You’re viewing a text-only version of this website that uses less data. View the main version of the website including all images and videos.
ਟੋਕੀਓ ਓਲੰਪੀਅਨ ਰੁਪਿੰਦਰਪਾਲ ਸਿੰਘ : ਮੋਦੀ ਨੇ ਜਿੰਨ੍ਹਾਂ ਨੂੰ ਚਿੱਠੀ ਲਿਖ ਕੇ ਧੰਨਵਾਦ ਕੀਤਾ
ਭਾਰਤ ਦੇ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
30 ਸਤੰਬਰ ਨੂੰ ਰੁਪਿੰਦਰਪਾਲ ਸਿੰਘ ਨੇ ਭਾਰਤੀ ਹਾਕੀ ਟੀਮ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਕੀਤਾ ਸੀ।
ਲਗਪਗ ਚਾਰ ਦਹਾਕਿਆਂ ਬਾਅਦ ਟੋਕੀਓ ਓਲੰਪਿਕਸ ਵਿਚ ਤਮਗਾ ਹਾਸਲ ਕਰਨ ਵਾਲੀ ਭਾਰਤੀ ਟੀਮ ਦਾ ਰੁਪਿੰਦਰਪਾਲ ਸਿੰਘ ਹਿੱਸਾ ਰਹੇ ਹਨ।
ਓਲੰਪਿਕ ਖੇਡਾਂ ਦੌਰਾਨ ਉਨ੍ਹਾਂ ਨੇ ਟੀਮ ਲਈ ਡ੍ਰੈਗ ਫਲਿੱਕਰ ਦੀ ਭੂਮਿਕਾ ਨਿਭਾਈ। ਉਹ 2016 ਰੀਓ ਓਲੰਪਿਕਸ ਦਾ ਹਿੱਸਾ ਵੀ ਰਹੇ ਹਨ।
ਟੂਰਨਾਮੈਂਟ ਦੌਰਾਨ ਉਨ੍ਹਾਂ ਨੇ ਤਿੰਨ ਗੋਲ ਕੀਤੇ ਸਨ, ਜਿਨ੍ਹਾਂ ਵਿਚ ਇਕ ਕਾਂਸੀ ਦੇ ਤਮਗੇ ਲਈ ਖੇਡੇ ਗਏ ਮੈਚ ਵਿੱਚ ਜਰਮਨੀ ਦੇ ਖ਼ਿਲਾਫ਼ ਸੀ।
ਇਹ ਵੀ ਪੜ੍ਹੋ:
'ਉਮੀਦ ਹੈ ਕਿ ਹਾਕੀ ਨਾਲ ਰਿਸ਼ਤਾ ਹਮੇਸ਼ਾਂ ਗੂੜ੍ਹਾ ਰਹੇਗਾ'
ਰੁਪਿੰਦਰਪਾਲ ਸਿੰਘ ਵਲੋਂ ਰਿਟਾਇਰਮੈਂਟ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਠੀ ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਟਵਿੱਟਰ 'ਤੇ ਇਸ ਚਿੱਠੀ ਨੂੰ ਸ਼ੇਅਰ ਕਰਦਿਆਂ ਰੁਪਿੰਦਰਪਾਲ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਲਿਖਿਆ ਹੈ," ਹਰ ਭਾਰਤੀ ਭਾਵਨਾਤਮਕ ਤੌਰ ਉੱਤੇ ਹਾਕੀ ਨਾਲ ਜੁੜਿਆ ਹੈ। ਹਾਕੀ ਵਿੱਚ ਜਿੱਤੇ ਹਰ ਮੈਡਲ ਨਾਲ 130 ਭਾਰਤੀ ਜੁੜੇ ਹੋਏ ਹਨ।"
ਨਰਿੰਦਰ ਮੋਦੀ ਨੇ ਅੱਗੇ ਲਿਖਿਆ ਹੈ ਕਿ ਏਸ਼ੀਅਨ ਹਾਕੀ ਚੈਂਪੀਅਨਸ਼ਿਪ ,ਹਾਕੀ ਏਸ਼ੀਆ ਕੱਪ, ਰਾਸ਼ਟਰਮੰਡਲ ਖੇਡਾਂ,ਹਾਕੀ ਵਰਲਡ ਲੀਗ ਫਾਈਨਲ ਅਤੇ ਟੋਕੀਓ ਓਲੰਪਿਕਸ ਵਿੱਚ ਤੁਹਾਡੇ ਬਿਹਤਰੀਨ ਪ੍ਰਦਰਸ਼ਨ ਨੇ ਭਾਰਤੀ ਹਾਕੀ ਟੀਮ ਨੂੰ ਨਵੀਂ ਊਰਜਾ ਦਿੱਤੀ।
ਟੋਕੀਓ ਓਲੰਪਿਕਸ ਵਿੱਚ ਜਿੱਥੇ ਭਾਰਤ ਦੇ ਤਮਗੇ ਨੇ ਭਾਰਤ ਵਿਚ ਹਾਕੀ ਦਾ ਪੁਨਰ ਜਨਮ ਕੀਤਾ ਹੈ ਅਤੇ ਹੁਣ ਛੋਟੇ ਸ਼ਹਿਰਾਂ ਪਿੰਡਾਂ ਵਿੱਚ ਨੌਜਵਾਨਾਂ ਵਿੱਚ ਹਾਕੀ ਨੂੰ ਲੈ ਕੇ ਜੋਸ਼ ਹੈ।
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਨੇ ਇਸ ਚਿੱਠੀ ਵਿੱਚ ਰੁਪਿੰਦਰਪਾਲ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਵੀ ਕੀਤਾ ਹੈ ਅਤੇ ਆਖਿਆ ਹੈ ਕਿ ਉਹ ਉਮੀਦ ਜਤਾਉਂਦੇ ਹਨ ਕਿ 2023 ਤਕ ਰੁਪਿੰਦਰਪਾਲ ਸਕੂਲਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨਗੇ।
'ਪਿਛਲੇ ਕੁਝ ਮਹੀਨੇ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਖ਼ਾਸ'
ਪੰਜਾਬ ਦੇ ਫ਼ਰੀਦਕੋਟ ਦੇ ਜੰਮਪਲ ਰੁਪਿੰਦਰਪਾਲ ਸਿੰਘ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਵਿਚ 30 ਸਤੰਬਰ ਨੂੰ ਰਿਟਾਇਰਮੈਂਟ ਦਾ ਐਲਾਨ ਕੀਤਾ ਗਿਆ ਸੀ। ਉਹ ਪਿਛਲੇ 13 ਸਾਲ ਤੋਂ ਭਾਰਤ ਲਈ ਹਾਕੀ ਖੇਡ ਰਹੇ ਹਨ।
ਇਸ ਪੋਸਟ ਵਿਚ ਰੁਪਿੰਦਰ ਨੇ ਲਿਖਿਆ ਕਿ ਪਿਛਲੇ ਕੁਝ ਮਹੀਨੇ ਜਿਸ ਵਿੱਚ ਭਾਰਤ ਨੇ ਚਾਰ ਦਹਾਕਿਆਂ ਬਾਅਦ ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ,ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨਾਂ ਵਿੱਚੋਂ ਇੱਕ ਹਨ।
ਰੁਪਿੰਦਰਪਾਲ ਸਿੰਘ ਨੇ ਭਾਰਤ ਲਈ 223 ਮੈਚ ਖੇਡੇ ਹਨ। ਉਹ ਪਿਛਲੇ 13 ਸਾਲ ਤੋਂ ਭਾਰਤ ਲਈ ਹਾਕੀ ਖੇਡ ਰਹੇ ਹਨ।
ਇਸ ਪੋਸਟ ਵਿਚ ਉਨ੍ਹਾਂ ਨੇ ਹਾਕੀ ਇੰਡੀਆ, ਪਰਿਵਾਰ ਦੋਸਤਾਂ ਮਾਤਾ- ਪਿਤਾ, ਹਾਕੀ ਇੰਡੀਆ ਫ਼ਿਰੋਜ਼ਪੁਰ ਦੀ ਸ਼ੇਰਸ਼ਾਹ ਵਾਲੀ ਅਕੈਡਮੀ,ਫ਼ਰੀਦਕੋਟ ਦੇ ਕੋਚ ਅਤੇ ਆਪਣੇ ਸਾਬਕਾ ਕੋਚ ਸਵਰਗੀ ਜਸਬੀਰ ਸਿੰਘ ਬਾਜਵਾ ਓਪੀ ਅਹਿਲਾਵਤ ਦਾ ਚੰਡੀਗੜ੍ਹ ਹਾਕੀ ਅਕੈਡਮੀ ਦਾ ਧੰਨਵਾਦ ਕੀਤਾ।