਿੱਛੇ ਆ ਗਏ। ਬੱਸ ਪਲਟਦਿਆਂ ਹੀ ਅੱਗ ਲੱਗ ਗਈ। ਅੱਗ ਹੌਲੀ-ਹੌਲੀ ਵਧਦੀ ਗਈ। ਅਸੀਂ ਯਾਤਰੀਆਂ ਦੀਆਂ ਚੀਕਾਂ ਸੁਣੀਆਂ, ਪਰ ਅਸੀਂ ਕੁਝ ਨਹੀਂ ਕਰ ਸਕੇ।”

ਤਸਵੀਰ ਸਰੋਤ, ANI
ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5 ਲੱਖ ਮੁਆਵਜ਼ੇ ਦਾ ਐਲਾਣ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦੇ ਨਾਲ-ਨਾਲ ਹਾਦਸੇ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਧਿਕਾਰਿਤ ਟਵਿੱਟਰ ਹੈਂਡਲ ’ਤੇ ਇੱਕ ਟਵੀਟ ਵਿੱਚ ਲਿਖਿਆ ਹੈ, "ਮੁੱਖ ਮੰਤਰੀ ਨੇ ਬੁਲਢਾਨਾ ਜ਼ਿਲ੍ਹੇ ਵਿੱਚ ਸਿੰਦਖੇੜਾ ਰਾਜਾ ਦੇ ਨੇੜੇ ਹਾਈਵੇਅ 'ਤੇ ਇੱਕ ਨਿੱਜੀ ਬੱਸ ਵਿੱਚ ਅੱਗ ਲੱਗਣ ਦੇ ਭਿਆਨਕ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਸ ਹਾਦਸੇ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।”
ਟਵੀਟ 'ਚ ਕਿਹਾ ਗਿਆ, ''ਇਸ ਭਿਆਨਕ ਹਾਦਸੇ ਤੋਂ ਦੁਖੀ ਹੋ ਕੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬੁਲਢਾਣਾ ਦੇ ਡੀਐੱਮ ਅਤੇ ਐੱਸਪੀ ਨਾਲ ਫ਼ੋਨ ਜ਼ਰੀਏ ਸੰਪਰਕ ਕਰਕੇ ਘਟਨਾ ਬਾਰੇ ਜਾਣਕਾਰੀ ਲਈ।
"ਮੁੱਖ ਮੰਤਰੀ ਨੇ ਦੁਰਘਟਨਾ ਪੀੜਤਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਣ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਹੁਕਮ ਵੀ ਦਿੱਤੇ ਹਨ।"
ਪ੍ਰਧਾਨ ਮੰਤਰੀ ਦੁੱਖ ਪ੍ਰਗਟਾਇਆ ਤੇ ਮੁਆਵਜ਼ੇ ਦਾ ਐਲਾਨ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, “ਮੈਂ ਮਹਾਰਾਸ਼ਟਰ ਦੇ ਬੁਲਢਾਨਾ ਵਿੱਚ ਹੋਏ ਭਿਆਨਕ ਬੱਸ ਹਾਦਸੇ ਤੋਂ ਬਹੁਤ ਦੁਖੀ ਹਾਂ।”
“ਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਨ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਿਹਾ ਹੈ।”
ਇੱਕ ਹੋਰ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਲਿਖਿਆ, “ਬੁਲਢਾਨਾ ਬੱਸ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2-2 ਲੱਖ ਰੁਪਏ ਦਿੱਤੇ ਜਾਣਗੇ ਤੇ ਨਾਲ ਹੀ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।

ਤਸਵੀਰ ਸਰੋਤ, PMO India/Twitter
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀ ਕਿਹਾ?
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਲਿਖਿਆ, ''ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ 'ਚ ਵਾਪਰਿਆ ਸੜਕ ਹਾਦਸਾ ਦਿਲ ਦਹਿਲਾ ਦੇਣ ਵਾਲਾ ਹੈ। ਇਸ ਦੁੱਖ ਦੀ ਘੜੀ ਵਿੱਚ, ਮੇਰੀ ਸੰਵੇਦਨਾ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨਾਲ ਹਨ ਜਿਨ੍ਹਾਂ ਨੇ ਇਸ ਭਿਆਨਕ ਹਾਦਸੇ ਵਿੱਚ ਆਪਣੀ ਜਾਨ ਗਵਾਈ ਹੈ।”
“ਪ੍ਰਸ਼ਾਸਨ ਵੱਲੋਂ ਜ਼ਖਮੀਆਂ ਨੂੰ ਜਲਦੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੈਂ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ।

ਤਸਵੀਰ ਸਰੋਤ, Amit Shah/Twitter












