ਅਮਰੀਕਾ ਦਾ ਇਹ ਸੂਬਾ ਪਰਵਾਸ ਨੂੰ ਕਿਉਂ ਖਿੱਚ ਰਿਹਾ ਹੈ? ਇੱਥੇ ਦੇ ਕਾਰੋਬਾਰ ਅਤੇ ਜ਼ਿੰਦਗੀ ਬਾਰੇ ਜਾਣੋ

    • ਲੇਖਕ, ਗੁਲੀਰਮੋ ਮੋਰੀਨੋ
    • ਰੋਲ, ਬੀਬੀਸੀ ਮੁੰਡੋ, ਕੋਰਡੋਵਾ ਅਲਾਸਕਾ ਤੋਂ

ਪਰਵਾਸ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇੱਕ ਕੇਂਦਰੀ ਮਸਲਾ ਬਣਿਆ ਹੋਇਆ ਹੈ। ਕਮਲਾ ਹੈਰਿਸ ਅਤੇ ਡੌਨਲਡ ਟਰੰਪ ਇਸ ਮਸਲੇ ਦੇ ਹੱਲ ਲਈ ਸਖ਼ਤੀ ਕਰਨ ਅਤੇ ਮੈਕਸੀਕੋ ਬਾਰਡਰ ਨੂੰ ਬੰਦ ਕਰਨ ਦੇ ਵਾਅਦੇ ਕਰ ਰਹੇ ਹਨ।

ਪਰ ਰਿਪਬਲੀਕਨ ਸਰਕਾਰ ਵਾਲਾ ਇੱਕ ਸੂਬਾ ਲਗਾਤਾਰ ਪਰਵਾਸੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਕੋਰਡੋਵਾ ਦੇ ਇੱਕ ਮੱਛੀ ਪ੍ਰੋਸੈਸਿੰਗ ਪਲਾਂਟ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਹੈ। ਕੋਰਡੋਵਾ ਕਾਪਰ ਨਦੀ ਦੇ ਡੈਲਟੇ ਉੱਤੇ ਅਲਾਕਸਾ ਦੀ ਖਾੜੀ ਵਿੱਚ ਵਸਿਆ ਇੱਕ ਛੋਟਾ ਸ਼ਹਿਰ ਹੈ। ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਮੱਛੀ ਫੜਨਾ ਹੈ।

ਮੱਛੀ ਪਲਾਂਟ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਵਰਕਰ ਮੈਕਸੀਕਨ ਹਨ। ਦੂਜੇ ਹਜ਼ਾਰਾਂ ਪਰਵਾਸੀਆਂ ਵਾਂਗ ਇਹ ਵੀ ਅਲਾਸਕਾ ਦੇ ਮੱਛੀ ਪ੍ਰੋਸੈਸਿੰਗ ਪਲਾਂਟ ਵਿੱਚ ਕੰਮ ਕਰਨ ਆਉਂਦੇ ਹਨ। ਇੱਥੇ ਉਨ੍ਹਾਂ ਨੂੰ ਘਰ ਦੇ ਮੁਕਾਬਲੇ ਆਮਦਨੀ ਚੰਗੀ ਹੋ ਜਾਂਦੀ ਹੈ।

ਐਡਗਰ ਵੇਗਾ ਗਰੇਸੀਆ ਨੇ ਦੱਸਿਆ, “ਪਿਛਲੇ ਸਾਲ, ਮੈਂ ਚਾਰ ਮਹੀਨਿਆਂ ਵਿੱਚ 27,000 ਡਾਲਰ ਕਮਾ ਲਏ ਸਨ।”

ਇਹ ਕਮਾਈ ਮੈਕਸੀਕੋ ਦੀ ਔਸਤ ਆਮਦਨ 16,269 ਡਾਲਰ ਦੀ ਸਲਾਨਾ ਘਰੇਲੂ ਆਮਦਨੀ ਨਾਲੋਂ ਬਹੁਤ ਜ਼ਿਆਦਾ ਹੈ (ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋ-ਆਪਰੇਸ਼ਨ ਐਂਡ ਡਿਵੈਲਪਮੈਂਟ)।

ਲੇਕਿਨ ਸਾਲ ਦਾ ਜ਼ਿਆਦਾਤਰ ਸਮਾਂ ਕੋਰਡੋਵਾ ਦਾ ਤਾਪਮਾਨ ਦਰਜਾ-ਏ-ਹਰਾਰਤ ਤੋਂ ਵੀ ਥੱਲੇ ਰਹਿੰਦੇ ਹਨ। ਭਾਰੀ ਮੀਂਹ ਅਤੇ ਬਰਫ਼ ਤੋਂ ਇਲਾਵਾ ਇੱਥੇ ਧਰੁਵੀ ਵਰਤਾਰੇ ਕਾਰਨ ਦੋ ਮਹੀਨੇ ਸੂਰਜ ਵੀ ਦਿਖਾਈ ਨਹੀਂ ਦਿੰਦਾ ਹੈ।

ਗਰਮੀਆਂ ਵਿੱਚ ਧੁੱਪ ਖਿੜਦੀ ਹੈ ਤਾਂ ਸਰਦੀ ਤੋਂ ਕੁਝ ਰਾਹਤ ਮਿਲਦੀ ਹੈ। ਸਥਾਨਕ ਲੋਕ ਕਾਪਰ ਨਦੀ ਵਿੱਚੋਂ ਅਲਾਸਕਾ ਦੀ ਮਸ਼ਹੂਰ ਜੰਗਲੀ ਮੱਛੀ ਫੜਨ ਨਿਕਲਦੇ ਹਨ।

ਸੀਮਤ ਸਮੇਂ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਮੱਛੀ ਫੜਨ ਦੀ ਉਨ੍ਹਾਂ ਵਿੱਚ ਹੋੜ ਲੱਗ ਜਾਂਦੀ ਹੈ। ਮੱਛੀ ਪਾਲਣ ਇਸ ਸ਼ਹਿਰ ਲਈ ਅਹਿਮ ਹੈ, ਜਿੱਥੇ ਅੱਧਾ ਰੁਜ਼ਗਾਰ ਮੱਛੀ ਉਦਯੋਗ ਉੱਤੇ ਨਿਰਭਰ ਹਨ।

ਮੱਛੀਆਂ ਨੂੰ ਪ੍ਰੋਸੈਸ, ਪੈਕ ਅਤੇ ਵੇਚਣ ਲਈ ਕੰਪਨੀਆਂ ਨੂੰ ਵਿਦੇਸ਼ੀ ਕਾਮੇ ਚਾਹੀਦੇ ਹਨ।

ਸੂਬੇ ਦੇ ਕਿਰਤ ਵਿਭਾਗ ਮੁਤਾਬਕ ਅਲਾਸਕਾ ਦੇ ਮੱਛੀ ਉਦਯੋਗ ਦੇ 80% ਤੋਂ ਜ਼ਿਆਦਾ ਕਾਮੇ ਅਨਿਵਾਸੀ ਹਨ।

ਇਨ੍ਹਾਂ ਵਿੱਚ ਉੱਤਰੀ ਅਤੇ ਦੱਖਣੀ ਅਮਰੀਕਾ ਤੋਂ ਆਏ ਕਾਮੇ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਯੂਕਰੇਨ, ਪੇਰੂ, ਤੁਰਕੀ,ਫਿਲੀਪੀਨਜ਼ ਅਤੇ ਮੈਕਸੀਕੋ ਵੀ ਲੋਕ ਇੱਥੋਂ ਦੇ ਮੱਛੀ ਉਦਯੋਗ ਵਿੱਚ ਕੰਮ ਕਰਨ ਆਉਂਦੇ ਹਨ।

ਇਹ ਲੋਕ ਇੱਥੋਂ ਦੀ ਤਨਖ਼ਾਹ ਅਤੇ ਰਹਿਣ- ਸਹਿਣ ਕਾਰਨ ਇੱਥੇ ਖਿੱਚੇ ਆਉਂਦੇ ਹਨ ਜੋ ਕਿ ਉਨ੍ਹਾਂ ਦੇ ਗ੍ਰਹਿ ਸਥਾਨਾਂ ਨਾਲੋਂ ਵਧੀਆ ਹਨ।

ਇੱਕ ਮੱਛੀ ਪ੍ਰੋਸੈਸ ਕਰਨ ਵਾਲੇ ਨੂੰ ਪ੍ਰਤੀ ਘੰਟਾ 18.06 ਡਾਲਰ ਦੀ ਉਜਰਤ ਮਿਲਦੀ ਜੋ ਕਿ ਵਾਧੂ ਸਮਾਂ ਲਗਾਉਣ ਦੀ ਸੂਰਤ ਵਿੱਚ 27.09 ਡਾਲਰ ਤੱਕ ਹੋ ਸਕਦੀ ਹੈ। ਅਲਾਸਕਾ ਦੇ ਕਿਰਤ ਕਨੂੰਨਾਂ ਮੁਤਾਬਕ ਵਾਧੂ ਸਮੇਂ ਲਈ 50% ਉਜਰਤ ਦੇਣਾ ਲਾਜ਼ਮੀ ਹੈ। ਇਸ ਤਰ੍ਹਾਂ ਦੀ ਸੀਜ਼ਨਲ ਕੰਮ ਵਿੱਚ ਵਾਧੂ ਸਮਾਂ ਲੱਗਣਾ ਆਮ ਗੱਲ ਹੈ।

ਇਸ ਤੋਂ ਇਲਾਵਾ ਨੌਕਰੀ ਦੇਣ ਵਾਲੇ ਠੇਕੇ ਦੇ ਅਰਸੇ ਦੌਰਾਨ ਮੁਫ਼ਤ ਰਿਹਾਇਸ਼ ਅਤੇ ਤਿੰਨ ਡੰਗ ਦਾ ਖਾਣਾ ਵੀ ਦਿੰਦੇ ਹਨ। ਇਸ ਕਾਰਨ ਕਿਰਤੀਆਂ ਦੀ ਲਗਭਗ ਸਾਰਾ ਹੀ ਪੈਸਾ ਬਚ ਜਾਂਦਾ ਹੈ।

ਕੋਰਡੋਵਾ ਵਿੱਚ ਨਾ ਤਾਂ ਸਿਨੇਮਾ ਘਰ ਹਨ ਅਤੇ ਨਾ ਹੀ ਬਹੁਤੇ ਮਾਲ। ਮੌਸਮ ਕਾਰਨ ਜ਼ਿਆਦਾਤਰ ਸਮਾਂ ਮੱਛੀ ਫੜਨ ਨਹੀਂ ਜਾਇਆ ਜਾਂਦਾ, ਇਸ ਸਮੇਂ ਦੌਰਾਨ ਸਥਾਨਕ ਲੋਕ ਪੂਲ ਖੇਡਦੇ ਹਨ ਅਤੇ ਇੱਕਲੌਤੇ ਬਾਰ ਵਿੱਚ ਜਾ ਕੇ ਸ਼ਰਾਬ ਪੀਂਦੇ ਹਨ। ਹਾਲਾਂਕਿ ਕੋਈ ਨਹੀਂ ਜਾਣਦਾ ਪਰ ਇਸ ਬਾਰ ਦਾ ਮਾਹੌਲ ਲੰਡਨ ਦੇ ਕਿਸੇ ਪੱਬ ਵਰਗਾ ਹੈ।

ਕੰਪਨੀਆਂ ਵਰਕਰਾਂ ਦੇ ਆਉਣ-ਜਾਣ ਦਾ ਖ਼ਰਚਾ ਵੀ ਦਿੰਦੀਆਂ ਹਨ। ਇਹ ਕੋਰਡੋਵਾ ਵਰਗੇ ਦੂਰ-ਦੁਰਾਡੇ ਇਲਾਕੇ ਵਿੱਚ ਹਵਾਈ ਜਹਾਜ਼ ਜਾਂ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਉੱਥੇ ਕਾਮਿਆਂ ਨੂੰ ਬੁਲਾਉਣ ਦਾ ਬਹੁਤ ਕਾਰਗਰ ਢੰਗ ਹੈ।

ਕੋਰਡੋਵਾ ਦਾ ਰਹਿਣ ਸਹਿਣ ਕੋਈ ਜ਼ਿਆਦਾ ਸ਼ਾਨ-ਸ਼ੌਕਤ ਵਾਲਾ ਨਹੀਂ ਹੈ। ਇੱਥੇ ਕੋਰਡੋਵਾ ਦੇ ਪਲਾਂਟ ਵਿੱਚ ਵਰਕਰ, ਇੱਕ ਦੇ ਉੱਪਰ ਇੱਕ ਬਣੇ ਬੈੱਡਾਂ ਉੁੱਤੇ ਸੌਂਦੇ ਹਨ। ਸ਼ਿਪਿੰਗ ਕੰਟੇਨਰ ਦੇ ਜੁਗਾੜੂ ਕਮਰਿਆਂ ਵਿੱਚ ਉੱਪਰੋਂ-ਥੱਲੇ ਬਣਾਏ ਗਏ ਬੈੱਡਾਂ ਵਿੱਚ ਚਾਰ-ਚਾਰ ਜਣੇ ਸੌਂਦੇ ਹਨ।

ਇੱਥੇ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਪਹੁ ਫੁਟਾਲੇ ਨਾਲ ਸ਼ੁਰੂ ਹੋਈਆਂ ਸ਼ਿਫਟਾਂ 18 ਘੰਟੇ ਤੱਕ ਚਲਦੀਆਂ ਹਨ। ਜਿਨ੍ਹਾਂ ਦੌਰਾਨ ਵਰਕਰ ਹਜ਼ਾਰਾਂ ਕਿੱਲੋ ਮੱਛੀ ਪ੍ਰੋਸੈੱਸ ਕਰਦੇ ਹਨ।

ਪਟੇ (ਕਨਵੇਅਰ ਬੈਲਟ) ਦੇ ਉੱਤੇ ਕੰਮ ਕਰਦੇ ਹੋਏ ਐਡਗਰ ਬੜੀ ਕੁਸ਼ਲਤਾ ਦੇ ਨਾਲ ਦੋ ਛੁਰੀਆਂ ਦੀ ਮਦਦ ਨਾਲ ਮੱਛੀਆਂ ਦੀ ਰੀੜ੍ਹ, ਖੂਨ ਅਤੇ ਹੋਰ ਅੰਦਰੂਨੀ ਅੰਗ ਵੱਖ ਕਰਦੇ ਹਨ।

ਇਹ ਕੰਮ ਉਹ ਬੜੀ ਗਤੀ ਅਤੇ ਸਾਵਧਾਨੀ ਨਾਲ ਕਰਦੇ ਹਨ ਕਿ ਦੂਜੇ ਬੰਦੇ ਕੋਲ ਮੱਛੀ ਸਾਫ਼ ਹੋ ਕੇ ਪਹੁੰਚੇ। ਜਿੱਥੇ ਉਸ ਨੂੰ ਹੋਰ ਵਰਕਰਾਂ ਦੁਆਰਾ ਤੋਲਿਆ ਅਤੇ ਪੈਕ ਕੀਤਾ ਜਾਵੇਗਾ।

ਕੁਝ ਸਮਾਂ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੇ ਕੱਪੜੇ ਗਿੱਲੇ ਹੋ ਜਾਂਦੇ ਹਨ ਅਤੇ ਮੁਸ਼ਕ ਮਾਰਨ ਲੱਗਦੇ ਹਨ। ਲੇਕਿਨ ਐਡਗਰ ਫਿਰ ਵੀ ਪ੍ਰਸੰਨਤਾ ਨਾਲ ਆਪਣਾ ਕੰਮ ਜਾਰੀ ਰੱਖਦੇ ਹਨ।

ਅਲਾਸਕਾ ਤੋਂ ਕੀਤੀ ਆਪਣੀ ਕਮਾਈ ਨਾਲ ਉਹ ਮੈਕਸਕਲੀ ਵਿੱਚ ਆਪਣਾ ਬਾਕੀ ਸਾਲ ਵਧੀਆ ਜਿਉਂ ਸਕਣਗੇ। ਮੈਕਸਕਲੀ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਸਟੇਟ ਦਾ ਇੱਕ ਸਰਹੱਦੀ ਸ਼ਹਿਰ ਹੈ।

ਉਹ ਦੱਸਦੇ ਹਨ, “ਜੋ ਪੈਸਾ ਮੈਂ ਕਮਾ ਰਿਹਾ ਹਾਂ, ਉਹ ਮੈਕਸਕਲੀ ਵਿੱਚ ਜਾ ਕੇ ਦੁੱਗਣਾ ਹੋ ਜਾਵੇਗਾ।”

ਮੱਛੀ ਫੜਨਾ ਅਲਾਸਕਾ ਵਿੱਚ ਵੱਡਾ ਕਾਰੋਬਾਰ ਹੈ

ਯੂਨੀਵਰਸਿਟੀ ਆਫ ਅਲਾਸਕਾ-ਫੇਅਰਬੈਂਕਸ ਮੁਤਾਬਕ ਸੂਬੇ ਦੀ ਫਿਸ਼ ਅਤੇ ਸੀਫੂਡ ਇੰਡਸਟਰੀ ਹਰ ਸਾਲ 2,268 ਟਨ ਮੱਛੀ ਦਾ ਉਤਪਾਦਨ ਕਰਦੀ ਹੈ। ਇਹ ਅਮਰੀਕਾ ਦੇ ਸਮੁੱਚੇ ਮੱਛੀ ਉਤਪਾਦਨ ਦੇ ਅੱਧੇ ਨਾਲੋਂ ਜ਼ਿਆਦਾ ਹੈ।

ਓਸ਼ੀਅਨ ਬਿਊਟੀ ਸੀਫੂਡਸ ਅਤੇ ਟ੍ਰਾਈਡੈਂਟ ਵੱਡੀਆਂ ਕੰਪਨੀਆਂ ਦੇ ਮੱਛੀ ਪ੍ਰੋਸੈਸਿੰਗ ਪਲਾਂਟ ਪੂਰੇ ਅਲਾਸਕਾ ਵਿੱਚ ਫੈਲੇ ਹੋਏ ਹਨ।

ਇਸ ਉਦਯੋਗ ਵਿੱਚ ਵਿਦੇਸ਼ੀ ਕਾਮਿਆਂ ਦੀ ਲੋੜ ਇੰਨੀ ਵੱਡੀ ਹੈ ਕਿ ਸਾਲ 2023 ਵਿੱਚ ਅਮਰੀਕੀ ਸਰਕਾਰ ਨੇ ਅਲਾਸਕਾ ਲਈ ਆਰਜ਼ੀ ਵੀਜ਼ਿਆਂ ਵਿੱਚ ਵੱਡਾ ਵਾਧਾ ਕੀਤਾ।

ਸਾਲ 2022 ਵਿੱਚ ਇਨ੍ਹਾਂ ਵੀਜ਼ਿਆਂ ਉੱਤੇ 66,000 ਦੀ ਹੱਦ ਸੀ ਲੇਕਿਨ ਸਾਲ 2023-2024 ਲਈ ਇਹ ਗਿਣਤੀ ਵਧ ਕੇ 1,30,00 ਨੂੰ ਪਹੁੰਚ ਗਈ ਸੀ।

ਰਿੱਚ ਵੀਲ੍ਹਰ ਇੱਕ ਛੋਟਾ ਮੱਛੀ ਪ੍ਰੋਸੈਸਿੰਗ ਪਲਾਂਟ ਨਾਰਥ 60 ਸੀਫੂਡਸ ਦੇ ਮਾਲਕ ਹਨ। ਐਡਗਰ ਵੀ ਉੱਥੇ ਹੀ ਕੰਮ ਕਰਦੇ ਹਨ।

ਉਨ੍ਹਾਂ ਦੀ ਸ਼ਿਕਾਇਤ ਹੈ ਕਿ ਅਮਰੀਕੀ ਕਰਮਚਾਰੀ ਨਸ਼ੇ ਕਰਦੇ ਹਨ, ਬਿਨਾਂ ਕਾਰਨ ਦੇ ਗੈਰ-ਹਾਜ਼ਰ ਰਹਿੰਦੇ ਹਨ ਅਤੇ ਲੜਦੇ ਹਨ।

ਜਦਕਿ ਮੈਕਸੀਕਨ ਵਰਕਰ ਉਨ੍ਹਾਂ ਦੇ ਕਾਰੋਬਾਰ ਨੂੰ ਲੋੜੀਂਦੀ ਸਥਿਰਤਾ ਪ੍ਰਦਾਨ ਕਰਦੇ ਹਨ।

“ਮੈਨੂੰ ਨਹੀਂ ਲਗਦਾ ਸਾਥੋਂ ਇਹ ਮੈਕਸੀਕਨ ਲੋਕਾਂ ਤੋਂ ਬਿਨਾਂ ਕਰ ਹੋਣਾ ਸੀ। ਉਹ ਕੰਮ ਉੱਤੇ ਹਮੇਸ਼ਾ ਸਮੇਂ ਸਿਰ ਪਹੁੰਚਦੇ ਹਨ, ਅਤੇ ਮੈਨੂੰ ਪਤਾ ਹੈ ਕਿ ਮੈਂ ਕੰਮ ਲਈ ਉਨ੍ਹਾਂ ਉੱਤੇ ਹਰ ਰੋਜ਼ ਵਿਸ਼ਵਾਸ ਕਰ ਸਕਦਾ ਹਾਂ।”

ਕਈ ਪਰਵਾਸੀ ਕਾਮਿਆਂ ਲਈ, ਆਪਣੇ ਪਿਆਰਿਆਂ ਤੋਂ ਇੰਨੇ ਲੰਬੇ ਸਮੇਂ ਲਈ ਦੂਰ ਰਹਿਣਾ ਸਭ ਤੋਂ ਵੱਡੀ ਚੁਣੌਤੀ ਹੈ।

ਐਡਗਰ ਦੀ 67 ਸਾਲਾ ਮਾਂ- ਰੋਜ਼ਾ ਵੇਗਾ, ਪਿਛਲੇ 18 ਸਾਲਾਂ ਤੋਂ ਹਰ ਸਾਲ ਅਲਾਸਕਾ ਆ ਰਹੀ ਹੈ। ਉਸ ਨੂੰ ਪਿੱਛੇ ਇਕੱਲੀ ਰਹਿ ਗਈ ਆਪਣੀ ਬਜ਼ੁਰਗ ਮਾਂ ਦਾ ਵੀ ਫਿਕਰ ਰਹਿੰਦਾ ਹੈ।

ਇੱਕ ਸਾਂਝੇ ਕਮਰੇ ਵਿੱਚ ਰੋਜ਼ਾ ਆਪਣੀ ਮਾਂ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰਦੀ ਹੈ।

“ਉਹ ਬਹੁਤ ਬਜ਼ੁਰਗ ਅਤੇ ਇਕੱਲੇ ਹਨ, ਉਹ ਮੈਨੂੰ ਆਉਣ ਲਈ ਕਹਿ ਰਹੇ ਹਨ।”

ਇਹ ਸੀਜ਼ਨ ਖ਼ਾਸ ਕਰਕੇ ਚੁਣੌਤੀਪੂਰਨ ਹੈ। ਮੈਕਸਕਾਲੀ ਵਾਪਸ ਜਾਣ ਦੇ ਤੈਅ ਦਿਨ ਤੋਂ ਦੋ ਦਿਨ ਪਹਿਲਾਂ ਰੋਜ਼ਾ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਮਾਂ ਨੂੰ ਦੌਰਾ ਪਿਆ ਸੀ ਤੇ ਉਹ ਹਸਪਤਾਲ ਵਿੱਚ ਭਰਤੀ ਹਨ।

“ਉਹ 87 ਸਾਲ ਦੀ ਹੈ। ਮੈਂ ਜਾਣਦੀ ਹਾਂ ਉਹ ਕਿਸੇ ਵੀ ਸਮਾਂ ਚਲਾਣਾ ਕਰ ਸਕਦੀ ਹੈ, ਤੇ ਹੋ ਸਕਦਾ ਹੈ ਮੈਂ ਉਸ ਸਮੇਂ ਅਲਾਸਕਾ ਵਿੱਚ ਹੋਵਾਂ।”

ਲੇਕਿਨ ਉਸੇ ਸਮੇਂ ਰੋਜ਼ਾ ਅਲਾਸਕਾ ਤੋਂ ਕਮਾਏ ਪੈਸੇ ਦੀ ਬਦੌਲਤ ਹੀ ਉਸ ਲਈ ਆਪਣੀ ਮਾਂ ਦੇ ਇਲਾਜ ਦਾ ਖ਼ਰਚਾ ਚੁੱਕਣਾ ਸੰਭਵ ਹੈ।

ਅਗਾਮੀ ਰਾਸ਼ਟਰਪਤੀ ਚੌਣਾਂ ਦੌਰਾਨ ਡੌਨਲਡ ਟਰੰਪ ਨੇ ਪਰਵਾਸੀਆਂ ਦੇ ਹਮਲੇ ਤੋਂ ਸਾਵਧਾਨ ਕੀਤਾ ਹੈ ਜੋ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਖੋਹ ਲੈਣਗੇ। ਦੂਜੇ ਪਾਸੇ ਕਮਲਾ ਹੈਰਿਸ ਨੇ ਕਿਹਾ ਹੈ ਕਿ ਉਹ ਸਰਹੱਦ ਨੂੰ ਸੁਰੱਖਿਅਤ ਕਰਨਗੇ ਅਤੇ ਪਰਵਾਸ ਦੀ ਖਿੰਡਰੀ ਹੋਈ ਪ੍ਰਣਾਲੀ ਨੂੰ ਠੀਕ ਕਰਨਗੇ।

ਕੋਰਡੋਵਾ ਦੀ ਆਮ ਵਸੋਂ 3,000 ਤੋਂ ਵੀ ਘੱਟ ਹੈ ਜੋ ਕਿ ਪਰਵਾਸੀਆਂ ਕਾਰਨ ਤਿੰਨ ਗੁਣਾਂ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ।

ਲੇਕਿਨ ਸ਼ਹਿਰ ਦੇ ਮੇਅਰ ਦਾ ਕਹਿਣਾ ਹੈ ਕਿ ਪਰਵਾਸੀ ਨੌਕਰੀਆਂ ਲਈ ਖ਼ਤਰਾ ਨਹੀਂ ਸਗੋਂ ਸ਼ਹਿਰ ਲਈ ਬਹੁਤ ਵੱਡੀ ਮਦਦ ਹਨ।

ਉਨ੍ਹਾਂ ਨੇ ਖ਼ੁਦ ਵੀ ਮੱਛੀ ਪ੍ਰੋਸੈਸਿੰਗ ਪਲਾਂਟਾਂ ਵਿੱਚ ਕੰਮ ਕਰਦੇ ਸਨ ਅਤੇ ਜਾਣਦੇ ਹਨ ਕਿ ਜੇ ਤੁਸੀਂ ਅਸਾਲਕਾ ਦੇ ਕਿਸੇ ਅਖ਼ਬਾਰ ਵਿੱਚ ਇਸ਼ਤਿਹਾਰ ਦਿਓਂ ਕਿ ਤੁਹਾਨੂੰ 250 ਵਰਕਰ ਚਾਹੀਦੇ ਹਨ, ਤੁਹਾਨੂੰ 20 ਤੋਂ ਜ਼ਿਆਦਾ ਅਰਜ਼ੀਆਂ ਨਹੀਂ ਆਉਂਦੀਆਂ।”

ਐਲੀਸਨ ਦੱਸਦੇ ਹਨ, ਪਰਵਾਸੀਆਂ ਦੇ ਕੰਮ ਤੋਂ ਬਿਨਾਂ, ਮੱਛੀਆਂ ਜਲਦੀ ਹੀ ਸੜ ਕੇ ਖ਼ਰਾਬ ਹੋ ਜਾਣਗੀਆਂ।

ਉਹ ਕਹਿੰਦੇ ਹਨ,“ਜੇ ਹੱਥ ਨਾ ਹੋਣ ਤਾਂ ਮੱਛੀ ਆਪਣੇ-ਆਪ ਪ੍ਰੋਸੈਸ ਨਹੀਂ ਹੋ ਜਾਂਦੀ ਅਤੇ ਜੇ ਅਸੀਂ ਫਿਸ਼ਿੰਗ ਨਾ ਕਰੀਏ ਤਾਂ ਹੋ ਸਕਦਾ ਹੈ ਇਹ ਇੱਕ ਭੂਤੀਆ ਸ਼ਹਿਰ ਬਣ ਜਾਵੇ।”

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)