You’re viewing a text-only version of this website that uses less data. View the main version of the website including all images and videos.
ਕੈਨੇਡਾ: ਹਰਦੀਪ ਨਿੱਝਰ ਕੇਸ ਦੇ ਜਾਂਚ ਅਫ਼ਸਰ ਨੇ ਮੁੜ ਦਾਅਵਾ ਕੀਤਾ, 'ਸਾਡੇ ਕੋਲ ਖ਼ੁਫ਼ੀਆ ਜਾਣਕਾਰੀ ਨਹੀਂ, ਸਬੂਤ ਹਨ'
“ਸਾਡੇ ਕੋਲ ਮਜ਼ਬੂਤ ਸਬੂਤ ਹਨ – ਖ਼ੁਫੀਆ ਜਾਣਕਾਰੀ ਨਹੀਂ ਸਬੂਤ।”
ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ ਕਮਿਸ਼ਨਰ ਮਾਈਕ ਡੁਹੇਮ ਨੇ ਕੈਨੇਡਾ ਦੇ ਸਰਕਾਰੀ ਖ਼ਬਰ ਅਦਾਰੇ ਸੀਬੀਸੀ ਨੂੰ ਹਾਲ ਹੀ ਵਿੱਚ ਦਿੱਤੇ ਇੰਟਰਵਿਊ ਵਿੱਚ ਇਹ ਇਲਜ਼ਾਮ ਲਗਾਇਆ ਕਿ ਭਾਰਤ ਸਰਕਾਰ ਦੀ ਕੈਨੇਡਾ ਵਿੱਚ ਹਿੰਸਾ ਵਿੱਚ ਕਥਿਤ ਸ਼ਮੂਲੀਅਤ ਉੱਪਰਲੇ ਪੱਧਰ ਤੱਕ ਜਾਂਦੀ ਹੈ।
ਭਾਰਤ ਕੈਨੇਡਾ ਵੱਲੋਂ ਲਾਏ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਹੋਰ ਹਿੰਸਾ ਦੀਆਂ ਘਟਨਾਵਾਂ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ।
14 ਅਕਤੂਬਰ ਨੂੰ ਆਰਸੀਐੱਮਪੀ ਦੇ ਕਮਿਸ਼ਨਰ ਮਾਇਕ ਡੁਹੇਮ ਨੇ ਨਿੱਝਰ ਕਤਲ ਮਾਮਲੇ ਵਿੱਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦੇ ਸਬੂਤ ਹੋਣ ਦੀ ਗੱਲ ਕਹੀ ਸੀ।
ਆਰਸੀਐੱਮਪੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਭਾਰਤ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਸੀ।
ਮਾਈਕ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਆਰਸੀਐੱਮਪੀ ਵੱਲੋਂ ਜਨਤਕ ਤੌਰ ਉੱਤੇ ਜਾਣਕਾਰੀ ਸਾਂਝੀ ਕੀਤੇ ਜਾਣ ਤੋਂ ਬਾਅਦ ਦੱਖਣੀ ਏਸ਼ੀਆਈ ਲੋਕਾਂ ਨੂੰ ਖ਼ਤਰਾ ਘਟਿਆ ਹੈ।
ਉਨ੍ਹਾਂ ਕਿਹਾ ਕਿ ਆਰਸੀਐੱਮਪੀ ਸਬੂਤ ਇਕੱਠੇ ਕਰਕੇ ਸਰਕਾਰ ਨਾਲ ਸਾਂਝੇ ਕਰ ਸਕੀ ਜਿਸ ਮਗਰੋਂ ਛੇ ਕੂਟਨੀਤਕਾਂ ਨੂੰ ਨਿਸ਼ਕਾਸਿਤ ਕੀਤਾ, ਇਹ ਸਾਡੇ ਕੰਮ ਦੀ ਗੁਣਵੱਤਾ ਬਾਰੇ ਦੱਸਦਾ ਹੈ।
ਇੰਟਰਵਿਊ ਵਿੱਚ ਆਰਸੀਐੱਮਪੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਮਹੀਨਿਆਂ 'ਚ ਕਰੀਬ 13 ਜਣਿਆਂ ਨੂੰ ਭਰੋਸੇਯੋਗ ਜਾਣਕਾਰੀ ਦੇ ਅਧਾਰ ਉੱਤੇ ਚੇਤਾਵਨੀ ਦਿੱਤੀ ਜਾ ਚੁੱਕੀ ਹੈ।
'ਸਾਡੀ ਤੇ ਅਮਰੀਕਾ ਦੀ ਪ੍ਰਕਿਰਿਆ 'ਚ ਫ਼ਰਕ ਹੈ'
ਪੰਨੂ ਅਤੇ ਨਿੱਝਰ ਮਾਮਲੇ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “ਮੈਂ ਅਮਰੀਕਾ ਦੇ ਦਸਤਾਵੇਜ਼ਾਂ ਵਿੱਚ ਜੋ ਪੜ੍ਹਿਆ ਹੈ ਉਸ ਵਿੱਚ ਇੱਕ ਪੈਟਰਨ ਨਜ਼ਰ ਆਉਂਦਾ ਹੈ, ਸਾਡੀ ਨਿਆਂ ਪ੍ਰਕਿਰਿਆ ਅਤੇ ਅਮਰੀਕੀ ਨਿਆਂ ਪ੍ਰਕਿਰਿਆ ਵਿੱਚ ਫ਼ਰਕ ਹੈ।”
“ਉਹ ਸਾਰਾ ਖ਼ੁਲਾਸਾ ਕਰ ਦਿੰਦੇ ਹਨ ਅਤੇ ਪੜਤਾਲ ਜਾਰੀ ਰੱਖਦੇ ਹਨ ਜਦਕਿ ਸਾਡੇ ਲਈ ਕੋਈ ਜਾਣਕਾਰੀ ਸਾਹਮਣੇ ਰੱਖਣ ਲਈ ਪਹਿਲਾਂ ਅਦਾਲਤੀ ਪ੍ਰਕਿਰਿਆ ਰਾਹੀਂ ਲੰਘਣਾ ਜ਼ਰੂਰੀ ਹੈ।”
ਉਨ੍ਹਾਂ ਕਿਹਾ ਕਿ ਆਰਸੀਐੱਮਪੀ ਨੇ ਫੈੱਡਰਲ ਪੁਲਿਸਿੰਗ ਵਿੰਗ ਦੇ ਹੈੱਡ ਡਿਪਟੀ ਕਮਿਸ਼ਨਰ ਮਾਰਕ ਫਲਿੰਨ ਨੇ ਭਾਰਤੀ ਹਮਰੁਤਬਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਨ੍ਹਾਂ ਨੂੰ ਉੱਤਲੇ ਪੱਧਰ ਤੱਕ ਜੋ ਸਾਡੇ ਕੋਲ ਹੈ ਉਹ ਦੱਸਿਆ ਜਾ ਸਕੇ।
“ਇਸ ਤੋਂ ਬਾਅਦ ਨੈਸ਼ਨਲ ਸਕਿਓਰਿਟੀ ਐਡਵਾਇਜ਼ਰ ਨਥਾਲੀ ਡਰੋਇਨ ਅਤੇ ਵਿਦੇਸ਼ ਮਾਮਲਿਆਂ ਦੇ ਡਿਪਟੀ ਮੰਤਰੀ ਡੇਵਿਡ ਮੌਰੀਸਨ ਨਾਲ ਸਿੰਘਾਪੁਰ ਵਿੱਚ ਇੱਕ ਭਾਰਤੀ ਅਧਿਕਾਰੀ ਨਾਲ ਮਿਲੇ।”
ਉਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਸਬੂਤ ਪੇਸ਼ ਕੀਤੇ ਕਿ ਕਿਵੇਂ ਭਾਰਤ ਸਰਕਾਰ ਦੇ ਏਜੰਟ ਕੂਟਨੀਤਕ ਅਤੇ ਕੌਂਸਲਰ ਅਧਿਕਾਰੀਆਂ ਰਾਹੀਂ ਕੈਨੇਡੀਆਈ ਨਾਗਰਿਕਾਂ ਬਾਰੇ ਉਨ੍ਹਾਂ ਦੀ ਖ਼ਾਤਰ ਜਾਣਕਾਰੀ ਇਕੱਠੀ ਕਰ ਰਹੇ ਸਨ ਅਤੇ ਇਸ ਨੂੰ ਭਾਰਤ ਸਰਕਾਰ ਤੱਕ ਪਹੁੰਚਾ ਰਹੇ ਸਨ ਜਿਹੜੀ ਕੇ ਸੰਗਠਿਤ ਅਪਰਾਧ ਸਮੂਹਾਂ ਤੱਕ ਜਾਂਦੀ ਹੈ।
ਇਸ ਪੜਤਾਲ ਬਾਰੇ ਉਨ੍ਹਾਂ ਨੇ ਕਿਹਾ, “ਮੇਰੇ 37 ਸਾਲਾ ਦੇ ਕਰੀਅਰ ਵਿੱਚ ਮੈਂ ਅਜਿਹਾ ਪਹਿਲੀ ਵਾਰੀ ਦੇਖਿਆ ਹੈ, ਅਸੀਂ ਇਸ ਤੋਂ ਕਾਫੀ ਕੁਝ ਸਿੱਖਿਆ ਹੈ।”
ਭਾਰਤ-ਕੈਨੇਡਾ ਦੇ ਕੂਟਨੀਤਕਾਂ ਨੇ ਕੀ ਕਿਹਾ
ਮੌਜੂਦਾ ਤਣਾਅ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕੈਨੇਡਾ ਵੱਲੋਂ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਤੇ ਹੋਰ ਕੂਟਨੀਤਕਾਂ ਨੂੰ ਨਿੱਝਰ ਮਾਮਲੇ ਵਿੱਚ ‘ਪਰਸਨ ਆਫ ਇੰਟਰਸਟ’ ਦੱਸਿਆ ਗਿਆ ਸੀ।
ਭਾਰਤ ਨੇ ਕਿਹਾ ਸੀ ਕਿ ਉਸ ਨੇ ਆਪਣੇ ਛੇ ਕੂਟਨੀਤਕਾਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਛੇ ਕੈਨੇਡੀਆਈ ਕੂਟਨੀਤਕਾਂ ਨੂੰ ਵਾਪਸ ਜਾਣ ਲਈ ਕਿਹਾ ਹੈ।
ਜਦਕਿ ਕੈਨੇਡਾ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਭਾਰਤੀ ਕੂਟਨੀਤਕਾਂ ਨੂੰ ਨਿਸ਼ਕਾਸਿਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਭਾਰਤ ਵਿੱਚ ਕੈਨੇਡਾ ਦੇ ਰਾਜਦੂਤ ਰਹੇ ਕੈਮਰਨ ਮੈਕੇ ਨੇ ਨਿੱਝਰ ਅਤੇ ਪੰਨੂ ਮਾਮਲੇ ਵਿੱਚ ਪਹਿਲੀ ਵਾਰੀ ਜਨਤਕ ਬਿਆਨ ਦਿੰਦਿਆਂ ਭਾਰਤ ਉੱਤੇ ਗੰਭੀਰ ਇਲਜ਼ਾਮ ਲਾਏ ਸਨ।
ਕੈਨੇਡਾ ਦੇ ਸਰਕਾਰੀ ਖ਼ਬਰ ਅਦਾਰੇ ਸੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਨਿੱਝਰ ਦਾ ਕਤਲ ਅਤੇ ਅਮਰੀਕਾ ਵਿੱਚ ਪੰਨੂ ਦੇ ਕਤਲ ਦੀ ਕੋਸ਼ਿਸ਼ ਇੱਕ ਹੀ ਸਾਜਿਸ਼ ਦਾ ਹਿੱਸਾ ਹਨ।
ਦੂਜੇ ਪਾਸੇ ਭਾਰਤੀ ਕੂਟਨੀਤਕ ਸੰਜੇ ਕੁਮਾਰ ਵਰਮਾ ਨੇ ਕੈਨੇਡੀਆਈ ਚੈਨਲ ਸੀਟੀਵੀ ਨੂੰ ਇੰਟਰਵਿਊ ਵਿੱਚ ਕਿਹਾ ਸੀ ਕਿ ਕੈਨੇਡਾ ਨੇ ਕੋਈ ਵੀ ਅਜਿਹਾ ਸਬੂਤ ਪੇਸ਼ ਨਹੀਂ ਕੀਤਾ ਜਿਸ ਨਾਲ ਨਿੱਝਰ ਕਤਲ ਕੇਸ ਚ ਕੋਈ ਕਾਰਵਾਈ ਹੋ ਸਕਦੀ।
ਵਰਮਾ ਨੇ ਭਾਰਤ ਦੇ ਕੈਨੇਡਾ ਵਿਚਾਲੇ ਦੁਵੱਲੇ ਸਬੰਧਾਂ ਨੂੰ ਵਿਗਾੜਨ ਦਾ ਇਲਜ਼ਾਮ ਪ੍ਰਧਾਨ ਮੰਤਰੀ ਟਰੂਡੋ ʼਤੇ ਲਗਾਇਆ ਸੀ।
ਪਿਛਲੇ ਸਾਲ ਜੂਨ ਵਿੱਚ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦਾ ਕਤਲ ਗਿਆ ਸੀ ਜਦਕਿ ਅਮਰੀਕਾ ਵਿੱਚ ਇੱਕ ਹੋਰ ਖ਼ਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਤੌਰ ਉੱਤੇ ਕਤਲ ਦੀ ਕੋਸ਼ਿਸ਼ ਨਾਕਾਮ ਹੋਈ ਸੀ।
ਭਾਰਤ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ 2023 ਵਿੱਚ ਕੈਨੇਡਾ ਦੀ ਪਾਰਲੀਮੈਂਟ ਵਿੱਚ ਬੋਲਦਿਆਂ 18 ਜੂਨ 2023 ਨੂੰ ਸਰੀ ਵਿੱਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲਾਏ ਸਨ।
ਕੌਣ ਸੀ ਹਰਦੀਪ ਸਿੰਘ ਨਿੱਝਰ
ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਜੱਸੋਵਾਲ ਦੀ ਰਿਪੋਰਟ ਦੇ ਮੁਤਾਬਕ ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ। ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।
ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।
ਸਿੱਖਸ ਫਾਰ ਜਸਟਿਸ ਦੇ ਖਿਲਾਫ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।
ਨਿੱਝਰ 1997 ਵਿੱਚ ਕੈਨੇਡਾ ਗਏ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪਿੰਡ ਆਏ ਸਨ। ਨਿੱਝਰ ਵਿਆਹੇ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।
ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ ’ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ 'ਤੇ ਕੇਟੀਐੱਫ਼ (ਖਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।
ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ।
ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)