ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ ਦੇਹਾਂਤ ਹੋਇਆ, ਜਾਣੋ ਇੱਕ ‘ਸ਼ਰਮੀਲੀ ਘਰੇਲੂ ਸੁਆਣੀ’ ਪੀਐੱਮ ਕਿਵੇਂ ਬਣੀ

ਖ਼ਾਲਿਦਾ ਜ਼ਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੇ ਮੰਗਲਵਾਰ ਨੂੰ ਆਖਰੀ ਸਾਹ ਲਏ।
    • ਲੇਖਕ, ਕਾਦਿਰ ਕੱਲੋਲ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦਾ ਮੰਗਲਵਾਰ ਨੂੰ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਮੀਡੀਆ ਸੈੱਲ ਨੇ ਫੇਸਬੁੱਕ 'ਤੇ ਉਨ੍ਹਾਂ ਦੀ ਮੌਤ ਦੀ ਸੂਚਨਾ ਦਿੱਤੀ ਹੈ।

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਪੀ) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਬੀਐੱਪੀ ਦੀ ਚੇਅਰਪਰਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਦਾ ਅੱਜ ਸਵੇਰੇ 6 ਵਜੇ, ਫਜਰ ਦੀ ਨਮਾਜ਼ ਤੋਂ ਥੋੜ੍ਹੀ ਦੇਰ ਬਾਅਦ ਦੇਹਾਂਤ ਹੋ ਗਿਆ।"

25 ਦਸੰਬਰ ਨੂੰ, ਖਾਲਿਦਾ ਜ਼ਿਆ ਦੇ ਪੁੱਤਰ, ਤਾਰਿਕ ਰਹਿਮਾਨ 17 ਸਾਲਾਂ ਬਾਅਦ ਲੰਡਨ ਤੋਂ ਢਾਕਾ ਵਾਪਸ ਆਏ ਸਨ। ਉਨ੍ਹਾਂ ਦੀ ਵਾਪਸੀ ਤੋਂ ਸਿਰਫ਼ ਪੰਜ ਦਿਨ ਬਾਅਦ, ਖਾਲਿਦਾ ਜ਼ਿਆ ਨੇ ਆਖਰੀ ਸਾਹ ਲਏ।

ਖਾਲਿਦਾ ਜ਼ਿਆ ਕਈ ਮਹੀਨਿਆਂ ਤੋਂ ਬਿਮਾਰ ਸਨ ਅਤੇ ਢਾਕਾ ਦੇ ਐਵਰਕੇਅਰ ਹਸਪਤਾਲ ਵਿੱਚ ਇਲਾਜ ਅਧੀਨ ਸਨ। ਇਸੇ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਲਿਦਾ ਜ਼ਿਆ ਦੀ ਸਿਹਤ ਲਈ ਪ੍ਰਾਰਥਨਾ ਕੀਤੀ ਅਤੇ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ।

ਇੱਕ "ਸ਼ਰਮੀਲੀ ਘਰੇਲੂ ਸੁਆਣੀ"

ਖ਼ਾਲਿਦਾ ਜ਼ਿਆ ਦੇ ਪਤੀ, ਜ਼ਿਆਉਰ ਰਹਿਮਾਨ, ਬੰਗਲਾਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਇੱਕ ਅਹਿਮ ਸ਼ਖਸੀਅਤ ਸਨ। ਬੰਗਾਲਦੇਸ਼ ਦੀ ਅਜਾਦੀ ਤੋਂ ਬਾਅਦ ਉਹ ਸਾਲ 1977 ਵਿੱਚ ਇਸਦੇ ਰਾਸ਼ਟਰਪਤੀ ਬਣੇ। ਉਸ ਸਮੇਂ, ਬੇਗ਼ਮ ਜ਼ਿਆ ਆਪਣੇ ਦੋ ਪੁੱਤਰਾਂ ਨੂੰ ਸਮਰਪਿਤ ਸਨ ਅਤੇ ਇੱਕ "ਸ਼ਰਮੀਲੀ ਘਰੇਲੂ ਸੁਆਣੀ" ਵਜੋਂ ਜਾਣੇ ਜਾਂਦੇ ਸਨ।

ਲੇਕਿਨ ਸਾਲ 1981 ਵਿੱਚ ਜ਼ਿਆਉਰ ਰਹਿਮਾਨ ਦੇ ਕਤਲ ਤੋਂ ਬਾਅਦ, ਉਨ੍ਹਾਂ ਨੇ ਆਪਣੇ ਪਤੀ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਅਗਵਾਈ ਕਰਨੀ ਸ਼ੁਰੂ ਕਰ ਦਿੱਤੀ। ਉਹ 1990 ਦੇ ਦਹਾਕੇ ਵਿੱਚ ਅਤੇ ਫਿਰ 2000 ਦੇ ਸ਼ੁਰੂਆਤੀ ਸਾਲਾਂ ਦੌਰਾਨ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।

ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। ਉਨ੍ਹਾਂ ਨੂੰ ਕਈ ਸਾਲ ਕੈਦ ਵਿੱਚ ਰਹਿਣਾ ਪਿਆ। ਲੇਕਿਨ 2024 ਦੇ ਇੱਕ ਵਿਦਰੋਹ ਤੋਂ ਬਾਅਦ ਇਲਜ਼ਾਮ ਵਾਪਸ ਲੈ ਲਏ ਗਏ। ਇਸ ਵਿਦਰੋਹ ਤੋਂ ਬਾਅਦ ਖਾਲਿਦਾ ਦੇ ਚਿਰੋਕਣੇ ਵਿਰੋਧੀ, ਸ਼ੇਖ ਹਸੀਨਾ, ਨੂੰ ਸੱਤਾ ਤੋਂ ਲਾਂਬੇ ਕਰ ਦਿੱਤਾ ਗਿਆ।

ਬੇਗਮ ਖਾਲਿਦਾ ਜ਼ਿਆ ਦਾ ਜਨਮ 1945 ਵਿੱਚ ਅਣਵੰਡੇ ਭਾਰਤ ਦੇ ਪੱਛਮੀ ਬੰਗਾਲ ਵਿੱਚ ਹੋਇਆ।

ਉਨ੍ਹਾਂ ਦੇ ਪਿਤਾ ਚਾਹ ਦੇ ਵਪਾਰੀ ਸਨ। ਉਹ ਭਾਰਤ ਦੀ ਵੰਡ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਉਸ ਜਗ੍ਹਾ ਜਾ ਵਸੇ ਜੋ ਹੁਣ ਬੰਗਲਾਦੇਸ਼ ਹੈ।

ਖਾਲਿਦਾ ਨੇ 15 ਸਾਲ ਦੀ ਉਮਰ ਵਿੱਚ, ਜ਼ਿਆਉਰ ਰਹਿਮਾਨ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਪਤੀ ਉਸ ਸਮੇਂ ਪਾਕਿਸਤਾਨੀ ਫੌਜ ਵਿੱਚ ਇੱਕ ਨੌਜਵਾਨ ਅਫ਼ਸਰ ਸਨ।

1971 ਵਿੱਚ, ਉਨ੍ਹਾਂ ਨੇ ਪੱਛਮੀ ਪਾਕਿਸਤਾਨੀ ਫੌਜਾਂ ਦੇ ਖਿਲਾਫ਼ ਇੱਕ ਵਿਦਰੋਹ ਵਿੱਚ ਹਿੱਸਾ ਲਿਆ ਅਤੇ ਬੰਗਲਾਦੇਸ਼ ਲਈ ਆਜ਼ਾਦੀ ਦਾ ਐਲਾਨ ਕਰ ਦਿੱਤਾ।

ਖ਼ਾਲਿਦਾ ਜ਼ਿਆ

ਤਸਵੀਰ ਸਰੋਤ, Getty Images

ਜਦੋਂ ਬੰਗਲਾਦੇਸ਼ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਬਣੇ

ਸਾਲ 1977 ਵਿੱਚ ਫੌਜ ਦੇ ਸੱਤਾ ਸੰਭਾਲਣ ਤੋਂ ਬਾਅਦ, ਰਹਿਮਾਨ - ਜੋ ਹੁਣ ਸੈਨਾ ਮੁਖੀ ਸਨ - ਨੇ ਖੁਦ ਨੂੰ ਬੰਗਲਾਦੇਸ਼ ਦਾ ਰਾਸ਼ਟਰਪਤੀ ਐਲਾਨ ਦਿੱਤਾ। ਉਨ੍ਹਾਂ ਨੇ ਸਿਆਸੀ ਪਾਰਟੀਆਂ ਅਤੇ ਇੱਕ ਆਜ਼ਾਦ ਮੀਡੀਆ ਨੂੰ ਦੁਬਾਰਾ ਪੇਸ਼ ਕੀਤਾ, ਅਤੇ ਬਾਅਦ ਵਿੱਚ ਆਮ ਚੋਣਾਂ ਦੁਆਰਾ ਉਨ੍ਹਾਂ ਨੂੰ ਬੰਗਲਾਦੇਸ਼ ਦੀ ਜਨਤਾ ਦੀ ਹਮਾਇਤ ਹਾਸਲ ਹੋ ਗਈ।

ਉਨ੍ਹਾਂ ਨੂੰ ਲਗਭਗ 20 ਹੋਰ ਫੌਜੀ ਰਾਜ ਪਲਟਿਆਂ ਦਾ ਸਾਹਮਣਾ ਕਰਨਾ ਪਿਆ। ਇਹ ਕੋਸ਼ਿਸ਼ਾਂ ਉਨ੍ਹਾਂ ਨੇ ਬੜੀ ਸਖ਼ਤੀ ਨਾਲ ਕੁਚਲੀਆਂ। ਅਜਿਹੀਆਂ ਖ਼ਬਰਾਂ ਸਨ ਕਿ ਫੌਜੀਆਂ ਦੇ ਸਮੂਹਿਕ ਕਤਲ ਵੀ ਕੀਤੇ ਗਏ ਸਨ।

ਸਾਲ 1981 ਵਿੱਚ, ਉਨ੍ਹਾਂ ਦੀ ਚਿੱਟਾਗਾਂਗ ਵਿੱਚ ਫੌਜੀ ਅਫਸਰਾਂ ਦੇ ਇੱਕ ਸਮੂਹ ਦੁਆਰਾ ਹੱਤਿਆ ਕਰ ਦਿੱਤੀ ਗਈ।

ਉਸ ਸਮੇਂ ਤੱਕ, ਖਾਲਿਦਾ ਜ਼ਿਆ ਨੇ ਬਹੁਤ ਘੱਟ ਧਿਆਨ ਖਿੱਚਿਆ ਸੀ ਅਤੇ ਉਨ੍ਹਾਂ ਨੇ ਜਨਤਕ ਜੀਵਨ ਵਿੱਚ ਘੱਟ ਦਿਲਚਸਪੀ ਲਈ ਸੀ।

ਲੇਕਿਨ ਉਹ ਬੀਐਨਪੀ. ਦੇ ਮੈਂਬਰ ਬਣ ਗਏ ਅਤੇ ਜਲਦੀ ਹੀ ਇਸਦੇ ਉਪ-ਪ੍ਰਧਾਨ ਦੇ ਅਹੁਦੇ ਤੱਕ ਪਹੁੰਚੇ।

ਸਾਲ 1982 ਵਿੱਚ, ਬੰਗਲਾਦੇਸ਼ ਵਿੱਚ ਨੌਂ ਸਾਲ ਦੀ ਫੌਜੀ ਤਾਨਾਸ਼ਾਹੀ ਸ਼ੁਰੂ ਹੋ ਗਈ। ਇਸ ਸਮੇਂ ਦੌਰਾਨ ਬੇਗ਼ਮ ਜ਼ਿਆ ਨੇ ਲੋਕਤੰਤਰ ਪੱਖੀ ਮੁਹਿੰਮ ਦੀ ਅਗਵਾਈ ਕੀਤੀ।

ਫੌਜ ਨੇ ਕਦੇ-ਕਦੇ, ਬਹੁਤ ਸੰਭਾਲ ਕੇ ਚੋਣਾਂ ਕਰਵਾਈਆਂ। ਲੇਕਿਨ ਖਾਲਿਦਾ ਨੇ ਆਪਣੀ ਪਾਰਟੀ ਨੂੰ ਇਨ੍ਹਾਂ ਚੋਣਾਂ ਹਿੱਸਾ ਲੈਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਜਲਦੀ ਹੀ, ਉਨ੍ਹਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ।

ਫਿਰ ਵੀ, ਉਨ੍ਹਾਂ ਨੇ ਵੱਡੇ ਜਨਤਕ ਇਕੱਠਾਂ ਅਤੇ ਫੌਜੀ ਤਾਨਾਸ਼ਾਹੀ ਦੇ ਵਿਰੁੱਧ ਸੰਘਰਸ਼ ਦੇ ਦਿਨਾਂ ਨੂੰ ਹੱਲਾਸ਼ੇਰੀ ਦੇਣੀ ਜਾਰੀ ਰੱਖੀ। ਇਨ੍ਹਾਂ ਯਤਨਾਂ ਦੇ ਕਾਰਨ ਆਖਰਕਾਰ ਫੌਜ ਨੂੰ ਝੁੱਕਣ ਲਈ ਮਜਬੂਰ ਕਰ ਦਿੱਤਾ।

ਸਾਲ 1991 ਵਿੱਚ, ਖਾਲਿਦਾ ਜ਼ਿਆ ਅਤੇ ਬੀਐਨਪੀ ਫੌਜੀ ਰਾਜ ਮਗਰੋਂ ਹੋਈਆਂ ਆਮ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ। ਖਾਲਿਦਾ ਨੇ ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ।

ਇਸਦੇ ਨਾਲ ਹੀ, ਕਿਸੇ ਮੁਸਲਿਮ ਦੇਸ਼ ਦੀ ਅਗਵਾਈ ਕਰਨ ਵਾਲੇ ਉਹ ਦੂਜੇ ਮਹਿਲਾ ਆਗੂ ਬਣੇ।

ਔਰਤਾਂ ਅਤੇ ਸਿੱਖਿਆ ਲਈ ਕੰਮ

ਖ਼ਾਲਿਦਾ ਜ਼ਿਆ

ਤਸਵੀਰ ਸਰੋਤ, Getty Images

ਉਸ ਸਮੇਂ ਬੰਗਲਾਦੇਸ਼ੀ ਬੱਚਿਆਂ ਨੂੰ ਸਿਰਫ਼ ਔਸਤ ਦੋ ਸਾਲ ਦੀ ਹੀ ਸਿੱਖਿਆ ਮਿਲਦੀ ਸੀ। ਖਾਲਿਦਾ ਨੇ ਪ੍ਰਾਇਮਰੀ ਸਿੱਖਿਆ ਸਭ ਲਈ ਮੁਫ਼ਤ ਅਤੇ ਲਾਜ਼ਮੀ ਕਰ ਦਿੱਤੀ।

ਪੰਜ ਸਾਲ ਬਾਅਦ, ਉਹ ਸ਼ੇਖ ਹਸੀਨਾ ਦੀ ਅਵਾਮੀ ਲੀਗ ਤੋਂ ਆਮ ਚੋਣਾਂ ਹਾਰ ਗਏ ਅਤੇ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣ ਸਕੇ।

ਇਸਲਾਮਵਾਦੀ ਪਾਰਟੀਆਂ ਦੇ ਇੱਕ ਸਮੂਹ ਨਾਲ ਸਮਝੌਤਾ ਕਰਕੇ ਸਾਲ 2001 ਵਿੱਚ, ਬੇਗ਼ਮ ਜ਼ਿਆ ਨੇ ਆਪਣੀ ਹਾਰ ਦਾ ਬਦਲਾ ਲੈ ਲਿਆ। ਇਸ ਵਾਰ ਸਪਸ਼ਟ ਬਹੁਮਤ ਹਾਸਲ ਕਰਦਿਆਂ ਲਗਭਗ ਦੋ-ਤਿਹਾਈ ਸੀਟਾਂ ਉੱਤੇ ਜਿੱਤ ਹਾਸਲ ਕੀਤੀ।

ਆਪਣੇ ਦੂਜੇ ਕਾਲ ਵਿੱਚ, ਉਨ੍ਹਾਂ ਨੇ ਮਹਿਲਾ ਸੰਸਦ ਮੈਂਬਰਾਂ ਲਈ ਵਿਧਾਨਕਾ ਵਿੱਚ 45 ਸੀਟਾਂ ਰਾਖਵੀਆਂ ਕਰਨ ਲਈ ਇੱਕ ਸੰਵਿਧਾਨਿਕ ਸੋਧ ਪੇਸ਼ ਕੀਤੀ। ਇੱਕ ਦੇਸ਼ ਵਿੱਚ ਜਿੱਥੇ ਲਘਭਗ 70% ਔਰਤਾਂ ਅਨਪੜ੍ਹ ਸਨ, ਉਨ੍ਹਾਂ ਨੇ ਨੌਜਵਾਨ ਔਰਤਾਂ ਨੂੰ ਸਿੱਖਿਅਤ ਕਰਨ 'ਤੇ ਕੰਮ ਕੀਤਾ।

ਅਕਤੂਬਰ 2006 ਵਿੱਚ, ਬੇਗ਼ਮ ਜ਼ਿਆ ਅਗਾਮੀ ਆਮ ਚੋਣਾਂ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਲਾਂਭੇ ਹੋ ਗਏ।

ਲੇਕਿਨ ਦੰਗਿਆਂ ਦੀ ਇੱਕ ਲਹਿਰ ਕਾਰਨ ਫੌਜ ਨੂੰ ਦਖਲ ਦੇਣਾ ਪਿਆ। ਨਵੇਂ ਲੋਕਤੰਤਰੀ ਚੋਣਾਂ ਦਾ ਵਾਅਦਾ ਕੀਤਾ ਗਿਆ ਆਖਿਰਕਾਰ ਚੋਣਾਂ ਵਿੱਚ ਦੇਰੀ ਹੋ ਗਈ।

ਅੰਤਰਿਮ ਸਰਕਾਰ ਨੇ ਜ਼ਿਆਦਾਤਰ ਸਿਆਸੀ ਗਤੀਵਿਧੀਆਂ 'ਤੇ ਪਾਬੰਦੀ ਲਾ ਦਿੱਤੀ ਅਤੇ ਉੱਚ-ਪੱਧਰੀ ਭ੍ਰਿਸ਼ਟਾਚਾਰ 'ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਜੋ ਸਿਆਸੀ ਸੀਮਾਵਾਂ ਪਾਰ ਕਰ ਗਿਆ ਸੀ।

ਇੱਕ ਸਾਲ ਬਾਅਦ, ਬੇਗ਼ਮ ਜ਼ਿਆ ਨੂੰ ਵਸੂਲੀ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਤੋਂ ਪਹਿਲਾਂ ਉਨ੍ਹਾਂ ਦੀ ਵੱਡੀ ਵਿਰੋਧੀ ਅਵਾਮੀ ਲੀਗ ਦੀ ਆਗੂ ਅਤੇ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਮੁਜੀਬੁਰ ਰਹਿਮਾਨ ਸ਼ੇਖ ਦੀ ਬੇਟੀ ਹਸੀਨਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਦੋਵੇਂ ਔਰਤਾਂ, ਜੋ ਦੋ ਦਹਾਕਿਆਂ ਦੌਰਾਨ ਚੋਖੇ ਸਮੇਂ ਲਈ ਕਦੇ ਸਰਕਾਰ ਵਿੱਚ ਕਦੇ ਵਿਰੋਧੀ ਧਿਰ ਵਿੱਚ ਪਾਲੇ ਬਦਲਦੀਆਂ ਰਹੀਆਂ ਸਨ, ਅਚਾਨਕ ਅਦਾਲਤੀ ਮੁਕੱਦਮਿਆਂ ਵਿੱਚ ਉਲਝ ਗਈਆਂ।

ਬੇਗ਼ਮ ਜ਼ਿਆ ਨੂੰ ਲਗਭਗ ਨਜ਼ਰਬੰਦ ਰੱਖਿਆ ਗਿਆ।

ਖ਼ਾਲਿਦਾ ਜ਼ਿਆ ਦੀ ਗ੍ਰਿਫ਼ਤਾਰੀ

ਖ਼ਾਲਿਦਾ ਜ਼ਿਆ

ਤਸਵੀਰ ਸਰੋਤ, Getty Images

ਸਾਲ 2008 ਵਿੱਚ, ਉਨ੍ਹਾਂ ਤੋਂ ਪਾਬੰਦੀਆਂ ਚੁੱਕ ਲਈਆਂ ਗਈਆਂ। ਉਨ੍ਹਾਂ ਨੇ ਫੌਜ ਵੱਲੋਂ ਕਰਵਾਈਆਂ ਚੋਣਾਂ ਵਿੱਚ ਹਿੱਸਾ ਲਿਆ। ਚੋਣਾਂ ਦੇ ਨਤੀਜੇ ਵਜੋਂ ਸ਼ੇਖ ਹਸੀਨਾ ਨੇ ਸਰਕਾਰ ਬਣਾਈ ਅਤੇ ਖਾਲਿਦਾ ਜ਼ਿਆ ਦੀ ਪਾਰਟੀ (BNP) ਵਿਰੋਧੀ ਧਿਰ ਵਿੱਚ ਚਲੀ ਗਈ।

ਸਾਲ 2011 ਵਿੱਚ, ਬੇਗ਼ਮ ਜ਼ਿਆ ਦੇ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦੁਆਰਾ ਇੱਕ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਉੱਤੇ ਇਲਜ਼ਾਮ ਸਨ ਕਿ ਉਨ੍ਹਾਂ 'ਤੇ ਆਪਣੇ ਮਰਹੂਮ ਪਤੀ ਦੇ ਨਾਮ ਉੱਤੇ ਸਥਾਪਿਤ ਇੱਕ ਚੈਰਿਟੀ ਲਈ ਜ਼ਮੀਨ ਖਰੀਦਣ ਲਈ ਆਣ-ਐਲਾਨੀ ਆਮਦਨੀ ਦੀ ਕਥਿਤ ਵਰਤੋਂ ਕੀਤੀ।

ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕੈਦ ਕੀਤਾ ਗਿਆ। ਇਸ ਅਰਸੇ ਦੌਰਾਨ ਆਪਣੀ ਪਾਰਟੀ 'ਤੇ ਕੰਟਰੋਲ ਕਾਇਮ ਰੱਖਣ ਲਈ ਇੱਕ ਵਿਸ਼ਾਲ ਲੜਾਈ ਲੜਨੀ ਪਈ।

ਸਾਲ 2014 ਵਿੱਚ, ਉਨ੍ਹਾਂ ਦੇ ਹਮਾਇਤੀਆਂ ਨੇ ਆਮ ਚੋਣਾਂ ਦਾ ਬਹਿਸ਼ਕਾਰ ਕੀਤਾ। ਉਨ੍ਹਾਂ ਦਾ ਤਰਕ ਸੀ ਕਿ ਅਵਾਮੀ ਲੀਗ ਵੋਟਾਂ ਵਿੱਚ ਧਾਂਦਲੀ ਕਰ ਸਕਦੀ ਹੈ।

ਇਸ ਦੌਰਾਨ ਇਹ ਚੋਣਾਂ ਆਜ਼ਾਦ ਅਤੇ ਨਿਰਪੱਖ ਹੋਣ ਤੋਂ ਬਹੁਤ ਦੂਰ ਸਨ। ਚੋਣਾਂ ਵਿੱਚ ਬੀਐਨਪੀ ਦੇ ਵਰਕਰਾਂ ਦੀਆਂ ਵਿਆਪਕ ਗ੍ਰਿਫਤਾਰੀਆਂ ਹੋਈਆਂ ਅਤੇ ਸੰਸਦ ਦੀਆਂ ਅੱਧੀਆਂ ਸੀਟਾਂ ਬਿਨਾਂ-ਮੁਕਾਬਲੇ ਦੇ ਚੁਣੀਆਂ ਗਈਆਂ।

ਚੋਣਾਂ ਦੇ ਬਹਿਸ਼ਕਾਰ ਦੀ ਪਹਿਲੀ ਵਰ੍ਹੇਗੰਢ ਉੱਤੇ ਬੇਗ਼ਮ ਜ਼ਿਆ ਨੇ ਦੇਸ ਵਿੱਚ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਸਰਕਾਰ ਦੇ ਖਿਲਾਫ਼ ਇੱਕ ਵਿਸ਼ਾਲ ਬੀਐੱਨਪੀ ਪ੍ਰਦਰਸ਼ਨ ਦੀ ਅਗਵਾਈ ਕਰਨ ਦੀ ਯੋਜਨਾ ਬਣਾਈ।

ਜਵਾਬ ਵਿੱਚ, ਬੰਗਲਾਦੇਸ਼ੀ ਸੁਰੱਖਿਆ ਬਲਾਂ ਨੇ ਦਰਵਾਜਿਆਂ ਨੂੰ ਜਿੰਦਰੇ ਮਾਰਕੇ ਉਨ੍ਹਾਂ ਨੂੰ ਰਾਜਧਾਨੀ ਢਾਕਾ ਵਿੱਚ ਆਪਣੇ ਪਾਰਟੀ ਦਫਤਰਾਂ ਤੋਂ ਨਿਕਲਣ ਤੋਂ ਰੋਕ ਦਿੱਤਾ। ਸ਼ਹਿਰ ਵਿੱਚ ਸਾਰੇ ਵਿਰੋਧ ਪ੍ਰਦਰਸ਼ਨਾਂ ਉੱਤੇ ਪਾਬੰਦੀ ਲਾ ਦਿੱਤੀ।

ਬੇਗ਼ਮ ਜ਼ਿਆ ਨੇ ਉਸ ਸਮੇਂ ਕਿਹਾ ਸੀ ਕਿ ਸਰਕਾਰ ਆਪਣੇ ਲੋਕਾਂ ਤੋਂ "ਟੁੱਟ ਗਈ" ਹੈ ਅਤੇ ਉਸਨੇ ਆਪਣੀਆਂ ਕਾਰਵਾਈਆਂ ਨਾਲ "ਪੂਰੇ ਦੇਸ ਨੂੰ ਕੈਦ ਕਰ ਦਿੱਤਾ" ਹੈ।

ਜ਼ਿਆ ਦੇ ਖਿਲਾਫ਼ ਲਾਏ ਗਏ ਇਲਜ਼ਾਮ ਉਨ੍ਹਾਂ ਦੇ ਦੂਜੇ ਕਾਰਜ ਕਾਲ ਨਾਲ ਸੰਬੰਧਿਤ ਸਨ, ਜਦੋਂ ਉਨ੍ਹਾਂ 'ਤੇ ਕਥਨ ਅਨੁਸਾਰ 2003 ਵਿੱਚ ਕਾਰਗੋ ਟਰਮੀਨਲਾਂ ਨਾਲ ਸੰਬੰਧਿਤ ਠੇਕਿਆਂ ਦੀ ਵੰਡ ਸਮੇਂ ਆਪਣੇ ਪ੍ਰਭਾਵ ਦੀ ਦੁਰਵਰਤੋਂ ਦੇ ਇਲਜ਼ਾਮ ਲਾਏ ਗਏ ਸਨ।

ਉਨ੍ਹਾਂ ਦੇ ਛੋਟੇ ਪੁੱਤਰ, ਅਰਾਫਾਤ ਰਹਿਮਾਨ ਕੋਕੋ, 'ਤੇ ਉਨ੍ਹਾਂ ਕਾਰੋਬਾਰੀ ਸਮਝੌਤਿਆਂ ਨੂੰ ਮਨਜ਼ੂਰੀ ਦੇਣ ਲਈ ਦਬਾਅ ਪਾਉਣ ਦਾ ਇਲਜ਼ਾਮ ਲਾਇਆ ਗਿਆ।

ਢਾਕਾ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਰਹੇ

ਖਾਲਿਦਾ ਜ਼ਿਆ ਦੇ ਸਮਰਥਕ

ਤਸਵੀਰ ਸਰੋਤ, Getty Images

ਸਾਲ 2018 ਵਿੱਚ, ਉਨ੍ਹਾਂ ਉੱਤੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਕਾਇਮ ਕੀਤੇ ਗਏ ਇੱਕ ਅਨਾਥ ਆਸ਼ਰਮ ਟਰੱਸਟ ਲਈ ਰੱਖੀ ਗਈ ਲਗਭਗ $252,000 (£188,000) ਦੀ ਰਕਮ ਦੇ ਘਪਲੇ ਵਿੱਚ ਮੁਜਰਮ ਪਾਇਆ ਗਿਆ। ਸਾਲ 2018 ਵਿੱਚ ਖਾਲਿਦਾ ਜ਼ਿਆ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਸਜ਼ਾ ਹੋਈ। ਜ਼ੀਆ ਓਰਫਨੇਜ਼ ਟਰੱਸਟ ਕਰੱਪਸ਼ਨ ਕੇਸ ਵਿੱਚ ਪਹਿਲਾਂ 5 ਸਾਲ, ਜਿਸ ਨੂੰ ਕਿ ਬਾਅਦ ਵਿੱਚ ਵਧਾ ਕੇ 10 ਸਾਲ ਕਰ ਦਿੱਤਾ ਗਿਆ ਅਤੇ ਜ਼ਿਆ ਚੈਰੀਟੇਬਲ ਟਰੱਸਟ ਕੇਸ ਵਿੱਚ ਉਨ੍ਹਾਂ ਨੂੰ 7 ਸਾਲਾਂ ਦੀ ਸਜ਼ਾ ਹੋਈ।

ਉਹ ਢਾਕਾ ਦੀ ਪੁਰਾਣੀ ਅਤੇ ਵਰਤੋਂ ਤੋਂ ਬਾਹਰ ਹੋ ਚੁੱਕੀ ਕੇਂਦਰੀ ਜੇਲ੍ਹ ਵਿੱਚ ਬੰਦ ਇਕਲੌਤੀ ਮਹਿਲਾ ਕੈਦੀ ਬਣ ਗਏ। ਉਨ੍ਹਾਂ ਦੀ ਸਜ਼ਾ ਦੀ ਮਿਆਦ ਨੇ ਉਨ੍ਹਾਂ ਨੂੰ ਸਾਰਵਜਨਕ ਅਹੁਦੇ ਤੋਂ ਅਯੋਗ ਕਰ ਦਿੱਤਾ।

ਉਨ੍ਹਾਂ ਨੇ ਕਿਸੇ ਵੀ ਘਪਲੇ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇਲਜ਼ਾਮ ਸਿਆਸਤੀ ਤੌਰ 'ਤੇ ਪ੍ਰੇਰਿਤ ਸਨ।

ਇੱਕ ਸਾਲ ਬਾਅਦ, 73 ਸਾਲਾ ਬੇਗ਼ਮ ਜ਼ਿਆ ਨੂੰ ਗੰਭੀਰ ਗਠੀਆ ਅਤੇ ਵੱਸੋਂ ਬਾਹਰ ਹੋ ਚੁੱਕੀ ਡਾਇਬਿਟੀਜ਼ ਸਮੇਤ ਕਈ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਗਿਆ।

ਉਨ੍ਹਾਂ ਨੂੰ ਆਖਿਰਕਾਰ ਸਿਹਤ ਦੇ ਆਧਾਰ 'ਤੇ ਘਰ ਵਿੱਚ ਹੀ ਰਹਿਣ ਦੀ ਸ਼ਰਤ ਉੱਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਸਾਲ 2024 ਵਿੱਚ, ਸ਼ੇਖ ਹਸੀਨਾ ਦੀ ਸਰਕਾਰ ਵਿਆਪਕ ਅਸੰਤੋਸ਼ ਦੀ ਲਹਿਰ ਨੇ ਸੱਤਾ ਤੋਂ ਬਾਹਰ ਕਰ ਦਿੱਤਾ।

ਜਦੋਂ ਸਰਕਾਰੀ ਨੌਕਰੀਆਂ ਵਿੱਚ ਕੋਟਿਆਂ ਦੇ ਖਿਲਾਫ਼ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਆਮ ਨਾਗਰਿਕਾਂ ਦੇ ਸਮੂਹਿਕ ਕਤਲ ਹੋਏ ਤਾਂ ਸਰਕਾਰ ਖਿਲਾਫ਼ ਇੱਕ ਲੋਕ ਰੋਹ ਵਾਲਾ ਵਿਦਰੋਹ ਹੋਇਆ।

ਬੇਗ਼ਮ ਹਸੀਨਾ ਭਾਰਤ ਭੱਜ ਗਏ, ਅਤੇ ਉਨ੍ਹਾਂ ਦੀ ਜਗ੍ਹਾ ਲੈਣ ਵਾਲੀ ਅੰਤਰਿਮ ਸਰਕਾਰ ਨੇ ਖਾਲਿਦਾ ਜ਼ੀਆ ਦੀ ਰਿਹਾਈ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਦੁਬਾਰਾ ਚਾਲੂ ਕਰਨ ਦਾ ਹੁਕਮ ਦਿੱਤਾ।

ਉਸ ਸਮੇਂ ਤੱਕ, ਉਹ ਜਿਗਰ ਦੇ ਸਿਰੋਸਿਸ ਅਤੇ ਗੁਰਦੇ ਦੇ ਨੁਕਸਾਨ ਸਮੇਤ ਕਈ ਜਾਨਲੇਵਾ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ।

ਜਨਵਰੀ 2025 ਵਿੱਚ, ਉਨ੍ਹਾਂ ਉੱਤੋਂ ਯਾਤਰਾ ਪਾਬੰਦੀਆਂ ਹਟਾ ਲਈਆਂ ਗਈਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਲੰਡਨ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)