ਵਿਆਹ ਲਈ ਕਾਨੂੰਨੀ ਹੱਕ ਮੰਗਦੇ ਸਮਲਿੰਗੀਆਂ ਦੀ ਕਹਾਣੀ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਮਾਰਨ ਤੱਕ ਲਈ ਤਿਆਰ

ਥਰਡ ਜੈਂਡਰ
ਤਸਵੀਰ ਕੈਪਸ਼ਨ, ਮਨੋਜ, ਹੁਣ 22 ਦੇ ਹਨ ਅਤੇ ਆਪਣੀ 21 ਸਾਲਾ ਪ੍ਰੇਮਿਕਾ "ਰਸ਼ਮੀ" ਨਾਲ ਵੱਡੇ ਸ਼ਹਿਰ ਵਿੱਚ ਲੁਕ ਕੇ ਰਹਿ ਰਹੇ ਹਨ।
    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

"ਮਨੋਜ" ਨੂੰ ਜਨਮ ਸਮੇਂ ਇੱਕ ਕੁੜੀ ਦਾ ਨਾਮ ਦਿੱਤਾ ਗਿਆ ਸੀ ਪਰ ਉਸ ਨੇ 17 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਇੱਕ ਆਦਮੀ ਵਾਂਗ ਮਹਿਸੂਸ ਕਰਦਾ ਹੈ ਅਤੇ ਇੱਕ ਔਰਤ ਨਾਲ ਪਿਆਰ ਕਰਦਾ ਹੈ, ਤਾਂ ਉਹਨਾਂ ਦੀ ਜਾਨ ’ਤੇ ਬਣ ਗਈ।

ਮਨੋਜ ਨੇ ਮੈਨੂੰ ਦੱਸਿਆ ਕਿ ਉਸ ਦੇ ਮਾਤਾ-ਪਿਤਾ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ, ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰ ਦੇ ਇੱਕ ਕੋਨੇ ਵਿੱਚ ਬੰਦ ਕਰ ਦਿੱਤਾ।

ਪਿਤਾ ਨੇ ਮਨੋਜ ਦੇ ਹੱਥ ਦੀ ਨਾੜ ਕੱਟ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਮਨੋਜ ਨੇ ਕਿਹਾ, ''ਇੰਨੀ ਕੁੱਟਮਾਰ ਹੋਵੇਗੀ, ਇਹ ਮੇਰੀ ਕਲਪਨਾ ਤੋਂ ਬਾਹਰ ਸੀ। ਮੈਂ ਸੋਚਿਆ ਕਿ ਜੋ ਮਰਜ਼ੀ ਹੋ ਜਾਵੇ ਪਰ ਪਰਿਵਾਰ ਆਪਣੇ ਬੱਚਿਆਂ ਲਈ ਮੰਨ ਹੀ ਜਾਂਦਾ ਹੈ। ਪਰ ਮੇਰਾ ਪਰਿਵਾਰ ਆਪਣੀ ਇੱਜ਼ਤ ਲਈ ਮੈਨੂੰ ਮਾਰਨ ਨੂੰ ਤਿਆਰ ਸੀ।”

ਪਿੰਡਾਂ ਵਿੱਚ ਔਰਤਾਂ ਦੀ ਜ਼ਿੰਦਗੀ ’ਤੇ ਪਹਿਲਾਂ ਹੀ ਕਈ ਪਾਬੰਦੀਆਂ ਹਨ। ਜੇਕਰ ਕੋਈ ਔਰਤ ਇਹ ਕਹਿੰਦੀ ਹੈ ਕਿ ਉਹ ਇੱਕ ਆਦਮੀ ਵਾਂਗ ਮਹਿਸੂਸ ਕਰਦੀ ਹੈ ਅਤੇ ਹੁਣ ਉਸਨੂੰ ਇੱਕ ਟ੍ਰਾਂਸ-ਮਰਦ ਮੰਨਿਆ ਜਾਂਦਾ ਹੈ, ਤਾਂ ਤਿੱਖੀ ਪ੍ਰਤੀਕਿਰਿਆ ਹੋ ਸਕਦੀ ਹੈ।

ਬਿਹਾਰ ਦੇ ਇਕ ਪਿੰਡ ਵਿੱਚ ਰਹਿਣ ਵਾਲੇ ਮਨੋਜ ਦਾ ਕਹਿਣਾ ਹੈ ਕਿ ਉਸ ਦਾ ਸਕੂਲ ਛੱਡਵਾ ਕੇ, ਉਸ ਤੋਂ ਦੁੱਗਣੇ ਉਮਰ ਦੇ ਇੱਕ ਬੰਦੇ ਨਾਲ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ।

ਉਸਨੇ ਕਿਹਾ, “ਮੈਂ ਖੁਦ ਨੂੰ ਮਾਰਨ ਲਈ ਵੀ ਤਿਆਰ ਸੀ, ਪਰ ਮੇਰੀ ਪ੍ਰੇਮਿਕਾ ਨੇ ਮੈਨੂੰ ਨਹੀਂ ਛੱਡਿਆ। ਅੱਜ ਮੈਂ ਜ਼ਿੰਦਾ ਹਾਂ ਅਤੇ ਅਸੀਂ ਇਕੱਠੇ ਹਾਂ ਕਿਉਂਕਿ ਉਸ ਨੇ ਕਦੇ ਹਾਰ ਨਹੀਂ ਮੰਨੀ।”

ਮਨੋਜ, ਹੁਣ 22 ਦੇ ਹਨ ਅਤੇ ਆਪਣੀ 21 ਸਾਲਾ ਪ੍ਰੇਮਿਕਾ "ਰਸ਼ਮੀ" ਨਾਲ ਵੱਡੇ ਸ਼ਹਿਰ ਵਿੱਚ ਲੁਕ ਕੇ ਰਹਿ ਰਹੇ ਹਨ।

ਇਸ ਦੌਰਾਨ ਉਸ ਨੇ ਸਮਲਿੰਗੀਆਂ ਨਾਲ ਵਿਆਹ ਕਰਨ ਦੇ ਕਾਨੂੰਨੀ ਅਧਿਕਾਰ ਦੀ ਮੰਗ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਹੁਣ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ।

ਮਨੋਜ
ਤਸਵੀਰ ਕੈਪਸ਼ਨ, ਮਨੋਜ ਨੇ ਕਿਹਾ, ਜੇਕਰ ਸਾਡੇ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਮਿਲ ਜਾਂਦੀ ਹੈ ਤਾਂ ਕੋਈ ਡਰ ਨਹੀਂ ਹੋਵੇਗਾ।

ਵਿਆਹ ਦਾ ਅਧਿਕਾਰ

ਸਾਲ 2018 ਵਿੱਚ, ਇੱਕ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ, ਸੁਪਰੀਮ ਕੋਰਟ ਨੇ ਦੋ ਬਾਲਗਾਂ ਵਿੱਚ ਸਹਿਮਤੀ ਵਾਲੇ ਸਮਲਿੰਗੀ ਸੈਕਸ ਨੂੰ ਅਪਰਾਧ ਤੋਂ ਮੁਕਤ ਕਰ ਦਿੱਤਾ ਸੀ।

ਪਰ ਸਮਲਿੰਗੀਆਂ ਵਿਚਕਾਰ ਵਿਆਹ ਨੂੰ ਹਾਲੇ ਤੱਕ ਕਾਨੂੰਨੀ ਮਾਨਤਾ ਨਹੀਂ ਮਿਲੀ ਹੈ।

ਇਸ ਸਾਲ ਸੁਪਰੀਮ ਕੋਰਟ ਨੇ ਇਹ ਮੰਗ ਕਰਨ ਵਾਲੀਆਂ 21 ਪਟੀਸ਼ਨਾਂ 'ਤੇ ਸੁਣਵਾਈ ਕੀਤੀ ਅਤੇ ਹੁਣ ਜਲਦੀ ਹੀ ਫੈਸਲਾ ਆਉਣ ਦੀ ਸੰਭਾਵਨਾ ਹੈ।

ਜ਼ਿਆਦਾਤਰ ਪਟੀਸ਼ਨਾਂ 'ਚ ਵਿਆਹ ਨੂੰ ਮੌਲਿਕ ਅਧਿਕਾਰ ਮੰਨਣ ਦੀ ਮੰਗ ਕੀਤੀ ਗਈ ਹੈ।

ਪਰ ਮਨੋਜ ਅਤੇ ਰਸ਼ਮੀ ਦੀ ਪਟੀਸ਼ਨ ਵਿੱਚ ਜੋ ਚਾਰ ਕਿਊਅਰ ਕਾਰਕੁਨਾਂ ਅਤੇ ਦੋ ਹੋਰ ਜੋੜਿਆਂ ਨਾਲ ਦਾਇਰ ਕੀਤੀ ਗਈ, ਉਸ ਵਿੱਚ ਵਿਆਹ ਨੂੰ ਪਰਿਵਾਰ ਦੇ ਹੱਥੋਂ ਸਰੀਰਕ ਅਤੇ ਮਾਨਸਿਕ ਹਿੰਸਾ ਵਿੱਚੋਂ ਨਿਕਲਣ ਦਾ ਤਰੀਕਾ ਦੱਸਿਆ ਗਿਆ ਹੈ।

ਮਨੋਜ ਨੇ ਕਿਹਾ, ਜੇਕਰ ਸਾਡੇ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਮਿਲ ਜਾਂਦੀ ਹੈ ਤਾਂ ਕੋਈ ਡਰ ਨਹੀਂ ਹੋਵੇਗਾ।

ਸਾਲ 2011 ਵਿੱਚ ਹੋਈ ਆਖਰੀ ਜਨਗਣਨਾ ਦੇ ਅਨੁਸਾਰ, ਭਾਰਤ ਵਿੱਚ ਲਗਭਗ ਪੰਜ ਲੱਖ ਲੋਕ ਆਪਣੇ ਆਪ ਨੂੰ ਟ੍ਰਾਂਸਜੈਂਡਰ ਮੰਨਦੇ ਹਨ। ਕਾਰਕੁਨਾਂ ਅਨੁਸਾਰ ਇਹ ਅੰਕੜਾ ਹਕੀਕਤ ਨਾਲੋਂ ਬਹੁਤ ਘੱਟ ਹੈ।

ਸਾਲ 2014 'ਚ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੰਦੇ ਹੋਏ ਟਰਾਂਸਜੈਂਡਰ ਲੋਕਾਂ ਨੂੰ ਥਰਡ ਜੈਂਡਰ ਦਾ ਕਾਨੂੰਨੀ ਦਰਜਾ ਦਿੱਤਾ ਸੀ।

ਪੰਜ ਸਾਲ ਬਾਅਦ, ਪਾਰਲੀਮੈਂਟ ਨੇ ਟ੍ਰਾਂਸਜੈਂਡਰ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ।

ਇਸ ਤਹਿਤ ਸਿੱਖਿਆ, ਰੁਜ਼ਗਾਰ ਅਤੇ ਸਿਹਤ ਖੇਤਰ ਵਿੱਚ ਟਰਾਂਸਜੈਂਡਰਾਂ ਨਾਲ ਭੇਦਭਾਵ ਅਤੇ ਉਨ੍ਹਾਂ ਵਿਰੁੱਧ ਆਰਥਿਕ, ਸਰੀਰਕ, ਜਿਨਸੀ ਅਤੇ ਮਾਨਸਿਕ ਹਿੰਸਾ ਗੈਰ-ਕਾਨੂੰਨੀ ਹੈ।

ਪਰ ਪਰਿਵਾਰ ਦੇ ਅੰਦਰ ਹੋਣ ਵਾਲੀ ਹਿੰਸਾ ਨਾਲ ਨਜਿੱਠਣਾ ਗੁੰਝਲਦਾਰ ਹੈ।

ਵੀਨਾ ਗੌੜਾ
ਤਸਵੀਰ ਕੈਪਸ਼ਨ, ਨਾਰੀਵਾਦੀ ਵਕੀਲ ਵੀਨਾ ਗੌੜਾ ਦੇ ਨਾਲ ਪੈਨਲ ਵਿੱਚ ਇੱਕ ਸਾਬਕਾ ਜੱਜ, ਵਕੀਲ, ਸਿੱਖਿਆ ਸ਼ਾਸਤਰੀ, ਕਾਰਕੁਨ ਅਤੇ ਰਾਜ ਸਰਕਾਰ ਨਾਲ ਕੰਮ ਕਰਨ ਵਾਲੇ ਇੱਕ ਸਮਾਜ ਸੇਵਿਕਾ ਸ਼ਾਮਿਲ ਸਨ।

ਪਰਿਵਾਰਾਂ ’ਚ ਹੋਣ ਵਾਲੀ ਹਿੰਸਾ

ਮੁੰਬਈ ਦੀ ਰਹਿਣ ਵਾਲੀ ਨਾਰੀਵਾਦੀ ਵਕੀਲ ਵੀਨਾ ਗੌੜਾ ਦੇ ਅਨੁਸਾਰ, ਜ਼ਿਆਦਾਤਰ ਕਾਨੂੰਨ ਪਰਿਵਾਰ ਨੂੰ ਕਿਸੇ ਵੀ ਵਿਅਕਤੀ ਲਈ ਸਭ ਤੋਂ ਸੁਰੱਖਿਅਤ ਮੰਨਦੇ ਹਨ, ਭਾਵੇਂ ਇਹ ਪਰਿਵਾਰ ਖੂਨ ਦੇ ਰਿਸ਼ਤੇ ਵਾਲਾ ਹੋਵੇ ਜਾਂ ਵਿਆਹ ਅਤੇ ਗੋਦ ਲੈ ਕੇ ਬਣਿਆ ਹੋਵੇ।

ਵੀਨਾ ਅਨੁਸਾਰ, "ਅਸੀਂ ਸਾਰੇ ਪਰਿਵਾਰਾਂ ਵਿੱਚ ਹੁੰਦੀ ਹਿੰਸਾ ਤੋਂ ਜਾਣੂ ਹਾਂ। ਭਾਵੇਂ ਇਹ ਪਤਨੀ, ਬੱਚਿਆਂ ਜਾਂ ਟ੍ਰਾਂਸਜੈਂਡਰ ਲੋਕਾਂ ਦੇ ਵਿਰੁੱਧ ਹੋਵੇ। ਪਰ ਇਸ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਕਿਉਂਕਿ ਜੇਕਰ ਇਸ ਨੂੰ ਦੇਖਿਆ ਜਾਵੇ ਅਤੇ ਮੰਨ ਲਿਆ ਜਾਵੇ ਤਾਂ ਪਰਿਵਾਰ ਦੇ ਢਾਂਚੇ 'ਤੇ ਸਵਾਲ ਉਠਾਉਣ ਲਈ ਮਜਬੂਰ ਹੋ ਜਾਵੋਗੇ।”

ਵੀਨਾ ਗੌੜਾ ਉਸ ਪੈਨਲ ਦਾ ਹਿੱਸਾ ਹਨ ਜਿਸ ਨੇ ਪਰਿਵਾਰ ਦੇ ਅੰਦਰ ਹਿੰਸਾ ਬਾਰੇ ਜਨਤਕ ਸੁਣਵਾਈ ਦੌਰਾਨ 31 ਕਿਊਅਰ ਅਤੇ ਟਰਾਂਸਜੈਂਡਰ ਲੋਕਾਂ ਦੇ ਵਿਸਥਾਰ ਨਾਲ ਬਿਆਨ ਦਰਜ ਕੀਤੇ ਸਨ।

ਇਨ੍ਹਾਂ ਲੋਕਾਂ ਦੇ ਦੱਸਿਆ ਸੀ ਕਿ ਉਹਨਾਂ ਨੇ ਪਰਿਵਾਰ ਅੰਦਰ ਕਿਸ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕੀਤਾ ਸੀ।

ਗੌੜਾ ਦੇ ਨਾਲ ਪੈਨਲ ਵਿੱਚ ਇੱਕ ਸਾਬਕਾ ਜੱਜ, ਵਕੀਲ, ਸਿੱਖਿਆ ਸ਼ਾਸਤਰੀ, ਕਾਰਕੁਨ ਅਤੇ ਰਾਜ ਸਰਕਾਰ ਨਾਲ ਕੰਮ ਕਰਨ ਵਾਲੇ ਇੱਕ ਸਮਾਜ ਸੇਵਿਕਾ ਸ਼ਾਮਿਲ ਸਨ।

ਸੁਣਵਾਈ ਦੇ ਆਧਾਰ ’ਤੇ ਇਕ ਰਿਪੋਰਟ ਅਪ੍ਰੈਲ ਵਿਚ ਜਾਰੀ ਕੀਤੀ ਗਈ ਸੀ, ਜਿਸ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਕਿਊਅਰ ਲੋਕਾਂ ਨੂੰ ਆਪਣੇ ਪਰਿਵਾਰ ਦੀ ਚੋਣ ਕਰਨ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ।

ਆਪਣੇ ਸੁਝਾਅ 'ਚ ਵੀਨਾ ਨੇ ਲਿਖਿਆ, ''ਸੁਣਵਾਈ 'ਚ ਲੋਕਾਂ ਨੇ ਜਿਸ ਤਰ੍ਹਾਂ ਹਿੰਸਾ ਬਾਰੇ ਦੱਸਿਆ, ਉਸ ਨੂੰ ਦੇਖਦੇ ਹੋਏ ਜੇਕਰ ਉਨ੍ਹਾਂ ਨੂੰ ਆਪਣਾ ਪਰਿਵਾਰ ਚੁਣਨ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ ਤਾਂ ਇਹ ਉਨ੍ਹਾਂ ਦੇ ਜੀਣ ਦਾ ਅਧਿਕਾਰ ਤੇ ਇੱਜ਼ਤ ਨਾਲ ਜੀਣ ਦਾ ਅਧਿਕਾਰ ਖੋਹਣ ਦੇ ਬਰਾਬਰ ਹੋਵੇਗਾ।"

ਵੀਨਾ ਦੇ ਅਨੁਸਾਰ, "ਵਿਆਹ ਦਾ ਅਧਿਕਾਰ ਇਸ ਨਵੇਂ ਪਰਿਵਾਰ ਨੂੰ ਪਰਿਭਾਸ਼ਿਤ ਕਰਨ ਅਤੇ ਬਣਾਉਣ ਵਰਗਾ ਹੋਵੇਗਾ।"

ਜ਼ਬਰਦਸਤੀ ਵਿਆਹ ਦੇ ਕੁਝ ਮਹੀਨਿਆਂ ਬਾਅਦ ਮਨੋਜ ਨੇ ਦੁਬਾਰਾ ਰਸ਼ਮੀ ਨਾਲ ਰਹਿਣ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਉਨ੍ਹਾਂ ਨੂੰ ਲੱਭ ਲਿਆ ਅਤੇ ਜ਼ਬਰਦਸਤੀ ਸਬੰਧ ਬਣਾਉਣ ਦੀ ਧਮਕੀ ਦਿੱਤੀ।

ਮਨੋਜ ਅਤੇ ਰਸ਼ਮੀ ਭੱਜ ਗਏ। ਉਹ ਨਜ਼ਦੀਕੀ ਰੇਲਵੇ ਸਟੇਸ਼ਨ 'ਤੇ ਖੜ੍ਹੀ ਪਹਿਲੀ ਰੇਲਗੱਡੀ 'ਤੇ ਚੜ੍ਹ ਗਏ ਪਰ ਪਰਿਵਾਰ ਉਹਨਾਂ ਨੂੰ ਲੱਭ ਕੇ ਵਾਪਸ ਲੈ ਆਇਆ ਅਤੇ ਉਹਨਾਂ ਦੀ ਕੁੱਟਮਾਰ ਕੀਤੀ।

ਰਸ਼ਮੀ ਯਾਦ ਕਰਦੀ ਹੈ, "ਮਨੋਜ ਨੂੰ ਇੱਕ ਸੁਸਾਈਡ ਨੋਟ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ, ਜਿਸ ਵਿੱਚ ਉਸਦੀ ਮੌਤ ਲਈ ਮੈਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।”

ਮਨੋਜ ਦੇ ਮਨ੍ਹਾ ਕਰਨ 'ਤੇ ਉਸ ਨੂੰ ਦੁਬਾਰਾ ਘਰ ਦੇ ਇਕ ਕੋਨੇ 'ਚ ਬੰਦ ਕਰ ਦਿੱਤਾ ਗਿਆ ਅਤੇ ਉਸ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ।

ਆਖਰ ਮਨੋਜ ਆਪਣੇ ਮਾਤਾ-ਪਿਤਾ ਦੇ ਘਰ ਤੋਂ ਤਾਂ ਨਿਕਲਣ ਸਕਿਆ ਜਦੋਂ ਰਸ਼ਮੀ ਨੇ ਇੱਕ ਨਾਰੀਵਾਦੀ ਸੰਗਠਨ ਨਾਲ ਸੰਪਰਕ ਕੀਤਾ ਅਤੇ ਸਥਾਨਕ ਪੁਲਿਸ ਮਹਿਲਾ ਸੈੱਲ ਦੀ ਮਦਦ ਲਈ।

ਕੁਝ ਸਮੇਂ ਲਈ ਉਹ ਟਰਾਂਸਜੈਂਡਰ ਲੋਕਾਂ ਲਈ ਬਣੇ ਸਰਕਾਰੀ ਸ਼ੈਲਟਰ ਵਿੱਚ ਰਹੇ, ਪਰ ਜਲਦੀ ਹੀ ਰਸ਼ਮੀ ਦੇ ਟਰਾਂਸਜੈਂਡਰ ਨਾ ਹੋਣ ਕਾਰਨ ਇੱਥੋਂ ਨਿਕਲਣਾ ਪਿਆ।

ਜੈਂਡਰ

ਭੱਜਣਾ ਤੇ ਮੁੜ ਜੀਵਨ ਸ਼ੁਰੂ ਕਰਨਾ

ਮਨੋਜ ਤਲਾਕ ਲੈਣ ਵਿੱਚ ਵੀ ਕਾਮਯਾਬ ਰਹੇ ਪਰ ਬਹੁਤ ਘੱਟ ਲੋਕ ਹਨ ਜੋ ਪਰਿਵਾਰਾਂ ਦੀ ਹਿੰਸਾ ਤੋਂ ਬਚ ਕੇ ਨਿਕਲਣ ਅਤੇ ਨਵੀਂ ਜ਼ਿੰਦਗੀ ਬਣਾਉਣ ਵਿੱਚ ਮਦਦ ਕਰਨ ਵਾਲੇ ਹੁੰਦੇ ਹਨ।

ਕੋਇਲ ਘੋਸ਼ ਪੂਰਬੀ ਭਾਰਤ ਦੇ ਪਹਿਲੇ ਲੈਸਬੀਅਨ-ਬਾਈਸੈਕਸੁਅਲ-ਟ੍ਰਾਂਸਮੈਸਕੂਲੀਨ ਪੀਪਲਜ਼ ਰਾਈਟਸ ਕਲੈਕਟਿਵ ਦੇ ਮੈਨੇਜਿੰਗ ਟਰੱਸਟੀ ਹਨ।

ਸੈਫੋ ਵੀਹ ਸਾਲਾਂ ਤੋਂ ਕਵੀਅਰ ਭਾਈਚਾਰੇ ਨਾਲ ਕੰਮ ਕਰ ਰਿਹਾ ਹੈ।

ਕੋਇਲ ਨੂੰ ਸਾਲ 2020 ਦਾ ਉਹ ਦਿਨ ਹਾਲੇ ਵੀ ਯਾਦ ਹੈ ਜਦੋਂ ਉਹਨਾਂ ਨੂੰ ਸੈਫੋ ਦੀ ਹੈਲਪਲਾਈਨ 'ਤੇ ਇਕ ਕਵੀਅਰ ਜੋੜੇ ਦੀ ਕਾਲ ਆਈ ਸੀ।

ਇਹ ਜੋੜਾ ਭੱਜ ਕੇ ਕੋਲਕਾਤਾ ਆਇਆ ਸੀ, ਪਰ ਰਹਿਣ ਲਈ ਜਗ੍ਹਾ ਨਾ ਹੋਣ ਕਾਰਨ ਸੱਤ ਰਾਤਾਂ ਫੁੱਟਪਾਥ 'ਤੇ ਹੀ ਗੁਜ਼ਾਰੀਆਂ ਸਨ।

ਕੋਇਲ ਨੇ ਦੱਸਿਆ, ''ਅਸੀਂ ਇਕ ਜਗ੍ਹਾ ਕਿਰਾਏ 'ਤੇ ਲਈ ਅਤੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਅਸਥਾਈ ਤੌਰ 'ਤੇ ਉੱਥੇ ਲੈ ਗਏ। ਸਿਰ ’ਤੇ ਛੱਤ ਹੋਵੇਗੀ ਤਾਂ ਤਾਂ ਹੀ ਉਹ ਨੌਕਰੀ ਲੱਭਣ ਅਤੇ ਇੱਕ ਨਵੇਂ ਸ਼ਹਿਰ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ ਦੇ ਯੋਗ ਹੋਣਗੇ।

ਕੋਇਲ
ਤਸਵੀਰ ਕੈਪਸ਼ਨ, ਕੋਇਲ

ਸਮਾਜ ਵਿੱਚ ਮਾੜੇ ਸਮਝੇ ਜਾਣ ਤੋਂ ਇਲਾਵਾ, ਪਰਿਵਾਰਾਂ ਦੇ ਹੱਥੋਂ ਹਿੰਸਾ ਦਾ ਸਾਹਮਣਾ ਕਰਨ, ਆਪਣੀ ਪੜ੍ਹਾਈ ਪੂਰੀ ਨਾ ਕਰ ਸਕਣ ਅਤੇ ਜ਼ਬਰਦਸਤੀ ਵਿਆਹ ਤੋਂ ਇਲਾਵਾ ਬਹੁਤ ਸਾਰੇ ਟਰਾਂਸਜੈਂਡਰ ਸਥਾਈ ਰੁਜ਼ਗਾਰ ਲੱਭਣ ਵਿੱਚ ਅਸਮਰੱਥ ਹਨ।

ਭਾਰਤ ਦੀ ਪਿਛਲੀ ਜਨਗਣਨਾ ਦੇ ਅਨੁਸਾਰ, ਉਨ੍ਹਾਂ ਦੀ ਸਾਖਰਤਾ ਦਰ (49.76%) ਦੇਸ਼ ਦੀ ਔਸਤ (74.04%) ਨਾਲੋਂ ਬਹੁਤ ਘੱਟ ਹੈ।

ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ 900 ਟਰਾਂਸਜੈਂਡਰ ਲੋਕਾਂ ਦੇ 2017 ਦੇ ਇੱਕ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਰਵੇਖਣ ਵਿੱਚ ਪਤਾ ਚੱਲਿਆ ਕਿ 96% ਨੂੰ ਨੌਕਰੀਆਂ ਤੋਂ ਇਨਕਾਰ ਕੀਤਾ ਗਿਆ ਸੀ ਜਾਂ ਭੀਖ ਮੰਗਣ ਅਤੇ ਸੈਕਸ ਵਰਕ ਦਾ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਸੈਫੋ ਨੇ ਘਰੋਂ ਭੱਜਣ ਲਈ ਮਜਬੂਰ ਜੋੜਿਆਂ ਲਈ ਆਸਰਾ ਬਣਾਉਣ ਦਾ ਫੈਸਲਾ ਕੀਤਾ। ਪਿਛਲੇ ਦੋ ਸਾਲਾਂ ਵਿੱਚ ਉਸ ਸ਼ੈਲਟਰ ਵਿੱਚ 35 ਜੋੜਿਆਂ ਨੂੰ ਰਿਹਾਇਸ਼ ਦਿੱਤੀ ਗਈ ਹੈ।

ਕੰਮ ਕਾਫੀ ਔਖਾ ਹੈ। ਕੋਇਲ ਨੂੰ ਦਿਨ ਵਿੱਚ ਤਿੰਨ ਤੋਂ ਪੰਜ ਫੋਨ ਆਉਂਦੇ ਹਨ ਅਤੇ ਉਹ ਵੱਖ-ਵੱਖ ਚੁਣੌਤੀਆਂ ਨੂੰ ਹੱਲ ਕਰਨ ਲਈ ਲਗਾਤਾਰ ਵਕੀਲਾਂ ਦੇ ਸੰਪਰਕ ਵਿੱਚ ਰਹਿੰਦੀ ਹੈ।

ਕੋਇਲ ਕਹਿੰਦੇ ਹਨ, "ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਪਿੰਡਾਂ ਵਿੱਚ ਗੁੱਸੇ ਵਿੱਚ ਆਈ ਭੀੜ ਪਿੱਛੇ ਪਈ, ਇੱਥੋਂ ਤੱਕ ਕਿ ਥਾਣਿਆਂ ਵਿੱਚ ਵੀ ਲੋਕ ਬੇਚੈਨ ਹੋ ਜਾਂਦੇ ਹਨ ਕਿਉਂਕਿ ਅਸੀਂ ਆਪਣੀ ਕਵੀਅਰ ਪਛਾਣ ਨੂੰ ਨਹੀਂ ਲੁਕਾਉਂਦੇ ਅਤੇ ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ।"

ਕੋਇਲ ਪੱਛਮੀ ਬੰਗਾਲ ਦੇ ਇੱਕ ਪਿੰਡ ਵਿੱਚ ਸਥਾਨਕ ਪੁਲਿਸ ਸਟੇਸ਼ਨ ਵਿੱਚ ਸੀ ਜਦੋਂ ਇੱਕ ਟਰਾਂਸ-ਮੈਨ "ਆਸਿਫ਼" ਅਤੇ ਉਸਦੀ ਪ੍ਰੇਮਿਕਾ "ਸਮੀਨਾ" ਉਨ੍ਹਾਂ ਨਾਲ ਸਪੰਰਕ ਕੀਤਾ।

ਸਮੀਨਾ ਦਾ ਇਲਜ਼ਾਮ ਲਗਾਇਆ ਕਿ ਕਾਂਸਟੇਬਲ ਉਸ ਨੂੰ ਖੁਸਰਾ ਕਹਿ ਰਿਹਾ ਸੀ ਅਤੇ ਆਪਣੇ ਰਿਸ਼ਤੇ ਬਾਰੇ ਦੁਨੀਆ ਨੂੰ ਦੱਸਣ ਦੀ ਬਜਾਏ ਦੋਵਾਂ ਨੂੰ ਮਰ ਜਾਣ ਦੀ ਗੱਲ ਕਹਿ ਰਿਹਾ ਸੀ।

ਉਨ੍ਹਾਂ ਦੀ ਬਚਪਨ ਦੀ ਦੋਸਤੀ ਜੋ ਪਿਆਰ ਵਿੱਚ ਬਦਲ ਗਈ ਸੀ, ਉਸ ਨੂੰ ਬਚਾਉਣ ਲਈ ਉਹ ਦੋ ਵਾਰ ਆਪਣੇ ਪਰਿਵਾਰ ਤੋਂ ਭੱਜਣ ਦੀ ਅਸਫਲ ਕੋਸ਼ਿਸ਼ ਕਰ ਚੁੱਕੇ ਸਨ।

ਜੈਂਡਰ

ਇਹ ਜਾਨ ਬਚਾਉਣ ਦਾ ਆਖਰੀ ਮੌਕਾ ਸੀ ਅਤੇ ਉਹਨਾਂ ਨੂੰ ਮਦਦ ਦੀ ਲੋੜ ਸੀ।

ਸਮੀਨਾ ਨੇ ਕਿਹਾ, "ਜਦੋਂ ਕੋਇਲ ਨੇ ਆ ਕੇ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਕਾਂਸਟੇਬਲ ਨੇ ਚੰਗਾ ਵਿਵਹਾਰ ਕੀਤਾ ਅਤੇ ਅਫ਼ਸਰ ਨੇ ਉਸਨੂੰ ਤਾੜਨਾ ਕੀਤੀ ਕਿ ਉਹ ਪੁਲਿਸ ਕਰਮਚਾਰੀ ਹੋ ਕੇ ਅਦਾਲਤ ਦੇ ਫੈਸਲਿਆਂ ਅਤੇ ਕਾਨੂੰਨ ਤੋਂ ਅਣਜਾਣ ਰਹਿ ਕੇ ਅਜਿਹੀਆਂ ਗੱਲਾਂ ਕਿਵੇਂ ਕਹਿ ਸਕਦਾ ਹੈ।"

ਆਸਿਫ਼ ਅਤੇ ਸਮੀਨਾ ਹੁਣ ਇੱਕ ਵੱਡੇ ਸ਼ਹਿਰ ਵਿੱਚ ਸੁਰੱਖਿਅਤ ਰਹਿ ਰਹੇ ਹਨ। ਉਹ ਮਨੋਜ ਅਤੇ ਰਸ਼ਮੀ ਦੇ ਨਾਲ ਸੁਪਰੀਮ ਕੋਰਟ ਵਿੱਚ ਪਟੀਸ਼ਨਰ ਵੀ ਹਨ।

ਆਸਿਫ਼ ਨੇ ਕਿਹਾ, ''ਅਸੀਂ ਹੁਣ ਖੁਸ਼ ਹਾਂ। ਪਰ ਸਾਨੂੰ ਕਾਗਜ਼ ਦੇ ਉਸ ਟੁਕੜੇ ਦੀ ਲੋੜ ਹੈ, ਵਿਆਹ ਦਾ ਸਰਟੀਫਿਕੇਟ ਜੋ ਸਾਡੇ ਪਰਿਵਾਰਾਂ ਵਿੱਚ ਪੁਲਿਸ ਅਤੇ ਕਾਨੂੰਨ ਦਾ ਡਰ ਪੈਦਾ ਕਰਦੇ।”

ਇਨ੍ਹਾਂ ਟਰਾਂਸ-ਬੰਦਿਆਂ ਲਈ ਇਹ ਬਹੁਤ ਅਹਿਮ ਅਤੇ ਔਖਾ ਸਮਾਂ ਹੈ।

ਆਸਿਫ ਨੇ ਕਿਹਾ, ''ਜੇਕਰ ਸੁਪਰੀਮ ਕੋਰਟ ਸਾਡੀ ਮਦਦ ਨਹੀਂ ਕਰੇਗੀ ਤਾਂ ਸਾਨੂੰ ਮਰਨਾ ਪੈ ਸਕਦਾ ਹੈ। ਅਸੀਂ ਜਿਵੇਂ ਦੇ ਹਾਂ, ਉਸੇ ਤਰ੍ਹਾਂ ਜੇ ਸਾਨੂੰ ਸਵਿਕਾਰ ਨਹੀਂ ਕੀਤਾ ਗਿਆ ਤਾ ਹਮੇਸ਼ਾ ਭੱਜਦੇ ਰਹਾਂਗੇ ਅਤੇ ਵੱਖ ਕੀਤੇ ਜਾਣ ਦਾ ਡਰ ਬਣਿਆ ਰਹਾਂਗੇ।”

(ਸੁਰੱਖਿਆ ਕਾਰਨਾਂ ਕਰਕੇ ਲੋਕਾਂ ਦੀ ਪਛਾਣ ਨੂੰ ਲੁਕਾਣ ਲਈ ਉਨ੍ਹਾਂ ਦੇ ਨਾਂ ਬਦਲੇ ਗਏ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)