COP26: ਗਲਾਸਗੋ ਕਲਾਈਮੇਟ ਕਾਨਫਰੰਸ ਕੀ ਹੈ ਅਤੇ ਇਹ ਸਾਨੂੰ ਕਿਵੇਂ ਪ੍ਰਭਾਵਿਤ ਕਰੇਗਾ

ਯੂਕੇ ਇੱਕ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਜਿਸ ਨੂੰ ਜਲਵਾਯੂ ਤਬਦੀਲੀ ਨੂੰ ਕਾਬੂ ਵਿੱਚ ਲਿਆਉਣ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਗਲਾਸਗੋ ਵਿੱਚ 31 ਅਕਤੂਬਰ ਤੋਂ 12 ਨਵੰਬਰ ਤੱਕ ਹੋਣ ਵਾਲੀ ਮੀਟਿੰਗ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਲਿਆ ਸਕਦੀ ਹੈ।

COP26 ਕੀ ਹੈ ਅਤੇ ਇਹ ਕਿਉਂ ਹੋ ਰਿਹਾ ਹੈ

ਮਨੁੱਖਾਂ ਰਾਹੀਂ ਪਥਰਾਟ ਬਾਲਣ ਦੇ ਨਿਕਾਸ ਦੇ ਕਾਰਨ ਦੁਨੀਆਂ ਗਰਮ ਹੋ ਰਹੀ ਹੈ।

ਜਲਵਾਯੂ ਤਬਦੀਲੀ ਨਾਲ ਜੁੜੀਆਂ ਮੌਸਮ ਦੀਆਂ ਗੰਭੀਰ ਘਟਨਾਵਾਂ - ਜਿਸ ਵਿੱਚ ਗਰਮੀ ਦੀਆਂ ਲਹਿਰਾਂ (ਹੀਟਵੇਵਜ਼), ਹੜ੍ਹ ਅਤੇ ਜੰਗਲਾਂ ਦੀ ਅੱਗ ਸ਼ਾਮਲ ਹਨ, ਤੇਜ਼ ਹੋ ਰਹੀਆਂ ਹਨ।

ਪਿਛਲਾ ਦਹਾਕਾ ਰਿਕਾਰਡ ਸਭ ਤੋਂ ਗਰਮ ਰਿਹਾ ਸੀ ਅਤੇ ਸਰਕਾਰਾਂ ਸਹਿਮਤ ਹਨ ਕਿ ਤੁਰੰਤ ਸਮੂਹਿਕ ਕਾਰਵਾਈ ਦੀ ਲੋੜ ਹੈ।

ਇਸ ਕਾਨਫਰੰਸ ਲਈ 200 ਦੇਸਾਂ ਨੂੰ 2030 ਤੱਕ ਨਿਕਾਸ ਨੂੰ ਘਟਾਉਣ ਲਈ ਕਿਹਾ ਜਾ ਰਿਹਾ ਹੈ।

ਇਹ ਸਾਰੇ ਦੇਸ 2015 ਵਿੱਚ ਗਲੋਬਲ ਵਾਰਮਿੰਗ ਨੂੰ ਪੂਰਵ-ਉਦਯੋਗਿਕ ਪੱਧਰ ਤੋਂ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਲਈ ਤਬਦੀਲੀਆਂ ਕਰਨ ਅਤੇ 1.5 ਡਿਗਰੀ ਸੈਲਸੀਅਸ ਦੇ ਟੀਚੇ ਦੀ ਕੋਸ਼ਿਸ਼ ਕਰਨ ਲਈ ਸਹਿਮਤ ਹੋਏ ਹਨ ਤਾਂ ਜੋ ਅਸੀਂ ਜਲਵਾਯੂ ਤਬਾਹੀ ਤੋਂ ਬਚ ਸਕੀਏ।

ਇਸ ਨੂੰ ਪੈਰਿਸ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦਾ ਮਤਲਬ ਹੈ ਕਿ ਦੇਸਾਂ ਨੂੰ 2050 ਵਿੱਚ ਜ਼ੀਰੋ ਪੱਧਰ 'ਤੇ ਪਹੁੰਚਣ ਲਈ ਨਿਕਾਸ ਵਿੱਚ ਵੱਡੇ ਪੱਧਰ 'ਤੇ ਕਟੌਤੀ ਕਰਦੇ ਰਹਿਣਾ ਪਏਗਾ।

ਇਹ ਵੀ ਪੜ੍ਹੋ:

COP26 ਵਿੱਚ ਕੀ ਤੈਅ ਕੀਤਾ ਜਾਵੇਗਾ

ਬਹੁਤੇ ਦੇਸ ਸਿਖਰ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਨਿਕਾਸ ਨੂੰ ਘਟਾਉਣ ਦੀਆਂ ਆਪਣੀਆਂ ਯੋਜਨਾਵਾਂ ਤੈਅ ਕਰਨਗੇ।

ਇਸ ਲਈ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੀ ਅਸੀਂ ਪਹਿਲਾਂ ਹੀ ਟਰੈਕ 'ਤੇ ਹਾਂ ਜਾਂ ਨਹੀਂ।

ਪਰ ਦੋ ਹਫ਼ਤਿਆਂ ਦੌਰਾਨ ਨਵੇਂ ਐਲਾਨ ਹੋਣ ਦੀ ਉਮੀਦ ਕਰ ਸਕਦੇ ਹਾਂ।

ਕਈਆਂ ਤੋਂ ਬਹੁਤ ਤਕਨੀਕੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਪੈਰਿਸ ਸਮਝੌਤੇ ਨੂੰ ਲਾਗੂ ਕਰਨ ਲਈ ਅਜੇ ਵੀ ਲੋੜੀਂਦੇ ਨਿਯਮ।

ਪਰ ਕੁਝ ਹੋਰ ਐਲਾਨ ਹੋ ਸਕਦੇ ਹਨ:

  • ਇਲੈਕਟ੍ਰਿਕ ਕਾਰਾਂ ਨੂੰ ਤੇਜ਼ੀ ਨਾਲ ਅਪਣਾਉਣਾ
  • ਕੋਲਾ ਊਰਜਾ ਨੂੰ ਤੇਜ਼ੀ ਨਾਲ ਬੰਦ ਕਰਨ ਦੀ ਯੋਜਨਾ
  • ਦਰਖਤਾਂ ਨੂੰ ਘੱਟ ਕੱਟਣਾ
  • ਵਾਤਾਵਰਨ ਤਬਦੀਲੀ ਦੇ ਪ੍ਰਭਾਵਾਂ ਤੋਂ ਵਧੇਰੇ ਲੋਕਾਂ ਨੂੰ ਬਚਾਉਣਾ, ਜਿਵੇਂ ਕਿ ਤੱਟ-ਰੱਖਿਆ ਪ੍ਰਣਾਲੀਆਂ ਨੂੰ ਫੰਡ ਦੇਣਾ

ਗਲਾਸਗੋ ਵਿੱਚ ਦੁਨੀਆਂ ਦੇ ਆਗੂਆਂ, ਵਾਰਤਾਕਾਰਾਂ ਅਤੇ ਪੱਤਰਕਾਰਾਂ ਸਮੇਤ 25 ਹਜ਼ਾਰ ਲੋਕਾਂ ਦੇ ਆਉਣ ਦੀ ਉਮੀਦ ਹੈ।

ਹਜ਼ਾਰਾਂ ਪ੍ਰਚਾਰਕ ਅਤੇ ਕਾਰੋਬਾਰ ਵੀ ਇਵੈਂਟਸ, ਨੈਟਵਰਕ ਅਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਉੱਥੇ ਹੋਣਗੇ।

ਉਦਾਹਰਣ ਵਜੋਂ 'ਐਕਸਟਿੰਕਸ਼ਨ ਰਿਬੈਲੀਅਨ' ਪਥਰਾਟ ਬਾਲਣਾਂ ਦੀ ਵਰਤੋਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰ ਰਹੇ ਹਨ।

ਕਾਨਫਰੰਸ ਦੇ ਅੰਤ 'ਤੇ ਕਿਸੇ ਤਰ੍ਹਾਂ ਦੇ ਐਲਾਨ ਦੀ ਉਮੀਦ ਕੀਤੀ ਜਾਂਦੀ ਹੈ।

ਹਰੇਕ ਦੇਸ ਨੂੰ ਸਾਈਨ ਅਪ ਕਰਨ ਦੀ ਲੋੜ ਹੋਏਗੀ ਅਤੇ ਇਸ ਵਿੱਚ ਖਾਸ ਵਚਨਬੱਧਤਾਵਾਂ ਸ਼ਾਮਲ ਹੋ ਸਕਦੀਆਂ ਹਨ।

ਸੰਭਾਵੀ ਤੌਰ 'ਤੇ ਕੀ ਹੋਵੇਗਾ

ਪੈਸੇ ਅਤੇ ਜਲਵਾਯੂ ਨਿਆਂ ਬਾਰੇ ਬਹੁਤ ਸਾਰੀ ਗੱਲਬਾਤ ਦੀ ਉਮੀਦ ਕਰੋ। ਵਿਕਾਸਸ਼ੀਲ ਦੇਸ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਘੱਟ ਪ੍ਰਦੂਸ਼ਣ ਕਰਦੇ ਹਨ ਅਤੇ ਅਤੀਤ ਵਿੱਚ ਜ਼ਿਆਦਾਤਰ ਨਿਕਾਸ ਲਈ ਜ਼ਿੰਮੇਵਾਰ ਨਹੀਂ ਹਨ।

ਪਰ ਉਹ ਜਲਵਾਯੂ ਤਬਦੀਲੀ ਦੇ ਕਈ ਮਾੜੇ ਪ੍ਰਭਾਵਾਂ ਦਾ ਤਜਰਬਾ ਕਰਦੇ ਹਨ।

ਉਨ੍ਹਾਂ ਨੂੰ ਆਪਣੇ ਨਿਕਾਸ ਨੂੰ ਘਟਾਉਣ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਪੈਸੇ ਦੀ ਜ਼ਰੂਰਤ ਹੈ।

ਇਸਦਾ ਮਤਲਬ ਹੈ ਕਿ ਉਨ੍ਹਾਂ ਦੇਸਾਂ ਵਿੱਚ ਵਧੇਰੇ ਸੋਲਰ ਪੈਨਲ ਹੋ ਸਕਦੇ ਹਨ ਜੋ ਕੋਲੇ ਅਤੇ ਹੜ੍ਹ ਸੁਰੱਖਿਆ ਪ੍ਰਣਾਲੀਆਂ ਤੋਂ ਊਰਜਾ ਲਈ ਨਿਰਭਰ ਕਰਦੇ ਹਨ।

ਜਲਵਾਯੂ ਤਬਦੀਲੀ ਕਾਰਨ ਪ੍ਰਭਾਵਿਤ ਵਿਕਾਸਸ਼ੀਲ ਦੇਸਾਂ ਦੇ ਮੁਆਵਜ਼ੇ ਨੂੰ ਲੈ ਕੇ ਵੀ ਚਰਚਾ ਹੋਵੇਗੀ।

ਅਮੀਰ ਦੇਸਾਂ ਨੇ ਪਹਿਲਾਂ ਸਾਲ 2020 ਤੱਕ ਗਰੀਬ ਦੇਸਾਂ ਦੀ ਮਦਦ ਲਈ ਇੱਕ ਸਾਲ 100 ਬਿਲੀਅਨ ਡਾਲਰ ਦਾ ਵਾਅਦਾ ਕੀਤਾ ਸੀ।

ਪਿਛਲੇ ਸਾਲ ਯੂਐੱਨ ਦੇ ਇੱਕ ਮੁਲਾਂਕਣ ਵਿੱਚ ਕਿਹਾ ਗਿਆ ਸੀ ਕਿ ਟੀਚਾ ਖੁੰਝਣ ਦੀ ਸੰਭਾਵਨਾ ਹੈ, ਇਸ ਲਈ ਅਮੀਰ ਦੇਸਾਂ ਨੂੰ ਵਧੇਰੇ ਪੈਸਾ ਦੇਣ ਲਈ ਕਿਹਾ ਜਾ ਰਿਹਾ ਹੈ।

COP26 ਵਿਖੇ ਚੀਨ ਦੀਆਂ ਵਚਨਬੱਧਤਾਵਾਂ ਵੀ ਬਹੁਤ ਅਹਿਮ ਹੋਣਗੀਆਂ।

ਇਹ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਪ੍ਰਦੂਸ਼ਣ ਕਰਨ ਵਾਲਾ ਦੇਸ ਹੈ ਅਤੇ ਦੁਨੀਆਂ ਭਰ ਦੇ ਕੋਲਾ ਸਟੇਸ਼ਨਾਂ ਵਿੱਚ ਨਿਵੇਸ਼ ਕਰਦਾ ਹੈ।

ਬਹੁਤ ਸਾਰੇ ਨਿਰੀਖਕ ਦੇਖ ਰਹੇ ਹੋਣਗੇ ਕਿ ਕਿੰਨੀ ਜਲਦੀ ਚੀਨ ਅਤੇ ਹੋਰ ਪ੍ਰਮੁੱਖ ਪਥਰਾਟ ਬਾਲਣ ਉਤਪਾਦਕ ਉਨ੍ਹਾਂ 'ਤੇ ਆਪਣੀ ਨਿਰਭਰਤਾ ਘਟਾਉਣ ਲਈ ਤਿਆਰ ਹੋਣਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

COP26 ਮੈਨੂੰ ਕਿਵੇਂ ਪ੍ਰਭਾਵਿਤ ਕਰੇਗਾ

ਗਲਾਸਗੋ ਵਿੱਚ ਕੀਤੇ ਗਏ ਕੁਝ ਵਾਅਦੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੇ ਹਨ।

ਉਦਾਹਰਣ ਵਜੋਂ ਇਹ ਬਦਲ ਸਕਦੇ ਹਨ ਜੇ ਤੁਸੀਂ ਪੈਟਰੋਲ ਕਾਰ ਚਲਾਉਂਦੇ ਹੋ, ਆਪਣੇ ਘਰ ਨੂੰ ਗੈਸ ਬਾਇਲਰ ਨਾਲ ਗਰਮ ਕਰਦੇ ਹੋ, ਜਾਂ ਬਹੁਤ ਸਾਰੀਆਂ ਉਡਾਣਾਂ ਲੈਂਦੇ ਹੋ।

ਸ਼ਬਦਾਵਲੀ ਜੋ ਤੁਸੀਂ ਸੁਣੋਗੇ

COP26: COP ਦਾ ਮਤਲਬ ਹੈ ਕਾਨਫਰੰਸ ਆਫ਼ ਪਾਰਟੀਜ਼। ਯੂਐੱਨ ਦੁਆਰਾ ਸਥਾਪਿਤ ਸੀਓਪੀ1 ਸਾਲ 1995 ਵਿੱਚ ਹੋਈ ਸੀ। ਹੁਣ 26ਵੀਂ ਵਾਰ ਹੋਵੇਗੀ।

ਪੈਰਿਸ ਸਮਝੌਤਾ: ਪੈਰਿਸ ਸਮਝੌਤੇ ਨੇ ਗਲੋਬਲ ਵਾਰਮਿੰਗ ਨਾਲ ਨਜਿੱਠਣ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਸਿਰਫ਼ ਇੱਕ ਸਮਝੌਤੇ ਵਿੱਚ ਪਹਿਲੀ ਵਾਰ ਦੁਨੀਆਂ ਭਰ ਦੇ ਸਾਰੇ ਦੇਸਾਂ ਨੂੰ ਇੱਕਜੁਟ ਕੀਤਾ।

ਆਈਪੀਸੀਸੀ: ਜਲਵਾਯੂ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ ਨਵੀਨਤਮ ਖੋਜਾਂ ਦੀ ਜਾਂਚ ਕਰਦਾ ਹੈ।

1.5C: ਵਿਗਿਆਨੀਆਂ ਮੁਤਾਬਕ ਪੂਰਵ -ਉਦਯੋਗਿਕ ਸਮਿਆਂ ਦੇ ਮੁਕਾਬਲੇ ਗਲੋਬਲ ਔਸਤ ਤਾਪਮਾਨ ਨੂੰ 1.5C ਤੋਂ ਹੇਠਾਂ ਰੱਖਣਾ ਜਲਵਾਯੂ ਤਬਦੀਲੀ ਦੇ ਸਭ ਤੋਂ ਮਾੜੇ ਪ੍ਰਭਾਵਾਂ ਤੋਂ ਬਚਾਏਗਾ।

COP26 ਦੀ ਕਾਮਯਾਬੀ ਬਾਰੇ ਸਾਨੂੰ ਕਿਵੇਂ ਪਤਾ ਲੱਗੇਗਾ

ਮੇਜ਼ਬਾਨ ਦੇਸ ਹੋਣ ਦੇ ਨਾਤੇ, ਯੂਕੇ ਸੰਭਾਵੀ ਤੌਰ 'ਤੇ ਚਾਹੁੰਦਾ ਹੈ ਕਿ ਸਾਰੇ ਦੇਸ ਇੱਕ ਮਜਬੂਤ ਬਿਆਨ ਦਾ ਸਮਰਥਨ ਕਰਨ, ਜੋ 2050 ਤੱਕ ਜ਼ੀਰੋ ਨਿਕਾਸ ਪ੍ਰਤੀ ਮੁੜ ਵਚਨਬੱਧ ਹੋਣ ਅਤੇ ਨਾਲ ਹੀ 2030 ਤੱਕ ਵੱਡੀ ਕਟੌਤੀ ਕਰਨ।

ਇਹ ਕੋਲਾ, ਪੈਟਰੋਲ ਕਾਰਾਂ ਨੂੰ ਖ਼ਤਮ ਕਰਨ ਅਤੇ ਕੁਦਰਤ ਦੀ ਸੁਰੱਖਿਆ ਬਾਰੇ ਵਿਸ਼ੇਸ਼ ਵਾਅਦੇ ਵੀ ਚਾਹੁੰਦਾ ਹੈ।

ਵਿਕਾਸਸ਼ੀਲ ਦੇਸ ਅਗਲੇ ਪੰਜ ਸਾਲਾਂ ਵਿੱਚ ਇੱਕ ਅਹਿਮ ਵਿੱਤੀ ਪੈਕੇਜ ਚਾਹੁੰਦੇ ਹਨ, ਤਾਂ ਜੋ ਵਧਦੇ ਤਾਪਮਾਨ ਦੇ ਅਨੁਕੂਲ ਹੋਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ਇਸ ਤੋਂ ਘੱਟ ਕਿਸੇ ਵੀ ਚੀਜ਼ ਨੂੰ ਨਾਕਾਫ਼ੀ ਸਮਝਿਆ ਜਾ ਸਕਦਾ ਹੈ ਕਿਉਂਕਿ 1.5 ਡਿਗਰੀ ਸੈਲਸੀਅਸ ਦੇ ਟੀਚੇ ਨੂੰ ਕਾਇਮ ਰੱਖਣ ਲਈ ਹੋਰ ਸਮਾਂ ਨਹੀਂ ਹੈ।

ਹਾਲਾਂਕਿ ਕੁਝ ਵਿਗਿਆਨੀ ਮੰਨਦੇ ਹਨ ਕਿ ਵਿਸ਼ਵ ਆਗੂਆਂ ਨੇ ਇਸ ਨੂੰ ਬਹੁਤ ਦੇਰ ਨਾਲ ਛੱਡ ਦਿੱਤਾ ਹੈ ਅਤੇ COP26 ਵਿੱਚ ਜੋ ਵੀ ਸਹਿਮਤੀ ਬਣੇ ਪਰ 1.5C ਕਦੇ ਹਾਸਲ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)