ਇੱਕ ਹਜ਼ਾਰ ਰੁਪਏ ਟਨ ਕਿੱਥੇ ਵਿਕਦਾ ਹੈ ਆਦਿ ਮਾਨਵ ਦਾ 'ਇਤਿਹਾਸ', ਰਾਖ ਵੇਚ ਕੇ ਕਿਵੇਂ ਪੈਸੇ ਕਮਾਉਂਦੇ ਹਨ ਲੋਕ

    • ਲੇਖਕ, ਬਾਲਾ ਸਤੀਸ਼
    • ਰੋਲ, ਬੀਬੀਸੀ ਪੱਤਰਕਾਰ

ਆਂਧਰਾ ਪ੍ਰਦੇਸ਼ ਵਿੱਚ ਇੱਕ ਵਿਲੱਖਣ ਜਗ੍ਹਾ ਹੈ ਜਿੱਥੇ ਆਦਿ ਮਾਨਵ ਰਹਿੰਦੇ ਰਹੇ ਹਨ।

ਭਾਰਤ ਵਿੱਚ ਮਨੁੱਖਾਂ ਦੇ ਆਉਣ ਦੇ ਮੁੱਖ ਸਬੂਤ ਅਤੇ ਇਸ ਮਹਾਂਦੀਪ ਉੱਤੇ ਜ਼ਿੰਦਗੀ ਹੋਣ ਦੇ ਸਬੂਤ ਨੰਦਿਆਲ ਜ਼ਿਲ੍ਹੇ ਵਿੱਚ ਰਾਖ ਦੇ ਢੇਰਾਂ ਹੇਠ ਸੁਰੱਖਿਅਤ ਹਨ।

ਹਾਲਾਂਕਿ, ਜੋ ਲੋਕ ਇਸ ਇਤਿਹਾਸਕ ਸਥਾਨ ਅਤੇ ਤੱਥ ਤੋਂ ਅਣਜਾਣ ਹਨ, ਉਹ ਇੱਥੇ ਰਾਖ਼ 1,000 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਵੇਚ ਰਹੇ ਹਨ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਨਹੀਂ ਹੋਵੇਗੀ ਕਿ ਮਨੁੱਖੀ ਇਤਿਹਾਸ ਦੇ ਸਬੂਤ ਬੰਡਲਾਂ ਵਿੱਚ ਪੈਕ ਕੀਤੇ ਜਾਂਦੇ ਹਨ ਅਤੇ ਟਨਾਂ ਵਿੱਚ ਵੇਚੇ ਜਾਂਦੇ ਹਨ। ਇਹ ਅਸਲ ਵਿੱਚ ਆਂਧਰਾ ਪ੍ਰਦੇਸ਼ ਦੇ ਨੰਦਿਆਲ ਜ਼ਿਲ੍ਹੇ ਵਿੱਚ ਹੋ ਰਿਹਾ ਹੈ।

ਬੇਤਾਨਚਰਾ ਯੱਗੰਤੀ ਦੇ ਨੇੜੇ ਜਵਾਲਾਪੁਰਮ ਨਾਮਕ ਇੱਕ ਪਿੰਡ ਹੈ। ਜੋ ਕਿ ਪਹਿਲਾਂ ਕੁਰਨੂਲ ਜ਼ਿਲ੍ਹੇ ਵਿੱਚ ਸੀ ਅਤੇ ਹੁਣ ਇਹ ਨੰਦਿਆਲ ਜ਼ਿਲ੍ਹੇ ਵਿੱਚ ਹੈ।

ਇਸ ਪਿੰਡ ਵਿੱਚ ਇੱਕ ਦੁਰਲੱਭ ਕਿਸਮ ਦੀ ਰਾਖ ਪਾਈ ਜਾਂਦੀ ਹੈ।

ਰਾਖ ਇੰਡੋਨੇਸ਼ੀਆ ਤੋਂ ਭਾਰਤ ਕਿਵੇਂ ਪਹੁੰਚੀ ਹੋਵੇਗੀ?

ਭੂ-ਵਿਗਿਆਨੀਆਂ ਦੇ ਮੁਤਾਬਕ, "ਤਕਰੀਬਨ 74,000 ਸਾਲ ਪਹਿਲਾਂ ਟੋਬਾ ਨਾਮ ਦਾ ਇੱਕ ਜਵਾਲਾਮੁਖੀ ਸੁਮਾਤਰਾ ਟਾਪੂ (ਜੋ ਹੁਣ ਇੰਡੋਨੇਸ਼ੀਆ ਵਿੱਚ ਹੈ) ਉੱਤੇ ਫਟਿਆ ਸੀ। ਇਸ ਦੇ ਪ੍ਰਭਾਵ ਲਗਭਗ ਇੱਕ ਦਹਾਕੇ ਤੱਕ ਰਹੇ।"

"ਜਵਾਲਾਮੁਖੀ ਵਿੱਚੋਂ ਨਿਕਲਿਆ ਲਾਵਾ ਪੂਰੀ ਦੁਨੀਆ ਵਿੱਚ ਫੈਲ ਗਿਆ। ਇਸ ਨਾਲ ਇੱਕ ਪਰਤ ਬਣ ਗਈ ਜਿਸਨੇ ਸੂਰਜ ਦੀ ਰੌਸ਼ਨੀ ਨੂੰ ਧਰਤੀ ਤੱਕ ਪਹੁੰਚਣ ਤੋਂ ਰੋਕ ਦਿੱਤਾ ਸੀ।"

"ਸੂਰਜ ਦੀ ਰੌਸ਼ਨੀ ਤੋਂ ਬਿਨ੍ਹਾਂ, ਇੱਕ ਕਿਸਮ ਦਾ ਬਰਫ਼ ਯੁੱਗ ਪੈਦਾ ਹੋ ਗਿਆ ਸੀ। ਇਸ ਝਟਕੇ ਨੇ ਮਨੁੱਖਤਾ ਨੂੰ ਧਰਤੀ ਤੋਂ ਤਕਰੀਬਨ ਮਿਟਾ ਹੀ ਦਿੱਤਾ। ਇਸ ਤਬਾਹੀ ਤੋਂ ਬਹੁਤ ਘੱਟ ਲੋਕ ਬਚੇ।"

ਇਸ ਲਾਵੇ ਦੀ ਰਾਖ ਭਾਰਤ ਵਿੱਚ ਕੁਝ ਥਾਵਾਂ 'ਤੇ ਵੀ ਡਿੱਗੀ। ਜਵਾਲਾਪੁਰਮ ਵਿੱਚ ਵੀ ਅਜਿਹੀ ਹੀ ਰਾਖ ਹੈ ਅਤੇ ਇਹ ਕਾਫ਼ੀ ਵੱਡੀ ਮਾਤਰਾ ਮਿਲੀ ਹੈ। ਇੰਨੀ ਵੱਡੀ ਮਾਤਰਾ ਵਿੱਚ ਅਜਿਹੀ ਰਾਖ ਮਿਲਣਾ ਬਹੁਤ ਘੱਟ ਵਾਰ ਹੁੰਦਾ ਹੈ।

ਰਵੀ ਕੋਰੀਸੇਟਰ ਨਾਮ ਦੇ ਇੱਕ ਵਿਗਿਆਨੀ ਨੇ ਜਵਾਲਾਪੁਰਮ ਵਿਖੇ ਇਸ ਲਾਵੇ ਦੀ ਰਾਖ ਨੂੰ ਦੇਖਿਆ ਅਤੇ ਉੱਥੇ ਖੁਦਾਈ ਸ਼ੁਰੂ ਕੀਤੀ।

ਵਿਗਿਆਨੀ ਰਾਖ ਦੀ ਪਰਤ ਦੇ ਉੱਪਰ ਅਤੇ ਹੇਠਾਂ ਮਨੁੱਖਾਂ ਵਲੋਂ ਵਰਤੇ ਗਏ ਪੱਥਰ ਦੇ ਸੰਦਾਂ ਦੇ ਨਿਸ਼ਾਨ ਦੇਖ ਕੇ ਹੈਰਾਨ ਰਹਿ ਗਏ।

ਕਿਉਂਕਿ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਮਨੁੱਖੀ ਜੀਵਨ ਤਕਰੀਬਨ 60,000 ਸਾਲ ਪਹਿਲਾਂ ਅਫਰੀਕਾ ਤੋਂ ਭਾਰਤ ਆਇਆ ਸੀ। ਪਰ ਜਵਾਲਾਪੁਰਮ ਨੇ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਹੈ।

ਇਸ ਜਵਾਲਾਮੁਖੀ ਨੇ ਇੱਕ ਨਵੀਂ ਸੰਭਾਵਨਾ ਪੇਸ਼ ਕੀਤੀ ਹੈ ਕਿ ਮਨੁੱਖਤਾ ਇੱਥੇ 74,000 ਸਾਲ ਪਹਿਲਾਂ ਸੀ, ਨਾ ਕਿ 60,000 ਸਾਲ ਪਹਿਲਾਂ ਜਿਵੇਂ ਕਿ ਵਿਗਿਆਨੀ ਕਹਿੰਦੇ ਹਨ।

ਇੱਕ ਤਰ੍ਹਾਂ ਨਾਲ, ਇਸ ਪੁਰਾਤੱਤਵ ਸਥਾਨ ਨੇ ਭਾਰਤ ਦੇ ਪੱਥਰ ਯੁੱਗ ਦੇ ਇਤਿਹਾਸ ਦਾ ਰੁਖ਼ ਬਦਲ ਦਿੱਤਾ ਹੈ।

2009 ਵਿੱਚ ਬੀਬੀਸੀ 'ਤੇ ਪ੍ਰਸਾਰਿਤ ਹੋਈ ਦਸਤਾਵੇਜ਼ੀ ਲੜੀ 'ਦਿ ਇਨਕ੍ਰੇਡੀਬਲ ਹਿਊਮਨ ਜਰਨੀ' ਵਿੱਚ ਜਵਾਲਾਪੁਰਮ ਬਾਰੇ ਜਾਣਕਾਰੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।

ਆਕਸਫੋਰਡ ਯੂਨੀਵਰਸਿਟੀ ਦੇ ਰਵੀ ਕੋਰੀਸੇਟਰ ਅਤੇ ਮਾਈਕਲ ਪੈਟਰਾਗਲੀਆ ਸਮੇਤ ਕਈ ਹੋਰ ਵਿਗਿਆਨੀਆਂ ਨੇ ਇਸ ਜਗ੍ਹਾ 'ਤੇ ਖੋਜ ਕੀਤੀ ਹੈ।

ਕੀ ਮਨੁੱਖੀ ਜਾਤੀ ਇੱਥੇ 90,000 ਸਾਲ ਪਹਿਲਾਂ ਆ ਚੁੱਕੀ ਸੀ?

ਰਵੀ ਕੋਰੀਸੈਟਰ ਨੇ ਕਿਹਾ ਕਿ ਜਵਾਲਾਪੁਰਮ ਵਿਖੇ ਖੁਦਾਈ ਨੇ ਭਾਰਤੀ ਇਤਿਹਾਸ ਨੂੰ ਦੋ ਵੱਡੇ ਫ਼ਾਇਦੇ ਦਿੱਤੇ ਹਨ।

"ਪਹਿਲਾਂ, ਭਾਰਤ ਵਿੱਚ ਪੈਲੀਓਲਿਥਿਕ (ਪੁਰਾਪਾਸ਼ਣ) ਬਸਤੀਆਂ ਦਾ ਕ੍ਰਮ ਸਹੀ ਨਹੀਂ ਹੈ। ਪਰ ਇਹ ਰਾਖ ਇਸ ਕ੍ਰਮ ਵਿੱਚਲੇ ਪਾੜੇ ਨੂੰ ਖ਼ਤਮ ਕਰਦੀ ਹੈ।"

"ਇਹ 74,000 ਸਾਲ ਪਹਿਲਾਂ ਅਤੇ ਬਾਅਦ ਦੇ ਵਿਚਕਾਰ ਦੇ ਸਮੇਂ ਨੂੰ ਦਰਸਾਉਂਦੀ ਹੈ। ਦੂਜਾ, ਇਹ ਸਿੱਟਾ ਕੱਢਦਾ ਹੈ ਕਿ ਮਨੁੱਖ 60,000 ਸਾਲ ਪਹਿਲਾਂ ਨਹੀਂ, ਸਗੋਂ 74,000 ਸਾਲ ਪਹਿਲਾਂ ਭਾਰਤ ਆਏ ਅਤੇ ਇੱਥੇ ਰਹੇ।"

ਇਸ ਤੋਂ ਇਲਾਵਾ, ਜਵਾਲਾਮੁਖੀ ਟੋਬਾ ਫਟਣ ਨੇ ਸਾਰੀ ਮਨੁੱਖਤਾ ਨੂੰ ਤਬਾਹ ਨਹੀਂ ਕੀਤਾ ਸੀ। ਅਸੀਂ ਇਹ ਦਲੀਲ ਦੇ ਸਕਦੇ ਹਾਂ ਕਿ ਮੇਸੋਲਿਥਿਕ ਯੁੱਗ ਇਸ ਵਿਸਫ਼ੋਟ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਜਾਰੀ ਰਿਹਾ ਸੀ।

ਅਫਰੀਕਾ ਵਿੱਚ ਮਿਲੇ ਸੰਦਾਂ ਅਤੇ ਜਵਾਲਾਪੁਰਮ ਵਿੱਚ ਮਿਲੇ ਸੰਦਾਂ ਵਿੱਚ ਵੀ ਬਹੁਤ ਸਾਰੀਆਂ ਸਮਾਨਤਾਵਾਂ ਹਨ। ਇਸ ਲਈ, ਇਹ ਵੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਜਾਤੀ ਇੱਥੇ 90,000 ਸਾਲ ਪਹਿਲਾਂ ਆਈ ਹੋਵੇਗੀ।

ਰਵੀ ਕੋਰੀਸੇਟਰ ਨੇ ਬੀਬੀਸੀ ਨੂੰ ਦੱਸਿਆ, "ਇਸ ਤੋਂ ਇਲਾਵਾ, ਇਹ ਸਿਧਾਂਤ ਕਿ ਮਨੁੱਖ ਅਫਰੀਕਾ ਤੋਂ ਮਾਈਕ੍ਰੋਲਿਥਿਕ ਔਜਾਰ ਲੈ ਕੇ ਆਏ ਸਨ, ਗਲਤ ਵੀ ਹੋ ਸਕਦਾ ਹੈ।"

ਯਾਨਿ, ਜਵਾਲਾਪੁਰਮ ਆਧੁਨਿਕ ਮਨੁੱਖਾਂ ਦੇ ਵਿਕਾਸ ਅਤੇ ਭਾਰਤ ਵਿੱਚ ਪ੍ਰੀ-ਪੈਲੀਓਲਿਥਿਕ ਇਤਿਹਾਸ ਦੇ ਪੁਨਰਲੇਖਣ ਦਾ ਇੱਕ ਅਹਿਮ ਸਬੂਤ ਹੈ।

ਪਰ ਇਹ ਸਭ ਬੀਤੇ ਚੁੱਕੇ ਸਮੇਂ ਦੀ ਗੱਲ ਬਣ ਜਾਵੇਗੀ, ਕਿਉਂਕਿ ਇਸ ਰਾਖ ਦੇ ਪਿੱਛੇ ਹਜ਼ਾਰਾਂ ਸਾਲਾਂ ਦਾ ਮਨੁੱਖੀ ਇਤਿਹਾਸ ਛੁਪਿਆ ਹੋਇਆ ਹੈ। ਇਹ ਇੱਕ ਹਜ਼ਾਰ ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।

90 ਫ਼ੀਸਦ ਤੋਂ ਵੱਧ ਰਾਖ ਕੱਢ ਕੇ ਵੇਚ ਦਿੱਤੀ ਗਈ ਹੈ ਅਤੇ ਵਿਕਰੀ ਅਜੇ ਵੀ ਜਾਰੀ ਹੈ। ਹੁਣ, ਇੱਥੇ ਆਦਿ ਮਾਨਵਾਂ ਦੇ ਨਿਸ਼ਾਨ ਤਕਰੀਬਨ ਗਾਇਬ ਹੋ ਗਏ ਹਨ।

ਇੱਕ ਟਨ ਸੁਆਹ ਦੀ ਕੀਮਤ ਇੱਕ ਹਜ਼ਾਰ ਰੁਪਏ ਹੈ

ਪੁਰਾਤੱਤਵ ਸਥਾਨਾਂ 'ਤੇ ਬੁਲਡੋਜ਼ਰ ਵਰਤੇ ਜਾ ਰਹੇ ਹਨ ਜਿਨ੍ਹਾਂ ਦੀ ਖੋਜਕਾਰਾਂ ਵੱਲੋਂ ਸਾਵਧਾਨੀ ਨਾਲ ਖੁਦਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਵਿੱਚੋਂ ਰਾਖ ਕੱਢੀ ਜਾ ਰਹੀ ਹੈ ਅਤੇ ਪ੍ਰਾਚੀਨ ਰੁੱਖਾਂ ਅਤੇ ਮਨੁੱਖਾਂ ਵਲੋਂ ਵਰਤੇ ਜਾਣ ਵਾਲੇ ਹਥਿਆਰਾਂ ਦੀ ਬਚੀ ਹੋਈ ਰਹਿੰਦ-ਖੂੰਦ ਨੂੰ ਛਾਨਣੀ ਨਾਲ ਰਾਖ ਤੋਂ ਵੱਖ ਕੀਤਾ ਜਾ ਰਿਹਾ ਹੈ ਅਤੇ ਥੈਲਿਆਂ ਵਿੱਚ ਪੈਕ ਕਰਕੇ ਵੇਚਿਆ ਜਾ ਰਿਹਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਰਾਖ ਦੀ ਵਰਤੋਂ ਡਿਟਰਜੈਂਟ ਪਾਊਡਰ ਅਤੇ ਡਿਸ਼ ਧੋਣ ਵਾਲੇ ਪਾਊਡਰ ਵਿੱਚ ਕੀਤੀ ਜਾਂਦੀ ਹੈ।

ਕੁਝ ਪਿੰਡ ਵਾਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇੱਕ ਟਨ ਰਾਖ ਬੇਹੱਦ ਸਸਤੀ ਕੀਮਤ 'ਤੇ, ਯਾਨੀ 1,000 ਰੁਪਏ ਵਿੱਚ ਵੇਚ ਰਹੇ ਸਨ।

ਹਾਲਾਂਕਿ, ਬੀਬੀਸੀ ਨੇ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ ਕਿ ਕਿਹੜੀ ਕੰਪਨੀ ਇਸ ਨੂੰ ਖਰੀਦ ਰਹੀ ਹੈ ਜਾਂ ਇਸਦੀ ਵਰਤੋਂ ਕਿਸ ਲਈ ਕੀਤੀ ਜਾ ਰਹੀ ਹੈ।

ਜਦੋਂ ਬੀਬੀਸੀ ਨੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਇਸ ਖੁਦਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਅਤੇ ਉਹ ਹੁਣੇ ਕੰਮ 'ਤੇ ਪਹੁੰਚੇ ਹਨ।

ਪਰ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਰਾਖ ਦੀ ਵਿਕਰੀ ਕਈ ਸਾਲਾਂ ਤੋਂ ਚੱਲ ਰਹੀ ਹੈ।

ਬੀਬੀਸੀ ਨੇ ਉਸ ਜਗ੍ਹਾ ਦੇ ਮਾਲਕ ਨਾਲ ਵੀ ਗੱਲ ਕੀਤੀ।

ਉਹ ਕਹਿੰਦੇ ਹਨ, "ਇੱਥੇ ਹਰ ਕੋਈ ਆਪਣੇ ਖੇਤਾਂ ਵਿੱਚੋਂ ਰਾਖ ਪੁੱਟ ਰਿਹਾ ਹੈ ਅਤੇ ਵੇਚ ਰਿਹਾ ਹੈ। ਇਸੇ ਲਈ ਮੈਂ ਵੀ ਆਪਣੇ ਖੇਤਾਂ ਵਿੱਚੋਂ ਇਹ ਵੇਚ ਦਿੱਤੀ। ਮੈਨੂੰ ਇਸ ਬਾਰੇ ਜ਼ਿਆਦਾ ਨਹੀਂ ਪਤਾ।"

ਇੱਥੋਂ ਦੇ ਜ਼ਮੀਨ ਮਾਲਕਾਂ ਨੇ ਆਪਣੀ ਬਹੁਤੀ ਜ਼ਮੀਨ 'ਤੇ ਖੁਦਾਈ ਪੂਰੀ ਕਰ ਲਈ ਹੈ ਅਤੇ ਰਾਖ ਵੇਚ ਦਿੱਤੀ ਹੈ।

ਕਿਵੇਂ ਪਤਾ ਲੱਗਾ ਕਿ ਇਹ ਜਵਾਲਾਮੁਖੀ ਦੀ ਰਾਖ ਸੀ?

ਕੁਰਨੂਲ ਜ਼ਿਲ੍ਹੇ ਦੇ ਬਿਲਸਰ ਪਿੰਡ ਦੀਆਂ ਗੁਫਾਵਾਂ ਜੈਵਿਕ ਵਿਕਾਸ ਦੇ ਸਿਧਾਂਤ ਲਈ ਬਹੁਤ ਅਹਿਮ ਹਨ।

ਭਾਰਤੀ ਪੁਰਾਤੱਤਵ ਵਿਗਿਆਨ ਦੇ ਪਿਤਾਮਾ ਮੰਨੇ ਜਾਂਦੇ ਰਾਬਰਟ ਬਰੂਸ ਫੋਰਟ ਨੇ ਸਭ ਤੋਂ ਪਹਿਲਾਂ ਇਨ੍ਹਾਂ ਗੁਫ਼ਾਵਾਂ ਬਾਰੇ ਲਿਖਿਆ ਸੀ।

ਜਦੋਂ ਪੁਰਾਤੱਤਵ-ਵਿਗਿਆਨੀ ਰਵੀ ਕੋਰੀਸੇਟਰ ਦੀ ਟੀਮ ਗੁਫਾਵਾਂ ਵਿੱਚ ਮਨੁੱਖੀ ਅਵਸ਼ੇਸ਼ਾਂ ਦੀ ਖੋਜ ਕਰ ਰਹੀ ਸੀ, ਤਾਂ ਉਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਜਵਾਲਾਪੁਰਮ ਬਾਰੇ ਪਤਾ ਲੱਗਾ।

ਰਵੀ ਕੋਰੀਸੇਟਰ ਨੇ 2004-05 ਵਿੱਚ ਜਵਾਲਾਪੁਰਮ ਵਿਖੇ ਦੋ ਸਾਲਾਂ ਤੱਕ ਖੁਦਾਈ ਕੀਤੀ।

ਉਹ ਕਹਿੰਦੇ ਹਨ, "ਆਮ ਤੌਰ 'ਤੇ ਜਦੋਂ ਅਸੀਂ ਖੋਜ ਲਈ ਪੁਰਾਣੀਆਂ ਥਾਵਾਂ 'ਤੇ ਜਾਂਦੇ ਹਾਂ, ਤਾਂ ਅਕਸਰ ਨਵੇਂ ਤੱਥ ਸਾਹਮਣੇ ਆਉਂਦੇ ਹਨ।"

"ਉਹ ਚੀਜ਼ਾਂ ਜੋ ਪਹਿਲਾਂ ਨਹੀਂ ਲੱਭੀਆਂ ਗਈਆਂ ਸਨ, ਉਹ ਵੀ ਲੱਭਦੀਆਂ ਹਨ। ਮੈਨੂੰ ਲੱਗਾ ਜਿਵੇਂ ਮੈਂ ਕੁਝ ਨਵਾਂ ਖੋਜ ਰਿਹਾ ਹਾਂ। ਮੈਂ ਕੁਰਨੂਲ ਗਿਆ ਅਤੇ ਮੈਂ ਸਰਵੇ ਆਫ਼ ਇੰਡੀਆ ਟੌਪੋਗ੍ਰਾਫ਼ੀ ਸ਼ੀਟ ਵਿੱਚ ਜਵਾਲਾਪੁਰਮ ਨਾਮ ਦੇਖਣ ਲਈ ਉਤਸੁਕ ਸੀ, ਇਸ ਲਈ ਮੈਂ ਇਸ ਬਾਰੇ ਪੁੱਛਗਿੱਛ ਕੀਤੀ।"

"ਅਸੀਂ ਸਥਾਨਕ ਲੋਕਾਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦੱਸੀਆਂ।"

"ਜਦੋਂ ਅਸੀਂ ਯਗਾਂਤੀ ਇਲਾਕੇ ਦੇ ਇੱਕ ਕਿਸਾਨ ਚੇਂਗਲਾ ਰੈੱਡੀ ਨੂੰ ਜਵਾਲਾਪੁਰਮ ਅਤੇ ਪਟਾਪਾਡੂ ਬਾਰੇ ਪੁੱਛਿਆ, ਕਿ ਇੱਥੇ ਕਿਤੇ ਨੇੜੇ-ਤੇੜੇ ਚਿੱਟੀ, ਨਰਮ ਰਾਖ ਵਰਗੀ ਕੋਈ ਚੀਜ਼ ਹੈ? ਤਾਂ ਉਹ ਸਾਨੂੰ ਜਵਾਲਾਪੁਰਮ ਲੈ ਗਏ।"

ਉਹ ਕਹਿੰਦੇ ਹਨ,"ਜਦੋਂ ਮੈਂ ਪਹਿਲੀ ਵਾਰ ਜਵਾਲਾਪੁਰਮ ਗਿਆ ਸੀ, ਤਾਂ ਮੈਂ ਦੂਰੋਂ ਹਵਾ ਵਿੱਚ ਉੱਡਦੀ ਧੂੜ ਦੇਖੀ ਅਤੇ ਸੋਚਿਆ ਕਿ ਇੱਥੇ ਕੁਝ ਹੈ।"

"ਜਦੋਂ ਮੈਂ ਨੇੜੇ ਗਿਆ ਅਤੇ ਦੇਖਿਆ ਕਿ ਕੀ ਪੁੱਟਿਆ ਜਾ ਰਿਹਾ ਸੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਜਵਾਲਾਮੁਖੀ ਦੀ ਰਾਖ ਹੀ ਸੀ।"

ਹਾਲਾਂਕਿ, ਪਿੰਡ ਵਾਲੇ ਪਹਿਲਾਂ ਹੀ ਉੱਥੇ ਖੁਦਾਈ ਕਰ ਰਹੇ ਸਨ। ਇਹ ਪਤਾ ਲੱਗਾ ਕਿ ਪਿੰਡ ਵਾਸੀ ਇਸ ਗੱਲ ਤੋਂ ਅਣਜਾਣ ਸਨ ਕਿ ਇਹ ਜਵਾਲਾਮੁਖੀ ਦੀ ਸੁਆਹ ਹੈ। ਪਰ ਉਹ ਇਸ ਨੂੰ ਡਿਟਰਜੈਂਟ ਬਲਾਉਣ ਵਾਲੇ ਉਦਯੋਗਾਂ ਨੂੰ ਵੇਚ ਰਹੇ ਸਨ।

ਇਸ ਦੇ ਨਾਲ ਹੀ, ਰਵੀ ਕੋਰੀਸੇਟਰ ਨੇ ਬਿਲਾਸਪੁਰ ਵਿੱਚ ਖੁਦਾਈ ਕਰਨ ਗਈ ਟੀਮ ਦੇ ਕੁਝ ਮੈਂਬਰਾਂ ਨੂੰ ਜਵਾਲਾਪੁਰਮ ਭੇਜਿਆ। ਕਿਉਂਕਿ ਇਹ ਨਿੱਜੀ ਮਾਲਕੀ ਵਾਲੀ ਜ਼ਮੀਨ ਸੀ, ਇਸ ਲਈ ਉਨ੍ਹਾਂ ਨੇ ਉੱਥੋਂ ਦੇ ਕਿਸਾਨਾਂ ਨੂੰ ਕੁਝ ਪੈਸੇ ਦਿੱਤੇ ਅਤੇ ਖੁਦਾਈ ਦਾ ਕੰਮ ਕਰਵਾਇਆ।

ਉੱਥੇ ਤਕਰੀਬਨ ਇੱਕ ਸਾਲ ਮਿਹਨਤ ਨਾਲ ਕੰਮ ਕਰਨ ਤੋਂ ਬਾਅਦ, ਬਹੁਤ ਸਾਰੇ ਦਿਲਚਸਪ ਤੱਥ ਸਾਹਮਣੇ ਆਏ।

ਉਹ ਕਹਿੰਦੇ ਹਨ, "ਜਵਾਲਾਪੁਰਮ ਖੁਦਾਈ ਦੌਰਾਨ ਇੱਕ ਮੱਧਯੁਗੀ ਪੈਲੀਓਲਿਥਿਕ ਪੱਥਰ ਮਿਲਿਆ ਸੀ। ਨੇੜੇ ਹੀ ਇੱਕ ਸ਼ੁਰੂਆਤੀ ਪੈਲੀਓਲਿਥਿਕ ਪੱਥਰ ਵੀ ਮਿਲਿਆ ਸੀ।"

"ਜੁਰੇਰੂ ਨਦੀ ਦੇ ਕੰਢੇ 'ਤੇ ਮਾਈਕ੍ਰੋਲਿਥਿਕ ਵਸਤੂਆਂ ਮਿਲੀਆਂ ਸਨ। ਯਗਾਂਤੀ ਪੇਂਟ ਕੀਤੇ ਚੱਟਾਨਾਂ ਦੇ ਆਸਰਾ-ਘਰ ਦੇ ਨੇੜੇ ਜ਼ਮੀਨ 'ਤੇ ਮਾਈਕ੍ਰੋਲਿਥਿਕ ਔਜਾਰ ਮਿਲੇ ਸਨ। ਯਾਨਿ, ਤਕਰੀਬਨ 2,000 ਏਕੜ ਦੇ ਖੇਤਰ ਵਿੱਚ ਫੈਲੇ ਪੈਲੀਓਲਿਥਿਕ ਤੋਂ ਲੈ ਕੇ ਮੇਗਾਲਿਥਿਕ ਤੱਕ ਮਨੁੱਖੀ ਹੋਂਦ ਦੇ ਬਹੁਤ ਸਾਰੇ ਸਬੂਤ ਇੱਥੇ ਲੁਕੇ ਹੋਏ ਹਨ।"

ਜਵਾਲਾਪੁਰਮ ਦੀ ਅਹਿਮੀਅਤ ਬਾਰੇ ਦੱਸਦੇ ਹੋਏ, ਉਨ੍ਹਾਂ ਕਿਹਾ, "ਪੂਰਬੀ ਅਫ਼ਰੀਕਾ ਵਿੱਚ ਵੀ ਇਸੇ ਤਰ੍ਹਾਂ ਦੇ ਸਬੂਤ ਮਿਲੇ ਹਨ।"

ਸਥਾਨਕ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ

ਵਰਤਮਾਨ ਵਿੱਚ, ਜਵਾਲਾਪੁਰਮ ਖੁਦਾਈ ਦੌਰਾਨ ਮਿਲੀਆਂ ਸਾਰੀਆਂ ਵਸਤੂਆਂ ਕਰਨਾਟਕ ਵਿੱਚ ਸੁਰੱਖਿਅਤ ਹਨ।

ਰਵੀ ਨੇ ਕਰਨਾਟਕ ਦੇ ਬੇਲਾਰੀ ਵਿੱਚ ਰੌਬਰਟ ਬਰੂਸ ਫੋਰਟ ਸੰਗਨਾਕੱਲੂ ਅਜਾਇਬ ਘਰ ਵਿੱਚ ਪੱਥਰ ਦੇ ਔਜਾਰ ਅਤੇ ਹੋਰ ਅਹਿਮ ਅਵਸ਼ੇਸ਼ ਸੁਰੱਖਿਅਤ ਰੱਖੇ ਹਨ।

ਰਵੀ ਕਹਿੰਦੇ ਹਨ, "ਜਦੋਂ ਮੈਂ ਉੱਥੇ ਗਿਆ ਤਾਂ ਉਹ ਰਾਖ ਵੇਚ ਰਹੇ ਸਨ।"

ਸ਼ਾਇਦ ਕਿਸੇ ਨੇ ਇਸਦੀ ਅਹਿਮੀਅਤ ਨੂੰ ਪਹਿਲਾਂ ਹੀ ਸਮਝ ਲਿਆ ਸੀ ਅਤੇ ਇਸ ਨੂੰ ਸੰਭਾਲਣ ਦੀ ਬਜਾਇ, ਇਸ ਨੂੰ ਵਪਾਰਕ ਤੌਰ 'ਤੇ ਵੇਚਣਾ ਸ਼ੁਰੂ ਕਰ ਦਿੱਤਾ।

ਉਹ ਕਹਿੰਦੇ ਹਨ, "ਅਸੀਂ ਸਥਾਨਕ ਲੋਕਾਂ ਨੂੰ ਇਲਾਕੇ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਉਣ ਦੀ ਕੋਸ਼ਿਸ਼ ਕੀਤੀ।"

"ਜਦੋਂ ਅਸੀਂ ਉੱਥੇ ਪਹੁੰਚੇ, ਇਹ 50 ਫ਼ੀਸਦ ਖਰਾਬ ਹੋ ਚੁੱਕਾ ਸੀ। ਮੈਂ ਪਿਛਲੇ ਦਸ ਸਾਲਾਂ ਤੋਂ ਉੱਥੇ ਜਾ ਰਿਹਾ ਹਾਂ। ਮੈਂ ਉੱਥੇ ਇਸ ਉਮੀਦ ਵਿੱਚ ਜਾ ਰਿਹਾ ਹਾਂ ਕਿ ਮੈਨੂੰ ਕੁਝ ਹੋਰ ਮਿਲੇਗਾ। ਪਰ ਇੱਕ ਵਾਰ ਜਦੋਂ ਤੁਸੀਂ ਕੁਝ ਪੁੱਟਦੇ ਹੋ ਅਤੇ ਇਸ ਨੂੰ ਦੁਬਾਰਾ ਢੱਕ ਦਿੰਦੇ ਹੋ, ਤਾਂ ਤੁਹਾਨੂੰ ਹੋਰ ਕੁਝ ਨਹੀਂ ਮਿਲਦਾ।"

ਰਵੀ ਕੋਰੀਸੇਟਰ ਹਉਕਾ ਭਰਦੇ ਹਨ, "ਅਸੀਂ ਘਰ-ਘਰ ਗਏ, ਪਰਚੇ ਵੰਡੇ ਅਤੇ ਪਿੰਡ ਵਾਸੀਆਂ ਨੂੰ ਇਸ ਬਾਰੇ ਸਮਝਾਇਆ। ਅਸੀਂ ਸਕੂਲਾਂ ਵਿੱਚ ਪ੍ਰਯੋਗ ਕੀਤੇ। ਅਸੀਂ ਬੱਚਿਆਂ ਨੂੰ ਸਿੱਖਿਆ ਦਿੱਤੀ। ਪਰ ਹੁਣ ਇਸ ਨੂੰ ਸੰਭਾਲਣ ਦਾ ਕੋਈ ਮਤਲਬ ਨਹੀਂ ਹੈ। ਇਹ ਜ਼ਿਆਦਾਤਰ ਖਰਾਬ ਹੋ ਚੁੱਕਾ ਹੈ।"

ਜਵਾਲਾਪੁਰਮ ਵਿੱਚ ਪੱਥਰ ਦੇ ਔਜਾਰ ਮਿਲੇ ਸਨ। ਪਰ ਸਾਨੂੰ ਇਹ ਜਾਨਣ ਦੀ ਲੋੜ ਹੈ ਕਿ ਇਹ ਕਿਸ ਨੇ ਕੀਤਾ। ਕਿਉਂਕਿ ਇਹ ਔਜਾਰ ਅੰਸ਼ਕ ਸਬੂਤ ਹਨ। ਜੇਕਰ ਮਨੁੱਖੀ ਹੱਡੀਆਂ ਮਿਲ ਜਾਂਦੀਆਂ ਹਨ, ਤਾਂ ਇਹ ਠੋਸ ਸਬੂਤ ਹੋਵੇਗਾ।

ਇਹ ਜਾਨਣ ਦੀ ਲੋੜ ਹੈ ਕਿ ਇਹ ਯੰਤਰ ਕਿਸ ਨੇ ਬਣਾਏ ਹਨ। ਇਸ ਲਈ ਹੋਰ ਖੋਜ ਦੀ ਲੋੜ ਹੈ। ਪਰ ਉੱਥੋਂ ਦੇ ਰਾਖ ਬਰਾਮਦ ਦੇ ਕਾਰੋਬਾਰ ਨੇ ਇਸ ਜਗ੍ਹਾ ਨੂੰ ਖੋਜ ਦੇ ਯੋਗ ਰਹਿਣ ਨਹੀਂ ਦਿੱਤਾ।

ਸਥਾਨਕ ਪ੍ਰਸ਼ਾਸਨ ਵਿੱਚੋਂ ਕਿਸੇ ਨੇ ਵੀ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

ਜਦੋਂ ਬੀਬੀਸੀ ਨੇ ਇਸ ਬਾਰੇ ਨੰਦਿਆਲ ਜ਼ਿਲ੍ਹਾ ਕੁਲੈਕਟਰ ਰਾਜਾ ਕੁਮਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਇਸ ਜਗ੍ਹਾ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਜਾਣਗੇ।

ਜਵਾਲਾਪੁਰਮ ਨਾਮ ਕਿਵੇਂ ਪਿਆ?

ਜਵਾਲਾ ਦਾ ਸੰਸਕ੍ਰਿਤ ਵਿੱਚ ਅਰਥ ਹੈ ਅੱਗ।

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਸ ਪਿੰਡ ਦਾ ਨਾਮ ਜਵਾਲਾਮੁਖੀ ਦੀ ਰਾਖ ਤੋਂ ਪਿਆ ਹੈ।

ਹਾਲਾਂਕਿ, ਕੁਝ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦਾ ਅਸਲ ਨਾਮ ਜੋਲਾ ਸੀ, ਜਿਸਦਾ ਅਰਥ ਹੈ 'ਜਵਾਹਰ' ਅਤੇ ਇਹ ਹੌਲੀ ਹੌਲੀ ਜਾਵਾ ਬਣ ਗਿਆ।

ਇਸ ਪਿੰਡ ਦੇ ਨੇੜੇ ਪਹਾੜੀਆਂ ਦੀਆਂ ਗੁਫ਼ਾਵਾਂ ਵਿੱਚ ਆਦਿਮ ਮਨੁੱਖ ਦੁਆਰਾ ਬਣਾਏ ਗਏ ਚਿੱਤਰ ਵੀ ਹਨ। ਇਨ੍ਹਾਂ ਨੂੰ ਪੇਂਟ ਕੀਤੀਆਂ ਚੱਟਾਨਾਂ ਜਾਂ ਆਸਰਾ ਕਿਹਾ ਜਾਂਦਾ ਹੈ।

ਇਸ ਪਿੰਡ ਦੇ ਨੇੜੇ ਹੀ ਨਹੀਂ ਸਗੋਂ ਯਗਾਂਤੀ ਦੇ ਆਲੇ-ਦੁਆਲੇ ਵੀ, ਬਿਲਾਸਰਗਮ ਗੁਫ਼ਾਵਾਂ ਵਿੱਚ ਜਾਨਵਰਾਂ ਦੇ ਅਵਸ਼ੇਸ਼ ਹਨ। ਇਹ ਸਭ ਕੁਝ ਮਨੁੱਖੀ ਇਤਿਹਾਸ ਦੀਆਂ ਮੁੱਖ ਘਟਨਾਵਾਂ ਨੂੰ ਸਮਝਣ ਵਿੱਚ ਲਾਭਦਾਇਕ ਸਾਬਤ ਹੋ ਸਕਦਾ ਹੈ।

ਰਵੀ ਕੋਰੀਸੇਟਰ ਕਹਿੰਦੇ ਹਨ, "ਯਗਾਂਤੀ, ਬੇਤਾਨਚਰਾ ਅਤੇ ਬਿਲਾਸਰਗਮ ਦੇ ਆਲੇ-ਦੁਆਲੇ ਸੈਂਕੜੇ ਰੰਗੀਨ ਚੱਟਾਨਾਂ ਹੋਣ ਦੇ ਆਸਾਰ ਮਿਲੇ ਹਨ। ਯਗਾਂਤੀ ਦੇ ਆਲੇ-ਦੁਆਲੇ ਅਜਿਹੀਆਂ ਬਹੁਤ ਸਾਰੀਆਂ ਗੁਫ਼ਾਵਾਂ ਹਨ।"

ਕੁਰਨੂਲ ਜ਼ਿਲ੍ਹੇ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਮਨੁੱਖਤਾ ਦੇ ਪੂਰਵ-ਇਤਿਹਾਸਕ ਤੱਥਾਂ ਅਤੇ ਭਾਰਤ ਦੇ ਪੱਥਰ ਯੁੱਗ ਦੇ ਇਤਿਹਾਸ ਦੇ ਭਰਪੂਰ ਸਬੂਤ ਹਨ। ਪਰ ਇਨ੍ਹਾਂ ਥਾਵਾਂ ਦੀ ਤਬਾਹੀ ਅਜੇ ਵੀ ਜਾਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)