You’re viewing a text-only version of this website that uses less data. View the main version of the website including all images and videos.
ਨਾਲੰਦਾ ਯੂਨੀਵਰਸਿਟੀ: ਡਾਕੂਆਂ, ਤੀਰਾਂ ਤੇ ਹਨੇਰੀਆਂ ਦੇ ਖ਼ਤਰੇ ਝੱਲ ਕੇ ਜਦੋਂ ਚੀਨੀ ਯਾਤਰੀ ਗਿਆਨ ਦੇ ਕੇਂਦਰ ਵਿੱਚ ਪਹੁੰਚਿਆ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਹਿੰਦੀ
ਸੰਨ 629 ਦੀਆਂ ਸਰਦੀਆਂ ਵਿੱਚ 29 ਸਾਲ ਦੇ ਇੱਕ ਉੱਚਾ-ਲੰਬੇ ਵਿਅਕਤੀ ਨੇ ਚੀਨ ਦੇ ਸ਼ਹਿਰ ਚਾਂਗਆਨ ਤੋਂ ਭਾਰਤ ਪਹੁੰਚਣ ਦੇ ਇਰਾਦੇ ਨਾਲ ਪੈਦਲ ਆਪਣਾ ਸਫ਼ਰ ਸ਼ੁਰੂ ਕੀਤਾ।
ਇਹ ਸਫ਼ਰ ਕਰਨ ਦਾ ਸਹੀ ਸਮਾਂ ਨਹੀਂ ਸੀ ਕਿਉਂਕਿ ਚੀਨ ਵਿੱਚ ਉਸ ਸਮੇਂ ਖਾਨਾ ਜੰਗੀ ਚੱਲ ਰਹੀ ਸੀ ਅਤੇ ਉੱਥੋਂ ਦੀਆਂ ਸੜਕਾਂ ਉੱਤੇ ਡਾਕੂਆਂ ਅਤੇ ਲੁਟੇਰਿਆਂ ਦਾ ਬੋਲਬਾਲਾ ਸੀ।
ਦੂਜੇ ਚੀਨ ਦੇ ਨਾਗਰਿਕਾਂ ਦੇ ਦੇਸ਼ ਛੱਡਣ ਉੱਤੇ ਪਾਬੰਦੀ ਲੱਗੀ ਹੋਈ ਸੀ। ਇਸ ਯਾਤਰੀ ਦਾ ਨਾਮ ਹਿਊਨਸਾਂਗ ਸੀ।
ਵਿਲੀਅਮ ਡੇਲਰਿੰਪਲ ਆਪਣੀ ਹਾਲ ਹੀ ਵਿੱਚ ਛਪੀ ਕਿਤਾਬ ਦਿ ਗੋਲਡਨ ਰੋਡ, ‘ਹਾਓ ਐਂਸ਼ੀਅੰਟ ਇੰਡੀਆ ਟਰਾਂਸਫਰਡ ਦਿ ਵਰਲਡ’ ਵਿੱਚ ਲਿਖਦੇ ਹਨ, “ਹਿਊਨਸਾਂਗ ਦਾ ਇਰਾਦਾ ਨਾਲੰਦਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਉੱਤੇ ਪੜ੍ਹਾਈ ਕਰਨ ਦਾ ਸੀ। ਉਸ ਸਮੇਂ ਨਾਲੰਦਾ ਵਿੱਚ ਦੁਨੀਆਂ ਦੇ ਸਭ ਤੋਂ ਵੱਡੀ ਬੌਧ ਲਾਇਬ੍ਰੇਰੀ ਹੁੰਦੀ ਸੀ। ਚਾਂਗ’ਯਾਨ ਤੋਂ ਨਾਲੰਦਾ ਦੀ ਦੂਰੀ ਸਾਢੇ ਚਾਰ ਹਜ਼ਾਰ ਕਿਲੋਮੀਟਰ ਤੋਂ ਵੀ ਜ਼ਿਆਦਾ ਸੀ।”
ਉਸ ਦੌਰ ਵਿੱਚ ਨਾਲੰਦਾ ਪਹੁੰਚਣਾ ਕੋਈ ਮਾਮੂਲੀ ਗੱਲ ਨਹੀਂ ਸੀ, ਚੀਨ ਦੀ ਸਰਕਾਰ ਨੇ ਉਨ੍ਹਾਂ ਦੇ ਉੱਥੇ ਜਾਣ ਦੀ ਅਰਜ਼ੀ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ।
ਡੇਲਰਿੰਪਲ ਲਿਖਦੇ ਹਨ ਉਸ ਸਾਲ ਚੀਨ ਵਿੱਚ ਬਹੁਤ ਵੱਡਾ ਸੋਕਾ ਪਿਆ ਸੀ। ਇਸ ਗੱਲ ਦੀ ਬਹੁਤ ਸੰਭਾਵਨਾ ਸੀ ਕਿ ਜੇ ਹਿਊਨਸਾਂਗ ਪ੍ਰਸ਼ਾਸਨ ਅਤੇ ਡਾਕੂਆਂ ਤੋਂ ਬਚ ਵੀ ਜਾਂਦੇ ਤਾਂ ਭੁਖਮਰੀ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੰਦੀ। ਲੇਕਿਨ ਹਿਊਨਸਾਂਗ ਨੂੰ ਖ਼ਤਰੇ ਚੁੱਕਣ ਦੀ ਆਦਤ ਪੈ ਚੁੱਕੀ ਸੀ।”
ਤੀਰ ਨਾਲ ਹਮਲਾ
ਲਗਭਗ ਡੇਢ ਸੌ ਕਿਲੋਮੀਟਰ ਤੁਰਨ ਤੋਂ ਬਾਅਦ ਹਿਊਨਸਾਂਗ ਲਿਆਨਜੋ ਨਗਰ ਪਹੁੰਚੇ। ਉੱਥੇ ਉਨ੍ਹਾਂ ਨੇ ਇੱਕ ਘੋੜਾ ਖ਼ਰੀਦਣ ਦਾ ਮਨ ਬਣਾਇਆ। ਜਦੋਂ ਉਹ ਬਜ਼ਾਰ ਵਿੱਚ ਘੋੜਾ ਖ਼ਰੀਦਣ ਦੇ ਲਈ ਭਾਅ ਬਣਾ ਰਹੇ ਸਨ ਤਾਂ ਕੁਝ ਸੈਨਿਕਾਂ ਦੀ ਨਜ਼ਰ ਉਨ੍ਹਾਂ ਉੱਤੇ ਪੈ ਗਈ।
ਸਥਾਨਕ ਗਵਰਨਰ ਨੇ ਉਨ੍ਹਾਂ ਨੂੰ ਵਾਪਸ ਮੁੜਨ ਦਾ ਹੁਕਮ ਦਿੱਤਾ। ਹਿਊਨਸਾਂਗ ਨੇ ਹੁਕਮ ਨਹੀਂ ਮੰਨਿਆ ਅਤੇ ਸਵੇਰ ਹੋਣ ਤੋਂ ਪਹਿਲਾਂ ਚੁੱਪਚਾਪ ਸ਼ਹਿਰ ਤੋਂ ਬਾਹਰ ਨਿਕਲ ਗਏ। ਉਨ੍ਹਾਂ ਨੇ ਪੱਛਮ ਵੱਲ ਆਪਣਾ ਸਫ਼ਰ ਜਾਰੀ ਰੱਖਿਆ। ਫੜੇ ਜਾਣ ਦੇ ਡਰ ਤੋਂ ਉਹ ਦਿਨ ਵਿੱਚ ਲੁਕ ਜਾਂਦੇ ਅਤੇ ਰਾਤ ਵਿੱਚ ਤੁਰਦੇ ਸਨ।
ਸਰਮਨਾ ਹੂਈਲਾਈ ਅਤੇ ਸ਼ੀ ਯੈਨਕੌਂਗ ਆਪਣੀ ਕਿਤਾਬ ‘ਏ ਬਾਇਓਗ੍ਰਾਫ਼ੀ ਆਫ਼ ਦਿ ਤ੍ਰਿਪਿਟਿਕਾ ਮਾਸਟਰ ਆਫ਼ ਦਿ ਗ੍ਰੇਟ ਸਿਏਨ ਮੌਨਾਸਟਰੀ’ ਵਿੱਚ ਲਿਖਦੇ ਹਨ, “ਇਸ ਡਰੋਂ ਕਿ ਮਚਾਨ ਉੱਤੇ ਤੈਨਾਤ ਪਹਿਰੇਦਾਰ ਉਨ੍ਹਾਂ ਨੂੰ ਦੇਖ ਲੈਣਗੇ, ਹਿਊਨਸਾਂਗ ਇੱਕ ਰੇਤ ਦੀ ਖੱਡ ਵਿੱਚ ਲੁਕ ਗਏ ਅਤੇ ਰਾਤ ਹੋਣ ਤੱਕ ਉਸੇ ਖੱਡ ਵਿੱਚ ਲੁਕੇ ਰਹੇ। ਰਾਤ ਨੂੰ ਜਦੋਂ ਉਹ ਇੱਕ ਤਲਾਅ ਤੋਂ ਪਾਣੀ ਲੈ ਰਹੇ ਸਨ, ਇੱਕ ਤੀਰ ਉਨ੍ਹਾਂ ਨੂੰ ਛੂਹ ਕੇ ਨਿਕਲ ਗਿਆ। ਇੱਕ ਪਲ ਬਾਅਦ ਇੱਕ ਹੋਰ ਤੀਰ ਉਨ੍ਹਾਂ ਵੱਲ ਆਇਆ। ਇਹ ਅਹਿਸਾਸ ਹੁੰਦੇ ਹੀ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹ ਜ਼ੋਰ ਨਾਲ ਚੀਖੇ, ਮੈਂ ਰਾਜਧਾਨੀ ਤੋਂ ਆਇਆ ਭਿਕਸ਼ੂ ਹਾਂ ਮੈਨੂੰ ਨਾ ਮਾਰੋ।”
ਮਾਚਨ ਉੱਤੇ ਤੈਨਾਤ ਸੈਨਿਕਾਂ ਦੀ ਪ੍ਰਮੁੱਖ ਇੱਕ ਬੋਧੀ ਸੀ। ਹਾਲਾਂਕਿ ਉਸ ਨੂੰ ਹਿਊਨਸਾਂਗ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਮਿਲ ਚੁੱਕੇ ਸਨ ਲੇਕਿਨ ਉਸ ਨੇ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।
ਉਸ ਨੇ ਉਨ੍ਹਾਂ ਨੂੰ ਰੋਟੀ ਖੁਆਈ ਅਤੇ ਦੱਸਿਆ ਕਿ ਕਿਸ ਰਸਤੇ ਤੋਂ ਜਾਣ ਜਿੱਥੇ ਉਨ੍ਹਾਂ ਨੂੰ ਫੜਿਆ ਨਾ ਜਾ ਸਕੇ। ਉਹ ਕੁਝ ਦੂਰ ਤੱਕ ਉਨ੍ਹਾਂ ਦੇ ਨਾਲ ਵੀ ਗਿਆ।
ਡਾਕੂਆਂ ਨੇ ਘੇਰਿਆ
ਇਸ ਤੋਂ ਬਾਅਦ ਹਿਊਨਸਾਂਗ ਮੋਹੇਯਾਨ ਰੇਗਿਸਤਾਨ, ਪਾਮੀਰ ਦਰਾ, ਸਮਰਕੰਦ ਅਤੇ ਬਾਮੀਆਨ ਹੁੰਦੇ ਹੋਏ ਜਲਾਲਾਬਾਦ ਦੇ ਕੋਲੋਂ ਭਾਰਤ ਵਿੱਚ ਦਾਖ਼ਲ ਹੋਏ।
ਮੈਦਾਨੀ ਇਲਾਕੇ ਵਿੱਚ ਪਹੁੰਚ ਕੇ ਗੰਗਾ ਨਦੀ ਵਿੱਚ ਉਹ ਇੱਕ ਕਿਸ਼ਤੀ ਵਿੱਚ ਸਵਾਰ ਹੋਏ। ਉਨ੍ਹਾਂ ਦੇ ਨਾਲ 80 ਹੋਰ ਯਾਤਰੀ ਸਨ। ਕਰੀਬ 100 ਮੀਲ ਚੱਲਣ ਤੋਂ ਬਾਅਦ ਉਹ ਇੱਕ ਅਜਿਹੀ ਥਾਂ ਪਹੁੰਚੇ ਜਿੱਥੇ ਨਦੀ ਦੇ ਦੋਵਾਂ ਕਿਨਾਰਿਆਂ ਉੱਤੇ ਅਸ਼ੋਕ ਦੇ ਉੱਚੇ-ਉੱਚੇ ਰੁੱਖ ਸਨ।
ਅਚਾਨਕ ਉਨ੍ਹਾਂ ਰੁੱਖਾਂ ਦੇ ਪਿੱਛੋਂ ਡਾਕੂਆਂ ਦਾ ਇੱਕ ਗਿਰੋਹ ਪਰਗਟ ਹੋਇਆ ਅਤੇ ਨਦੀ ਦੇ ਵਹਾਅ ਤੋਂ ਉਲਟ ਕਿਸ਼ਤੇ ਹੱਕਦੇ ਹੋਏ ਉਨ੍ਹਾਂ ਵੱਲ ਵਧਿਆ।
ਹਿਊਨਸਾਂਗ ਦੀ ਕਿਸ਼ਤੀ ਦੇ ਲੋਕ ਇੰਨਾ ਡਰ ਗਏ ਕਿ ਕੁਝ ਨੇ ਤਾਂ ਨਦੀ ਵਿੱਚ ਛਾਲ ਮਾਰ ਦਿੱਤੀ।
ਡਾਕੂਆਂ ਨੇ ਉਨ੍ਹਾਂ ਦੀ ਕਿਸ਼ਤੀ ਨੂੰ ਕਿਨਾਰੇ ਲਾਉਣ ਦੀ ਮਜਬੂਰ ਕੀਤਾ, ਜਿੱਥੇ ਪਹੁੰਚ ਕੇ ਉਨ੍ਹਾਂ ਨੇ ਸਵਾਰੀਆਂ ਨੂੰ ਕੱਪੜੇ ਲਾਹੁਣ ਲਈ ਕਿਹਾ ਤਾਂ ਕਿ ਰਤਨਾਂ ਅਤੇ ਗਹਿਣਿਆਂ ਦੀ ਪਛਾਣ ਕੀਤੀ ਜਾ ਸਕੇ।
ਸਰਮਨਾ ਹੂਈਲਾਈ ਅਤੇ ਸ਼ੀ ਯੈਨਕੌਂਗ ਲਿਖਦੇ ਹਨ, “ਉਹ ਡਾਕੂ ਦੇਵੀ ਭਗਤ ਸਨ। ਉਹ ਪਤਝੜ ਵਿੱਚ ਦੇਵੀ ਦੇ ਸਨਮੁਖ ਕਿਸੇ ਹੱਟੇ-ਕੱਟੇ ਵਿਅਕਤੀ ਦੀ ਬਲੀ ਦੇਣਾ ਚਾਹੁੰਦੇ ਸਨ। ਹਿਊਨਸਾਂਗ ਨੂੰ ਦੇਖਦੇ ਹੀ ਉਨ੍ਹਾਂ ਨੇ ਅੱਖ ਦੇ ਇਸ਼ਾਰੇ ਨਾਲ ਗੱਲ ਕੀਤੀ ਕਿ ਪੂਜਾ ਨੇੜੇ ਹੈ ਕਿਉਂ ਨਾ ਆਪਾਂ ਇਸੇ ਦੀ ਭੇਂਟ ਚੜ੍ਹਾ ਦੇਈਏ।”
ਕਾਲੀ ਹਨੇਰੀ ਨੇ ਬਚਾਇਆ
ਬਲੀ ਲਈ ਮੰਡਪ ਤਿਆਰ ਕੀਤਾ ਜਾਣ ਲੱਗਿਆ। ਹਿਊਨਸਾਂਗ ਕਿਸੇ ਤਰ੍ਹਾਂ ਵੀ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਨ੍ਹਾਂ ਨੂੰ ਕੋਈ ਡਰ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਅੰਤਮ ਅਰਦਾਸ ਕਰਨ ਦੀ ਆਗਿਆ ਮੰਗੀ। ਇਸ ਤੋਂ ਬਾਅਦ ਉਹ ਧਿਆਨ ਵਿੱਚ ਚਲੇ ਗਏ।
ਸਰਮਨਾ ਹੂਈਲਾਈ ਅਤੇ ਸ਼ੀ ਯੈਨਕੌਂਗ ਲਿਖਦੇ ਹਨ, “ਸਾਰੇ ਯਾਤਰੀ ਜ਼ੋਰ-ਜ਼ੋਰ ਦੀ ਚੀਖਣ ਲੱਗੇ। ਉਦੋਂ ਹੀ ਚਾਰੇ ਪਾਸੇ ਕਾਲੀ ਹਨੇਰੀ ਚੱਲਣੀ ਸ਼ੁਰੂ ਹੋਈ ਗਈ। ਨਦੀ ਦੀਆਂ ਲਹਿਰਾਂ ਤੇਜ਼ ਹੋ ਗਈਆਂ ਅਤੇ ਕਿਸ਼ਤੀ ਲਗਭਗ ਪਲਟਣ ਹੀ ਵਾਲੀ ਸੀ। ਡਾਕੂਆਂ ਨੇ ਯਾਤਰੀਆਂ ਨੂੰ ਘਬਰਾ ਕੇ ਪੁੱਛਿਆ, ਇਹ ਸਾਧੂ ਕਿੱਥੋਂ ਆਇਆ ਹੈ ਅਤੇ ਇਸਦਾ ਨਾਮ ਕੀ ਹੈ?”
ਇਸ ਤੋਂ ਬਾਅਦ ਜੋ ਹੋਇਆ ਉਸਦਾ ਵੇਰਵਾ ਬੜਾ ਦਿਲਚਸਪ ਹੈ,“ਯਾਤਰੀਆਂ ਨੇ ਜਵਾਬ ਦਿੱਤਾ ਕਿ ਇਹ ਸਾਧੂ ਧਰਮ ਦੀ ਤਲਾਸ਼ ਵਿੱਚ ਚੀਨ ਤੋਂ ਆਇਆ ਹੈ। ਹਨੇਰੀ ਆਉਣ ਦਾ ਮਤਲਬ ਹੈ ਦੇਵੀ ਤੁਹਾਡੇ ਤੋਂ ਨਰਾਜ਼ ਹੋ ਗਈ ਹੈ। ਤੁਸੀਂ ਤੁਰੰਤ ਮਾਫ਼ੀ ਮੰਗੋ ਨਹੀਂ ਤਾਂ ਪੱਟੇ ਜਾਓਂਗੇ। ਡਾਕੂਆਂ ਨੇ ਤੁਰੰਤ ਹਿਊਨਸਾਂਗ ਤੋਂ ਮਾਫ਼ੀ ਮੰਗੀ। ਉਹ ਉਨ੍ਹਾਂ ਦੇ ਸਾਹਮਣੇ ਲੇਟ ਗਏ। ਲੇਕਿਨ ਹਿਊਨਸਾਂਗ ਅੱਖਾਂ ਮੀਚੀ ਬੈਠੇ ਸਨ। ਜਦੋਂ ਉਨ੍ਹਾਂ ਨੇ ਛੂਹਿਆ ਤਾਂ ਉਨ੍ਹਾਂ ਨੇ ਅੱਖਾਂ ਖੋਲ੍ਹੀਆਂ।”
ਨਾਲੰਦਾ ਵਿੱਚ ਮਿਸਾਲੀ ਸਵਾਗਤ
ਛੇ ਸਾਲ ਤੱਕ ਲਗਾਤਾਰ ਤੁਰਨ ਤੋਂ ਬਾਅਦ ਹਿਊਨਸਾਂਗ ਨੇ ਉਸ ਧਰਤੀ ਨੂੰ ਛੂਹਿਆ, ਜਿਸ ਉੱਤੇ ਕਦੇ ਗੌਤਮ ਬੁੱਧ ਤੁਰੇ ਸਨ। ਪਹਿਲਾਂ ਉਹ ਸ਼੍ਰਾਵਸਤੀ ਪਹੁੰਚੇ, ਫਿਰ ਸਾਰਨਾਥ ਗਏ ਜਿੱਥੇ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਉਹ ਪਾਟਲੀ ਪੁੱਤਰ ਗਏ ਜਿੱਥੇ ਅਸ਼ੋਕ ਨੇ ਬੁੱਧ ਧਰਮ ਧਾਰਨ ਕੀਤਾ ਸੀ। ਇਸ ਤੋਂ ਬਾਅਦ ਉਹ ਬੁੱਧ ਦੀ ਜੰਮਣ ਭੋਏਂ ਕਪਿਲ ਵਸਤੂ ਹੁੰਦੇ ਹੋਏ ਬੋਧ ਗਯਾ ਪਹੁੰਚੇ।
ਲੇਕਿਨ ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਜਿਸ ਰੁੱਖ ਦੇ ਥੱਲੇ ਗੌਤਮ ਬੁੱਧ ਸਮਾਧੀ ਵਿੱਚ ਬੈਠੇ ਸਨ, ਉਹ ਉੱਥੇ ਨਹੀਂ ਸੀ। ਬੋਧ ਗਯਾ ਪਹੁੰਚਣ ਤੋਂ ਦਸ ਦਿਨ ਬਾਅਦ ਚਾਰ ਬੋਧੀ ਸਾਧੂਆਂ ਦਾ ਇੱਕ ਟੋਲਾ ਉਨ੍ਹਾਂ ਨੂੰ ਮਿਲਣ ਪਹੁੰਚਿਆ।
ਵਿਲੀਅਮ ਡੇਲਰਿੰਪਲ ਲਿਖਦੇ ਹਨ, “ਉਹ ਲੋਕ ਉਨ੍ਹਾਂ ਨੂੰ ਆਪਣੇ ਨਾਲ ਬੋਧੀ ਗੁਰੂ ਭੀਲ ਭੱਦਰ ਦੇ ਕੋਲ ਲੈ ਜਾਣ ਲਈ ਆਏ ਸਨ। ਜੋ ਕਿ ਨਾਲੰਦਾ ਵਿੱਚ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਹਿਊਨਸਾਂਗ ਨਾਲੰਦਾ ਵਿਸ਼ਵ ਵਿਦਿਆਲਾ ਪਹੁੰਚੇ ਕਰੀਬ 200 ਸੰਨਿਆਸੀਆਂ ਅਤੇ 1000 ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।”
“ਉਨ੍ਹਾਂ ਦੇ ਹੱਥ ਵਿੱਚ ਝੰਡੀਆਂ ਅਤੇ ਖੁਸ਼ਬੂਦਾਰ ਅਗਰਬੱਤੀਆਂ ਸਨ। ਉਸ ਸਮੇਂ ਨਾਲੰਦਾ ਵਿੱਚ ਦਾਖਲ ਹੋ ਸਕਣਾ ਬਹੁਤ ਹੀ ਮੁਸ਼ਕਿਲ ਹੁੰਦਾ ਸੀ, ਇਸ ਲਈ ਸਖ਼ਤ ਪ੍ਰੀਖਿਆ ਲਈ ਜਾਂਦੀ ਸੀ।”
ਨਾਲੰਦਾ ਵਿਸ਼ਵ ਵਿਦਿਆਲਾ ਦੀ ਆਲੀਸ਼ਾਨ ਇਮਾਰਤ
ਨਾਲੰਦਾ ਵਿੱਚ ਜਾਣ ਬਾਰੇ ਹਿਊਨਸਾਂਗ ਲਿਖਦੇ ਹਨ, “ਮੈਂ ਨਾਲੰਦਾ ਦੀ ਧਰਤੀ ਉੱਤੇ ਸਥਾਨਕ ਨਿਯਮਾਂ ਦਾ ਪਾਲਣ ਕਰਦੇ ਹੋਏ ਗੋਡਣੀਏਂ ਦਾਖਲ ਹੋਇਆ। ਮੈਂ ਸ਼ੀਲ ਭੱਦਰ ਦੇ ਕੋਲ ਗੋਡਿਆਂ ਅਤੇ ਕੂਹਣੀਆਂ ਦੇ ਬਲ ਘਿਸਰਦਾ ਹੋਇਆ ਪਹੁੰਚਿਆ। ਉਨ੍ਹਾਂ ਨੂੰ ਦੇਖਦੇ ਹੀ ਮੈਂ ਉਨ੍ਹਾਂ ਦੇ ਪੈਰ ਚੁੰਮੇ ਅਤੇ ਉਨ੍ਹਾਂ ਦੇ ਸਾਹਮਣੇ ਦੰਡ-ਵਤ ਲੰਮਾ ਪੈ ਗਿਆ।”
ਨਾਲੰਦਾ ਵਿਸ਼ਵ ਵਿਦਿਆਲਾ ਦਾ ਕੈਂਪਸ ਛੇ ਰਾਜਿਆਂ ਨੇ ਬਣਵਾਇਆ ਸੀ। ਇਸਦੇ ਅੰਦਰ ਜਾਣ ਦਾ ਰਸਤਾ ਸੀ ਅਤੇ ਇਸਦੇ ਅੰਦਰ ਵੱਖ-ਵੱਖ ਚੌਂਕ ਸਨ, ਜਿਨ੍ਹਾਂ ਨੂੰ ਅੱਠ ਵਿਭਾਗਾਂ ਵਿੱਚ ਵੰਡਿਆ ਗਿਆ ਸੀ।
ਸਰਮਨਾ ਹੂਈਲਾਈ ਅਤੇ ਸ਼ੀ ਯੈਨਕੌਂਗ ਲਿਖਦੇ ਹਨ, “ਵਿਚਕਾਰ ਸਾਫ਼ ਪਾਣੀ ਦਾ ਤਲਾਅ ਸੀ ਜਿਸ ਵਿੱਚ ਨੀਲੇ ਕਮਲ ਦੇ ਫੁੱਲ ਖਿੜੇ ਹੋਏ ਸਨ। ਕੈਂਪਸ ਦੇ ਅੰਦਰ ਚੰਦਨ ਦੇ ਰੁੱਖ ਸਨ ਅਤੇ ਬਾਹਰੀ ਇਲਾਕਾ ਅੰਬ ਦੇ ਸੰਘਣੇ ਰੁੱਖਾਂ ਨਾਲ ਭਰਿਆ ਹੋਇਆ ਸੀ। ਹਰ ਵਿਭਾਗ ਦੀ ਇਮਾਰਤ ਚਾਰ ਮੰਜ਼ਿਲ ਉੱਚੀ ਸੀ। ਉਸ ਸਮੇਂ ਦੇ ਭਾਰਤ ਵਿੱਚ ਹਜ਼ਾਰਾਂ ਮਠ ਸਨ ਲੇਕਿਨ ਇਸਦੀ ਇਮਾਰਤ ਸਭ ਤੋਂ ਵਿਲੱਖਣ ਅਤੇ ਆਲੀਸ਼ਾਨ ਸੀ।”
ਸਿੱਖਿਆ ਦਾ ਸਰਬ-ਉੱਚ ਪੱਧਰ
ਹਿਊਨਸਾਂਗ ਹੌਲੀ-ਹੌਲੀ ਸਾਰੇ ਲੈਕਚਰ ਹਾਲਾਂ, ਸਤੂਪਾਂ, ਮੰਦਰਾਂ ਅਤੇ ਹੋਰ 300 ਕਮਰਿਆਂ ਵਿੱਚ ਗਏ ਜਿੱਥੇ ਦਸ ਹਜ਼ਾਰ ਭਿਕਸ਼ੂ ਅਤੇ ਵਿਦਿਆਰਥੀ ਰਹਿੰਦੇ ਸਨ। ਉੱਥੇ ਮਹਾਂਯਾਨ ਦੇ ਨਿਕਾਯ ਬੁੱਧ ਧਰਮ, ਵੇਦਾਂ, ਤਰਕ ਸ਼ਾਸਤਰ, ਵਿਆਕਰਣ, ਦਰਸ਼ਨ, ਚਕਿਤਸਾ ਸ਼ਾਸਤਰ, ਗਣਿਤ, ਖਗੋਲ ਸ਼ਾਸਤਰ ਅਤੇ ਸਾਹਿਤ ਦੀ ਪੜ੍ਹਾਈ ਹੁੰਦੀ ਸੀ।
ਹਿਊਨਸਾਂਗ ਨੇ ਲਿਖਿਆ, “ਨਾਲੰਦਾ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸਮਰਥਾ ਸਰਬ-ਉੱਚ ਪੱਧਰ ਦੀ ਸੀ। ਇਸ ਵਿਸ਼ਵ ਵਿਦਿਆਲਾ ਦੇ ਨਿਯਮ ਬੜੇ ਸਖ਼ਤ ਸਨ ਅਤੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਪਾਲਣ ਕਰਨਾ ਪੈਂਦਾ ਸੀ।”
“ਸਵੇਰ ਤੋਂ ਸ਼ਾਮ ਤੱਕ ਉਹ ਵਾਦ-ਵਿਵਾਦ ਵਿੱਚ ਰੁੱਝੇ ਰਹਿੰਦੇ ਸਨ ਜਿਸ ਵਿੱਚ ਸੀਨੀਅਰ ਅਤੇ ਨੌਜਵਾਨ ਸਾਰੇ ਬਰਾਬਰੀ ਨਾਲ ਹਿੱਸਾ ਲੈਂਦੇ। ਹਰ ਰੋਜ਼ ਕਰੀਬ 100 ਵੱਖ-ਵੱਖ ਜਮਾਤਾਂ ਵਿੱਚ ਲੈਕਚਰ ਦਿੱਤੇ ਜਾਂਦੇ ਸਨ ਅਤੇ ਵਿਦਿਆਰਥੀ ਬਿਨਾਂ ਪਲ ਵੀ ਖੁੰਝਾਏ ਬਹੁਤ ਮਿਹਨਤ ਨਾਲ ਪੜ੍ਹਿਆ ਕਰਦੇ ਸਨ।”
ਸਮਰਾਟ ਹਰਸ਼ ਦਾ ਨਾਲੰਦਾ ਨੂੰ ਥਾਪੜਾ
ਹਿਊਨਸਾਂਗ ਜਦੋਂ ਭਾਰਤ ਆਏ ਉਸ ਸਮੇਂ ਉੱਤਰ ਭਾਰਤ ਵਿੱਚ ਰਾਜਾ ਹਰਸ਼ ਜਿਨ੍ਹਾਂ ਨੂੰ ਹਰਸ਼ ਵਰਧਨ ਵੀ ਕਿਹਾ ਜਾਂਦਾ ਹੈ, ਦਾ ਰਾਜ ਸੀ। ਉਹ ਅਸਧਾਰਨ ਰੂਪ ਵਿੱਚ ਬੁੱਧੀਮਾਨ ਅਤੇ ਜਿਗਿਆਸੂ ਸਨ ਜੋ ਬਹੁਤ ਸਧਾਰਨ ਪਿਛੋਕੜ ਤੋਂ ਉੱਠ ਕੇ ਆਏ ਸਨ। ਉਨ੍ਹਾਂ ਦੇ ਪਿਤਾ ਨੇ ਹੂਣਾਂ ਨੂੰ ਹਰਾਇਆ ਸੀ। ਇਸ ਕਾਰਨ ਉਨ੍ਹਾਂ ਦਾ ਸਾਮਰਾਜ ਸਿੰਧ ਨਦੀ ਤੱਕ ਫੈਲਿਆ ਹੋਇਆ ਸੀ।
ਗੁਪਤ ਵੰਸ਼ ਦੇ ਪਤਨ ਤੋਂ ਬਾਅਦ ਉਸ ਇਲਾਕੇ ਵਿੱਚ ਪਹਿਲੀ ਵਾਰ ਸ਼ਾਂਤੀ ਅਤੇ ਖੁਸ਼ਹਾਲੀ ਦਿਖਾਈ ਪੈਂਦੀ ਸੀ। ਹਾਲਾਂਕਿ ਹਰਸ਼ ਖ਼ੁਦ ਹਿੰਦੂ ਸਮਰਾਟ ਸਨ ਲੇਕਿਨ ਉਹ ਬੁੱਧ ਧਰਮ ਦੇ ਰਾਖੇ ਸਨ। ਨਾਲੰਦਾ ਵਿਸ਼ਵ ਵਿਦਿਆਲਾ ਨੂੰ ਸਿਖਰ ਤੱਕ ਪਹੁੰਚਾਉਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਸੀ।
ਉਨ੍ਹਾਂ ਨੇ ਯੂਨੀਵਰਸਿਟੀ ਨੂੰ 100 ਪਿੰਡ ਦਿੱਤੇ ਸਨ ਅਤੇ ਪਿੰਡ ਦੇ ਮੁਖੀਆਂ ਨੂੰ ਹਦਾਇਤ ਸੀ ਕਿ ਉਹ ਇਸਦੇ ਵਿਦਿਆਰਥੀਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ। ਹਰ ਪਿੰਡ ਦੇ ਕਰੀਬ 200 ਪਰਿਵਾਰਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਰੋਜ਼ ਬੈਲ ਗੱਡੀਆਂ ਵਿੱਚ ਚੌਲ, ਦੁੱਧ ਅਤੇ ਮੱਖਣ ਵਰਗੀਆਂ ਚੀਜ਼ਾਂ ਵਿਸ਼ਵ ਵਿਦਿਆਲਾ ਪਹੁੰਚਦੀਆਂ ਕਰਨ।
ਹਿਊਨਸਾਂਗ ਲਿਖਦੇ ਹਨ, “ਇੱਕ ਮਹਿਮਾਨ ਵਿਦਿਆਰਥੀ ਵਦੋਂ ਉਨ੍ਹਾਂ ਨੂੰ ਹਰ ਰੋਜ਼ ਵੀਹ ਪਾਨ, ਸੁਪਾਰੀ, ਜੈਫ਼ਲ, ਖੁਸ਼ਬੂਦਾਰ ਅਗਰਬੱਤੀਆਂ, ਅੱਧਾ ਕਿੱਲੋ ਚੌਲ ਅਤੇ ਜਿੰਨਾ ਚਾਹੁਣ ਦੁੱਧ ਅਤੇ ਮੱਖਣ ਦੀ ਪੂਰਤੀ ਕੀਤੀ ਜਾਂਦੀ ਸੀ। ਇਸਦੇ ਬਦਲੇ ਵਿੱਚ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਸੀ। ਮੇਰੇ ਸਮੇਂ ਵਿੱਚ ਨੇਪਾਲ, ਤਿੱਬਤ, ਸ਼੍ਰੀਲੰਕਾ, ਸੁਮਾਤਰਾ ਅਤੇ ਇੱਥੋਂ ਤੱਕ ਕਿ ਕੋਰੀਆ ਦੇ ਭਿਕਸ਼ੂ ਵੀ ਇੱਥੇ ਸਿੱਖਿਆ ਹਾਸਲ ਕਰਨ ਲਈ ਆਉਂਦੇ ਸਨ।”
ਦੁਨੀਆਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ
ਨਾਲੰਦਾ ਵਿਸ਼ਵ ਵਿਦਿਆਲਾ ਵਿੱਚ ਖਿੱਚ ਜਾ ਸਭ ਤੋਂ ਵੱਡਾ ਕੇਂਦਰ ਇਸਦੀ ਲਾਇਬ੍ਰੇਰੀ ਸੀ।
ਅਲੈਗਜ਼ੈਂਡਰੀਆ ਦੇ ਪਤਨ ਤੋਂ ਬਾਅਤ ਸੰਭਵ ਹੈ ਕਿ ਇਹ ਉਸ ਸਮੇਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ।
ਵਾਂਗ ਜ਼ਿਆਂਗ ਆਪਣੀ ਕਿਤਾਬ ਫਰਾਮ ਨਾਲੰਦਾ ਟੂ ਚੰਗਾਨ ਵਿੱਚ ਲਿਖਦੇ ਹਨ, “ਲਾਇਬ੍ਰੇਰੀ ਦੀ ਇਮਾਰਤ ਨੌਂ ਮੰਜ਼ਿਲ ਉੱਚੀ ਸੀ ਅਤੇ ਇਸਦੇ ਤਿੰਨ ਹਿੱਸੇ ਸਨ। ਪਹਿਲੇ ਹਿੱਸੇ ਨੂੰ ਰਤਨਦੜ੍ਹੀ ਕਿਹਾ ਜਾਂਦਾ ਸੀ। ਦੂਜੇ ਹਿੱਸੇ ਦਾ ਨਾਮ ਰਤਨ ਸਾਗਰ ਸੀ ਅਤੇ ਤੀਜੇ ਨੂੰ ਰਤਨ ਰੰਜਕ ਕਿਹਾ ਜਾਂਦਾ ਸੀ। ਉੱਥੋਂ ਕਿਸੇ ਵੀ ਪਾਂਡੂ ਲਿੱਪੀ ਨੂੰ ਪੜ੍ਹਨ ਲਈ ਲਿਆ ਜਾ ਸਕਦਾ ਸੀ ਪਰ ਵਿਸ਼ਵ ਵਿਦਿਆਲਾ ਦੇ ਕੈਂਪਸ ਤੋਂ ਬਾਹਰ ਨਹੀਂ ਲਿਜਾਈ ਜਾ ਸਕਦੀ ਸੀ।”
ਨਾਲੰਦਾ ਵਿੱਚ ਹਿਊਨਸਾਂਗ ਨੇ ਮਹਾਨ ਬੋਧੀ ਅਧਿਆਪਕ ਸ਼ੀਲ ਭੱਦਰ ਦੀ ਅਗਵਾਈ ਵਿੱਚ ਪੜ੍ਹਾਈ ਕੀਤੀ। ਤਿੰਨ ਸਾਲ ਦੀ ਪੜ੍ਹਾਈ ਦੇ ਦੌਰਾਨ ਸ਼ੀਲ ਭੱਦਰ ਨੇ ਉਨ੍ਹਾਂ ਨੂੰ ਯੋਗ ਅਤੇ ਦਰਸ਼ਨ ਦੀ ਸਿੱਖਿਆ ਦਿੱਤੀ ਸੀ।
ਨਾਲੰਦਾ ਵਿੱਚ ਰਿਵਾਜ਼ ਸੀ ਕਿ ਵਿਦਿਆਰਥੀਆਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਗੁਰੂਆਂ ਦੀਆਂ ਸਾਰੀਆਂ ਲੋੜਾਂ ਦਾ ਧਿਆਨ ਰੱਖਣਗੇ, ਜਿਸ ਵਿੱਚ ਉਨ੍ਹਾਂ ਦੀ ਮਾਲਿਸ਼ ਕਰਨਾ, ਉਨ੍ਹਾਂ ਦੇ ਕੱਪੜੇ ਤਹਿ ਕਰਨਾ ਅਤੇ ਉਨ੍ਹਾਂ ਦੇ ਕਮਰੇ ਸਾਫ਼ ਕਰਨਾ ਵੀ ਸ਼ਾਮਿਲ ਸੀ।
ਬੇਂਜਾਮਿਨ ਬ੍ਰੋਸ ਆਪਣੀ ਕਿਤਾਬ, ‘ਹਿਊਨਸਾਂਗ ਲਿਜੈਂਡਰੀ ਪਿਲਗ੍ਰਿਮ ਐਂਡ ਟਰਾਂਸਲੇਟਰ’ ਵਿੱਚ ਲਿਖਦੇ ਹਨ, “ਹਰ ਸਵੇਰ ਹਿਊਨਸਾਂਗ ਆਪਣੇ 10 ਬਾਏ 10 ਫੁੱਟ ਦੇ ਕਮਰੇ ਵਿੱਚ ਧੌਂਸੇ ਦੀ ਅਵਾਜ਼ ਨਾਲ ਉੱਠ ਜਾਂਦੇ ਸਨ। ਕਮਰੇ ਤੋਂ ਬਾਹਰ ਉਨ੍ਹਾਂ ਦੇ ਇਸ਼ਨਾਨ ਲਈ ਹੌਜ਼ ਬਣੇ ਹੁੰਦੇ ਸਨ। ਇਸ ਤੋਂ ਬਾਅਦ ਉਹ ਲੈਕਚਰ ਸੁਣਦੇ ਅਤੇ ਕਦੇ-ਕਦੇ ਆਪ ਵੀ ਲੈਕਚਰ ਦਿੰਦੇ ਸਨ। ਹਰ ਸ਼ਾਮ ਉਹ ਲਾਇਬ੍ਰੇਰੀ ਵਿੱਚ ਉਨ੍ਹਾਂ ਸੰਸਕ੍ਰਿਤ ਪਾਂਡੂ ਲਿੱਪੀਆਂ ਦੀ ਨਕਲ ਕਰਦੇ ਜਿਨ੍ਹਾਂ ਨੂੰ ਉਹ ਆਪਣੇ ਨਾਲ ਚੀਨ ਲਿਜਾਣਾ ਚਾਹੁੰਦੇ ਸਨ। ਪੰਜ ਸਾਲ ਬਾਅਦ ਉਨ੍ਹਾਂ ਕੋਲ ਦੁਰਲਭ ਭਾਰਤੀ ਪਾਂਡੂ ਲਿੱਪੀਆਂ ਦੀ ਲਾਇਬ੍ਰੇਰੀ ਤਿਆਰ ਹੋ ਗਈ ਸੀ, ਜਿਨ੍ਹਾਂ ਨੂੰ ਉਹ ਆਪਣੇ ਨਾਲ ਚੀਨ ਲਿਜਾਣ ਦਾ ਇਰਾਦਾ ਰੱਖਦੇ ਸਨ।”
ਘੋੜਿਆਂ ਉੱਤੇ ਲੱਦੀ ਲਾਇਬ੍ਰੇਰੀ ਹੋਈ ਚੀਨ ਨੂੰ ਰਵਾਨਾ
ਸੰਨ 643 ਵਿੱਚ ਭਾਰਤ ਵਿੱਚ 10 ਸਾਲ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਬੰਗਾਲ ਦੇ ਮਠਾਂ ਦੀ ਆਖਰੀ ਯਾਤਰਾ ਦੀ ਅਤੇ ਫਿਰ ਚੀਨ ਵਾਪਸ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਜਾਣ ਤੋਂ ਪਹਿਲਾਂ ਸਮਰਾਟ ਹਰਸ਼ ਨੇ ਉਨ੍ਹਾਂ ਨੂੰ ਆਪਣੇ ਦਰਬਾਰ ਵਿੱਚ ਬਹਿਸ ਲਈ ਸੱਦਾ ਦਿੱਤਾ। ਦੋਵੇਂ ਪਹਿਲਾਂ ਮਿਲ ਚੁੱਕੇ ਸਨ। ਪਹਿਲੀ ਮੁਲਾਕਾਤ ਵਿੱਚ ਹਰਸ਼ ਨੇ ਉਨ੍ਹਾਂ ਤੋਂ ਚੀਨ ਅਤੇ ਉਸਦੇ ਰਾਜਿਆਂ ਬਾਰੇ ਸਵਾਲ ਪੁੱਛੇ ਸਨ।
ਹਰਸ਼ ਨੇ ਉਨ੍ਹਾਂ ਰਾਹੀਂ ਚੀਨ ਦੇ ਰਾਜਾ ਤਾਇਜੂਨ ਨੂੰ ਬੋਧੀ ਸਾਹਿਤ ਦੀਆਂ ਕੁਝ ਪਾਂਡੂ-ਲਿੱਪੀਆਂ ਭੇਜੀਆਂ ਸਨ। ਸਮਰਾਟ ਹਰਸ਼ ਦੇ ਸਾਹਮਣੇ ਹਿਊਨਸਾਂਗ ਦੀ ਨਾਸਤਿਕ ਦਾਰਸ਼ਨਿਕਾਂ ਨਾਲ ਬਹਿਸ ਹੋਈ।
ਹੂਈਲਾਈ ਦੇ ਮੁਤਾਬਕ ਹਿਊਨਸਾਂਗ ਨੇ ਆਪਣੇ ਤਰਕਾਂ ਨਾਲ ਉਨ੍ਹਾਂ ਦਾਰਸ਼ਨਿਕਾਂ ਨੂੰ ਚੁੱਪ ਕਰਵਾ ਦਿੱਤਾ। ਹੁਣ ਤੱਕ ਹਿਊਨਸਾਂਗ ਨੂੰ ਚੀਨ ਛੱਡਿਆਂ 16 ਸਾਲ ਬੀਤ ਚੁੱਕੇ ਸਨ।
ਡੇਲਰਿੰਪਲ ਲਿਖਦੇ ਹਨ, “ਜਦੋਂ ਉਹ ਵਾਪਸ ਜਾਣ ਲਈ ਤਿਆਰ ਹੋਏ ਤਾਂ ਉਨ੍ਹਾਂ ਕੋਲ 657 ਕਿਤਾਬਾਂ ਅਤੇ ਬਹੁਤ ਵੱਡੀ ਸੰਖਿਆ ਵਿੱਚ ਮੂਰਤੀਆਂ ਦਾ ਸੰਗ੍ਰਿਹ ਸੀ। ਉਹ ਆਪਣੇ ਨਾਲ ਬਹੁਤ ਸਾਰੇ ਰੁੱਖਾਂ ਦੀ ਪਨੀਰੀ ਅਤੇ ਬੀਜ ਵੀ ਲੈ ਕੇ ਗਏ ਸਨ।”
“ਉਨ੍ਹਾਂ ਦੇ ਸਾਰੇ ਸਮਾਨ ਨੂੰ 72 ਘੋੜਿਆਂ ਉੱਤੇ ਲੱਦਿਆ ਗਿਆ ਸੀ ਅਤੇ ਉਨ੍ਹਾਂ ਦੇ ਨਾਲ ਕਰੀਬ 100 ਕੁਲੀ ਅਤੇ ਪਹਿਰੇਦਾਰ ਚੱਲ ਰਹੇ ਸਨ। ਉਹ ਖ਼ੁਦ ਇੱਕ ਹਾਥੀ ਉੱਤੇ ਸਵਾਰ ਸਨ ਜੋ ਉਨ੍ਹਾਂ ਨੂੰ ਸਮਰਾਰਟ ਹਰਸ਼ ਨੇ ਤੋਹਫ਼ੇ ਵਜੋਂ ਦਿੱਤਾ ਸੀ।”
“ਉਨ੍ਹਾਂ ਨੂੰ ਲੋੜੀਂਦਾ ਧਨ ਵੀ ਦਿੱਤਾ ਗਿਆ ਅਤੇ ਉਨ੍ਹਾਂ ਰਾਜਿਆਂ ਲਈ ਵੀ ਚਿੱਠੀਆਂ ਦਿੱਤੀਆਂ ਗਈਆਂ, ਜਿਨ੍ਹਾਂ ਦੇ ਇਲਾਕਿਆਂ ਵਿੱਚੋਂ ਹੋ ਕੇ ਹਿਊਨਸਾਂਗ ਨੇ ਲੰਘਣਾ ਸੀ।”
ਤੂਫ਼ਾਨ ਵਿੱਚ ਬੇਸ਼ਕੀਮਤੀ ਪਾਂਡੂ ਲਿੱਪੀਆਂ ਨਸ਼ਟ ਹੋਈਆਂ
ਵਾਪਸੀ ਸਮੇਂ ਹਿਊਨਸਾਂਗ ਦੇ ਨਾਲ ਇੱਕ ਦੁਰਘਟਨਾ ਹੋਈ। ਜਦੋਂ ਉਹ ਅਟਕ ਦੇ ਕੋਲ ਸਿੰਧ ਨਦੀ ਪਾਰ ਕਰ ਰਹੇ ਸਨ ਤਾਂ ਇੱਕ ਵੱਡਾ ਝੱਖੜ ਆਇਆ ਜਿਸ ਵਿੱਚ ਉਨ੍ਹਾਂ ਦੀਆਂ ਬਹੁ-ਮੁੱਲੀਆਂ ਪਾਂਡੂ ਲਿੱਪੀਆਂ ਨਸ਼ਟ ਹੋ ਗਈਆਂ।
ਬੇਂਜਾਮਿਨ ਬ੍ਰੋਸ ਲਿਖਦੇ ਹਨ, “ਹਾਥੀ ਉੱਤੇ ਸਵਾਰ ਹਿਊਨਸਾਂਗ ਖ਼ੁਦ ਤਾਂ ਨਦੀ ਪਾਰ ਕਰਨ ਵਿੱਚ ਕਾਮਯਾਬ ਹੋ ਗਏ ਲੇਕਿਨ ਉਨ੍ਹਾਂ ਦੇ ਪਿੱਛੇ ਚੱਲ ਰਹੀਆਂ ਪਾਂਡੂ-ਲਿੱਪੀਆਂ ਨਾਲ ਭਰੀਆਂ ਹੋਈਆਂ ਕੁਝ ਕਿਸ਼ਤੀਆਂ ਤੂਫ਼ਾਨ ਵਿੱਚ ਪਲਟ ਗਈ। ਚੀਨ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਸਮਰਾਟ ਤਾਈਜੂਨ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਗੈਰ-ਕਨੂੰਨੀ ਰੂਪ ਵਿੱਚ ਚੀਨ ਛੱਡਣ ਲਈ ਮਾਫ਼ੀ ਮੰਗੀ ਅਤੇ ਇਹ ਵੀ ਦੱਸਿਆ ਕਿ ਉਹ ਆਪਣੇ ਨਾਲ ਕੀ ਕੁਝ ਲਿਆਏ ਹਨ ਅਤੇ ਇਹ ਸਭ ਸਮਰਾਟ ਲਈ ਕਿਵੇਂ ਲਾਭਕਾਰੀ ਸਾਬਤ ਹੋ ਸਕਦਾ ਹੈ।”
ਸਮਰਾਟ ਨੇ ਉਨ੍ਹਾਂ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਲਿਖਿਆ, “ਅਸੀਂ ਇਹ ਸੁਣ ਕੇ ਬਹੁਤ ਖੁਸ਼ ਹੋਏ ਹਾਂ ਤੁਸੀਂ ਗਿਆਨ ਹਾਸਲ ਕਰਨ ਤੋਂ ਬਾਅਦ ਵਾਪਸ ਆ ਰਹੇ ਹੋ। ਤੁਸੀਂ ਤੁਰੰਤ ਮੈਨੂੰ ਮਿਲਣ ਆਓ। ਆਪਣੇ ਨਾਲ ਉਨ੍ਹਾਂ ਭਿਕਸ਼ੂਆਂ ਨੂੰ ਵੀ ਲੈ ਆਇਓ ਜੋ ਸੰਸਕ੍ਰਿਤ ਭਾਸ਼ਾ ਸਮਝ ਸਕਦੇ ਹਨ। ਅਸੀਂ ਪ੍ਰਸ਼ਾਸਨ ਨੂੰ ਹੁਕਮ ਦੇ ਰਹੇ ਹਾਂ ਕਿ ਉਹ ਤੁਹਾਡੀ ਹਰ ਸੰਭਵ ਮਦਦ ਕਰੇ ਤਾਂ ਕਿ ਤੁਹਾਨੂੰ ਸਮਾਨ ਚੁੱਕਣ ਵਾਲੇ ਅਤੇ ਘੋੜਿਆਂ ਦੀ ਕਮੀ ਨਾ ਪਵੇ।”
ਅੱਠ ਫਰਵਰੀ 645 ਦੀ ਸਵੇਰ ਰਾਜਧਾਨੀ ਚਾਂਗ’ਯਾਨ ਦੀਆਂ ਸੜਕਾਂ ਉੱਤੇ ਹਜ਼ਾਰਾਂ ਲੋਕ ਹਿਊਨਸਾਂਗ ਦੇ ਸਵਾਗਤ ਵਿੱਚ ਸੜਕਾਂ ਉੱਤੇ ਉੱਤਰ ਆਏ ਸਨ।
16 ਸਾਲ ਪਹਿਲਾਂ ਇਸੇ ਥਾਂ ਤੋਂ ਉਹ ਭਾਰਤ ਦੀ ਯਾਤਰਾ ਉੱਤੇ ਨਿਲਕੇ ਸਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਹੋਂਗਫ਼ੂ ਮਠ ਲੈ ਜਾਇਆ ਗਿਆ ਅਤੇ 15 ਦਿਨ ਬਾਅਦ 23 ਫ਼ਰਵਰੀ ਨੂੰ ਸਮਰਾਟ ਤਾਈਜੂਨ ਨੇ ਲਯੋਯੋਂਗ ਦੇ ਆਪਣੇ ਮਹਿਲ ਵਿੱਚ ਮੁਲਾਕਾਤ ਕੀਤੀ ਸੀ।
ਇਨ੍ਹਾਂ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਸਮਰਾਟ ਨੇ ਉਨ੍ਹਾਂ ਤੋਂ ਭਾਰਤ ਯਾਤਰਾ ਦੇ ਅਨੁਭਵ, ਇੱਥੋਂ ਦੇ ਮੌਸਮ, ਉਤਪਾਦ ਅਤੇ ਰੀਤੀ-ਰਿਵਾਜ਼ਾਂ ਦੇ ਬਾਰੇ ਕਈ ਸਵਾਲ ਪੁੱਛੇ।
ਸਟੇਨਲੀ ਵੀਨਸਟੀਨ ਆਪਣੀ ਕਿਤਾਬ “ਬੁੱਧਿਜ਼ਮ ਅੰਡਰ ਦਿ ਟੈਂਗ” ਵਿੱਚ ਲਿਖਦੇ ਹਨ, “ਰਾਜਾ ਨੇ ਉਨ੍ਹਾਂ ਨੂੰ ਆਪਣੀ ਸਰਕਾਰ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਲੇਕਿਨ ਹਿਊਨਸਾਂਗ ਨੇ ਇਹ ਕਹਿੰਦੇ ਹੋਏ ਮਨ੍ਹਾਂ ਕਰ ਦਿੱਤਾ ਕਿ ਸਰਕਾਰੀ ਅਧਿਕਾਰੀਆਂ ਲਈ ਜ਼ਰੂਰੀ ਸਿਖਲਾਈ ਉਨ੍ਹਾਂ ਕੋਲ ਨਹੀਂ ਹੈ। ਉਹ ਚਾਂਗ ਯਾਨ ਦੇ ਇੱਕ ਸ਼ਾਹੀ ਮਠ ਵਿੱਚ ਰਹਿਣ ਚਲੇ ਗਏ ਅਤੇ ਭਾਰਤ ਦੀ ਆਪਣੀ ਯਾਤਰਾ ਦੇ ਅਨੁਭਵਾਂ ਬਾਰੇ ਲਿਖਣ ਲੱਗੇ। ਬਾਅਦ ਵਿੱਚ ਇਸਦਾ ਅੰਗਰੇਜ਼ੀ ਅਨੁਵਾਦ ਕੀਤਾ ਗਿਆ।”
ਇਹ ਚੀਨ ਵਿੱਚ ਭਾਰਤ ਦੇ ਬਾਰੇ ਵਿੱਚ ਸਭ ਤੋਂ ਪ੍ਰਮਾਣਿਤ ਅਤੇ ਅਹਿਮ ਖੋਜ ਬਣ ਗਈ। ਅੱਜ ਵੀ ਸਮਰਾਟ ਹਰਸ਼ ਦੇ ਦੌਰ ਨੂੰ ਸਮਝਣ ਲਈ ਹਿਊਨਸਾਂਗ ਦੇ ਸਫ਼ਰਨਾਮੇ ਦੀ ਮਦਦ ਲਈ ਜਾਂਦੀ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)