ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਲਈ ਵਧੀ ਪਰੇਸ਼ਾਨੀ, ਫੀਸਾਂ ਅਤੇ ਰਿਜ਼ਰਵ ਫੰਡ ਵਿੱਚ ਵਾਧੇ ਵਿਚਕਾਰ ਭਾਰਤੀ ਵਿਦਿਆਰਥੀ ਕੀ ਸੋਚਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਉਮਾਸ਼ੰਕਰ ਸਿੰਘ
- ਰੋਲ, ਸਿਡਨੀ ਅਤੇ ਕੈਨਬਰਾ ਤੋਂ ਬੀਬੀਸੀ ਹਿੰਦੀ ਲਈ
ਆਸਟ੍ਰੇਲੀਆ ਲੰਬੇ ਸਮੇਂ ਤੋਂ ਉੱਚ ਸਿੱਖਿਆ ਲਈ ਭਾਰਤੀ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਸਥਾਨ ਰਿਹਾ ਹੈ।
ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਦੇ 2024 ਦੇ ਅੰਕੜਿਆਂ ਅਨੁਸਾਰ, ਇੱਥੇ 43 ਯੂਨੀਵਰਸਿਟੀਆਂ ਵਿੱਚ 1 ਲੱਖ 38 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।
ਇਹ ਗਿਣਤੀ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਦਾ ਲਗਭਗ 16 ਫੀਸਦੀ ਹੈ।
ਗਿਣਤੀ ਦੇ ਮਾਮਲੇ ਵਿੱਚ ਸਿਰਫ ਚੀਨੀ ਵਿਦਿਆਰਥੀ ਹੀ ਭਾਰਤੀ ਵਿਦਿਆਰਥੀਆਂ ਤੋਂ ਅੱਗੇ ਹਨ, ਜਿਨ੍ਹਾਂ ਦਾ ਹਿੱਸਾ 20 ਫੀਸਦੀ ਤੋਂ ਵੱਧ ਹੈ।
ਇਸ ਤੋਂ ਬਾਅਦ ਨੇਪਾਲ, ਬ੍ਰਾਜ਼ੀਲ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਦਾ ਨਾਮ ਆਉਂਦਾ ਹੈ।
ਪਰ ਇਸ ਸਮੇਂ ਭਾਰਤੀਆਂ ਸਮੇਤ ਸਾਰੇ ਵਿਦੇਸ਼ੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਵੀਜ਼ਾ ਫੀਸਾਂ ਅਤੇ ਰਿਜ਼ਰਵ ਫੰਡ ਸੀਮਾ ਵਧਾਏ ਜਾਣ ਨੂੰ ਲੈ ਕੇ ਦਬਾਅ ਹੇਠ ਹਨ।
ਰਿਜ਼ਰਵ ਫੰਡ ਉਹ ਰਕਮ ਹੁੰਦੀ ਹੈ ਜੋ ਵਿਦਿਆਰਥੀਆਂ ਨੂੰ ਆਪਣੇ ਖਾਤੇ ਵਿੱਚ ਦਿਖਾਉਣੀ ਪੈਂਦੀ ਹੈ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਉਨ੍ਹਾਂ ਕੋਲ ਆਸਟ੍ਰੇਲੀਆ ਵਿੱਚ ਪੜ੍ਹਾਈ ਦੌਰਾਨ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਲੋੜੀਂਦਾ ਪੈਸਾ ਮੌਜੂਦ ਹੈ।
ਭਾਰਤੀ ਵਿਦਿਆਰਥੀ ਕੀ ਕਹਿ ਰਹੇ ਹਨ?

ਤਸਵੀਰ ਸਰੋਤ, UMASHANKAR SINGH
ਅਸੀਂ ਅਨੁਸ਼ਕਾ ਗੋਸਵਾਮੀ ਨੂੰ ਸਿਡਨੀ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਮਿਲੇ, ਜੋ ਭਾਰਤ ਤੋਂ ਹਨ ਅਤੇ ਪਿਛਲੇ ਚਾਰ ਸਾਲਾਂ ਤੋਂ ਇੱਥੇ ਪੜ੍ਹਾਈ ਕਰ ਰਹੇ ਹਨ।
ਜਦੋਂ ਅਸੀਂ ਉਨ੍ਹਾਂ ਨੂੰ ਇਸ ਬਦਲਾਅ ਦੇ ਪ੍ਰਭਾਵ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਉਹ ਵੀ ਇਸ ਵਾਧੇ ਕਾਰਨ ਵਿੱਤੀ ਦਬਾਅ ਮਹਿਸੂਸ ਕਰ ਰਹੇ ਹਨ।
ਦਰਅਸਲ, ਇਸ ਸਾਲ ਅਪ੍ਰੈਲ ਵਿੱਚ ਆਸਟ੍ਰੇਲੀਆਈ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਫੀਸ 1600 ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ 2000 ਆਸਟ੍ਰੇਲੀਆਈ ਡਾਲਰ ਕਰ ਦਿੱਤੀ ਹੈ।
ਰਿਜ਼ਰਵ ਫੰਡ ਦੀ ਸੀਮਾ ਵੀ 24 ਹਜ਼ਾਰ ਡਾਲਰ ਤੋਂ ਵਧਾ ਕੇ 27,500 ਡਾਲਰ ਕਰ ਦਿੱਤੀ ਗਈ ਹੈ।
ਇਸ ਬਦਲਾਅ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਪੜ੍ਹਾਈ ਹੋਰ ਮਹਿੰਗੀ ਕਰ ਦਿੱਤੀ ਹੈ। ਭਾਰਤੀ ਵਿਦਿਆਰਥੀ ਵੀ ਹੁਣ ਇਨ੍ਹਾਂ ਵਧੇ ਹੋਏ ਖਰਚਿਆਂ ਦਾ ਦਬਾਅ ਮਹਿਸੂਸ ਕਰ ਰਹੇ ਹਨ।

ਅਨੁਸ਼ਕਾ ਗੋਸਵਾਮੀ ਕਹਿੰਦੇ ਹਨ, "ਜਦੋਂ ਮੈਂ ਚਾਰ ਸਾਲ ਪਹਿਲਾਂ ਇੱਥੇ ਆਈ ਸੀ ਤਾਂ ਵੀਜ਼ਾ ਫੀਸ ਸਿਰਫ 600 ਡਾਲਰ ਸੀ। ਹੁਣ ਇਹ 2000 ਡਾਲਰ ਤੋਂ ਵੀ ਵੱਧ ਹੋ ਗਈ ਹੈ। ਇਸ ਤੋਂ ਇਲਾਵਾ ਕਾਲਜ ਫੀਸ ਵੀ ਹੈ। ਇਹ ਸਭ ਮਿਲਾ ਕੇ ਇੱਕ ਵਿਦਿਆਰਥੀ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਸਾਨੂੰ ਸੱਚਮੁੱਚ ਇੱਥੇ ਪੜ੍ਹਾਈ ਕਰਨ ਲਈ ਆਉਣਾ ਚਾਹੀਦਾ ਹੈ?"
ਹਾਲਾਂਕਿ ਅਨੁਸ਼ਕਾ ਇਹ ਵੀ ਕਹਿੰਦੇ ਹਨ ਕਿ ਇੱਥੇ ਸਿੱਖਿਆ ਦੇ ਜੋ ਮੌਕੇ ਅਤੇ ਪੱਧਰ ਹੈ, ਉਹ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਬਹੁਤ ਮਜ਼ਬੂਤ ਬਣਾਉਂਦੇ ਹਨ।
ਉਨ੍ਹਾਂ ਅਨੁਸਾਰ, ਵਧੀਆਂ ਹੋਈਆਂ ਫੀਸਾਂ ਨਾਲੋਂ ਜ਼ਿਆਦਾ ਕੀਮਤੀ ਇੱਥੋਂ ਦੀ ਸਿੱਖਿਆ ਹੈ।
ਇਸੇ ਲਈ ਉਹ ਫੀਸਾਂ ਅਤੇ ਰਿਜ਼ਰਵ ਫੰਡ ਵਿੱਚ ਹੋਏ ਵਾਧੇ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖਣਗੇ।
ਯੂਨੀਵਰਸਿਟੀਆਂ ਬਣਾ ਰਹੀਆਂ ਸਰਕਾਰ 'ਤੇ ਦਬਾਅ
ਭਾਰਤੀ ਜਾਂ ਹੋਰ ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ ਇਹ ਹੈ ਕਿ ਇੱਥੇ ਸਾਰੀਆਂ ਯੂਨੀਵਰਸਿਟੀਆਂ ਸਰਕਾਰ 'ਤੇ ਦਬਾਅ ਪਾਉਣ 'ਚ ਲੱਗੀਆਂ ਹੋਈਆਂ ਹਨ ਕਿ ਉਹ ਵਧੀਆਂ ਫੀਸਾਂ ਦਾ ਆਦੇਸ਼ ਵਾਪਸ ਲਵੇ।
ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਆਸਟ੍ਰੇਲੀਆਈ ਯੂਨੀਵਰਸਿਟੀਆਂ ਲਈ ਆਮਦਨ ਦਾ ਇੱਕ ਵੱਡਾ ਸਰੋਤ ਵਿਦੇਸ਼ੀ ਵਿਦਿਆਰਥੀ ਹਨ।
ਜੇਕਰ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟ ਜਾਂਦੀ ਹੈ ਤਾਂ ਯੂਨੀਵਰਸਿਟੀਆਂ ਨੂੰ ਵਿੱਤੀ ਨੁਕਸਾਨ ਝੱਲਣਾ ਪਵੇਗਾ। ਇਸ ਲਈ ਯੂਨੀਵਰਸਿਟੀਆਂ ਦਾ ਪਹਿਲਾ ਯਤਨ ਵਿਦਿਆਰਥੀਆਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਉਹ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਤਸਵੀਰ ਸਰੋਤ, UMASHANKAR SINGH
ਅਸੀਂ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਹੀ ਕ੍ਰਿਸ਼ਾ ਨੂੰ ਵੀ ਮਿਲੇ, ਜੋ ਕਿ ਇੱਕ ਭਾਰਤੀ ਵਿਦਿਆਰਥਣ ਹੋਣ ਦੇ ਨਾਲ-ਨਾਲ ਉੱਥੇ ਵਿਦਿਆਰਥੀ ਯੂਨੀਅਨ ਦੀ ਅਧਿਕਾਰੀ ਵੀ ਹਨ।
ਉਹ ਕਹਿੰਦੇ ਹਨ, "ਇਹ ਯਕੀਨੀ ਤੌਰ 'ਤੇ ਚਿੰਤਾ ਦਾ ਵਿਸ਼ਾ ਹੈ। ਪਰ ਜਿਵੇਂ ਹੀ ਇਹ ਫੈਸਲਾ ਆਇਆ, ਯੂਨੀਵਰਸਿਟੀ ਨੇ ਸਾਨੂੰ ਈਮੇਲ ਕੀਤਾ ਅਤੇ ਸਾਨੂੰ ਦੱਸਿਆ ਕਿ ਉਹ ਸਰਕਾਰ ਨਾਲ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।"
ਇੰਡੀਅਨ ਸੋਸਾਇਟੀ ਆਫ਼ ਦ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ (ਯੂਐਨਐਸਡਬਲਯੂ) ਦੇ ਪ੍ਰਧਾਨ ਅਤੇ ਵਿਦਿਆਰਥੀ ਬਾਲਾ ਗੁਰੂਕੁਗਮ ਇਸ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਨਾਲ ਸਮਝਾਉਂਦੇ ਹਨ।
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਕੀਤੀ ਜਾ ਰਹੀ ਸਖ਼ਤੀ ਦਾ ਹਵਾਲਾ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਵਿਦਿਆਰਥੀ ਉੱਥੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਆਸਟ੍ਰੇਲੀਆ ਉਨ੍ਹਾਂ ਲਈ ਇੱਕ ਨਵੀਂ ਮੰਜ਼ਿਲ ਬਣ ਸਕਦਾ ਹੈ।
ਹਾਲਾਂਕਿ, ਜੋ ਵਿਦਿਆਰਥੀ ਇਸ ਸਮੇਂ ਭਾਰਤ ਵਿੱਚ ਹਨ ਅਤੇ ਆਸਟ੍ਰੇਲੀਆ ਆਉਣ ਬਾਰੇ ਸੋਚ ਰਹੇ ਹਨ, ਉਹ ਵਧੀਆਂ ਫੀਸਾਂ ਤੋਂ ਚਿੰਤਤ ਹਨ।
ਅਤੇ ਜੋ ਵਿਦਿਆਰਥੀ ਪਹਿਲਾਂ ਹੀ ਇੱਥੇ ਪੜ੍ਹ ਰਹੇ ਹਨ, ਯਕੀਨੀ ਤੌਰ 'ਤੇ ਉਨ੍ਹਾਂ ਦਾ ਅਸਰ ਪੈ ਰਿਹਾ ਹੈ।
ਵਿਦਿਆਰਥੀਆਂ ਦੀ ਵਧਦੀ ਗਿਣਤੀ ਹੈ ਕਾਰਨ?

ਤਸਵੀਰ ਸਰੋਤ, Getty Images
ਦਰਅਸਲ, ਆਸਟ੍ਰੇਲੀਆ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਖਾਸ ਕਰਕੇ ਕੋਵਿਡ ਮਹਾਂਮਾਰੀ ਤੋਂ ਬਾਅਦ। ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ, 2022 ਵਿੱਚ ਆਸਟ੍ਰੇਲੀਆ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਸੀ।
ਹਾਲਾਂਕਿ, 2023 ਵਿੱਚ ਇਸ 'ਚ ਗਿਰਾਵਟ ਆਈ ਅਤੇ ਇਹ ਲਗਭਗ 4 ਲੱਖ ਰਹੀ।
ਜਿੱਥੇ ਵਿਦਿਆਰਥੀਆਂ ਦੀ ਵਧਦੀ ਗਿਣਤੀ ਯੂਨੀਵਰਸਿਟੀਆਂ ਲਈ ਲਾਭਦਾਇਕ ਹੈ, ਉੱਥੇ ਹੀ ਇਸਦੇ ਕੁਝ ਅਜਿਹੇ ਪ੍ਰਭਾਵ ਵੀ ਹਨ ਜਿਸ ਕਾਰਨ ਸਥਾਨਕ ਲੋਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਸਭ ਤੋਂ ਵੱਡੀ ਸਮੱਸਿਆ ਹੈ - ਹਾਊਸਿੰਗ ਸੈਕਟਰ 'ਤੇ ਦਬਾਅ। ਹਰ ਵਿਦਿਆਰਥੀ ਲਈ ਯੂਨੀਵਰਸਿਟੀ ਦੇ ਹੋਸਟਲ ਵਿੱਚ ਜਗ੍ਹਾ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਇਸ ਲਈ ਜ਼ਿਆਦਾਤਰ ਵਿਦਿਆਰਥੀ ਕੈਂਪਸ ਦੇ ਬਾਹਰ ਕਿਰਾਏ 'ਤੇ ਰਹਿੰਦੇ ਹਨ।
ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ, ਮੰਗ ਵਧਦੀ ਹੈ ਅਤੇ ਫਿਰ ਮੰਗ ਅਤੇ ਸਪਲਾਈ ਦਾ ਕਾਨੂੰਨ ਲਾਗੂ ਹੁੰਦਾ ਹੈ, ਨਤੀਜੇ ਵਜੋਂ ਕਿਰਾਇਆ ਵੱਧ ਜਾਂਦਾ ਹੈ।
ਇਸ ਨਾਲ ਘਰ ਦੇ ਮਾਲਕਾਂ ਨੂੰ ਤਾਂ ਫਾਇਦਾ ਹੁੰਦਾ ਹੈ, ਪਰ ਇਹ ਉਨ੍ਹਾਂ ਆਸਟ੍ਰੇਲੀਆਈ ਨਾਗਰਿਕਾਂ ਲਈ ਇੱਕ ਚੁਣੌਤੀ ਬਣਦਾ ਜਾ ਰਿਹਾ ਹੈ ਜਿਨ੍ਹਾਂ ਕੋਲ ਆਪਣੇ ਘਰ ਨਹੀਂ ਹਨ ਅਤੇ ਜੋ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਹਨ।
ਇੱਥੋਂ ਹੀ ਇਹ ਮਾਮਲਾ ਇੱਕ ਸਿਆਸੀ ਮੁੱਦਾ ਬਣ ਗਿਆ ਹੈ। ਆਸਟ੍ਰੇਲੀਆਈ ਸਰਕਾਰ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਪ੍ਰਤੀ ਸਾਲ 270,000 ਤੱਕ ਸੀਮਤ ਕਰਨਾ ਚਾਹੁੰਦੀ ਹੈ।
ਆਸਟ੍ਰੇਲੀਆ ਦੇ ਵਿੱਦਿਅਕ ਅਦਾਰਿਆਂ ਅਤੇ ਅਰਥਵਿਵਸਥਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।
ਮਾਹਰ ਕੀ ਕਹਿ ਰਹੇ?

ਤਸਵੀਰ ਸਰੋਤ, Getty Images
ਡੈਸਟੀਨੇਸ਼ਨ ਨਿਊ ਸਾਊਥ ਵੇਲਜ਼ ਲਈ ਨੀਤੀ ਨਿਰਮਾਣ ਕਰਨ ਵਾਲੀ ਸੰਸਥਾ ਦੇ ਜਨਰਲ ਮੈਨੇਜਰ (ਪਾਲਿਸੀ) ਸਟੀਫੇਨ ਮਾਹੋਨੇ ਕਹਿੰਦੇ ਹਨ, "ਅਸੀਂ ਵੱਧ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਚਾਹੁੰਦੇ ਹਾਂ। ਪਰ ਘਰੇਲੂ ਰਿਹਾਇਸ਼ ਸੰਕਟ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ, ਜਿਸਦੀ ਮਾਰ ਵਿਦਿਆਰਥੀਆਂ 'ਤੇ ਪਈ ਹੈ।"
ਫਾਰ ਫਿਊਚਰ ਸਟੂਡੈਂਟਸ ਸੰਗਠਨ ਨਾਲ ਜੁੜੇ ਸਿਡਨੀ ਯੂਨੀਵਰਸਿਟੀ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਸ਼ੇਨ ਗ੍ਰਿਫਿਨ ਕਹਿੰਦੇ ਹਨ, "ਭਾਰਤੀ ਵਿਦਿਆਰਥੀ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ਇਸੇ ਕਾਰਨ ਅਸੀਂ ਉਨ੍ਹਾਂ ਲਈ ਵਜੀਫਿਆਂ ਦਾ ਪ੍ਰਬੰਧ ਵੀ ਰੱਖਿਆ ਹੋਇਆ ਹੈ।''
ਵੈਸਟਰਨ ਸਿਡਨੀ ਯੂਨੀਵਰਸਿਟੀ ਦੀ ਪ੍ਰੋਵੋਸਟ ਪ੍ਰੋਫੈਸਰ ਡੇਬੋਰਾਹ ਸਵੀਨੀ ਮੰਨਦੇ ਹਨ ਕਿ ਫੀਸਾਂ ਵਿੱਚ ਵਾਧੇ ਦਾ ਆਸਟ੍ਰੇਲੀਆਈ ਸਿੱਖਿਆ ਪ੍ਰਣਾਲੀ 'ਤੇ ਪੁੱਠਾ ਪ੍ਰਭਾਵ ਪਵੇਗਾ, ਇਸ ਲਈ ਯੂਨੀਵਰਸਿਟੀਆਂ ਸਰਕਾਰ ਨੂੰ ਇਸ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰ ਰਹੀਆਂ ਹਨ।
ਉਨ੍ਹਾਂ ਦਾ ਤਰਕ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਤੋਂ ਹੋਣ ਵਾਲਾ ਮਾਲੀਆ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਅਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ।
ਅਤੇ ਭਾਰਤ ਵਰਗੇ ਦੇਸ਼ਾਂ ਦੇ ਵਿਦਿਆਰਥੀਆਂ ਦਾ ਵਿਸ਼ਵਾਸ ਬਣਾਈ ਰੱਖਣਾ ਮਹੱਤਵਪੂਰਨ ਹੈ, ਹਾਲਾਂਕਿ ਆਸਟ੍ਰੇਲੀਆਈ ਸਰਕਾਰ ਇਸ ਪੂਰੇ ਮੁੱਦੇ ਨੂੰ ਵੱਖਰੇ ਨਜ਼ਰੀਏ ਨਾਲ ਦੇਖਦੀ ਹੈ।
ਸਰਕਾਰ ਕੀ ਕਹਿ ਰਹੀ?

ਤਸਵੀਰ ਸਰੋਤ, Getty Images
ਜਦੋਂ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਤੋਂ ਫੀਸ ਵਾਧੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸਿੱਖਿਆ ਖੇਤਰ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਕਦਮ ਇਸ ਦਿਸ਼ਾ ਵਿੱਚ ਹੀ ਚੁੱਕਿਆ ਗਿਆ ਹੈ।
ਪੈਨੀ ਵੋਂਗ ਨੇ ਕਿਹਾ, "ਦੇਖੋ, ਸਿੱਖਿਆ ਸਾਡੇ ਲਈ ਇੱਕ ਮਹੱਤਵਪੂਰਨ ਨਿਰਯਾਤ ਹੈ। ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਸਾਡੀ ਆਰਥਿਕਤਾ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹਨ। ਨਾਲ ਹੀ ਉਹ ਭਾਰਤ ਵਰਗੇ ਦੇਸ਼ਾਂ ਨਾਲ ਸਾਡੇ ਦੁਵੱਲੇ ਅਤੇ ਖੇਤਰੀ ਸਬੰਧਾਂ ਦਾ ਵੀ ਇੱਕ ਮਹੱਤਵਪੂਰਨ ਹਿੱਸਾ ਹਨ।"
ਉਹ ਕਹਿੰਦੇ ਹਨ, "ਮੇਰੇ ਪਿਤਾ 'ਕੋਲੰਬੋ ਯੋਜਨਾ' ਦੇ ਤਹਿਤ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਏ ਸਨ। ਮੈਂ ਆਪਣੀ ਜ਼ਿੰਦਗੀ ਵਿੱਚ ਉਸ ਅਨੁਭਵ ਦੀ ਮਹੱਤਤਾ ਅਤੇ ਸਾਡੇ ਦੁਵੱਲੇ ਸਬੰਧਾਂ ਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਮਹਿਸੂਸ ਕੀਤਾ ਹੈ। ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ, ਜੋ ਕਿ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਹਨ।''
''ਅਸੀਂ ਵਿੱਦਿਅਕ ਪ੍ਰਸਤਾਵਾਂ ਬਾਰੇ ਸਪਸ਼ਟ ਰਹੇ ਹਾਂ, ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦੇ ਰਹਾਂਗੇ। ਪਰ ਸਾਡਾ ਟੀਚਾ ਕੋਵਿਡ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਹੋਏ ਵਾਧੇ ਨੂੰ ਸਥਿਰ ਕਰਨਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣਾ ਵੀ ਹੈ।"
ਵਿਦੇਸ਼ ਮੰਤਰੀ ਨੇ ਵੀਜ਼ਾ ਫੀਸਾਂ ਜਾਂ ਰਿਜ਼ਰਵ ਫੰਡ ਵਧਾਉਣ ਦੇ ਫੈਸਲੇ ਨੂੰ ਵਾਪਸ ਲੈਣ ਬਾਰੇ ਕੁਝ ਨਹੀਂ ਕਿਹਾ।
ਅਮਰੀਕਾ ਵਿੱਚ ਵਧਦੀਆਂ ਸਖ਼ਤੀਆਂ ਦੇ ਵਿਚਕਾਰ ਆਸਟ੍ਰੇਲੀਆ ਅਜੇ ਵੀ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਭਾਰਤ ਵਿੱਚ ਕੈਂਪਸ ਖੋਲ੍ਹਣ ਵਰਗੀ ਪਹਿਲ ਕਰ ਰਿਹਾ ਹੈ।
ਪਰ ਵੱਡਾ ਸਵਾਲ ਇਹ ਹੈ ਕਿ ਕੀ ਭਾਰਤੀ ਵਿਦਿਆਰਥੀ ਵਧੇ ਹੋਏ ਖਰਚਿਆਂ ਦੇ ਵਿਚਕਾਰ ਆਸਟ੍ਰੇਲੀਆ ਨੂੰ ਇੱਕ ਪਸੰਦੀਦਾ ਵਿਕਲਪ ਮੰਨਦੇ ਰਹਿਣਗੇ?
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












