ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ: ਜਗਦੀਸ਼ ਸਿੰਘ ਝੀਂਡਾ ਦੀ ਜਿੱਤ ਤੇ ਦਾਦੂਵਾਲ ਦੀ ਹਾਰ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।

ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ, ਅਸੰਧ ਤੋਂ ਪੰਥਕ ਦਲ ਝੀਂਡਾ ਗਰੁੱਪ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਜਿੱਤ ਦਰਜ ਕੀਤੀ।

ਉਧਰ ਕਾਲਾਂਵਾਲੀ ਹਲਕੇ ਦੇ ਵਾਰਡ 35 ਤੋਂ ਬਿੰਦਰ ਸਿੰਘ ਖਾਲਸਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ 1771 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।

ਇਸ ਚੋਣ ਵਿੱਚ ਬਿੰਦਰ ਸਿੰਘ ਖਾਲਸਾ ਨੂੰ 4914 ਵੋਟਾਂ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ 3147 ਵੋਟਾਂ ਮਿਲੀਆਂ ਅਤੇ ਨੋਟਾ ਨੂੰ 49 ਵੋਟਾਂ ਮਿਲੀਆਂ।

ਪੇਹਵਾ ਤੋਂ ਪੰਥਕ ਦਲ ਝੀਂਡਾ ਦੇ ਉਮੀਦਵਾਰ ਕੁਲਦੀਪ ਸਿੰਘ ਮੁਲਤਾਨੀ ਅਤੇ ਮੁਰਤਾਜਪੁਰ ਤੋਂ ਇੰਦਰਜੀਤ ਸਿੰਘ ਜਿੱਤੇ ਹਨ।

ਜਦਕਿ ਸ਼ਾਹਬਾਦ ਤੋਂ ਸਿੱਖ ਸਮਾਜ ਸੰਸਥਾ ਦੇ ਪ੍ਰਧਾਨ ਦੀਵਾਰ ਸਿੰਘ ਨਲਵੀ ਅਤੇ ਥਾਨੇਸਰ ਤੋਂ ਆਜ਼ਾਦ ਉਮੀਦਵਾਰ ਹਰਮਨਪ੍ਰੀਤ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ।

ਨੀਲੋਖੇੜੀ ਤੋਂ ਬੀਬੀ ਕਪੂਰ ਕੌਰ ਨੇ ਜਿੱਤ ਹਾਸਿਲ ਕੀਤੀ ਹੈ ਤਾਂ ਉੱਥੇ ਹੀ ਨਿਸਿੰਗ ਤੋਂ ਗੁਰਨਾਮ ਸਿੰਘ ਲਾਡੀ ਡਬਰੀ ਦੀ ਜਿੱਤ ਹੋਈ ਹੈ।

ਇਸ ਤਰ੍ਹਾਂ ਰੋੜੀ ਹਲਕੇ ਦੇ ਵਾਰਡ 36 ਤੋਂ ਕੁਲਦੀਪ ਸਿੰਘ ਫੱਗੂ ਨੇ ਹਰਿਆਣਾ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੂੰ 983 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ।

ਇਸ ਚੋਣ ਵਿੱਚ ਕੁਲਦੀਪ ਸਿੰਘ ਫੱਗੂ ਨੂੰ 5723 ਵੋਟਾਂ ਅਤੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੂੰ 4740 ਵੋਟਾਂ ਮਿਲੀਆਂ।

ਇਸ ਤਰ੍ਹਾਂ ਹੀ ਵੱਡਾਗੁੜ੍ਹਾ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਔਢਾਂ ਨੇ ਜਿੱਤ ਹਾਸਿਲ ਕੀਤੀ ਹੈ। ਪਿਪਲੀ ਹਲਕੇ ਤੋਂ ਜਗਤਾਰ ਸਿੰਘ ਮਿੱਠੜੀ ਨੇ ਜਿੱਤ ਹਾਸਲ ਕੀਤੀ ਹੈ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਦੀਆਂ ਪਹਿਲੀ ਵਾਰ ਹੋ ਰਹੀਆਂ ਚੋਣਾਂ ਲਈ ਐਤਵਾਰ ਸਵੇਰੇ ਵੋਟਿੰਗ ਸ਼ੁਰੂ ਹੋਈ ਸੀ। ਸਭ ਤੋਂ ਪਹਿਲੀ ਵੋਟ ਕੁਰੂਕਸ਼ੇਤਰ ਦੇ ਥਾਨੇਸਰ ਬੂਥ ਨੰਬਰ 11 'ਤੇ ਪਾਈ ਗਈ।

ਇਹ ਕਮੇਟੀ ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖ-ਰੇਖ ਲਈ ਜ਼ਿੰਮੇਵਾਰ ਹੈ। ਕਮੇਟੀ ਦੇ ਗਠਨ ਵਾਸਤੇ ਬਣੇ ਕਾਨੂੰਨ ਤੋਂ ਲੈ ਕੇ ਸੁਪਰੀਮ ਕੋਰਟ ਦੇ ਅੰਤਿਮ ਫ਼ੈਸਲੇ ਤੱਕ ਇਸ 'ਤੇ ਵਿਵਾਦ ਹੁੰਦਾ ਰਿਹਾ।

ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਸੂਬੇ ਵਿੱਚ 40 ਸੀਟਾਂ 'ਤੇ ਲਈ ਵੋਟਾਂ ਪੈ ਰਹੀਆਂ ਹਨ। ਹਰਿਆਣਾ ਵਿੱਚ ਮੁੱਖ ਤੌਰ 'ਤੇ ਚਾਰ ਸੰਗਠਨਾਂ ਵੱਲੋਂ ਇਹ ਚੋਣਾਂ ਲੜੀਆਂ ਜਾ ਰਹੀਆਂ ਹਨ।

ਇਹਨਾਂ ਚੋਣਾਂ ਬਾਰੇ ਵਿਵਾਦ ਕੀ ਸੀ, ਇਹ ਕਿਵੇਂ ਖ਼ਤਮ ਹੋਇਆ ਅਤੇ ਇਹ ਚੋਣਾਂ ਕੌਣ ਲੜ ਸਕਦਾ ਹੈ ? ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵਾਂਗੇ।

ਇਹ ਚੋਣਾਂ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਹੋਣ ਜਾ ਰਹੀਆਂ ਹਨ। ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਮੁਤਾਬਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ 19 ਜਨਵਰੀ ਨੂੰ ਪੈਣੀਆਂ ਤੈਅ ਹੋਇਆ ਸੀ। ਵੋਟਾਂ ਪੈਣ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਤੱਕ ਚੱਲੇਗੀ।

ਹਰਿਆਣਾ ਦੀਆਂ ਗੁਰਦੁਆਰਾ ਚੋਣਾਂ ਦੇ ਕਮਿਸ਼ਨਰ ਨੇ ਦਸੰਬਰ 10, 2024 ਨੂੰ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਚੋਣਾਂ ਦੇ ਨੋਟੀਫਿਕੇਸ਼ਨ ਅਨੁਸਾਰ 20 ਤੋਂ 28 ਦਸੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਸਨ। ਕਾਗਜ਼ਾਂ ਦੀ ਪੜਤਾਲ 30 ਦਸੰਬਰ ਨੂੰ ਕੀਤੀ ਜਾਣੀ ਸੀ।

ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰਾਂ ਨੂੰ ਨਾਮਜ਼ਦਗੀ ਦੀ ਆਖਰੀ ਮਿਤੀ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ 5,000 ਰੁਪਏ ਜਮ੍ਹਾ ਕਰਵਾਉਣੇ ਸਨ। ਵੋਟਾਂ ਦੀ ਗਿਣਤੀ ਚੋਣ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਹੋਵੇਗੀ।

ਉਮੀਦਵਾਰਾਂ ਵਾਸਤੇ ਕੀ ਸ਼ਰਤਾਂ ਹਨ?

ਐੱਚਐੱਸਜੀਐੱਮਸੀ ਐਕਟ, 2014 ਦੇ ਅਨੁਸਾਰ ਕਿਸੇ ਵਿਅਕਤੀ ਨੂੰ ਕਮੇਟੀ ਦਾ ਮੈਂਬਰ ਚੁਣੇ ਜਾਣ ਲਈ ਕੁਝ ਸ਼ਰਤਾਂ ਮੁਕੱਰਰ ਹਨ।

ਇਹਨਾਂ ਸ਼ਰਤਾਂ ਮੁਤਾਬਕ ਉਹ ਵਿਅਕਤੀ ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਹੈ, ਗੁਰਮੁਖੀ ਲਿਪੀ ਵਿੱਚ ਪੰਜਾਬੀ ਪੜ੍ਹ ਜਾਂ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ।

ਉਹ ਆਪਣੀ ਦਾੜ੍ਹੀ ਜਾਂ ਵਾਲ ਕੱਟਦਾ ਨਾ ਹੋਵੇ। ਨਾ ਉਹ ਸ਼ਰਾਬ ਅਤੇ ਹੋਰ ਨਸ਼ੇ ਦਾ ਸੇਵਨ ਨਾ ਕਰਦਾ ਹੋਵੇ। ਇਸ ਤੋਂ ਇਲਾਵਾ ਨਾ ਉਹ ਮੀਟ ਖਾਂਦਾ ਹੋਵੇ ਅਤੇ ਨਾ ਹੀ ਗੁਰਦੁਆਰੇ ਦਾ ਤਨਖਾਹਦਾਰ ਸੇਵਕ ਹੋਵੇ।

ਇਸ ਦੇ ਨਾਲ ਹੀ ਜਿਹੜੀ ਪਾਰਟੀ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਹੋਈ ਹੈ, ਉਹ ਪਾਰਟੀ ਜਾਂ ਉਸਦੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਇਹ ਚੋਣਾਂ ਨਹੀਂ ਲੜ ਸਕਦੇ।

ਵੋਟਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਵਰਤੋਂ ਨਾਲ ਕਰਵਾਈਆਂ ਜਾਣਗੀਆਂ।

ਐੱਚਐੱਸਜੀਐੱਮਸੀ ਦੇ ਕਿੰਨੇ ਹਲਕੇ ਹਨ

ਹਰਿਆਣਾ ਵਿੱਚ ਐੱਚਐੱਸਜੀਐੱਮਸੀ ਦੇ ਕੁੱਲ 49 ਮੈਂਬਰ ਹੋਣਗੇ।

ਹਰਿਆਣਾ ਦੀਆਂ ਕਈ ਸਿੱਖ ਜਥੇਬੰਦੀਆਂ ਚੋਣਾਂ ਲੜ ਰਹੀਆਂ ਹਨ ਪਰ ਇਹਨਾਂ ਵਿੱਚ ਗੁਰਦੁਆਰਾ ਸੰਘਰਸ਼ ਕਮੇਟੀ, ਹਰਿਆਣਾ (ਜਸਬੋਰ ਭਾਟੀ ਗਰੁੱਪ), ਹਰਿਆਣਾ ਸਿੱਖ ਪੰਥਕ ਦਲ (ਅਕਾਲੀ ਗਰੁੱਪ), ਪੰਥਕ ਦਲ ਹਰਿਆਣਾ (ਝੀਂਡਾ ਗਰੁੱਪ), ਸਿੱਖ ਸਮਾਜ (ਨਲਵੀ ਗਰੁੱਪ) ਅਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ (ਦਾਦੂਵਾਲ ਗਰੁੱਪ) ਪ੍ਰਮੁੱਖ ਹਨ।

ਸਿੱਖ ਏਕਤਾ ਦਲ ਦੇ ਆਗੂ ਪ੍ਰਿਤਪਾਲ ਸਿੰਘ ਪੰਨੂ ਨੇ ਦੱਸਿਆ ਸਦਨ ਦੇ 40 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਜਦਕਿ 9 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ।

ਹਰਿਆਣਾ ਸਰਕਾਰ ਵੱਲੋਂ 1 ਦਸੰਬਰ, 2022 ਨੂੰ ਨਾਮਜ਼ਦ ਕੀਤੇ ਪਹਿਲੇ ਐਡਹਾਕ ਸਦਨ ਦਾ 18 ਮਹੀਨਿਆਂ ਦਾ ਕਾਰਜਕਾਲ ਪਿਛਲੇ ਸਾਲ ਮਈ ਵਿੱਚ ਪੂਰਾ ਹੋ ਗਿਆ ਸੀ। ਇਸ ਮਗਰੋਂ ਸਰਕਾਰ ਨੇ ਅਗਸਤ ਵਿੱਚ ਨਵਾਂ ਐਡਹਾਕ ਪੈਨਲ ਨਾਮਜ਼ਦ ਕੀਤਾ ਸੀ।

ਐੱਚਐੱਸਜੀਐੱਮਸੀ ਕਦੋਂ ਹੋਂਦ ਵਿੱਚ ਆਈ?

11 ਜੁਲਾਈ 2014 ਨੂੰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਪਾਸ ਕੀਤਾ ਸੀ।

ਐੱਚਐੱਸਜੀਐੱਮਸੀ ਐਕਟ, 2014 ਨੂੰ ਹਰਿਆਣਾ ਦੇ ਕਾਨੂੰਨੀ ਅਤੇ ਵਿਧਾਨਕ ਵਿਭਾਗ ਦੁਆਰਾ 14 ਜੁਲਾਈ, 2014 ਨੂੰ ਅਧਿਸੂਚਿਤ ਕਰ ਦਿੱਤਾ ਗਿਆ ਸੀ।

ਇਸ ਮਗਰੋਂ 6 ਅਗਸਤ 2014 ਨੂੰ ਇਸ ਐਕਟ ਦੀ ਕਾਨੂੰਨੀ ਮਾਨਤਾ ਨੂੰ ਸੁਪਰੀਮ ਕੋਰਟ ਵਿੱਚ ਸਿਵਲ ਰਿੱਟ ਪਟੀਸ਼ਨ ਦੇ ਨਾਲ ਚੁਣੌਤੀ ਦਿੱਤੀ ਗਈ ਸੀ ਪਰ 20 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਇਸ ਕਾਨੂੰਨ ਦੀ ਮਾਨਤਾ ਨੂੰ ਬਰਕਰਾਰ ਰੱਖਿਆ ਅਤੇ ਕਮੇਟੀ ਦੇ ਗਠਨ ਲਈ ਰਾਹ ਪੱਧਰਾ ਕਰ ਦਿੱਤਾ ਸੀ।

ਕਮੇਟੀ ਬਾਰੇ ਕੀ ਵਿਵਾਦ ਸੀ?

ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਕਾਨੂੰਨ ਹੋਂਦ ਵਿੱਚ ਆਇਆ ਤਾਂ ਇਸਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ।

ਇਸ ਵਿਰੋਧ ਦਾ ਕਾਰਨ ਇਹ ਸੀ ਕਿ ਇਸ ਕਾਨੂੰਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ), ਅੰਮ੍ਰਿਤਸਰ ਵੱਲੋਂ ਹੀ ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖ ਰੇਖ ਕੀਤੀ ਜਾਂਦੀ ਸੀ।

ਆਖ਼ਰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਬਰਕਰਾਰ ਰੱਖਣ ਮਗਰੋਂ ਇਹ ਵਿਵਾਦ ਖ਼ਤਮ ਹੋ ਗਿਆ।

ਐਡਹਾਕ ਸਦਨ ਕੀ ਹੈ?

ਸਿੱਖ ਏਕਤਾ ਦਲ ਦੇ ਆਗੂ ਪ੍ਰਿਤਪਾਲ ਸਿੰਘ ਪੰਨੂ ਜੋ ਪਿਛਲੇ ਲੰਬੇ ਸਮੇਂ ਤੋਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਸਨ, ਉਹਨਾਂ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਦੀ ਚੋਣ ਪਹਿਲੀ ਵਾਰ ਹੋਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐਡਹਾਕ ਸਦਨ ਹੀ ਗੁਰਦੁਆਰਿਆਂ ਦਾ ਸੰਚਾਲਨ ਕਰਦਾ ਰਿਹਾ ਹੈ। ਪਹਿਲਾ ਐਡਹਾਕ ਸਦਨ ਸਾਲ 2024 ਵਿੱਚ ਮਈ ਮਹੀਨੇ ਤੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਰਿਹਾ ਜਦਕਿ ਦੂਜਾ ਐਡਹਾਕ ਸਦਨ ਅਗਸਤ ਤੋਂ ਕਮੇਟੀ ਦਾ ਸੰਚਾਲਨ ਕਰ ਰਿਹਾ ਹੈ।

ਪੰਨੂੰ ਨੇ ਦੱਸਿਆ ਕਿ ਐਡਹਾਕ ਸਦਨ ਵਿੱਚ ਸਾਰੇ ਮੈਂਬਰ ਸਰਕਾਰ ਦੁਆਰਾ ਨਾਮਜ਼ਦ ਕੀਤੇ ਹੁੰਦੇ ਹਨ।

"ਸਾਡਾ ਦਲ ਚੋਣਾਂ ਨਹੀਂ ਲੜੇਗਾ ਪਰ ਫਿਰ ਵੀ ਅਸੀਂ ਲੰਬੇ ਸਮੇਂ ਤੋਂ ਕਮੇਟੀ ਦੀਆਂ ਚੋਣਾਂ ਦੀ ਮੰਗ ਕਰ ਰਹੇ ਸੀ ਤਾਂ ਜੋਂ ਚੁਣਿਆ ਹੋਇਆ ਸਦਨ ਕਮੇਟੀ ਦਾ ਸੰਚਾਲਨ ਕਰੇ।"

ਕੰਵਲਜੀਤ ਸਿੰਘ ਅਜਰਾਨਾ, ਜਿਨ੍ਹਾਂ ਦੀ ਪਤਨੀ ਰਵਿੰਦਰ ਕੌਰ ਅਜਰਾਨਾ ਐਡਹਾਕ ਸਦਨ ਵਿੱਚ ਮੀਤ ਪ੍ਰਧਾਨ ਸਨ, ਉਹਨਾਂ ਨੇ ਦੱਸਿਆ ਚੋਣਾਂ ਈਵੀਐੱਮ ਮਸ਼ੀਨਾਂ ਰਾਹੀਂ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਸਿਆਸੀ ਪਾਰਟੀ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕਦੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)