You’re viewing a text-only version of this website that uses less data. View the main version of the website including all images and videos.
ਲਹਿੰਦੇ ਪੰਜਾਬ 'ਚ ਪੁਲਿਸ ਵਲੋਂ ਗ੍ਰਿਫ਼ਤਾਰ 20 ਸਾਲਾ ਭਾਰਤੀ ਮੁੰਡਾ ਕੌਣ ਹੈ ਤੇ ਇਹ ਕਿਵੇਂ ਪਹੁੰਚਿਆ
ਅਲੀਗੜ੍ਹ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਬਾਦਲ ਬਾਬੂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਹੋਈ ਦੋਸਤੀ ਉਨ੍ਹਾਂ ਨੂੰ ਪਾਕਿਸਤਾਨ ਦੇ ਮੰਡੀ ਬਹਾਉਦੀਨ ਦੀ ਜੇਲ੍ਹ 'ਚ ਪਹੁੰਚਾ ਦੇਵੇਗੀ।
ਅਲੀਗੜ੍ਹ ਦੇ ਪਿੰਡ ਨਿਗਲਾ ਖਟਕੜੀ 'ਚ ਰਹਿੰਦੇ ਆਪਣੇ ਪਰਿਵਾਰ ਨੂੰ ਬਾਦਲ ਬਾਬੂ ਨੇ ਦੱਸਿਆ ਸੀ ਕਿ ਉਹ ਦਿੱਲੀ ਜਾਣਾ ਚਾਹੁੰਦੇ ਹਨ, ਜਿੱਥੇ ਉਹ ਕੱਪੜੇ ਸਿਉਣ ਦਾ ਕੰਮ ਕਰਨਗੇ।
ਪਰ ਕੋਈ ਨਹੀਂ ਜਾਣਦਾ ਕਿ ਦਿੱਲੀ ਜਾਣ ਦੀ ਬਜਾਏ ਬਾਬੂ ਕਿਸ ਰਸਤੇ ਪਾਕਿਸਤਾਨ ਦੇ ਅਜਿਹੇ ਸ਼ਹਿਰ ਪਹੁੰਚ ਗਏ ਜਿਸ ਦੀਆਂ ਸਰਹੱਦਾਂ ਵੀ ਭਾਰਤ ਨਾਲ ਨਹੀਂ ਲੱਗਦੀਆਂ।
ਜ਼ਿਕਰਯੋਗ ਹੈ ਕਿ ਬੀਤੀ ਦੀਵਾਲੀ ਤੋਂ ਦੋ ਦਿਨ ਪਹਿਲਾ ਬਾਬੂ ਨੇ ਪਾਕਿਸਤਾਨ ਦੇ ਇੱਕ ਨੰਬਰ ਤੋਂ ਆਪਣੇ ਮਾਤਾ-ਪਿਤਾ ਨੂੰ ਫੋਨ ਕਰਕੇ ਆਪਣਾ ਹਾਲ ਚਾਲ ਦੱਸਿਆ ਸੀ।
ਸ਼ਾਇਦ ਆਪਣੀ ਮਾਂ ਦਾ ਦਿਲ ਰੱਖਣ ਲਈ ਬਾਬੂ ਨੇ ਪਾਕਿਸਤਾਨੀ ਨੰਬਰ ਤੋਂ ਆਪਣੇ ਘਰ ਫੋਨ ਕੀਤਾ ਸੀ।
ਪਰ ਉਨ੍ਹਾਂ ਨੇ ਆਪਣੇ ਘਰਦਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਦੁਬਈ ਪਹੁੰਚ ਗਏ ਹਨ।
20 ਸਾਲਾ ਬਾਬੂ ਇੰਨੀ ਕਾਹਲੀ ਵਿੱਚ ਭਾਰਤ ਛੱਡ ਕੇ ਪਾਕਿਸਤਾਨ ਗਏ ਕਿ ਉਹ ਆਪਣਾ ਕੋਈ ਵੀ ਪਛਾਣ ਪੱਤਰ ਨਾਲ ਨਹੀਂ ਲੈਕੇ ਗਏ।
ਸਥਾਨਕ ਮੀਡੀਆ ਨੂੰ ਬਾਬੂ ਦੇ ਸ਼ਨਾਖਤੀ ਦਸਤਾਵੇਜ਼ ਦਿਖਾਉਂਦੇ ਹੋਏ ਉਨ੍ਹਾਂ ਦੀ ਪ੍ਰੇਸ਼ਾਨ ਮਾਂ ਨੇ ਭਾਰਤ ਸਰਕਾਰ ਨੂੰ ਪੁੱਤਰ ਦੇ ਵਾਪਸੀ ਦੀ ਮਦਦ ਲਈ ਗੁਹਾਰ ਲਗਾਈ ਹੈ।
ਹੁਣ ਤੱਕ ਕੀ ਕਰਵਾਈ ਹੋਈ
ਬਾਦਲ ਬਾਬੂ ਹੁਣ ਪਾਕਿਸਤਾਨ ਪੁਲਿਸ ਦੀ ਹਿਰਾਸਤ 'ਚ ਹਨ।
ਲਹਿੰਦੇ ਪੰਜਾਬ ਦੇ ਮੰਡੀ ਬਹਾਉਦੀਨ ਸ਼ਹਿਰ ਦੀ ਪੁਲਿਸ ਵੱਲੋਂ ਬਾਦਲ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਐਫਆਈਆਰ ਦੇ ਅਨੁਸਾਰ, ਪੁਲਿਸ ਨੂੰ 'ਇੱਕ ਮੁਖ਼ਬਰ ਤੋਂ ਪਤਾ ਲੱਗਾ ਸੀ ਕਿ ਇੱਕ ਭਾਰਤੀ ਨਾਗਰਿਕ ਮੰਡੀ ਬਹਾਉਦੀਨ ਦੇ ਮੋਂਗ ਵਿੱਚ ਡਾਈ ਫੈਕਟਰੀ ਦੇ ਨੇੜੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਹੈ।'
ਐਫਆਈਆਰ ਮੁਤਾਬਕ ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਾਬੂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਲ ਪਾਕਿਸਤਾਨ ਵਿਚ ਰਹਿਣ ਦਾ ਪਰਮਿਟ ਜਾਂ ਵੀਜ਼ਾ ਨਹੀਂ ਸੀ।
ਗ੍ਰਿਫ਼ਤਾਰ ਕੀਤੇ ਜਾਣ 'ਤੇ ਬਾਦਲ ਨੇ ਦੱਸਿਆ ਕਿ ਉਹ ਭਾਰਤ ਦੇ ਅਲੀਗੜ੍ਹ 'ਚ ਪੈਂਦੇ ਪਿੰਡ ਨਿਗਲਾ ਖਟਕਾਰੀ ਦੇ ਰਹਿਣ ਵਾਲੇ ਹਨ।
ਇਹ ਜਾਣਕਾਰੀ ਥਾਣਾ ਮੰਡੀ ਬਹਾਉਦੀਨ ਦੇ ਐੱਸਐੱਚਓ ਅੰਜੁਮ ਸ਼ਹਿਜ਼ਾਦ ਨੇ ਬੀਬੀਸੀ ਦੇ ਪੱਤਰਕਾਰ ਸ਼ਹਿਜ਼ਾਦ ਮਲਿਕ ਨਾਲ ਫ਼ੋਨ 'ਤੇ ਸਾਂਝੀ ਕੀਤੀ।
ਦੂਜੇ ਪਾਸੇ ਭਾਰਤ ਤੋਂ ਬੀਬੀਸੀ ਦੇ ਪੱਤਰਕਾਰ ਸ਼ਕੀਲ ਅਖ਼ਤਰ ਨੇ ਇੱਕ ਸਥਾਨਕ ਪੱਤਰਕਾਰ ਰਾਹੀਂ ਬਾਦਲ ਦੇ ਮਾਪਿਆਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ।
ਪਾਕਿਸਤਾਨ 'ਚ 'ਜਵਾਈ' ਬਣਨ ਆਏ ਸੀ ਬਾਬੂ
ਐੱਸਐੱਚਓ ਅੰਜੁਮ ਸ਼ਹਿਜ਼ਾਦ ਨੇ ਬੀਬੀਸੀ ਨੂੰ ਦੱਸਿਆ ਕਿ ਬਾਦਲ ਨੇ ਫੇਸਬੁੱਕ ਰਾਹੀਂ ਪਾਕਿਸਤਾਨ ਦੀ ਇੱਕ ਸਥਾਨਕ ਕੁੜੀ ਨਾਲ ਦੋਸਤੀ ਕੀਤੀ ਸੀ ਅਤੇ ਉਹ ਉਨ੍ਹਾਂ ਨੂੰ ਮਿਲਣ ਆਇਆ ਸੀ।
ਐੱਸਐੱਚਓ ਮੁਤਾਬਕ 'ਲੜਕੀ ਧਾਰਮਿਕ ਪਰਿਵਾਰ ਨਾਲ ਸਬੰਧ ਰੱਖਦੀ ਹੈ।' ਇਸੇ ਆਧਾਰ 'ਤੇ ਬਾਦਲ ਭਾਰਤ ਤੋਂ ਪਾਕਿਸਤਾਨ ਦੇ ਮੰਡੀ ਬਹਾਉਦੀਨ ਪੁੱਜੇ।
ਐਸਐਚਓ ਅੰਜੁਮ ਸ਼ਹਿਜ਼ਾਦ ਦਾ ਦਾਅਵਾ ਹੈ ਕਿ 'ਕਿਉਂਕਿ ਉਹ (ਬਾਦਲ ਬਾਬੂ) ਇੱਕ ਅਜਨਬੀ ਸੀ, ਲੋਕਾਂ ਨੇ ਪੁਲਿਸ ਨੂੰ ਅਲਰਟ ਦਿੱਤਾ ਕਿ ਇੱਕ ਵਿਅਕਤੀ ਲੰਬੇ ਸਮੇਂ ਤੋਂ ਇੱਥੇ ਰਹਿ ਰਿਹਾ ਹੈ ਪਰ ਅਸੀਂ ਉਸ ਨੂੰ ਨਹੀਂ ਜਾਣਦੇ।'
ਉਨ੍ਹਾਂ ਕਿਹਾ ਕਿ ਬਾਦਲ ਇਲਾਕੇ ਦੇ ਇੱਕ ਪ੍ਰਭਾਵਸ਼ਾਲੀ ਵਿਅਕਤੀ ਦੇ ਘਰ ਠਹਿਰੇ ਹੋਏ ਸਨ।
ਪੁਲਿਸ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਬਾਦਲ ਉੱਥੇ ਕਿਵੇਂ ਪਹੁੰਚਿਆ ਕਿਉਂਕਿ ਮੰਡੀ ਬਹਾਉਦੀਨ ਸਰਹੱਦੀ ਸ਼ਹਿਰ ਨਹੀਂ ਸਗੋਂ ਪੰਜਾਬ ਸੂਬੇ ਦੇ ਮੱਧ ਵਿੱਚ ਸਥਿੱਤ ਹੈ।
ਬਾਦਲ ਬਾਬੂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 14 ਦਿਨਾਂ ਦੇ ਰਿਮਾਂਡ 'ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ |
ਹਾਲਾਂਕਿ, ਪੁਲਿਸ ਅਨੁਸਾਰ ਜਿਸ ਲੜਕੀ ਦੇ ਕਾਰਨ ਬਾਦਲ ਪਾਕਿਸਤਾਨ ਆਏ ਸਨ, ਉਨ੍ਹਾਂ ਦੀ ਜਾਂ ਉਨ੍ਹਾਂ ਦੇ ਪਰਿਵਾਰ ਦੀ ਜਾਂਚ ਨਹੀਂ ਕੀਤੀ ਜਾ ਰਹੀ।
'ਮੰਮੀ ਮੈਂ ਦੁਬਈ ਆਇਆ ਹਾਂ'
ਬਾਦਲ ਦੇ ਪਿਤਾ ਕਿਰਪਾਲ ਸਿੰਘ ਨੇ ਸਥਾਨਕ ਪੱਤਰਕਾਰ ਅਜੈ ਕੁਮਾਰ ਨੂੰ ਦੱਸਿਆ ਕਿ 'ਸਾਡਾ ਪੁੱਤਰ ਦਿੱਲੀ 'ਚ ਕੰਮ ਕਰਨ ਲਈ ਗਿਆ ਸੀ, ਉਹ ਕਪੜੇ ਸਿਊਣ ਦਾ ਕੰਮ ਕਰਦਾ ਸੀ। ਉਹ ਦੀਵਾਲੀ ਤੋਂ 15 ਦਿਨ ਪਹਿਲਾਂ ਕਿਤੇ ਚਲਾ ਗਿਆ ਸੀ, ਸਾਨੂੰ ਨਹੀਂ ਪਤਾ ਕਿ ਉਹ ਕਿਸ ਨਾਲ ਗਿਆ ਹੈ।'
'ਫਿਰ ਜਦੋਂ ਉਸ ਦਾ ਫ਼ੋਨ ਆਇਆ ਤਾਂ ਉਸ ਨੇ ਕਿਹਾ, ਪਾਪਾ ਮੈਂ ਆਪਣੇ ਘਰ ਪਹੁੰਚ ਗਿਆ ਹਾਂ, ਮੇਰੀ ਚਿੰਤਾ ਨਾ ਕਰੋ। ਮੈਂ ਕਾਲ ਨਹੀਂ ਕਰ ਸਕਾਂਗਾ, ਤੁਸੀਂ ਇੱਕ ਵਾਰ ਮੰਮੀ ਨੂੰ ਸਮਝਾ ਦੇਣਾ।'
ਬਾਬੂ ਦੇ ਪਿਤਾ ਨੇ ਦੱਸਿਆ "ਉਸਨੇ ਕਿਹਾ ਕਿ ਮੇਰੇ ਕੋਲ ਫ਼ੋਨ ਨਹੀਂ ਹੈ, ਮੈਂ ਹੁਣ ਕਾਲ ਨਹੀਂ ਕਰ ਸਕਦਾ, ਮੈਂ ਆਪਣੇ ਦੋਸਤ ਦੇ ਫ਼ੋਨ ਤੋਂ ਗੱਲ ਕਰ ਰਿਹਾ ਹਾਂ।"
ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 29 ਅਤੇ 30 ਅਕਤੂਬਰ ਨੂੰ ਬਾਦਲ ਨਾਲ ਗੱਲ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਨਾਲ ਕੋਈ ਸੰਪਰਕ ਨਹੀਂ ਹੋਇਆ।
ਉਨ੍ਹਾਂ ਵੱਲੋਂ ਸਥਾਨਕ ਪੱਤਰਕਾਰ ਅਜੈ ਕੁਮਾਰ ਨਾਲ ਸਾਂਝੀਆਂ ਕੀਤੀਆਂ ਵਟਸਐਪ ਕਾਲਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ 29 ਅਤੇ 30 ਅਕਤੂਬਰ ਨੂੰ ਪਾਕਿਸਤਾਨ ਤੋਂ ਇੱਕ ਮੋਬਾਈਲ ਨੰਬਰ ਤੋਂ ਕਾਲਾਂ ਆਈਆਂ ਸਨ।
ਸਥਾਨਕ ਪੱਤਰਕਾਰ ਅਜੈ ਕੁਮਾਰ ਨਾਲ ਗੱਲ ਕਰਦਿਆਂ ਬਾਦਲ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੇ ਆਖਰੀ ਵਾਰ ਦੀਵਾਲੀ ਮੌਕੇ ਬਾਬੂ ਨਾਲ ਗੱਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਦੀਵਾਲੀ ਦਾ ਤਿਉਹਾਰ ਇਸ ਸਾਲ 1 ਨਵੰਬਰ ਨੂੰ ਮਨਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ 'ਜਦੋਂ ਵੀਡੀਓ ਕਾਲ 'ਤੇ ਗੱਲ ਹੋਈ ਤਾਂ ਬਾਬੂ ਨੇ ਉਨ੍ਹਾਂ ਨੂੰ ਕਿਹਾ ਕਿ ਮੰਮੀ ਮੈਂ ਦੁਬਈ ਆਇਆ ਹਾਂ।'
ਉਨ੍ਹਾਂ ਕਿਹਾ ਕਿ ਬਾਦਲ ਦੇ ਸ਼ਨਾਖਤੀ ਦਸਤਾਵੇਜ਼ ਇੱਥੇ ਭਾਰਤ 'ਚ ਉਨ੍ਹਾਂ ਦੇ ਘਰ ਮੌਜੂਦ ਹਨ, ਜੋ ਉਹ ਦਿੱਲੀ ਕੰਮ 'ਤੇ ਜਾਣ ਸਮੇਂ ਆਪਣੇ ਨਾਲ ਨਹੀਂ ਲੈ ਗਏ ਸਨ।
ਭਾਰਤ ਪਾਕਿਸਤਾਨ ਦੀਆਂ ਪ੍ਰੇਮ ਕਹਾਣੀਆਂ
ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਸਹਿਯੋਗ ਕਰਨ ਜਾਂ ਨਾ ਕਰਨ, ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਏ ਦਿਨ ਪ੍ਰੇਮ ਕਹਾਣੀ ਬਣ ਜਾਂਦੀ ਹੈ।
ਸੋਸ਼ਲ ਮੀਡੀਆ ਰਾਹੀਂ ਪਿਆਰ ਦੀ ਇਹ ਪਹਿਲੀ ਕਹਾਣੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਭਾਰਤ ਅਤੇ ਪਾਕਿਸਤਾਨ ਦੇ ਲੜਕੇ-ਲੜਕੀਆਂ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਅਤੇ ਫਿਰ ਉਹ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰ ਗਏ ਸਨ।
2023 ਵਿੱਚ, ਭਾਰਤੀ ਪੁਲਿਸ ਨੇ ਦਿੱਲੀ ਦੇ ਇੱਕ ਉਪਨਗਰ ਤੋਂ ਇੱਕ 27 ਸਾਲਾਂ ਪਾਕਿਸਤਾਨੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਜੋ ਆਪਣੇ ਚਾਰ ਕਿਸ਼ੋਰ ਬੱਚਿਆਂ ਨਾਲ ਇੱਕ ਭਾਰਤੀ ਆਦਮੀ ਨਾਲ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੀ ਸੀ।
ਮਹਿਲਾ ਨੇ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਸਾਲ 2019 'ਚ ਕੋਰੋਨਾ ਲੌਕਡਾਊਨ ਦੌਰਾਨ ਪਬਜੀ ਖੇਡਦੇ ਹੋਏ ਉਨ੍ਹਾਂ ਦੀ ਮੁਲਾਕਾਤ ਭਾਰਤੀ ਨਾਗਰਿਕ ਸਚਿਨ ਨਾਲ ਹੋਈ ਸੀ।
ਫਿਰ ਦੋਵਾਂ ਨੇ ਵਟਸਐਪ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਮਹਿਲਾ ਮੁਤਾਬਕ ਉਹ ਆਪਣਾ ਪਿਆਰ ਲੱਭਣ ਲਈ ਨੇਪਾਲ ਦੇ ਰਸਤੇ ਭਾਰਤ ਪਹੁੰਚੀ ਸੀ।
ਇਸੇ ਤਰ੍ਹਾਂ, 2020 ਵਿੱਚ, ਹੈਦਰਾਬਾਦ (ਪਾਕਿਸਤਾਨ) ਦੀ ਇਕਰਾ ਜਿਵਾਨੀ ਅਤੇ ਉੱਤਰ ਪ੍ਰਦੇਸ਼ ਦੇ ਮੁਲਾਇਮ ਸਿੰਘ ਯਾਦਵ ਆਨਲਾਈਨ ਲੂਡੋ ਖੇਡਦੇ ਹੋਏ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ।
ਫਿਰ ਸਰਹੱਦਾਂ ਤੋਂ ਪਾਰ ਸਬੰਧ ਕਾਇਮ ਰੱਖਣ ਵਿੱਚ ਮੁਸ਼ਕਲਾਂ ਆਈਆਂ। ਇਕਰਾ 'ਤੇ ਪਰਿਵਾਰ ਵਾਲਿਆਂ ਦਾ ਵਿਆਹ ਲਈ ਦਬਾਅ ਵੀ ਵਧ ਗਿਆ।
ਇਸ ਕਾਰਨ ਮੁਲਾਇਮ ਦੇ ਕਹਿਣ 'ਤੇ ਇਕਰਾ ਪਾਕਿਸਤਾਨ ਦੇ ਦੁਬਈ ਦੇ ਰਸਤੇ ਨੇਪਾਲ ਪਹੁੰਚੀ।
ਪੁਲਿਸ ਦਾ ਮੰਨਣਾ ਹੈ ਕਿ ਦੋਵਾਂ ਨੇ ਉੱਥੇ ਦੇ ਮੰਦਰ 'ਚ ਵਿਆਹ ਕਰਵਾਇਆ ਅਤੇ ਸਤੰਬਰ 2022 'ਚ ਨੇਪਾਲ ਤੋਂ ਪਟਨਾ ਦੇ ਰਸਤੇ ਬੰਗਲੁਰੂ ਪਹੁੰਚੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ