ਹਰਮਨਪ੍ਰੀਤ ਸਿੰਘ ਬਣੇ 'ਹਾਕੀ ਇੰਡੀਆ ਲੀਗ' ਦੇ ਸਭ ਤੋਂ ਮਹਿੰਗੇ ਖਿਡਾਰੀ, ਜਾਣੋ ਉਨ੍ਹਾਂ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਲਈ

ਹਾਕੀ ਇੰਡੀਆ ਲੀਗ ਲਈ ਖਿਡਾਰੀਆਂ ਦੀ ਨਿਲਾਮੀ ਦੌਰਾਨ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਸਭ ਤੋਂ ਮਹਿੰਗੇ ਖਿਡਾਰੀ ਬਣੇ ਹਨ।

ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ ਹਰਮਨਪ੍ਰੀਤ ਸਿੰਘ ਨੂੰ ਜੇਐੱਸਡਬਲਯੂ ਸਪੋਰਟਸ ਦੀ ਮਲਕੀਅਤ ਵਾਲੇ ਸੂਰਮਾ ਹਾਕੀ ਕਲੱਬ ਨੇ 78 ਲੱਖ ਰੁਪਏ ਵਿੱਚ ਸਾਈਨ ਕਰ ਲਿਆ ਹੈ।

7 ਸਾਲਾਂ ਬਾਅਦ ਵਾਪਸੀ ਕਰ ਰਹੀ ਲੀਗ 2024-25 ਵਿੱਚ 8 ਪੁਰਸ਼ ਦੀਆਂ ਟੀਮਾਂ ਅਤੇ 6 ਔਰਤਾਂ ਦੀਆਂ ਟੀਮਾਂ ਸ਼ਾਮਲ ਹੋਣਗੀਆਂ, ਜੋ ਦੇਸ਼ ਵਿੱਚ ਪਹਿਲੀ ਸਟੈਂਡਅਲੋਨ ਮਹਿਲਾ ਲੀਗ ਦੀ ਨਿਸ਼ਾਨਦੇਹੀ ਕਰੇਗੀ ਜੋ ਪੁਰਸ਼ਾਂ ਦੇ ਮੁਕਾਬਲੇ ਦੇ ਨਾਲ-ਨਾਲ ਚੱਲੇਗੀ।

ਲੀਗ 28 ਦਸੰਬਰ ਨੂੰ ਦੋ ਸਥਾਨਾਂ ਵਿੱਚ ਖੇਡੇ ਜਾਣ ਵਾਲੇ ਮੈਚਾਂ ਨਾਲ ਸ਼ੁਰੂ ਹੋਵੇਗੀ, ਜਿਸ ਵਿੱਚ ਮਾਰੰਗ ਗੋਮਕੇ ਜੈਪਾਲ ਸਿੰਘ ਐਸਟ੍ਰੋਟਰਫ ਹਾਕੀ ਸਟੇਡੀਅਮ ਰਾਂਚੀ, ਝਾਰਖੰਡ ਅਤੇ ਰਾਊਰਕੇਲਾ, ਓਡੀਸ਼ਾ ਵਿੱਚ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿੱਚ।

ਮਹਿਲਾ ਲੀਗ 26 ਜਨਵਰੀ, 2025 ਨੂੰ ਰਾਂਚੀ ਵਿੱਚ ਸਮਾਪਤ ਹੋਵੇਗੀ, ਜਦਕਿ ਪੁਰਸ਼ਾਂ ਦਾ ਫਾਈਨਲ 1 ਫਰਵਰੀ, 2025 ਨੂੰ ਰਾਊਰਕੇਲਾ ਵਿੱਚ ਹੋਣਾ ਹੈ।

ਖੇਤਾਂ ਤੋਂ ਡ੍ਰੈਗ ਫਲਿਕਰ ਬਣਨ ਤੱਕ ਦਾ ਸਫ਼ਰ

ਆਓ ਜਾਣਦੇ ਹਾਂ, ਖੇਤਾਂ ’ਚ ਮਿਹਨਤ ਕਰਨ ਵਾਲੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਮੁੰਡੇ ਦੀ ਡ੍ਰੈਗ ਫਲਿਕਰ ਬਣਨ ਦੀ ਦਿਲਚਸਪ ਕਹਾਣੀ-

ਪੈਰਿਸ ਓਲੰਪਿਕਸ ਵਿੱਚ ਭਾਰਤ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਟੋਕੀਓ ਓਲੰਪਿਕਸ ਵਿੱਚ ਵੀ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

ਇਸ ਵਾਰ ਦੀਆਂ ਪੈਰਿਸ ਓਲੰਪਿਕਸ ਵਿੱਚ ਹਰਮਨਪ੍ਰੀਤ ਨੇ ਸ਼ਾਨਦਾਰ ਤਰੀਕੇ ਨਾਲ ਇੱਕ ਕਪਤਾਨ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਨੇ ਇਨ੍ਹਾਂ ਓਲੰਪਿਕਸ ਵਿੱਚ 10 ਗੋਲ ਕੀਤੇ।

ਅਹਿਮ ਮੌਕਿਆਂ ਉੱਤੇ ਜਦੋਂ ਟੀਮ ਨੂੰ ਜ਼ਰੂਰਤ ਸੀ ਤਾਂ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ।

ਬ੍ਰਿਟੇਨ ਦੇ ਖਿਲਾਫ਼ ਕੁਆਟਰ ਫਾਈਨਲ ਵਿੱਚ ਜਦੋਂ ਅਮਿਤ ਰੋਹੀਦਾਸ ਨੂੰ ਜਦੋਂ ਰੈੱਡ ਕਾਰਡ ਦੇ ਕੇ ਬਾਹਰ ਕੀਤਾ ਗਿਆ ਸੀ ਤਾਂ ਉਸ ਵੇਲੇ ਤਿੰਨ ਚੌਥਾਈ ਮੈਚ ਵਿੱਚ ਟੀਮ ਨੇ 10 ਖਿਡਾਰੀਆਂ ਨਾਲ ਖੇਡਿਆ।

ਉਸ ਵੇਲੇ ਉਹ ਹਰਮਨਪ੍ਰੀਤ ਦੀ ਕਪਤਾਨੀ ਹੀ ਸੀ ਜਿਸ ਨੇ ਟੀਮ ਦਾ ਜੋਸ਼ ਬਣਾਏ ਰੱਖਿਆ ਤੇ ਰੈੱਡ ਕਾਰਡ ਮਿਲਣ ਤੋਂ ਕੁਝ ਮਿੰਟਾਂ ਵਿੱਚ ਹੀ ਹਰਮਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ।

ਦੁਨੀਆਂ ਦੇ ਸ਼ਾਨਦਾਰ ਡ੍ਰੈਗ ਫਲਿਕਰਾਂ ਵਿੱਚ ਸ਼ੁਮਾਰ ਹਰਮਨਪ੍ਰੀਤ ਸਿੰਘ ਨੂੰ ਮੌਜੂਦਾ ਭਾਰਤੀ ਹਾਕੀ ਟੀਮ ਦਾ ਥੰਮ ਮੰਨਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਭਾਰਤੀ ਟੀਮ ਦੀਆਂ ਸਾਰੀਆਂ ਆਸਾਂ ਦਾ ਉਨ੍ਹਾਂ ਦੇ ਪ੍ਰਦਰਸ਼ਨ ਉੱਤੇ ਟਿਕੇ ਰਹਿਣਾ ਹੈ।

ਭਾਰਤੀ ਟੀਮ ਦੇ ਮੌਜੂਦਾ ਕਪਤਾਨ ਦੀ ਸਭ ਤੋਂ ਵੱਡੀ ਖੂਬੀ ਚਿਹਰੇ ਉੱਤੇ ਹਮੇਸ਼ਾ ਹਲਕੀ ਮੁਸਕੁਰਾਹਟ ਰੱਖਣਾ ਹੈ।

ਹਰਮਨਪ੍ਰੀਤ ਸਿੰਘ ਇੱਕੋ-ਇੱਕ ਭਾਰਤੀ ਖਿਡਾਰੀ ਹਨ, ਜਿੰਨ੍ਹਾਂ ਨੇ ਦੋ ਵਾਰ ਐੱਫ਼ਆਈਐੱਚ (ਇੰਟਰਨੈਸ਼ਨਲ ਹਾਕੀ ਫ਼ੈਡਰੇਸ਼ਨ) ਦਾ ਸਰਬ ਉੱਤਮ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ ਹੈ।

ਇਸ ਤਰ੍ਹਾਂ ਉਹ ਨੀਦਰਲੈਂਡਜ਼ ਦੇ ਤੇਉਨ ਡਿ ਨੂਇਰ, ਆਸਟ੍ਰੇਲੀਆ ਦੇ ਜੇਮੀ ਡਵੇਅਰ ਅਤੇ ਬੈਲਜੀਅਮ ਦੇ ਆਰਥਰ ਵਾਨ ਡੋਰੇਨ ਦੀ ਜਮਾਤ ਵਿੱਚ ਸ਼ਾਮਲ ਹੋ ਗਏ ਸਨ। ਇਨ੍ਹਾਂ ਸਾਰਿਆਂ ਨੇ ਇਹ ਸਨਮਾਨ ਦੋ-ਦੋ ਵਾਰ ਹਾਸਲ ਕੀਤਾ ਹੈ।

ਹਰਮਨਪ੍ਰੀਤ ਸਿੰਘ ਡ੍ਰੈਗ ਫਲਿਕਰ ਨੂੰ ਦੂਜੀ ਵਾਰ ਇਹ ਸਨਮਾਨ 2021-22 ਦੀ ਐੱਫ਼ਆਈਐੱਚ ਪ੍ਰੋ ਲੀਗ ਅਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਮਿਲਿਆ ਸੀ।

ਹਰਮਨਪ੍ਰੀਤ ਸਿੰਘ ਨੂੰ ਜਨਵਰੀ 2023 ਵਿੱਚ ਭੁਵਨੇਸ਼ਵਰ ਅਤੇ ਰਾਉਰਕੇਲਾ ਵਿੱਚ ਹੋਏ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਸੀ।

ਦੇਸ਼ ਵਿੱਚ ਹੀ ਹੋਏ ਵਿਸ਼ਵ ਕੱਪ ਕਾਰਨ ਸਾਰਿਆਂ ਨੂੰ ਪੋਡੀਅਮ ਉੱਤੇ ਚੜ੍ਹਨ ਦੀ ਉਮੀਦ ਸੀ। ਪਰ ਹਰਮਨਪ੍ਰੀਤ ਸਿੰਘ ਦੇ ਫੋਰਮ ਵਿੱਚ ਨਾ ਹੋਣ ਦਾ ਭਾਰਤ ਨੂੰ ਖਮਿਆਜ਼ਾ ਭੁਗਤਨਾ ਪਿਆ ਅਤੇ ਭਾਰਤ 9ਵੇਂ ਸਥਾਨ ਉੱਤੇ ਰਿਹਾ।

ਹਰਮਨਪ੍ਰੀਤ ਸਿੰਘ ਇਸ ਵਿਸ਼ਵ ਕੱਪ ਵਿੱਚ ਛੇ ਮੈਚਾਂ ’ਚ ਸਿਰਫ਼ ਚਾਰ ਗੋਲ ਹੀ ਦਾਗ ਸਕੇ।

ਉਨ੍ਹਾਂ ਦੇ ਫੋਰਮ ਵਿੱਚ ਨਾ ਹੋਣ ਦਾ ਬਾਕੀ ਭਾਰਤੀ ਖਿਡਾਰੀਆਂ ਦੇ ਮਨੋਬਲ ਉੱਤੇ ਵੀ ਅਸਰ ਪਿਆ ਅਤੇ ਪੂਰੀ ਟੀਮ ਉਮੀਦਾਂ ਉੱਤੇ ਖ਼ਰੀ ਨਹੀਂ ਉੱਤਰ ਸਕੀ।

ਪਰ ਸਹੀ ਮਾਅਨਿਆਂ ਵਿੱਚ ਹਰਮਨਪ੍ਰੀਤ ਸਿੰਘ ਭਾਰਤੀ ਡਿਫੈਂਸ ਦਾ ਭਰੋਸਾ ਬਣ ਗਏ ਹਨ। ਉਹ ਕਮਾਲ ਦੇ ਡ੍ਰੈਗ ਫਲਿਕਰ ਤਾਂ ਹਨ ਹੀ, ਨਾਲ ਹੀ ਬਚਾਅ ਵੀ ਪੂਰੇ ਭਰੋਸੇ ਨਾਲ ਕਰਦੇ ਹਨ।

ਕਈ ਵਾਰ ਉਹ ਅੱਗੇ ਨਿਕਲ ਕੇ ਆਪਣੇ ਫਾਰਵਰਡਾਂ ਨੂੰ ਅਜਿਹੇ ਸਟੀਕ ਪਾਸ ਦਿੰਦੇ ਹਨ ਕਿ ਸਾਹਮਣੇ ਵਾਲੀ ਟੀਮ ਉੱਤੇ ਗੋਲ ਤੋਂ ਬਚਾਅ ਦਾ ਕੋਈ ਮੌਕਾ ਹੀ ਨਹੀਂ ਰਹਿੰਦਾ।

ਇਹ ਵੀ ਪੜ੍ਹੋ:

ਟੋਕੀਓ ਓਲੰਪਿਕ ਦੀ ਸਫ਼ਲਤਾ ’ਚ ਅਹਿਮ ਭੂਮਿਕਾ ਨਿਭਾਈ

ਹਰਮਨਪ੍ਰੀਤ ਸਿੰਘ ਦੇ ਕਰੀਅਰ ਦੀਆਂ ਸਫ਼ਲਤਾਵਾਂ ਦੀ ਜੇ ਗੱਲ ਕੀਤੀ ਜਾਵੇ ਤਾਂ 2020 ਦੀਆਂ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ 41 ਸਾਲ ਬਾਅਦ ਬਰੋਂਜ਼ ਦੇ ਰੂਪ ਵਿੱਚ ਕੋਈ ਮੈਡਲ ਦਵਾਉਣਾ ਇੱਕ ਵੱਡੀ ਕਾਮਯਾਬੀ ਹੈ।

ਭਾਰਤ ਨੂੰ ਪੋਡੀਅਮ ਉੱਤੇ ਚੜ੍ਹਾਉਣ ਵਿੱਚ ਉਨ੍ਹਾਂ ਦੇ ਦਾਗੇ ਛੇ ਗੋਲਾਂ ਦੀ ਬਹੁਤ ਅਹਿਮੀਅਤ ਹੈ।

ਭਾਰਤ ਜਦੋਂ ਬਰੋਂਜ਼ ਮੈਡਲ ਦੇ ਪਲੇਆਫ਼ ਮੁਕਾਬਲੇ ਵਿੱਚ ਜਰਮਨੀ ਤੋਂ ਪਿਛੜ ਰਿਹਾ ਸੀ, ਉਸ ਸਮੇਂ ਹਰਮਨਪ੍ਰੀਤ ਵੱਲੋਂ ਦਾਗੇ ਗਏ ਬਰਾਬਰੀ ਦੇ ਗੋਲ ਨੂੰ ਕੌਣ ਭੁੱਲ ਸਕਦਾ ਹੈ।

ਸਹੀ ਮਾਅਨਿਆਂ ਵਿੱਚ ਇਸ ਗੋਲ ਨੇ ਹੀ ਮਾਹੌਲ ਬਣਾਇਆ ਸੀ ਅਤੇ ਬਾਅਦ ਵਿੱਚ ਭਾਰਤ ਰੁਪਿੰਦਰ ਪਾਲ ਅਤੇ ਸਿਮਰਨਜੀਤ ਸਿੰਘ ਦੇ ਗੋਲਾਂ ਨਾਲ ਜਿੱਤਣ ਵਿੱਚ ਸਫ਼ਲ ਹੋ ਗਿਆ ਸੀ।

ਹਰਮਨਪ੍ਰੀਤ ਸਿੰਘ ਨੇ ਤਾਂ ਬੇਲਜੀਅਮ ਦੇ ਖ਼ਿਲਾਫ਼ ਸੈਮੀਫਾਈਨਲ ਵਿੱਚ ਵੀ ਪੈਨਲਟੀ ਕਾਰਨਰ ਉੱਤੇ ਗੋਲ ਦਾਗ ਦਿੱਤਾ ਸੀ।

ਪਰ ਭਾਰਤੀ ਟੀਮ ਇਸ ਮੁਕਾਬਲੇ ਵਿੱਚ ਪੂਰੀ ਸਮਰੱਥਾ ਨਾਲ ਨਾ ਖੇਡ ਸਕਣ ਕਰਕੇ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਵਾਂਝੀ ਹੋ ਗਈ ਸੀ।

ਡ੍ਰੈਗ ਫਲਿਕਰ ਬਣਨ ਦੀ ਦਿਲਚਸਪ ਕਹਾਣੀ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਬਸਤੀ ਪਿੰਡ ਵਿੱਚ ਕਿਸਾਨ ਪਰਿਵਾਰ ’ਚ ਪੈਦਾ ਹੋਏ ਹਰਮਨਪ੍ਰੀਤ ਸਿੰਘ ਦੇ ਡ੍ਰੈਗ ਫਲਿਕਰ ਬਣਨ ਦੀ ਕਹਾਣੀ ਦਿਲਚਸਪ ਹੈ।

ਉਹ ਬਚਪਨ ਵਿੱਚ ਆਪਣੇ ਘਰ ਵਾਲਿਆਂ ਨਾਲ ਖੇਤੀਬਾੜੀ ਕਰਦੇ ਸਨ। ਲਗਭਗ 10 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਨ੍ਹਾਂ ਨੂੰ ਖੇਤੀਬਾੜੀ ਵਾਲੇ ਭਾਰੀ ਵਾਹਨ ਚਲਾਉਣ ਦਾ ਸ਼ੌਂਕ ਪਿਆ।

ਉਹ ਪਿਤਾ ਦੀ ਨਿਗਰਾਨੀ ਵਿੱਚ ਗੱਡੀ ਚਲਾਉਂਦੇ ਸਨ, ਪਰ ਉਨ੍ਹਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਗੱਡੀਆਂ ਦੇ ਸਖ਼ਤ ਗਿਅਰ ਬਦਲਣ ਵਿੱਚ ਆਉਂਦੀ ਸੀ।

ਪਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਵਿੱਚ ਮਜ਼ਬੂਤੀ ਆਉਂਦੀ ਗਈ ਅਤੇ ਉਨ੍ਹਾਂ ਨੇ ਇਸ ਮਜ਼ਬੂਤੀ ਨੂੰ ਡ੍ਰੈਗ ਫਲਿਕਰ ਬਣਨ ਵਿੱਚ ਵਰਤਿਆ।

ਹਰਮਨਪ੍ਰੀਤ ਸਿੰਘ ਦੇ 15 ਸਾਲ ਦੀ ਉਮਰ ਤੱਕ ਪਹੁੰਚਣ ਉੱਤੇ ਪਿਤਾ ਨੇ ਉਨ੍ਹਾਂ ਦੇ ਹਾਕੀ ਦੇ ਸ਼ੌਂਕ ਨੂੰ ਦਿਸ਼ਾ ਦੇਣ ਲਈ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਵਿੱਚ ਹਰਮਨਪ੍ਰੀਤ ਦੀ ਭਰਤੀ ਕਰਵਾਈ।

ਇਸ ਅਕੈਡਮੀ ਵਿੱਚ ਕੋਚ ਗਗਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਵੀ ਪੈਨਲਟੀ ਕਾਰਨਰ ਮਾਹਰ ਰਹੇ ਸਨ। ਉਨ੍ਹਾਂ ਨੇ ਹਰਮਨਪ੍ਰੀਤ ਦੇ ਹੱਥਾਂ ਦੀ ਤਾਕਤ ਨੂੰ ਡ੍ਰੈਗ ਫਲਿਕ ਵਿੱਚ ਇਸਤੇਮਾਲ ਕਰਨ ’ਚ ਮਾਹਰ ਬਣਾਇਆ।

ਇਸ ਦੇ ਲਈ ਉਹ ਆਮ ਨਾਲੋਂ ਜ਼ਿਆਦਾ ਭਾਰ ਵਾਲੀਆਂ ਗੇਂਦਾਂ ਨਾਲ ਹਰਮਨਪ੍ਰੀਤ ਨੂੰ ਟ੍ਰੇਨਿੰਗ ਕਰਵਾਉਂਦੇ ਸਨ।

ਕੋਚ ਹਰੇਂਦਰ ਸਿੰਘ ਨੂੰ ਹੋ ਗਿਆ ਸੀ ਪ੍ਰਤਿਭਾ ਦਾ ਅਹਿਸਾਸ

ਭਾਰਤੀ ਜੂਨੀਅਰ ਹਾਕੀ ਟੀਮ ਦੇ ਸਫ਼ਲ ਭਾਰਤੀ ਕੋਚਾਂ ਵਿੱਚ ਸ਼ੁਮਾਰ ਹਰੇਂਦਰ ਸਿੰਘ ਨੇ ਹਰਮਨਪ੍ਰੀਤ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਕਹਿ ਦਿੱਤਾ ਸੀ ਕਿ ਉਹ ਦੋ ਸਾਲਾਂ ’ਚ ਦੁਨੀਆਂ ਦੇ ਸਰਬੋਤਮ ਡ੍ਰੈਗ ਫਲਿਕਰ ਦੇ ਰੂਪ ਵਿੱਚ ਨਜ਼ਰ ਆਉਣਗੇ।

ਇਹ ਗੱਲ ਉਨ੍ਹਾਂ ਨੇ 2014 ’ਚ ਸੁਲਤਾਨ ਜੋਹੋਰ ਕੱਪ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਕਹੀ ਸੀ।

ਇਸ ਜੂਨੀਅਰ ਟੂਰਨਾਮੈਂਟ ਵਿੱਚ ਉਹ ਸਭ ਤੋਂ ਵੱਧ 9 ਗੋਲ ਦਾਗ ਕੇ ਪਲੇਅਰ ਆਫ਼ ਦਿ ਟੂਰਨਾਮੈਂਟ ਬਣੇ ਸੀ।

ਉਂਝ ਉਹ ਇਸ ਟੂਰਨਾਮੈਂਟ ਵਿੱਚ 2011 ’ਚ ਵੀ ਖੇਡ ਚੁੱਕੇ ਸਨ ਅਤੇ ਉਸ ਸਮੇਂ ਉਹ ਆਪਣਾ ਪ੍ਰਭਾਵ ਛੱਡਣ ਵਿੱਚ ਸਫ਼ਲ ਨਹੀਂ ਹੋ ਸਕੇ ਸੀ।

ਸਹੀ ਮਾਅਨਿਆਂ ਵਿੱਚ 2014 ’ਚ ਜੋਹੋਰ ਕੱਪ ਦੀ ਸਫ਼ਲਤਾ ਨੇ ਹੀ ਉਨ੍ਹਾਂ ਦੀ ਗ੍ਰੇਜੁਏਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦਾ ਇਨਾਮ 2015 ’ਚ ਸੀਨੀਅਰ ਟੀਮ ਵਿੱਚ ਸ਼ਾਮਲ ਹੋਣ ਦੇ ਰੂਪ ਵਿੱਚ ਹਾਸਲ ਕਰ ਗਏ।

ਉਨ੍ਹਾਂ ਨੇ ਜਾਪਾਨ ਖ਼ਿਲਾਫ਼ ਤਿੰਨ ਟੈਸਟ ਦੀ ਸੀਰੀਜ਼ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ।

ਹਰਮਨਪ੍ਰੀਤ ਸਿੰਘ ਸੀਨੀਅਰ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਵੀ ਜੂਨੀਅਰ ਟੀਮ ਵਿੱਚ ਖੇਡਦੇ ਰਹੇ ਅਤੇ 2015 ਦੇ ਜੂਨੀਅਰ ਏਸ਼ੀਅ ਕੱਪ ਵਿੱਚ ਆਪਣੇ ਝੰਡੇ ਗੱਡਣ ਵਿੱਚ ਕਾਮਯਾਬ ਰਹੇ।

ਇਸ ਵਿੱਚ ਉਨ੍ਹਾਂ ਨੇ 14 ਗੋਲ ਦਾਗ ਕੇ ਆਪਣੇ ਹੁਨਰ ਦਾ ਲੋਹਾ ਮਨਵਾ ਦਿੱਤਾ।

ਸੌਖਾ ਨਹੀਂ ਰਿਹਾ ਰਾਹ

ਇਹ ਸਹੀ ਹੈ ਕਿ ਹਰਮਨਪ੍ਰੀਤ ਸਿੰਘ ਨੂੰ 2016 ਤੱਕ ਸੀਨੀਅਰ ਟੀਮ ਵਿੱਚ ਖੇਡਣ ਦੇ ਮੌਕੇ ਮਿਲਣ ਲੱਗੇ ਸੀ। ਉਸ ਸਾਲ ਅਜਲਨ ਸ਼ਾਹ ਵਿੱਚ ਕੀਤੇ ਗਏ ਪ੍ਰਦਰਸ਼ਨ ਦੇ ਦਮ ਉੱਤੇ ਹੀ ਉਹ ਇਸੇ ਸਾਲ ਹੋਏ ਰੀਓ ਓਲੰਪਿਕ ਦੀ ਟੀਮ ਵਿੱਚ ਜਗ੍ਹਾ ਬਣਾਉਣ ’ਚ ਸਫ਼ਲ ਹੋ ਗਏ।

ਪਰ ਉਹ ਓਲੰਪਿਕ ਵਿੱਚ ਖੇਡਣ ਦੇ ਦਬਾਅ ਤੋਂ ਖ਼ੁਦ ਨੂੰ ਬਚਾ ਨਹੀਂ ਸਕੇ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਉਮੀਦਾਂ ਦੇ ਮੁਤਾਬਕ ਨਹੀਂ ਰਿਹਾ।

ਇਸ ਦਾ ਨਤੀਜਾ ਇਹ ਰਿਹਾ ਕਿ ਇਸ ਤੋਂ ਬਾਅਦ ਹੋਈ ਏਸ਼ੀਆਈ ਚੈਂਪੀਅਨਜ਼ ਟ੍ਰੌਫ਼ੀ ਵਿੱਚ ਹਿੱਸਾ ਲੈਣ ਵਾਲੀ ਟੀਮ ਵਿੱਚ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤੀ ਗਿਆ।

ਇਸ ਤੋਂ ਬਾਅਦ ਕੁਝ ਹੋਰ ਟੂਰਨਾਮੈਂਟਾਂ ਵਿੱਚ ਵੀ ਉਨ੍ਹਾਂ ਦੀ ਅਣਦੇਖੀ ਕੀਤੀ ਜਾਂਦੀ ਰਹੀ।

ਪਰ ਫਿਰ ਲਖਨਊ ਵਿੱਚ ਹੋਏ ਜੂਨੀਅਰ ਵਿਸ਼ਵ ਕੱਪ ਵਿੱਚ ਕੀਤੇ ਗਏ ਪ੍ਰਦਰਸ਼ਨ ਨੇ ਉਨ੍ਹਾਂ ਦੀ ਕਿਸਮਤ ਨੂੰ ਫ਼ਿਰ ਚਮਕਾ ਦਿੱਤਾ।

ਇਸ ਵਿੱਚ ਕੀਤੇ ਗਏ ਪ੍ਰਦਰਸ਼ਨ ਨਾਲ ਉਹ ਸੀਨੀਅਰ ਟੀਮ ਵਿੱਚ ਫ਼ਿਰ ਤੋਂ ਜਗ੍ਹਾ ਬਣਾ ਗਏ।

ਐੱਫ਼ਆਈਐੱਚ ਪ੍ਰੋ ਲੀਗ ਨੇ ਦਿੱਤੀ ਨਵੀਂ ਉਡਾਰੀ

ਐੱਫ਼ਆਈਐੱਚ ਪ੍ਰੋ ਲੀਗ ਦੇ 2021-22 ਦੇ ਸੈਸ਼ਨ ਨੇ ਹਰਨਪ੍ਰੀਤ ਸਿੰਘ ਦੇ ਕਰੀਅਰ ਨੂੰ ਨਵੀਂ ਉਡਾਰੀ ਦਿੱਤੀ।

ਇਸ ਲੀਗ ਵਿੱਚ ਉਹ ਸਭ ਤੋਂ ਵੱਧ 18 ਗੋਲ ਦਾਗਣ ਵਿੱਚ ਸਫ਼ਲ ਰਹੇ।

ਇਸ ਪ੍ਰਦਰਸ਼ਨ ਨੇ ਭਾਰਤ ਨੂੰ ਦੁਨੀਆਂ ਦੀਆਂ ਦਿੱਗਜ ਟੀਮਾਂ ਦਰਮਿਆਨ ਤੀਜਾ ਸਥਾਨ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਉਹ 2022-23 ਦੀ ਲੀਗ ਵਿੱਚ ਵੀ 18 ਗੋਲ ਦਾਗ ਕੇ ਪਹਿਲੇ ਨੰਬਰ ਉੱਤੇ ਰਹੇ।

ਹੁਣ ਹਰਮਨਪ੍ਰੀਤ ਸਿੰਘ ਦੀ ਟੀਮ ਵਿੱਚ ਅਜਿਹੇ ਕਈ ਖਿਡਾਰੀ ਹਨ ਜੋ ਉਨ੍ਹਾਂ ਦੇ ਤਜਰਬੇ ਤੋਂ ਲਾਹਾ ਲੈਂਦਿਆਂ ਚੰਗਾ ਪ੍ਰਦਰਸ਼ਨ ਕਰਕੇ ਟੀਮ ਨੂੰ ਮਜ਼ਬੂਤ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)