ਡਾਊਨ ਸਿੰਡਰੋਮ ਤੋਂ ਪੀੜਤ ਮਿਲੀ ਹਜ਼ਾਰਾਂ ਸਾਲ ਪੁਰਾਣੀ ਖੋਪੜੀ ਨਿਏਂਡਰਥਲ ਬਾਰੇ ਕੀ-ਕੀ ਦੱਸਦੀ ਹੈ

    • ਲੇਖਕ, ਕ੍ਰਿਸਟੀਨਾ ਜੇ. ਔਰਗਾਜ਼
    • ਰੋਲ, ਬੀਬੀਸੀ ਨਿਊਜ਼ ਮੁੰਡੋ

ਸਮਾਜ ਵਿੱਚ ਰਹਿਣ ਅਤੇ ਇੱਕ ਦੂਜੇ ਦਾ ਖ਼ਿਆਲ ਰੱਖਣ ਦੀ ਵਜ੍ਹਾ ਨਾਲ ਹੀ ਮਨੁੱਖ ਪ੍ਰਜਾਤੀ ਨੇ ਨਾ ਸਿਰਫ਼ ਅਰਬਾਂ ਸਾਲਾਂ ਤੋਂ ਆਪਣੀ ਹੋਂਦ ਬਚਾਅ ਕੇ ਰੱਖੀ ਬਲਕਿ ਵਿਕਸਿਤ ਵੀ ਹੋਈ ਹੈ।

ਬਹੁਤ ਸਾਰੇ ਵਿਗਿਆਨੀ ਇਸੀ ਸਿਧਾਂਤ ਨੂੰ ਮੰਨਦੇ ਹਨ। ਹਾਲ ਹੀ ਵਿੱਚ ਇੱਕ ਛੋਟੀ ਜਿਹੀ ਅਸਾਧਾਰਨ ਵਿਸ਼ੇਸ਼ਤਾਵਾਂ ਵਾਲੀ ਹੱਡੀ ਦੇ ਅਧਿਐਨ ਤੋਂ ਮਿਲੇ ਸਬੂਤ ਵੀ ਇਸ ਗੱਲ ਦਾ ਸਮਰਥਨ ਕਰਦੇ ਹਨ।

1989 ਵਿੱਚ ਜੀਵਾਸ਼ਮ ਵਿਗਿਆਨੀਆਂ ਦੇ ਇੱਕ ਦਲ ਨੇ ਸਪੇਨ ਦੇ ਸ਼ਹਿਰ ਵੈਲੈਂਸੀਆ ਕੋਲ ਸਥਿਤ ਇੱਕ ਪ੍ਰਾਚੀਨ ਗੁਫ਼ਾ ਕੋਵਾ ਨੇਗਰਾ ਤੋਂ ਇੱਕ ਪੰਜ ਸੈਂਟੀਮੀਟਰ ਦਾ ਛੋਟੀ ਹੱਡੀ ਦਾ ਟੁਕੜਾ ਲੱਭਿਆ ਸੀ।

ਉਹ ਨਿਏਂਡਰਥਲ ਦੇ ਕੰਨ ਦੇ ਅੰਦਰੂਨੀ ਹਿੱਸੇ ਦੀ ਹੱਡੀ ਸੀ।

ਹਾਲਾਂਕਿ, ਉਹ ਇਹ ਨਹੀਂ ਤੈਅ ਕਰ ਸਕੇ ਕਿ ਇਹ ਟੁਕੜਾ ਲੜਕੀ ਦੇ ਕੰਨ ਦਾ ਹੈ ਜਾਂ ਲੜਕੇ ਦਾ?

ਟੀਮ ਨੇ ਹੱਡੀ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਉਸ ਦਾ ਲੜਕੀ ਜਾਂ ਲੜਕੇ ਦਾ ਨਾਂ ਟੀਨਾ ਰੱਖ ਦਿੱਤਾ ਸੀ।

ਨਿਏਂਡਰਥਲ ਮਨੁੱਖ ਦੇ ਕੰਨ ਦੀ ਹੱਡੀ ਦਾ ਟੁਕੜਾ ਮਿਲਣਾ ਕੋਈ ਆਮ ਗੱਲ ਨਹੀਂ ਸੀ।

ਆਮ ਤੌਰ ’ਤੇ ਪੁਰਾਤੱਤਵ ਵਿਗਿਆਨਕਾਂ ਨੂੰ ਸਰੀਰ ਦੇ ਵੱਡੇ ਹਿੱਸੇ ਜਿਵੇਂ ਦੰਦ, ਖੋਪੜੀ ਜਾਂ ਹੱਥ-ਪੈਰ ਦੇ ਹੀ ਅਵਸ਼ੇਸ਼ ਮਿਲਦੇ ਹਨ।

ਖੋਜਕਰਤਾਵਾਂ ਦੀ ਰੁਚੀ ਖੁਦਾਈ ਤੋਂ ਮਿਲੇ ਦੂਜੇ ਅਵਸ਼ੇਸ਼ਾਂ ਵਿੱਚ ਜ਼ਿਆਦਾ ਸੀ, ਪਰ ਉਹ ਜਾਣਦੇ ਸਨ ਕਿ ਇਸ ਹੱਡੀ ਦਾ ਮਿਲਣਾ ਕਿੰਨੀ ਮਹੱਤਵਪੂਰਨ ਖੋਜ ਹੈ।

ਮਨੁੱਖ ਪ੍ਰਜਾਤੀ ਦੇ ਸਭ ਤੋਂ ਜ਼ਿਆਦਾ ਨਜ਼ਦੀਕੀ

40 ਹਜ਼ਾਰ ਸਾਲ ਪਹਿਲਾਂ ਲੁਪਤ ਹੋਣ ਤੱਕ ਨਿਏਂਡਰਥਲ ਹਜ਼ਾਰਾਂ ਸਾਲਾਂ ਤੱਕ ਯੂਰਪੀ ਖੇਤਰ ਵਿੱਚ ਰਹਿੰਦੇ ਸਨ।

ਨਿਏਂਡਰਥਲ ਮਨੁੱਖ ਨੂੰ ਆਧੁਨਿਕ ਮਨੁੱਖ ਪ੍ਰਜਾਤੀ ਦੇ ਸਭ ਤੋਂ ਜ਼ਿਆਦਾ ਨਜ਼ਦੀਕੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਹੋਮੋ ਸੇਪੀਅਨਜ਼ (ਆਧੁਨਿਕ ਮਨੁੱਖ ਪ੍ਰਜਾਤੀ) ਨਿਏਂਡਰਥਲ (ਹੋਮੋ ਨਿਏਂਡਰਥਲ) ਨੂੰ ਹੋਮੋਨਿਡ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ, ਜੋ ਇਕੱਠੇ ਰਹਿੰਦੇ ਸਨ ਅਤੇ ਉਨ੍ਹਾਂ ਦੇ ਪੂਰਵਜ ਵੀ ਇੱਕ ਹੀ ਹਨ।

ਅਨੁਮਾਨ ਦੇ ਅਨੁਸਾਰ ਇਹ ਜੀਵਾਸ਼ਮ ਉੱਚ ਪਾਲੀਓਲਿਥਿਕ ਕਾਲ ਨਾਲ ਸਬੰਧਤ ਹੈ।

ਇਸ ਦਾ ਮਤਲਬ ਹੈ ਕਿ ਇਹ ਜੀਵਾਸ਼ਮ 12,000 ਤੋਂ 40,000 ਸਾਲ ਪੁਰਾਣਾ ਹੋ ਸਕਦਾ ਹੈ।

ਖਣਨ ਟੀਮ ਦੀ ਅਗਵਾਈ ਕਰਨ ਵਾਲੇ ਵੈਲੈਂਸੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਇਮਰੇਟਸ ਵੈਲੇਂਟੀਨ ਵਿਲਾਵੇਰਡੇ ਨੇ ਦੱਸਿਆ, ‘‘ਸੀਟੀ ਸਕੈਨ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਨਿਏਂਡਰਥਲ ਜਨਮ ਤੋਂ ਹੀ ਡਾਊਨ ਸਿੰਡਰੋਮ ਤੋਂ ਪੀੜਤ ਸੀ।

‘‘ਜਿਸ ਕਾਰਨ ਉਸ ਨੂੰ ਜੀਵਨ ਭਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਇਹ ਹੈਰਾਨ ਕਰਨ ਵਾਲੀ ਗੱਲ ਸੀ।’’

ਵਿਲਾਵੇਰਡੇ ਦੱਸਦੇ ਹਨ ਕਿ ਜੀਵਾਸ਼ਮ ਵਿੱਚ ਨਜ਼ਰ ਆ ਰਹੇ ਨੁਕਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਟੀਨਾ ਨੂੰ ਲਗਾਤਾਰ ਕੰਨ ਸਬੰਧੀ ਸੰਕਰਮਣ ਜਿਵੇਂ ਬੋਲਾਪਣ, ਸੰਤੁਲਨ ਵਿੱਚ ਪਰੇਸ਼ਾਨੀ ਅਤੇ ਤੁਰਨ ਫਿਰਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ।

ਵਿਲਾਵੇਰਡੇ ਦੱਸਦੇ ਹਨ,‘‘ਟੀਨਾ ਨੂੰ ਕਈ ਗੰਭੀਰ ਪਰੇਸ਼ਾਨੀਆਂ ਅਤੇ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਜਿਸ ਤੋਂ ਉੱਭਰਨਾ ਉਸ ਲਈ ਇਕੱਲੇ ਸੰਭਵ ਨਹੀਂ ਹੋਇਆ ਹੋਵੇਗਾ।

‘‘ਜਿਸ ਨਾਲ ਉਸ ਦੀ ਹੋਂਦ ਨੂੰ ਖ਼ਤਰਾ ਉਤਪੰਨ ਹੋਇਆ ਹੋਵੇਗਾ।’’

ਡਾਊਨ ਸਿੰਡਰੋਮ ਇੱਕ ਜੈਨੇਟਿਕ ਬਿਮਾਰੀ ਜਾਂ ਸਥਿਤੀ ਹੈ, ਜਿਸ ਵਿੱਚ ਮਨੁੱਖ ਵਿੱਚ ਇੱਕ ਗੁਣਸੂਤਰ (ਕ੍ਰੋਮੋਸੋਮ) ਵਧ ਜਾਂਦਾ ਹੈ, ਜਿਸ ਨਾਲ ਇਨਸਾਨ ਨੂੰ ਮਾਨਸਿਕ ਅਪਾਹਜਤਾ ਦੇ ਨਾਲ ਨਾਲ ਦਿਲ, ਪਾਚਨ ਕਿਰਿਆ ਅਤੇ ਹੋਰ ਅੰਗਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਨ੍ਹਾਂ ਸਭ ਦੇ ਬਾਅਦ ਵੀ ਟੀਨਾ 6 ਸਾਲ ਤੱਕ ਜਿਊਂਦੀ ਰਹੀ, ਜੋ ਕਿ ਪੂਰਵ- ਇਤਿਹਾਸਿਕ ਕਾਲ ਵਿੱਚ ਡਾਊਨ ਸਿੰਡਰੋਮ ਨਾਲ ਪੈਦਾ ਹੋਏ ਬੱਚੇ ਲਈ ਉਮੀਦ ਤੋਂ ਜ਼ਿਆਦਾ ਹੈ।

ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ 1920 ਤੋਂ 1940 ਦੇ ਦਹਾਕੇ ਵਿੱਚ ਡਾਊਨ ਸਿੰਡਰੋਮ ਨਾਲ ਪੈਦਾ ਹੋਏ ਬੱਚੇ ਦੀ ਉਮਰ 9-12 ਸਾਲ ਹੁੰਦੀ ਸੀ।

ਟੀਨਾ ਦੇ ਕੰਨ ਦੀ ਹੱਡੀ ਦਾ ਵਿਸ਼ਲੇਸ਼ਣ ਕਰਨ ਵਾਲੀ ਅਲਕਾਲ ਯੂਨੀਵਰਸਿਟੀ ਦੀ ਟੀਮ ਨੇ ਇਹ ਸਿੱਟਾ ਕੱਢਿਆ ਕਿ ਅਜਿਹੀ ਸਥਿਤੀ ਵਿੱਚ ਬੱਚੇ ਨੂੰ ਜਿਊਂਦਾ ਰੱਖਣ ਲਈ ਜਿੰਨੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ, ਉਹ ਮਾਂ ਦੀਆਂ ਸਮਰੱਥਾਵਾਂ ਤੋਂ ਪਰੇ ਹੈ।

ਇਸ ਵਿੱਚ ਸਮਾਜਿਕ ਸਮੂਹ ਅਤੇ ਦੂਜੇ ਲੋਕਾਂ ਦੀ ਜ਼ਰੂਰਤ ਰਹੀ ਹੋਵੇਗੀ।

ਸਾਇੰਡ ਅਡਵਾਂਸ ਜਨਰਲ ਦੇ ਜੁਲਾਈ ਐਡੀਸ਼ਨ ਵਿੱਚ ਉਨ੍ਹਾਂ ਦੇ ਸਿੱਟੇ ਨੂੰ ਪ੍ਰਕਾਸ਼ਿਤ ਕੀਤਾ ਗਿਆ।

ਵਿਵਹਾਰ ’ਤੇ ਅਸਰ

ਨਿਏਂਡਰਥਲ ਸ਼ਿਕਾਰੀ ਸਨ ਜੋ ਬਹੁਤ ਵੱਡੇ ਖੇਤਰ ਵਿੱਚ ਘੁੰਮਦੇ ਰਹਿੰਦੇ ਸਨ।

ਅਜਿਹੇ ਵਿੱਚ ਵਿਗਿਆਨਕਾਂ ਲਈ ਸਭ ਤੋਂ ਮਹੱਤਵਪੂਰਨ ਸਵਾਲ ਇਹ ਸੀ ਕਿ ਕੀ ਇਹ ਦੇਖਭਾਲ ਪਰਉਪਕਾਰ ਲਈ ਸੀ ਜਾਂ ਆਪਣੇ ਸਵਾਰਥ ਲਈ।

ਵਿਲਾਵੇਰਡੇ ਕਹਿੰਦੇ ਹਨ,‘‘ਜੇਕਰ ਉਨ੍ਹਾਂ ਨੇ ਆਪਣੇ ਬੱਚੇ ਦੀ ਵਿਸ਼ੇਸ਼ ਦੇਖਭਾਲ ਨਹੀਂ ਕੀਤੀ ਹੁੰਦੀ ਤਾਂ ਬੱਚੇ ਦਾ 6 ਸਾਲ ਤੱਕ ਜਿਊਂਦੇ ਰਹਿਣਾ ਸੰਭਵ ਨਹੀਂ ਸੀ।’’

ਇਹ ਲੰਬੇ ਸਮੇਂ ਤੋਂ ਪਤਾ ਹੈ ਕਿ ਨਿਏਂਡਰਥਲ ਅਸਮਰੱਥ (ਦਿਵਯਾਂਗ) ਲੋਕਾਂ ਦੀ ਦੇਖਭਾਲ ਕਰਦੇ ਸਨ, ਪਰ ਉਸ ਦੇ ਪਿੱਛੇ ਦੇ ਕਾਰਨਾਂ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ।

ਲੇਖਕਾਂ ਦਾ ਅਧਿਐਨ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ, ‘‘ਕੁਝ ਲੇਖਕਾਂ ਦਾ ਮੰਨਣਾ ਹੈ ਕਿ ਦੇਖਭਾਲ ਲੋਕਾਂ ਦੇ ਵਿਚਕਾਰ ਇੱਕ ਪਰਸਪਰ ਕਿਰਿਆ ਸੀ, ਦੂਜੇ ਇਸ ਗੱਲ ਨੂੰ ਲੈ ਕੇ ਬਹਿਸ ਕਰਦੇ ਹਨ ਕਿ ਹਮਦਰਦੀ ਦੀ ਭਾਵਨਾ ਨਾਲ ਦੇਖਭਾਲ ਕਰਨਾ ਬਹੁਤ ਜ਼ਿਆਦਾ ਆਧੁਨਿਕ ਸਮਾਜਿਕ ਕਿਰਿਆ ਹੈ।’’

ਐੱਚਐੱਮ ਹਸਪਤਾਲ ਅਤੇ ਅਲਕਾਲਾ ਯੂਨੀਵਰਸਿਟੀ ਵਿੱਚ ਈਵੇਲੂਸ਼ਨਰੀ ਓਟੋਕੋਸਟਿਕਸ ਅਤੇ ਪਾਲੀਓਨਥਰੋਪੋਲੋਜੀ ਦੀ ਮੁਖੀ ਅਤੇ ਖੋਜਕਰਤਾ ਮਰਸਡੀਜ ਕੋਂਡੇ ਵਾਲਵਰਡੇ ਨੇ ਉੱਤਰੀ ਸਪੇਨ ਦੇ ਪੁਰਾਤੱਤਵ ਸਥਾਨ ਅਟਾਪੁਰਰਕਾ ਤੋਂ ਬੀਬੀਸੀ ਦੀ ਮੁੰਡੋ ਸੇਵਾ ਨਾਲ ਗੱਲ ਕੀਤੀ।

ਉਨ੍ਹਾਂ ਨੇ ਟੀਨਾ ਦੀ ਹੱਡੀ ਦਾ ਅਧਿਐਨ ਕਰਨ ਵਾਲੀ ਸਪੈਨਿਸ਼ ਟੀਮ ਦੀ ਅਗਵਾਈ ਕੀਤੀ ਸੀ।

ਉਹ ਕਹਿੰਦੀ ਹੈ, ‘‘ਬਿਮਾਰੀ ਤੋਂ ਪੀੜਤ ਦੂਜੇ ਨਿਏਂਡਰਥਲਾਂ ਦੇ ਵੀ ਜੀਵਾਸ਼ਮ ਮਿਲੇ ਹਨ ਜਿਨ੍ਹਾਂ ਨੂੰ ਵੀ ਲੋਕਾਂ ਦੀ ਸਹਾਇਤਾ ਦੀ ਜ਼ਰੂਰਤ ਰਹੀ ਹੋਵੇਗੀ।

‘‘ਆਪਣੀ ਜ਼ਿੰਦਗੀ ਦੌਰਾਨ ਉਨ੍ਹਾਂ ਨੂੰ ਬਿਮਾਰੀ, ਜ਼ਖ਼ਮ, ਟੁੱਟੀਆਂ ਹੱਡੀਆਂ ਅਤੇ ਸਦਮੇ ਦਾ ਸਾਹਮਣਾ ਕਰਨਾ ਪਿਆ ਹੋਵੇਗਾ,ਪਰ ਉਹ ਸਾਰੇ ਬਾਲਗ ਹੋਣ ਦੇ ਬਾਅਦ ਬਿਮਾਰ ਹੋਏ ਸਨ।

‘‘ਕਿਸੇ ਨੂੰ ਵੀ ਜਨਮ ਤੋਂ ਬਿਮਾਰੀ ਨਹੀਂ ਸੀ।’’

‘‘ਵਿਵਹਾਰ ਦੇ ਇਰਾਦੇ ਵਿੱਚ ਵਿਵਾਦ ਇਸ ਗੱਲ ਨੂੰ ਲੈ ਕੇ ਹੈ ਕਿ ਜਦੋਂ ਤੁਸੀਂ ਬਾਲਗ ਹੋ ਅਤੇ ਕੋਈ ਤੁਹਾਡੀ ਸਹਾਇਤਾ ਕਰ ਰਿਹਾ ਹੈ ਤਾਂ ਕੀ ਇਹ ਪਰਉਪਕਾਰੀ ਵਿਵਹਾਰ ਹੈ।

‘‘ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਤੁਹਾਡੀ ਸਹਾਇਤਾ ਕਰਨੀ ਚਾਹੀਦੀ ਹੈ, ਇਸ ਲਈ ਮੈਂ ਕਰ ਰਿਹਾ ਹਾਂ ਜਾਂ ਇਹ ਪਰਸਪਰ ਵਿਵਹਾਰ ਹੈ ਕਿ ਤੁਸੀਂ ਕਦੇ ਮੇਰੀ ਮਦਦ ਕੀਤੀ ਸੀ,ਇਸ ਲਈ ਅੱਜ ਮੈਂ ਤੁਹਾਡੀ ਸਹਾਇਤਾ ਕਰ ਰਿਹਾ ਹਾਂ ਜਾਂ ਫਿਰ ਭਵਿੱਖ ਵਿੱਚ ਤੁਸੀਂ ਮੇਰੀ ਸਹਾਇਤਾ ਕਰੋਗੇ।’’

ਅਸੀਂ ਕਿੰਨੇ ਪਰਉਪਕਾਰੀ ਹਾਂ?

ਟੀਨਾ ਦਾ ਮਾਮਲਾ ਅਪਵਾਦ ਹੈ ਕਿਉਂਕਿ ਉਹ ਇਸ ਬਿਮਾਰੀ ਨਾਲ ਪੈਦਾ ਹੋਈ ਸੀ, ਉਸ ਦੇ ਬਾਅਦ ਵੀ ਉਹ ਛੇ ਸਾਲ ਤੱਕ ਜਿਊਂਦੀ ਰਹੀ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ‘‘ਟੀਨਾ ਦਾ ਖ਼ਿਆਲ ਰੱਖਣ ਵਿੱਚ ਉਨ੍ਹਾਂ ਨੂੰ ਉਸ ਦੀ ਕਾਫ਼ੀ ਮਦਦ ਕਰਨੀ ਪਈ ਹੋਵੇਗੀ। ਕਿਉਂਕਿ ਟੀਨਾ ਇੱਕ ਬੱਚੀ ਸੀ,ਇਸ ਲਈ ਉਨ੍ਹਾਂ ਨੂੰ ਬਦਲੇ ਵਿੱਚ ਕਿਸੇ ਸਹਾਇਤਾ ਦੀ ਉਮੀਦ ਨਹੀਂ ਰਹੀ ਹੋਵੇਗੀ।

ਕਿਉਂਕਿ ਬੱਚਿਆਂ ਤੋਂ ਬਦਲੇ ਵਿੱਚ ਕੁਝ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਇਸ ਲਈ ਗੰਭੀਰ ਬਿਮਾਰੀਆਂ ਨਾਲ ਪੈਦਾ ਹੋਏ ਬੱਚਿਆਂ ਦਾ ਅਧਿਐਨ ਕਾਫ਼ੀ ਮਹੱਤਵਪੂਰਨ ਹੁੰਦਾ ਹੈ।

ਅਸੀਂ ਆਪਣੀ ਨਸਲ ਦੇ ਵਿਕਾਸ ਨੂੰ ਲੈ ਕੇ ਇਹ ਕਹਿ ਸਕਦੇ ਹਾਂ ਕਿ ਸਾਡੇ ਵਾਂਗ ਹੀ ਨਿਏਂਡਰਥਲ ਵੀ ਪਰਉਪਕਾਰੀ ਸੁਭਾਅ ਦੇ ਸਨ।

ਡਾਊਨ ਸਿੰਡਰੋਮ ਦੇ ਇੱਕ ਜਾਣੇ-ਪਛਾਣੇ ਕੇਸ ਵਿੱਚ ਡਾਊਨ ਸਿੰਡਰੋਮ ਨਾਲ ਪੈਦਾ ਹੋਇਆ ਚਿੰਪੈਂਜੀ ਆਪਣੀ ਮਾਂ ਅਤੇ ਵੱਡੀ ਭੈਣ ਤੋਂ ਮਿਲੀ ਦੇਖਭਾਲ ਦੀ ਮਦਦ ਨਾਲ 23 ਮਹੀਨੇ ਤੱਕ ਜਿਊਂਦਾ ਰਿਹਾ ਸੀ।

ਭੈਣ ਵੱਲੋਂ ਦੇਖਭਾਲ ਵਿੱਚ ਮਦਦ ਕਰਨਾ ਬੰਦ ਕਰਨ ਤੋਂ ਬਾਅਦ ਮਾਂ ਜ਼ਰੂਰੀ ਦੇਖਭਾਲ ਕਰਨ ਵਿੱਚ ਅਸਮਰੱਥ ਹੋ ਗਈ ਜਿਸ ਦੇ ਬਾਅਦ ਚਿੰਪੈਂਜੀ ਦੀ ਮੌਤ ਹੋ ਗਈ।

ਕੋਂਡੇ ਵਾਲਵਰਡੇ ਦੱਸਦੇ ਹਨ ਕਿ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਆਧੁਨਿਕ ਮਨੁੱਖ ਅਤੇ ਨਿਏਂਡਰਥਲ ਅਲੱਗ-ਅਲੱਗ ਵਿਕਾਸਵਾਦੀ ਵੰਸ਼ ਤੋਂ ਆਉਂਦੇ ਹਨ।

ਇਸ ਦੇ ਬਾਵਜੂਦ ਦੋਵਾਂ ਵਿੱਚ ਹਮਦਰਦੀ ਦੀ ਭਾਵਨਾ ਪਾਈ ਜਾਂਦੀ ਹੈ।

‘‘ਇਸ ਦਾ ਮਤਲਬ ਇਹ ਹੈ ਕਿ ਦੋਵਾਂ ਦੇ ਪੂਰਵਜਾਂ ਵਿੱਚ ਇਹ ਭਾਵਨਾ ਰਹੀ ਹੋਵੇਗੀ ਜਿਸ ਤੋਂ ਸਾਨੂੰ ਇਹ ਵਿਰਾਸਤ ਵਿੱਚ ਮਿਲੀ ਹੈ।’’

ਉਹ ਕਹਿੰਦੇ ਹਨ,‘‘ਸਾਡਾ ਮੰਨਣਾ ਹੈ ਕਿ ਹੋਰ ਸਮੂਹਾਂ ਦੇ ਮੈਂਬਰ ਟੀਨਾ ਦੀ ਮਦਦ ਸਿੱਧੇ ਕਰਦੇ ਰਹੇ ਹੋਣਗੇ ਜਾਂ ਉਸ ਦੀ ਮਾਂ ਦੀ ਮਦਦ ਕਰਦੇ ਰਹੇ ਹੋਣਗੇ ਤਾਂ ਕਿ ਉਹ ਉਨ੍ਹਾਂ ਕੰਮਾਂ ਨੂੰ ਕਰ ਸਕਣ ਜਿਸ ਦੀ ਜ਼ਰੂਰਤ ਉਸ ਨੂੰ ਟੀਨਾ ਦੀ ਦੇਖਭਾਲ ਕਰਨ ਵਿੱਚ ਪੈਂਦੀ ਹੋਵੇਗੀ।

‘‘ਨਿਏਂਡਰਥਲ ਪ੍ਰਜਾਤੀ ਕਾਫ਼ੀ ਹੱਦ ਤੱਕ ਸਾਡੇ ਵਰਗੀ ਹੀ ਸੀ।’’

ਨਿਏਂਡਰਥਲਾਂ ਦੇ ਵਿਚਕਾਰ ਦੇਖਭਾਲ ਦੀ ਭਾਵਨਾ ਇੱਕ ਵੱਡੇ ਅਤੇ ਜਟਿਲ ਸਮਾਜਿਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ।

ਬੱਚਿਆਂ ਦਾ ਅਧਿਐਨ ਕਰਕੇ ਖੋਜਕਰਤਾਵਾਂ ਕੋਲ ਇਹ ਦੇਖਣ ਦਾ ਮੌਕਾ ਹੈ ਕਿ ਕੀ ਦੇਖਭਾਲ ਦਾ ਸਿੱਧਾ ਸਬੰਧ ਸਹਿਯੋਗੀ ਪਾਲਣ-ਪੋਸ਼ਣ ਵਰਗੀ ਜਟਿਲ ਸਮਾਜਿਕ ਪ੍ਰਕਿਰਿਆ ਤੋਂ ਹੈ ਜਾਂ ਨਹੀਂ।

ਅਧਿਐਨ ਤੋਂ ਪਤਾ ਲੱਗਿਆ ਹੈ ਕਿ ਪਾਲੀਓਲਿਥਿਕ ਸਬੂਤਾਂ ਦੇ ਆਧਾਰ ’ਤੇ ਦੇਖਭਾਲ ਦੀ ਹੋਂਦ ਦਾ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੈ।

ਜੋ ਵੀ ਕੋਈ ਸਿੱਟਾ ਕੱਢਿਆ ਗਿਆ ਹੈ ਉਹ ਗੈਰ-ਵਾਜਬ ਧਾਰਨਾਵਾਂ ’ਤੇ ਆਧਾਰਿਤ ਹੈ।

ਹਾਲਾਂਕਿ, ਪਿਛਲੇ ਕੁਝ ਸਾਲਾਂ ਵਿੱਚ ਪੂਰਵ-ਇਤਿਹਾਸਕ ਕਾਲ ਵਿੱਚ ਦੇਖਭਾਲ ਦੀ ਹੋਂਦ ਨੂੰ ਲੈ ਕੇ ਪਾਲੀਓਲਿਥਿਕ ਸਬੂਤਾਂ ਨੂੰ ਜਾਣਕਾਰੀ ਦਾ ਸਰੋਤ ਮੰਨਿਆ ਜਾ ਰਿਹਾ ਹੈ।

ਇਸ ਆਧਾਰ ਵੀ ਮਜ਼ਬੂਤ ਹੋ ਰਿਹਾ ਹੈ।

ਜੈਵ-ਪੁਰਾਤੱਤਵ ਦੇਖਭਾਲ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਜੀਵਾਸ਼ਮ ਨੂੰ ਦੇਖ ਕੇ ਇਹ ਨਿਰਧਾਰਤ ਕਰਨਾ ਕਿ ਲੋਕ ਕਿਉਂ ਆਪਣੇ ਭਾਈਚਾਰੇ ਦੇ ਅਸਥਾਈ ਜਾਂ ਸਥਾਈ ਅਪਾਹਜ ਲੋਕਾਂ ਦੀ ਦੇਖਭਾਲ ਕਰਨ ਵਿੱਚ ਆਪਣਾ ਸਮਾਂ ਅਤੇ ਮਿਹਨਤ ਲਗਾਉਂਦੇ ਹਨ।

ਐੱਚਐੱਮ ਹਸਪਤਾਲ ਅਤੇ ਅਲਕਾਲਾ ਯੂਨੀਵਰਸਿਟੀ ਵਿੱਚ ਈਵੋਲੂਸ਼ਨਰੀ ਓਟੋਕੋਸਟਿਕਸ ਅਤੇ ਪਾਲੀਓਨਥਰੋਪੋਲੋਜੀ ਦੀ ਮੁਖੀ ਅਤੇ ਖੋਜਾਰਥੀ ਮਰਸਡੀਜ ਕੋਂਡੇ ਵਾਲਵਰਡੇ ਕਹਿੰਦੀ ਹੈ ਕਿ ਇਹ ਖੋਜ ‘‘ਮੇਰੇ ਲਈ ਬਹੁਤ ਖੂਬਸੂਰਤ ਹੈ ਕਿਉਂਕਿ ਇਹ ਡਾਊਨ ਸਿੰਡਰੋਮ ਤੋਂ ਪੀੜਤ ਲੋਕਾਂ ਦੀ ਕਹਾਣੀ ਦੱਸਦੀ ਹੈ।

‘‘ਅਸੀਂ ਸਾਰੇ ਮਨੁੱਖੀ ਵਿਕਾਸ ਦਾ ਹਿੱਸਾ ਹਾਂ, ਸਾਡੇ ਸਭ ਕੋਲ ਇੱਕ ਸੰਦਰਭ ਹੈ ਅਤੇ ਅਸੀਂ ਸਾਰੇ ਆਪਣੀ ਨੁਮਾਇੰਦਗੀ ਕਰ ਸਕਦੇ ਹਾਂ।

‘‘ਅਸੀਂ ਹਮੇਸ਼ਾ ਉੱਥੇ ਰਹੇ ਹਾਂ,ਅਸੀਂ ਹਮੇਸ਼ਾ ਇਕੱਠਿਆਂ ਨੇ ਯਾਤਰਾਵਾਂ ਕੀਤੀਆਂ ਹਨ।’’

‘‘ਫਿਰ ਇੱਕ ਹੋਰ ਜ਼ਿਆਦਾ ਗਹਿਰਾ, ਤਕਨੀਕੀ, ਵਿਗਿਆਨਕ ਮੁੱਦਾ, ਇੱਕ ਵਿਕਾਸਵਾਦੀ ਜੈਵਿਕ ਸਮੱਸਿਆ ਹੈ ਜੋ ਇੱਕ ਸਵਾਲ ਵੀ ਹੈ ਕਿ ਭਾਈਚਾਰਿਆਂ ਦੇ ਅੰਦਰ ਇੱਕ ਦੂਜੇ ਦੀ ਦੇਖਭਾਲ ਕਰਨ ਦਾ ਖਾਸ ਮਨੁੱਖੀ ਵਿਵਹਾਰ ਕਦੋਂ ਉਤਪੰਨ ਹੋਇਆ।’’

ਪ੍ਰੋਫੈਸਰ ਆਪਣੀ ਗੱਲ ਖਤਮ ਕਰਦੇ ਹੋਏ ਕਹਿੰਦੀ ਹੈ, ‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੁਨੀਆ ਵਿੱਚ ਦੂਜੀ ਅਜਿਹੀ ਕੋਈ ਹੋਰ ਟੀਮ ਨਹੀਂ ਹੈ ਜੋ ਇਸ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੀ ਹੋਵੇ ਕਿ ਜੀਵਾਸ਼ਮ ਕੀ ਸੀ ਅਤੇ ਇਸ ’ਤੇ ਖੋਜ ਕਰ ਸਕਦੀ ਸੀ ਅਤੇ ਇਸ ਨੂੰ ‘ਸਾਇੰਸ ਅਡਵਾਂਸ’ ਵਰਗੀ ਜਰਨਲ ਵਿੱਚ ਪ੍ਰਕਾਸ਼ਿਤ ਕਰਵਾ ਸਕਦੀ ਸੀ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)