You’re viewing a text-only version of this website that uses less data. View the main version of the website including all images and videos.
ਕੀ ਸੱਪਾਂ ਨੂੰ ਭਾਰਤ ਵਿੱਚ ਪਾਲਤੂ ਜਾਨਵਰ ਵਾਂਗ ਪਾਲਿਆ ਜਾ ਸਕਦਾ ਹੈ, ਜਾਣੋ ਕਾਨੂੰਨ ਕੀ ਕਹਿੰਦਾ ਹੈ
- ਲੇਖਕ, ਮੁਰਲੀਧਰਨ ਕਾਸੀ ਵਿਸ਼ਵਨਾਥਨ
- ਰੋਲ, ਬੀਬੀਸੀ ਪੱਤਰਕਾਰ
ਇੱਕ ਯੂਟਿਊਬਰ ਵੱਲੋਂ ਇੱਕ ਅਜਗਰ ਦੇ ਨਾਲ ਆਪਣੀ ਵੀਡੀਓ ਪੋਸਟ ਕਰਨ ਤੋਂ ਬਾਅਦ ਜੰਗਲਾਤ ਵਿਭਾਗ ਨੇ ਚੇਨਈ ਵਿੱਚ ਇੱਕ ਨਿਰੀਖਣ ਕੀਤਾ ਹੈ।
ਜਿਵੇਂ ਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ, ਕੀ ਭਾਰਤ ਵਿੱਚ ਅਜਗਰ ਨੂੰ ਘਰ ਵਿੱਚ ਰੱਖਣਾ ਸੰਭਵ ਹੈ? ਕੀ ਕਹਿਣਾ ਹੈ ਤਮਿਲ ਨਾਡੂ ਜੰਗਲਾਤ ਵਿਭਾਗ ਦਾ? ਅਜਿਹੇ ਯੂਟਿਊਬ ਵੀਡੀਓ ਦੇ ਕੀ ਖ਼ਤਰੇ ਹਨ?
ਯੂਟਿਊਬਰ ਟੀਟੀਐੱਫ ਨੇ ਹਾਲ ਹੀ ਵਿੱਚ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਹੱਥ ਵਿੱਚ ਇੱਕ ਸੱਪ ਨੂੰ ਫੜਿਆ ਹੋਇਆ ਹੈ।
ਇਸ ਦੇ ਨਾਲ ਹੀ ਉਹ ਵੀਡੀਓ ਵਿੱਚ ਕਹਿ ਰਹੇ ਹਨ ਕਿ ਉਨ੍ਹਾਂ ਨੇ ਕਾਨੂੰਨੀ ਤੌਰ ʼਤੇ 2 ਸਾਲ ਦੇ ਸੱਪ ਨੂੰ ਖਰੀਦਿਆ ਹੈ ਅਤੇ ਉਸ ਦਾ ਨਾਮ ਪੱਪੀ ਰੱਖਿਆ ਹੈ।
ਉਹ ਇੱਕ ਪਾਲਤੂ ਜਾਨਵਰਾਂ ਦੀ ਦੁਕਾਨ ʼਤੇ ਗਏ ਅਤੇ ਸੱਪ ਲਈ ਇੱਕ ਪਿੰਜਰਾ ਵੀ ਖਰੀਦਿਆ।
ਸੱਪ ਦੀ ਵੀਡੀਓ ਜਾਰੀ ਹੋਣ ਮਗਰੋਂ ਸੋਸ਼ਲ ਮੀਡੀਆ ʼਤੇ ਸਵਾਲ ਉੱਠਣ ਲੱਗੇ। ਇਸ ਬਾਰੇ ਸੋਮਵਾਰ ਨੂੰ ਜੰਗਲਾਤ ਵਿਭਾਗ ਨੇ ਵਾਸਨ ਵੱਲੋਂ ਜ਼ਿਕਰ ਕੀਤੀ ਗਈ ਦੁਕਾਨ ʼਤੇ ਛਾਪਾ ਮਾਰਿਆ।
ਹਾਲਾਂਕਿ, ਇਸ ਰੇਡ ਬਾਰੇ ਜਾਣਕਾਰੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ।
ਕੀ ਭਾਰਤ ਵਿੱਚ ਸੱਪਾਂ ਨੂੰ ਘਰ ਵਿੱਚ ਪਾਲਿਆ ਜਾ ਸਕਦਾ ਹੈ
ਵੀਡੀਓ ਵਿੱਚ ਵਾਸਨ ਦੱਸ ਰਹੇ ਹਨ ਕਿ ਜਿਸ ਸੱਪ ਨੂੰ ਉਨ੍ਹਾਂ ਨੇ ਫੜਿਆ ਹੋਇਆ ਹੈ ਇਹ ਬਾਲ ਪਾਇਥਨ ਹੈ। ਪਰ ਕੀ ਕੋਈ ਵੀ ਸੱਪ ਨੂੰ ਇਸ ਤਰ੍ਹਾਂ ਪਾਲ ਸਕਦਾ ਹੈ?
ਇਸੇ ਵੀਡੀਓ ਵਿੱਚ ਵਾਸਨ ਇਹ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕਾਨੂੰਨੀ ਢੰਗ ਨਾਲ ਸੱਪ ਨੂੰ ਖਰੀਦਿਆ ਹੈ। ਹਾਲਾਂਕਿ, ਉਨ੍ਹਾਂ ਨੂੰ ਸੰਪਰਕ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ।
ਕੋਇੰਬਟੂਰ ਵਿੱਚ ਜੰਗਲੀ ਜੀਵ ਅਤੇ ਕੁਦਰਤ ਸੰਭਾਲ ਟਰੱਸਟ ਦੇ ਕੋਆਰਡੀਨੇਟਰ ਸਿਰਾਜੂਦੀਨ ਨੇ ਇਸ ਬਾਰੇ ਦੱਸਦਿਆਂ ਕਿਹਾ, "1972 ਦੇ ਭਾਰਤੀ ਜੰਗਲਾਤ ਸੰਭਾਲ ਐਕਟ ਦੇ ਅਨੁਸਾਰ, ਭਾਰਤ ਵਿੱਚ ਪਾਏ ਜਾਣ ਵਾਲੇ ਸੱਪਾਂ ਦੀ ਕਿਸੇ ਵੀ ਪ੍ਰਜਾਤੀ ਨੂੰ ਫੜਨਾ, ਰੱਖਣਾ, ਨਸਲ ਦੇਣਾ, ਵੇਚਣਾ, ਕਿਸੇ ਹੋਰ ਵਿਅਕਤੀ ਨੂੰ ਦੇਣਾ ਜਾਂ ਮਾਰਨਾ ਅਪਰਾਧ ਹੈ।"
"ਇਸ ਲਈ ਭਾਰਤ ਵਿੱਚ ਪਾਏ ਜਾਣ ਵਾਲੇ ਸੱਪਾਂ ਦੀ ਕੋਈ ਵੀ ਨਸਲ ਦਾ ਪ੍ਰਜਨਨ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਬਾਲ ਪਾਇਥਨ ਵਰਗੇ ਸੱਪਾਂ ਦੀਆਂ ਵਿਦੇਸ਼ੀ ਪ੍ਰਜਾਤੀਆਂ ਦਾ ਮਨਜ਼ੂਰੀ ਲੈ ਕੇ ਪ੍ਰਜਨਨ ਕੀਤਾ ਜਾ ਸਕਦਾ ਹੈ। ਜੇਕਰ ਸੱਪ ਦੀ ਕੋਈ ਹੋਰ ਪ੍ਰਜਾਤੀ ਪਾਈ ਜਾਂਦੀ ਹੈ ਤਾਂ ਜੰਗਲਾਤ ਵਿਭਾਗ ਤੁਰੰਤ ਕਾਰਵਾਈ ਕਰੇਗਾ।"
ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕੀ ਕਿਹਾ
ਇਸ ਗੱਲ ਦੀ ਪੁਸ਼ਟੀ ਤਮਿਲ ਨਾਡੂ ਦੇ ਚੀਫ ਵਾਈਲਡਲਾਈਫ ਵਾਰਡਨ ਰਾਕੇਸ਼ ਡੋਗਰਾ ਨੇ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਭਾਰਤ ਵਿੱਚ ਕਿਸੇ ਨੂੰ ਵੀ ਕਿਸੇ ਵੀ ਸਭ ਤੋਂ ਆਮ ਸੱਪ ਰੱਖਣ ਦੀ ਇਜਾਜ਼ਤ ਨਹੀਂ ਹੈ। ਇੱਥੇ ਮਿਲਣ ਵਾਲੇ ਸਾਰੇ ਸੱਪ ਅਨੁਸੂਚੀ-1 ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਨੂੰ ਰੱਖਣ ਦੀ ਆਗਿਆ ਕਿਸੇ ਨੂੰ ਨਹੀਂ ਹੈ।"
"ਹਾਲਾਂਕਿ, ਵਿਦੇਸ਼ ਤੋਂ ਲਿਆਂਦੇ ਗਏ ਵਿਦੇਸ਼ੀ ਸੱਪਾਂ ਨੂੰ ਹੀ ਰੱਖਣ ਦੀ ਆਗਿਆ ਹੈ। ਇਸ ਲਈ ਪਰਿਵੇਸ਼ਨ ਨਾਮ ਦੀ ਵੈੱਬਸਾਈਟ ਕੰਮ ਕਰ ਰਹੀ ਹੈ। ਤੁਹਾਨੂੰ ਉਸ ਵੈੱਬਸਾਈਟ 'ਤੇ ਅਪਲਾਈ ਕਰਨਾ ਹੋਵੇਗਾ ਅਤੇ ਇਜਾਜ਼ਤ ਲੈਣੀ ਹੋਵੇਗੀ।"
"ਜਿਨ੍ਹਾਂ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ, ਉਨ੍ਹਾਂ ਨੂੰ ਮਨਜ਼ੂਰੀ ਲੈਣ ਲਈ ਪਿਛਲੇ ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਕਿਸੇ ਵੀ ਹਾਲਤ ਵਿੱਚ, ਭਾਰਤ ਵਿੱਚ ਪਾਏ ਜਾਣ ਵਾਲੇ ਆਮ ਸੱਪਾਂ ਨੂੰ ਵੀ ਰੱਖਣ ਦੀ ਇਜਾਜ਼ਤ ਨਹੀਂ ਹੈ।"
ਯੂਟਿਊਬ ਵੀਡੀਓ ਦੇ ਖ਼ਤਰੇ
ਪਰ ਸਿਰਾਜੂਦੀਨ ਇਹ ਵੀ ਦੱਸਦੇ ਹਨ ਕਿ ਯੂਟਿਊਬ ਵੀਡੀਓ ਦੇ ਹੋਰ ਵੀ ਕਈ ਖ਼ਤਰੇ ਹੋ ਸਕਦੇ ਹਨ।
ਉਹ ਆਖਦੇ ਹਨ, "ਕਈ ਯੂਟਿਊਬਰ ਵਿਦੇਸ਼ ਜਾਂਦੇ ਹਨ ਅਤੇ ਉੱਥੇ ਹਿਰਨ ਤੇ ਸੱਪ ਖਾਂਦਿਆਂ ਖ਼ੁਦ ਦਿਖਾਉਂਦੇ ਹਨ, ਜਿਨ੍ਹਾਂ ਨੂੰ ਭਾਰਤ ਵਿੱਚ ਮਾਰਨ ਅਤੇ ਖਾਣ ʼਤੇ ਪਾਬੰਦੀ ਹੈ। ਇਹ ਇੱਥੇ ਲੋਕਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਇਸ ਸਭ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।"
ਉਹ ਅੱਗੇ ਆਖਦੇ ਹਨ, "ਬਾਲ ਪਾਇਥਨ ਜ਼ਹਿਰੀਲੇ ਨਹੀਂ ਹੁੰਦੇ ਅਤੇ ਇਹ ਮੱਧ ਅਤੇ ਪੱਛਮੀ ਅਫ਼ਰੀਕਾ ਦੇ ਘਾਹ ਦੇ ਮੈਦਾਨਾਂ ਵਿੱਚ ਰਹਿੰਦੇ ਹਨ। ਇਹ ਪਹਾੜੀ ਸੱਪਾਂ ਵਿੱਚੋਂ ਸਭ ਤੋਂ ਛੋਟੇ ਹਨ। ਉਨ੍ਹਾਂ ਨੂੰ ਕਦੇ-ਕਦੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਵੇਚਣ ਲਈ ਵਿਦੇਸ਼ਾਂ ਤੋਂ ਤਸਕਰੀ ਕਰ ਕੇ ਲਿਆਂਦਾ ਜਾਂਦਾ ਹੈ।
ਪਿਛਲੇ ਸਾਲ ਦਸੰਬਰ ਵਿੱਚ ਬੈਂਕੌਕ ਤੋਂ ਆਏ ਇੱਕ ਵਿਅਕਤੀ ਕੋਲੋਂ 9 ਬਾਲ ਪਾਇਥਨ ਜ਼ਬਤ ਕੀਤੇ ਗਏ ਸਨ।
ਪਿਛਲੇ ਸਾ ਸਤੰਬਰ ਵਿੱਚ ਚੇਨੱਈ ਏਅਰਪੋਰਟ ʼਤੇ ਰੇਵਿਨਿਊ ਇੰਟੈਲੀਜੈਂਸ ਨੇ 12 ਬਾਲ ਪਾਇਥਨ ਜ਼ਬਤ ਕੀਤੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ