ਨਾਲੰਦਾ : ਸੰਸਾਰ ਨੂੰ ਬਦਲਣ ਵਾਲੀ ਯੂਨੀਵਰਸਿਟੀ, ਜਦੋਂ ਖਿਲਜੀ ਦੀ ਫੌਜ ਨੇ ਅੱਗ ਲਾਈ ਤਾਂ 3 ਮਹੀਨੇ ਧੁਖ਼ਦੀ ਰਹੀ

    • ਲੇਖਕ, ਸੁਗਾਤੋ ਮੁਖਰਜੀ
    • ਰੋਲ, ਲੇਖਕ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਉਦਘਾਟਨੀ ਪਲੇਟ ਤੋਂ ਪਰਦਾ ਚੁੱਕਿਆ ਅਤੇ ਇੱਕ ਪੌਦਾ ਲਗਾਇਆ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਗੀਰ ਵਿੱਚ ਪੁਰਾਤਨ ਨਾਲੰਦਾ (ਜਿਸਨੂੰ ਢਾਹ ਦਿੱਤਾ ਗਿਆ ਸੀ), ਜਿਸ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਐਲਾਨਿਆ ਹੋਇਆ ਹੈ, ਉੱਥੇ ਵੀ ਗਏ।

ਪਿਛਲੇ ਸਾਲ 12 ਮਾਰਚ 2023 ਨੂੰ ਬੀਬੀਸੀ ਨੇ ਪੁਰਾਤਨ ਨਾਲੰਦਾ ਯੂਨੀਵਰਸਿਟੀ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਨੂੰ ਹੂਬਹੂ ਛਾਪਿਆ ਜਾ ਰਿਹਾ ਹੈ।

ਸਰਦੀ ਦੀ ਸੰਘਣੀ ਧੁੰਦ ਵਿੱਚ ਲਿਪਟੀ ਉਸ ਸਵੇਰ। ਸਾਡੀ ਕਾਰ ਸ਼ੂੰ ਕਰਕੇ ਇੱਕ ਤਾਂਗੇ ਕੋਲੋਂ ਲੰਘੀ।

ਮੈਂ ਦੇਖਿਆ ਕਿ ਸੰਘਣੀ ਧੁੰਦ ਵਿੱਚ ਘੋੜੇ ਅਤੇ ਤਾਂਗਾਵਾਨਾਂ ਦੇ ਅਕਸ ਇੱਕ ਪਰਲੌਕਿਕ ਬਿੰਬ ਸਿਰਜ ਰਹੇ ਸਨ।

ਤਾਂਗੇ ਬਿਹਾਰ ਵਿੱਚ ਅਜੇ ਵੀ ਇੱਕ ਪ੍ਰਚਲਿਤ ਸਾਧਨ ਹਨ। ਰਾਤ ਅਸੀਂ ਬੋਧਗਯਾ ਕਸਬੇ ਵਿੱਚ ਕੱਟੀ ਸੀ। ਬੋਧਗਯਾ ਬਾਰੇ ਮਾਨਤਾ ਹੈ ਕਿ ਬੁੱਧ ਧਰਮ ਦੇ ਮੋਢੀ ਮਹਾਤਮਾ ਬੁੱਧ ਨੂੰ ਏਥੇ ਗਿਆਨ ਦੀ ਪ੍ਰਾਪਤੀ ਹੋਈ ਸੀ।

ਬੋਧਗਯਾ ਤੋਂ ਤੜਕੇ ਹੀ ਮੈਂ ਨਾਲੰਦਾ ਲਈ ਨਿਕਲ ਪਿਆ ਸੀ। ਨਾਲੰਦਾ ਵਿੱਚ ਹੁਣ ਜੋ ਲਾਲ ਇੱਟਾਂ ਦੇ ਇਹ ਖੰਡਰ ਹਨ, ਪ੍ਰਾਚੀਨ ਦੁਨੀਆ ਵਿੱਚ ਸਿੱਖਿਆ ਦਾ ਇੱਕ ਮੋਹਰੀ ਕੇਂਦਰ ਸਨ।

ਦੁਨੀਆਂ ਦੀ ਪਹਿਲੀ ਰਿਹਾਇਸ਼ੀ ਯੂਨੀਵਰਸਿਟੀ

ਨਾਲੰਦਾ ਯੂਨੀਵਰਸਿਟੀ ਦੀ ਨੀਂਹ 427 ਈਸਵੀ ਵਿੱਚ ਰੱਖੀ ਗਈ। ਮੰਨਿਆ ਜਾਂਦਾ ਹੈ ਕਿ ਇਸ ਦੀ ਲਾਇਬ੍ਰੇਰੀ ਵਿੱਚ ਨੱਬੇ ਲੱਖ ਕਿਤਾਬਾਂ ਸਨ।

ਪੂਰਬੀ ਅਤੇ ਕੇਂਦਰੀ ਏਸ਼ੀਆ ਤੋਂ ਕਰੀਬ 10,000 ਵਿਦਿਆਰਥੀ ਇੱਥੇ ਪੜ੍ਹਨ ਲਈ ਆਉਂਦੇ ਸਨ।

ਉਹ ਇੱਥੇ ਬੋਧੀ ਦਰਸ਼ਨ ਤੋਂ ਇਲਾਵਾ ਮੈਡੀਸਨ, ਤਰਕ, ਗਣਿਤ ਦੀ ਸਿੱਖਿਆ ਅਪਣੇ ਸਮੇਂ ਦੇ ਸਭ ਤੋਂ ਸਤਿਕਾਰਤ ਅਧਿਆਪਕਾਂ ਤੋਂ ਹਾਸਲ ਕਰਦੇ ਸਨ।

ਨਾਲੰਦਾ ਯੂਨੀਵਰਸਿਟੀ ਬਾਰੇ ਇੱਕ ਵਾਰ ਦਲਾਈ ਲਾਮਾ ਨੇ ਕਿਹਾ ਸੀ,"ਬੁੱਧ ਧਰਮ ਬਾਰੇ ਸਾਡੇ ਕੋਲ ਜਿੰਨਾ ਵੀ ਗਿਆਨ ਹੈ ਉਸਦਾ ਸੋਮਾ, ਨਾਲੰਦਾ ਹੀ ਹੈ।"

ਸੱਤ ਤੋਂ ਜ਼ਿਆਦਾ ਸਦੀਆਂ ਤੱਕ ਨਾਲੰਦਾ ਵਧੀ- ਫੁੱਲੀ ਅਤੇ ਪ੍ਰਫੁੱਲਿਤ ਹੋਈ। ਉਸ ਸਮੇਂ ਪੂਰੀ ਦੁਨੀਆ ਵਿੱਚ ਇਸ ਦਾ ਕੋਈ ਮੁਕਬਲਾ ਨਹੀਂ ਸੀ।

ਬੋਧੀ ਮੱਠ ਰੂਪੀ ਇਹ ਯੂਨੀਵਰਿਟੀ ਆਕਸਫ਼ੋਰਡ ਯੂਨਵਰਸਿਟੀ ਅਤੇ ਯੂਰਪ ਦੀ ਸਭ ਤੋਂ ਚਿਰੋਕਣੀ ਯੂਨੀਵਰਸਿਟੀ ਬੋਲੋਂਗੋ ਤੋਂ 500 ਤੋਂ ਜ਼ਿਆਦਾ ਸਾਲ ਪੁਰਾਣੀ ਹੈ।

ਇਸ ਤੋਂ ਵੀ ਵੱਧ ਕੇ ਨਾਲੰਦਾ ਦੀ ਦਰਸ਼ਨ ਸ਼ਾਸਤਰ ਅਤੇ ਧਰਮ ਬਾਰੇ ਆਪਣੀ ਪਹੁੰਚ ਸਦਕਾ ਨਾਲੰਦਾ ਯੂਨੀਵਰਸਿਟੀ ਦਾ ਪ੍ਰਭਾਵ ਲੰਬੇ ਸਮੇਂ ਤੱਕ ਏਸ਼ੀਆ ਦੇ ਸੱਭਿਆਚਾਰ ਨੂੰ ਘੜ੍ਹਨ ਵਿੱਚ ਰਿਹਾ।

ਸਟੋਰੀ ਦੇ ਮੁੱਖ ਬਿੰਦੂ

  • ਨਾਲੰਦਾ ਯੂਨੀਵਰਸਿਟੀ ਆਕਸਫ਼ੋਰਡ ਯੂਨਵਰਸਿਟੀ ਤੋਂ 500 ਤੋਂ ਜ਼ਿਆਦਾ ਸਾਲ ਪੁਰਾਣੀ ਹੈ।
  • ਗੁਪਤ ਰਾਜਵੰਸ਼ ਦੇ ਰਾਜੇ ਹਿੰਦੂ ਸਨ, ਜਿਨ੍ਹਾਂ ਨੇ ਇੱਕ ਬੋਧੀ ਯੂਨੀਵਰਸਿਟੀ ਦੀ ਨੀਂਹ ਰੱਖੀ।
  • ਮਸ਼ਹੂਰ ਚੀਨੀ ਬੋਧੀ ਭਿਖਸ਼ੂ ਅਤੇ ਯਾਤਰੀ ਹਿਊਨਸਾਂਗ ਨਾਲੰਦਾ ਵਿੱਚ ਪਹਿਲਾਂ ਵਿਦਿਆਰਥੀ ਫਿਰ ਅਧਿਆਪਕ ਵੀ ਰਹੇ ਸੀ।
  • ਨਾਲੰਦਾ ਯੂਨੀਵਰਸਿਟੀ ਤੇ ਖਿਲਜੀ ਤੋਂ ਪਹਿਲਾਂ ਵੀ ਦੋ ਹੋਰ ਹਮਲਾਵਰਾਂ ਨੇ ਹਮਲੇ ਕੀਤੇ ਸਨ।
  • ਛੇ ਸਦੀਆਂ ਤੱਕ, ਗੁੰਮਨਾਮ, ਧਰਤੀ ਦੇ ਥੱਲੇ ਦੱਬੀ ਰਹੀ ਨਾਲੰਦਾ ਯੂਨੀਵਰਸਿਟੀ ਨੂੰ ਫ਼ਰਾਂਸੀਸੀ ਸਰਵੇਅਰ ਨੇ 1812 "ਖੋਜਿਆ"।
  • ਨਾਲੰਦਾ ਦੇ ਖੰਡਰਾਂ ਨੂੰ ਹੁਣ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਹਾਸਲ ਹੈ।

ਹਿੰਦੂ ਰਾਜਿਆਂ ਵੱਲੋਂ ਬਣਾਈ ਬੋਧੀ ਯੂਨੀਵਰਸਿਟੀ ਦਾ ਪਾਠਕ੍ਰਮ ਕਿਹੋ ਜਿਹਾ ਸੀ?

ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਦੇ ਮੋਢੀ ਗੁਪਤ ਰਾਜਵੰਸ਼ ਦੇ ਰਾਜੇ ਹਿੰਦੂ ਸਨ, ਜਿਨ੍ਹਾਂ ਨੇ ਇੱਕ ਬੋਧੀ ਯੂਨੀਵਰਸਿਟੀ ਦੀ ਨੀਂਹ ਰੱਖੀ।

ਗੁਪਤ ਰਾਜਾ ਬੋਧੀ ਦਰਸ਼ਨ ਦੇ ਵੱਧ ਰਹੇ ਰੁਝਾਨ ਪ੍ਰਤੀ ਨਰਮ ਦਿਲ ਰੱਖਦੇ ਸਨ ਅਤੇ ਇਸ ਦੇ ਪ੍ਰਭਾਵ ਨੂੰ ਕਬੂਲ ਵੀ ਕਰਦੇ ਸਨ।

ਗੁਪਤ ਰਾਜਕਾਲ ਦੌਰਾਨ ਜੋ ਉਦਾਰ ਸੱਭਿਆਚਾਰਕ ਅਤੇ ਧਾਰਮਿਕ ਰਵਾਇਤਾਂ ਵਿਕਸਤ ਹੋਈਆਂ ਉਹੀ ਨਾਲੰਦਾ ਯੂਨੀਵਰਿਟੀ ਦੇ ਬਹੁ-ਅਨੁਸ਼ਾਸਨੀ ਅਕਾਦਮਿਕ ਪਾਠਕ੍ਰਮ ਦਾ ਅਧਾਰ ਬਣੀਆਂ।

ਇਸ ਪਾਠਕ੍ਰਮ ਨੇ ਅਧਿਐਨ ਦੇ ਵੱਖੋ- ਵੱਖ ਖੇਤਰਾਂ ਵਿੱਚ ਬੋਧੀ ਦਰਸ਼ਨ ਨੂੰ ਗੁੰਨ੍ਹ ਕੇ ਪੇਸ਼ ਕੀਤਾ।

ਅਯੁਰਵੈਦ ਦੀ ਵੀ ਨਾਲੰਦਾ ਯੂਨੀਵਰਸਿਟੀ ਵਿੱਚ ਚੰਗੀ ਪੜ੍ਹਾਈ ਹੁੰਦੀ ਸੀ ਅਤੇ ਫਿਰ ਇੱਥੋਂ ਦੇ ਵਿਦਿਆਰਥੀਆਂ ਰਾਹੀਂ ਖੁਸ਼ਬੋ ਦੀ ਨਿਆਈਂ ਬਾਕੀ ਭਾਰਤ ਵਿੱਚ ਫੈਲ ਜਾਂਦੀ ਸੀ।

ਹੋਰ ਬੋਧੀ ਸੰਸਥਾਵਾਂ ਨੂੰ ਨਾਲੰਦਾ ਦੇ ਕੈਂਪਸ ਦੇ ਖੁੱਲ੍ਹੇ ਮੈਦਾਨਾਂ, ਜਿਨ੍ਹਾਂ ਦੇ ਦੁਆਲੇ ਪ੍ਰਾਰਥਨਾ ਹਾਲ ਅਤੇ ਜਮਾਤਾਂ ਬਣੀਆਂ ਹੋਈਆਂ ਸਨ, ਦੇ ਡਿਜ਼ਾਈਨ ਨੇ ਪ੍ਰੇਰਿਤ ਕੀਤਾ।

ਇੱਥੋਂ ਦੀ ਭਵਨ ਨਿਰਮਾਣ ਕਲਾ ਨੇ ਥਾਈਲੈਂਡ ਵਿੱਚ ਗਿਰਜਿਆਂ ਦੇ ਭਵਨ ਨਿਰਮਾਣ ਉੱਪਰ ਵੀ ਅਸਰ ਪਾਇਆ ਤਾਂ ਧਾਤ ਦੀ ਕਾਰੀਗਰੀ ਇੱਥੋਂ ਤਿੱਬਤ ਅਤੇ ਮਲਯਾਨ ਪ੍ਰਾਇਦੀਪ ਤੱਕ ਫੈਲੀ।

ਹਾਲਾਂਕਿ ਨਾਲੰਦਾ ਦੀ ਸਭ ਤੋਂ ਵੱਡੀ ਦੇਣ ਜਾਂ ਵਿਰਾਸਤ ਤਾਂ ਗਣਿਤ ਅਤੇ ਖਗੋਲ ਵਿਗਿਆਨ ਵਿੱਚ ਇਸ ਦੀਆਂ ਪ੍ਰਾਪਤੀਆਂ ਹਨ।

ਨਾਲੰਦਾ ਯੂਨਵਰਸਿਟੀ ਅਤੇ ਆਰਿਆ ਭੱਟ

ਆਰਿਆ ਭੱਟ ਜਿਨ੍ਹਾਂ ਨੂੰ ਭਾਰਤੀ ਗਣਿਤ ਦੇ ਪਿਤਾਮਾ ਮੰਨਿਆਂ ਜਾਂਦਾ ਹੈ, 6ਵੀਂ ਸਦੀ ਦੌਰਾਨ ਇਸ ਯੂਨੀਵਰਸਟੀ ਦੇ ਮੁਖੀ ਸਨ।

ਕੋਲਕਾਤਾ ਅਧਾਰਿਤ ਗਣਿਤ ਦੀ ਪ੍ਰੋਫ਼ੈਸਰ ਅਨੁਰਾਧਾ ਮਿਤਰਾ ਮੁਤਾਬਕ,"ਅਸੀਂ ਮੰਨਦੇ ਹਾਂ ਕਿ ਆਰਿਆ ਭੱਟ, ਸਿਫ਼ਰ ਨੂੰ ਹਿੰਦਸੇ ਦਾ ਦਰਜਾ ਦੇਣ ਵਾਲੇ ਪਹਿਲੇ ਵਿਦਵਾਨ ਸਨ।"

"ਜੋ ਕਿ ਇੱਕ ਕ੍ਰਾਂਤੀਕਾਰੀ ਸੰਕਲਪ ਸੀ, ਜਿਸ ਨੇ ਗਣਿਤ ਦੀਆਂ ਗਿਣਤੀਆਂ ਨੂੰ ਸਰਲ ਬਣਾਇਆ ਅਤੇ ਅੱਗੇ ਚੱਲ ਕੇ ਬੀਜ ਗਣਿਤ ਵਰਗੇ ਵਧੇਰੇ ਗੁੰਝਲਦਾਰ ਖੇਤਰਾਂ ਦੇ ਵਿਕਾਸ ਵਿੱਚ ਮਦਦ ਕੀਤੀ।"

ਉਹ ਅੱਗੇ ਦੱਸਦੇ ਹਨ,"ਜ਼ੀਰੋ ਤੋਂ ਬਿਨਾਂ, ਸਾਡੇ ਕੋਲ ਕੰਪਿਊਟਰ ਨਹੀਂ ਹੋਣੇ ਸਨ।"

"ਆਰਿਆ ਭੱਟ ਨੇ ਵਰਗ ਮੂਲ ਅਤੇ ਘਣ ਮੂਲ ਕੱਢਣ ਵਿੱਚ ਵੀ ਮੁੱਢਲਾ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਤ੍ਰਿਕੋਣਮਿਤੀ ਦੀ ਗੋਲਾਕਾਰ ਜੀਓਮਿਟਰੀ ਵਿੱਚ ਵਰਤੋਂ ਵੀ ਕੀਤੀ। ਚੰਦ ਸੂਰਜ ਦੀ ਰੌਸ਼ਨੀ ਨੂੰ ਪ੍ਰਵਰਤਿਤ ਕਰਦਾ ਹੈ, ਅਜਿਹਾ ਕਹਿਣ ਵਾਲੇ ਵੀ ਆਰਿਆ ਭੱਟ ਪਹਿਲੇ ਸਨ।"

ਇਸ ਕੰਮ ਨੇ ਅੱਗੇ ਜਾ ਕੇ ਦੱਖਣੀ ਭਾਰਤ ਅਤੇ ਪੂਰੇ ਅਰਬ ਪ੍ਰਾਇਦੀਪ ਵਿੱਚ ਗਣਿਤ ਅਤੇ ਖਗੋਲ ਵਿਗਿਆਨ ਦੇ ਵਿਕਾਸ ਨੂੰ ਪ੍ਰਭਾਵਿਤ ਕਰਨਾ ਸੀ।

ਯੂਨੀਵਰਸਿਟੀ ਨਿਯਮਤ ਰੂਪ ਵਿੱਚ ਆਪਣੇ ਵਿਦਵਾਨਾਂ ਅਤੇ ਪ੍ਰੋਫ਼ੈਸਰਾਂ ਨੂੰ ਬੁੱਧ ਧਰਮ ਅਤੇ ਦਰਸ਼ਨ ਦਾ ਪ੍ਰਚਾਰ ਕਰਨ ਲਈ ਚੀਨ, ਕੋਰੀਆ, ਜਪਾਨ ਇੰਡੋਨੇਸ਼ੀਆ ਅਤੇ ਸ੍ਰੀ ਲੰਕਾ ਭੇਜਦੀ ਰਹਿੰਦੀ ਸੀ।

ਸੱਭਿਆਚਾਰਕ ਵਟਾਂਦਰੇ ਦੇ ਇਸ ਪ੍ਰਾਚੀਨ ਪ੍ਰੋਗਰਾਮ ਨੇ ਪੂਰੇ ਏਸ਼ੀਆਈ ਖਿੱਤੇ ਵਿੱਚ ਬੁੱਧ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਮਦਦ ਕੀਤੀ।

ਨਾਲੰਦਾ ਯੂਨੀਵਰਸਿਟੀ: ਅੱਗ ਤਿੰਨ ਮਹੀਨਿਆਂ ਤੱਕ ਸੁਲਘਦੀ ਰਹੀ

ਨਾਲੰਦਾ ਦੇ ਖੰਡਰਾਂ ਨੂੰ ਹੁਣ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਹਾਸਲ ਹੈ।

ਯੂਨੀਵਰਸਿਟੀ ਨੂੰ 1190ਵਿਆਂ ਦੋਰਾਨ ਤੁਰਕ- ਅਫ਼ਗ਼ਾਨ ਹਮਲਾਵਰ ਬਖ਼ਤਿਆਰ ਖਿਲਜੀ ਦੀ ਅਗਵਾਈ ਵਾਲੀ ਵਿਸ਼ਾਲ ਲੁਟੇਰਾ ਫ਼ੌਜ ਨੇ ਬਰਬਾਦ ਕਰ ਦਿੱਤਾ ਸੀ।

ਖਿਲਜੀ ਬੋਧੀ ਗਿਆਨ ਦੀ ਇਸ ਟਕਸਾਲ ਨੂੰ ਆਪਣੀ ਉੱਤਰੀ ਅਤੇ ਪੂਰਬੀ ਭਾਰਤ ਦੀ ਜਿੱਤ ਦੌਰਾਨ ਨੇਸਤੋ- ਨਾਬੂਦ ਕਰਨਾ ਚਾਹੁੰਦੇ ਸਨ।

ਯੂਨਿਵਰਸਿਟੀ ਦਾ ਕੈਂਪਸ ਇੰਨਾ ਵਿਸ਼ਾਲ ਸੀ ਕਿ ਕਿਹਾ ਜਾਂਦਾ ਹੈ ਕਿ ਹਮਲਾਵਰਾਂ ਵੱਲੋਂ ਲਾਈ ਅੱਗ ਤਿੰਨ ਮਹੀਨਿਆਂ ਤੱਕ ਸੁਲਘਦੀ ਰਹੀ ਸੀ।

ਅੱਜ ਤੇਈ ਵਰਗ ਹੈਕਏਟਰ ਵਿੱਚ ਫੈਲੇ ਜੋ ਖੰਡਰ ਹਨ, ਉਹ ਤਾਂ ਮਹਿਜ਼ ਨਿਸ਼ਾਨੀ ਭਰ ਹਨ।

ਫਿਰ ਵੀ ਇਨ੍ਹਾਂ ਖੰਡਰਾਂ ਵਿੱਚ ਘੁੰਮ ਕੇ ਇਹ ਤਾਂ ਕਲਪਨਾ ਕੀਤੀ ਹੀ ਜਾ ਸਕਦੀ ਹੈ ਕਿ ਉਸ ਸਮੇਂ ਇੱਥੇ ਪੜ੍ਹਨਾ ਕਿੱਦਾਂ ਦਾ ਅਨੁਭਵ ਹੋਵੇਗਾ।

ਕਿਹੋ ਜਿਹਾ ਸੀ ਹੋਸਟਲ ਦਾ ਕਮਰਾ?

ਮੈਂ ਇਸਦੇ ਬੋਧੀ- ਮੱਠਾਂ ਅਤੇ ਭਵਨਾਂ ਦੇ ਵਰਾਂਡਿਆਂ ਅਤੇ ਡਿਓਢੀਆਂ ਵਿੱਚ ਘੁੰਮਦਾ ਰਿਹਾ।

ਲਾਲ ਇੱਟਾਂ ਦੀ ਇੱਕ ਰਾਹਦਾਰੀ ਵਿਚੋਂ ਲੰਘਦਾ ਹੋਇਆ, ਮੈਂ ਇੱਕ ਬੋਧੀ ਮੱਠ ਦੇ ਵਿਹੜੇ ਵਿੱਚ ਪਹੁੰਚਿਆ। ਇਸ ਗੁਫ਼ਾਨੁਮਾ ਵਰਗਾਕਾਰ ਥਾਂ ਵਿੱਚ ਇੱਕ ਪੱਥਰ ਦੇ ਵੱਡੇ ਚਬੂਤਰੇ ਦਾ ਦਬਦਬਾ ਸੀ।

ਮੇਰੇ ਸਥਾਨਕ ਗਾਈਡ ਕਮਲਾ ਸਿੰਘ ਨੇ ਦੱਸਿਆ, "ਇਹ ਇੱਕ ਲੈਕਚਰ ਹਾਲ ਸੀ, ਜਿਸ ਵਿੱਚ 300 ਤੋਂ ਜ਼ਿਆਦਾ ਵਿਦਿਆਰਥੀ ਬੈਠ ਸਕਦੇ ਸਨ ਅਤੇ ਉਹ ਚਬੂਤਰਾ ਅਧਿਆਪਕਾਂ ਦਾ ਮੰਚ ਸੀ।"

ਕਮਲਾ ਸਿੰਘ ਨੇ ਹੀ ਮੈਨੂੰ ਇਨ੍ਹਾਂ ਸਾਰੇ ਖੰਡਰਾਂ ਦੀ ਸੈਰ ਕਰਵਾਈ ਸੀ।

ਮੈਂ ਇੱਕ ਕਤਾਰ ਵਿੱਚ ਬਣੇ ਕਮਰਿਆਂ ਵਿੱਚੋਂ ਇੱਕ ਕਮਰੇ ਵਿੱਚ ਦਾਖਲ ਹੋਇਆ। ਦੱਸਿਆ ਜਾਂਦਾ ਹੈ ਕਿ ਇਹ ਉਸ ਹੋਸਟਲ ਦਾ ਇੱਕ ਕਮਰਾ ਸੀ ਜਿੱਥੇ ਦੂਰ-ਦੂਰ ਤੋਂ ਆ ਕੇ ਵਿਦਿਆਰਥੀ ਠਹਿਰਦੇ ਸਨ।

ਕਮਰੇ ਦੀਆਂ ਆਹਮੋ- ਸਹਮਣੀਆਂ ਕੰਧਾਂ ਵਿੱਚ ਬਣੇ ਆਲ਼ਿਆਂ ਵਿੱਚ ਵਿਦਿਆਰਥੀ ਤੇਲ ਦੇ ਦੀਵੇ ਅਤੇ ਆਪਣਾ ਹੋਰ ਨਿੱਜੀ ਸਮਾਨ ਰੱਖਦੇ ਹੋਣਗੇ।

ਕਮਲਾ ਨੇ ਦੱਸਿਆ ਕਿ ਕਿਵੇਂ ਕਮਰੇ ਦੇ ਦਰਵਾਜ਼ੇ ਕੋਲ ਬਣਿਆ, ਵਰਗਾਕਾਰ ਆਲਾ ਵਿਦਿਆਰਥੀ ਦੇ ਲੈਟਰ-ਬਾਕਸ ਦਾ ਕੰਮ ਦਿੰਦਾ ਹੋਵੇਗਾ।

ਅਜੋਕੀਆਂ ਵੱਡੀਆਂ ਯੂਨੀਵਰਸਿਟੀਆਂ ਵਾਂਗ ਹੀ ਨਾਲੰਦਾ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣਾ ਵੀ ਮੁਸ਼ਕਿਲ ਹੁੰਦਾ ਸੀ।

ਚਾਹਵਾਨ ਵਿਦਿਅਰਥੀਆਂ ਨੂੰ ਯੂਨੀਵਰਸਿਟੀ ਦੇ ਸਿਰਮੌਰ ਪ੍ਰੋਫ਼ੈਸਰਾਂ ਦੀ ਸਖ਼ਤ ਮੌਖਿਕ ਪ੍ਰੀਖਿਆ ਦੇਣੀ ਪੈਂਦੀ ਸੀ।

ਭਾਗਸ਼ਾਲੀ ਵਿਦਿਆਰਥੀਆਂ ਨੂੰ ਭਾਰਤ ਦੇ ਕੋਨੇ-ਕੋਨੇ ਤੋਂ ਆਏ ਮਾਹਰ ਪ੍ਰੋਫ਼ੈਸਰਾਂ ਤੋਂ ਪੜ੍ਹਨ ਦਾ ਸੁਭਾਗ ਹਾਸਲ ਹੁੰਦਾ ਸੀ।

ਇਹ ਪ੍ਰੋਫ਼ੈਸਰ ਧਰਮਪਾਲ ਅਤੇ ਸੀਲਭਦਰ ਵਰਗੇ ਆਪਣੇ ਯੁੱਗ ਦੇ ਚੋਟੀ ਦੇ ਬੋਧੀ ਵਿਦਵਾਨਾਂ ਦੀ ਨਿਗਰਾਨੀ ਵਿੱਚ ਕੰਮ ਕਰਦੇ ਸਨ।

'ਬੱਦਲਾਂ ਨੂੰ ਛੂੰਹਦੀ' ਲਾਇਬ੍ਰੇਰੀ

ਤਾੜ ਦੇ ਪੱਤਿਆਂ 'ਤੇ ਲਿਖੇ ਯੂਨਿਵਰਸਿਟੀ ਦੀ ਲਾਇਬ੍ਰੇਰੀ ਵਿੱਚ ਸੰਭਾਲੇ ਨੱਬੇ ਲੱਖ ਖਰੜੇ, ਦੁਨੀਆਂ ਵਿੱਚ ਕਿਤੇ ਵੀ ਰੱਖਿਆ ਬੋਧੀ ਗਿਆਨ ਦਾ ਸਭ ਤੋਂ ਅਮੀਰ ਖ਼ਜਾਨਾ ਸੀ।

ਯੂਨੀਵਰਸਿਟੀ ਲਾਇਬ੍ਰੇਰੀ ਦੀਆਂ ਤਿੰਨ ਵਿੱਚੋਂ ਇੱਕ ਇਮਾਰਤ ਦਾ ਵਰਨਣ ਤਿੱਬਤੀ ਬੋਧੀ ਵਿਦਵਾਨ ਤਾਰਾ ਨਾਥ ਨੇ ਕੀਤਾ ਹੈ। ਉਹ ਕਹਿੰਦੇ ਹਨ ਕਿ ਇਹ ਨੌਂ ਮੰਜ਼ਿਲਾ ਇਮਾਰਤ "ਬੱਦਲਾਂ ਨੂੰ ਛੂੰਹਦੀ ਸੀ।"

ਉਸ ਅੱਗ ਵਿੱਚੋਂ ਸਿਰਫ਼ ਉਹੀ ਮੁੱਠੀ ਭਰ ਖਰੜੇ ਬਚ ਸਕੇ ਜਿਨ੍ਹਾਂ ਨੂੰ ਜਾਨ ਬਚਾ ਕੇ ਭੱਜਦੇ ਭਿਖਸ਼ੂ ਆਪਣੇ ਨਾਲ ਲੈ ਗਏ।

ਇਹ ਖਰੜੇ ਹੁਣ ਲਾਸ ਏਂਜਲਸ ਕਾਉਂਟੀ ਮਿਊਜ਼ੀਅਮ ਆਫ਼ ਆਰਟ, ਅਮਰੀਕਾ ਅਤੇ ਤਿੱਬਤ ਦੇ ਯਾਰਲੁੰਗ ਮਿਊਜ਼ੀਅਮ ਵਿੱਚ ਦੇਖੇ ਜਾ ਸਕਦੇ ਹਨ।

ਹਿਊਨਸਾਂਗ ਪਹਿਲਾਂ ਵਿਦਿਆਰਥੀ ਫਿਰ ਅਧਿਆਪਕ ਵੀ ਰਹੇ

ਮਸ਼ਹੂਰ ਚੀਨੀ ਬੋਧੀ ਭਿਖਸ਼ੂ ਅਤੇ ਯਾਤਰੀ ਹਿਊਨਸਾਂਗ ਨੇ ਨਾਲੰਦਾ ਵਿੱਚ ਪੜ੍ਹਾਈ ਵੀ ਕੀਤੀ ਸੀ ਅਤੇ ਇੱਥੇ ਪੜ੍ਹਾਇਆ ਵੀ ਸੀ।

ਜਦੋਂ ਉਹ 645 ਈਸਵੀ ਵਿੱਚ ਚੀਨ ਵਾਪਸ ਪਰਤੇ ਤਾਂ ਆਪਣੇ ਨਾਲ ਇੱਥੋਂ 657 ਖਰੜੇ ਲੈ ਕੇ ਗਏ ਸਨ। ਹਿਊਨਸਾਂਗ ਅੱਗੇ ਜਾ ਕੇ ਉੱਘੇ ਬੋਧੀ ਵਿਦਵਾਨ ਬਣੇ।

ਉਨ੍ਹਾਂ ਨੇ ਇਨ੍ਹਾਂ ਖਰੜਿਆਂ ਦੇ ਕੁਝ ਹਿੱਸੇ ਦਾ ਚੀਨੀ ਭਾਸ਼ਾ ਵਿੱਚ ਤਰਜਮਾ ਕੀਤਾ।

ਇਨ੍ਹਾਂ ਤੋਂ ਹੀ ਉਨ੍ਹਾਂ ਨੇ ਆਪਣਾ ਜੀਵਨ ਫ਼ਲਸਫ਼ਾ ਪੇਸ਼ ਕੀਤਾ ਕਿ ਇਹ ਸਾਰਾ ਦ੍ਰਿਸ਼ਟਮਾਨ ਸੰਸਾਰ ਮਨ ਦੇ ਵਿਚਾਰਾਂ ਦਾ ਪ੍ਰਗਟਾਅ ਹੈ।

ਉਨ੍ਹਾਂ ਦੇ ਜਪਾਨੀ ਚੇਲੇ ਡੋਸ਼ੋ ਨੇ ਇਸ ਸਿਧਾਂਤ ਤੋਂ ਜਪਾਨ ਨੂੰ ਜਾਣੂ ਕਰਵਾਇਆ। ਜਿੱਥੋਂ ਫਿਰ ਇਹ ਚੀਨੀ- ਜਪਾਨੀ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ। ਉਸ ਸਮੇਂ ਤੋਂ ਹੀ ਇਹ ਉੱਥੇ ਇੱਕ ਧਰਮ ਵਜੋਂ ਸਥਾਪਿਤ ਹੈ।

ਹਿਊਨਸਾਂਗ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਹੀ ਪੂਰਬ ਨੂੰ ਬੁੱਧ ਧਰਮ ਤੋਂ ਜਾਣੂ ਕਰਵਾਇਆ।

ਨਾਲੰਦਾ ਯੂਨੀਵਰਸਿਟੀ ਤੋਂ ਵੀ ਪੁਰਾਣਾ ਸਤੂਪ

ਹਿਊਨਸਾਂਗ ਦੇ ਨਾਲੰਦਾ ਦੇ ਬਿਰਤਾਂਤ ਵਿੱਚ ਇੱਕ ਵੱਡੇ ਸਤੂਪ ਦਾ ਜ਼ਿਕਰ ਆਉਂਦਾ ਹੈ। ਇਸ ਦਾ ਨਿਰਮਾਣ ਬੁੱਧ ਦੇ ਇੱਕ ਪਰਮ ਸ਼ਿਸ਼ ਦੀ ਯਾਦ ਵਿੱਚ ਕੀਤਾ ਗਿਆ ਸੀ।

ਮੈਂ ਇਸ ਵਿਸ਼ਾਲ ਅਸ਼ਟਭੁਜੀ ਪਿਰਾਮਿਡ ਨੁਮਾ ਢਾਂਚੇ ਜਿਸ ਨੂੰ ਮਹਾਨ ਯਾਦਗਾਰ ਜਾਂ ਮਹਾਨ ਸਤੂਪ ਵੀ ਕਿਹਾ ਜਾਂਦਾ ਹੈ, ਦੇ ਸਾਹਮਣੇ ਖੜ੍ਹਾ ਸੀ।

ਇਕਹਿਰੀ ਇੱਟ ਦੀਆਂ ਪੌੜੀਆਂ ਇਸ ਢਾਂਚੇ ਦੇ ਦੁਆਲਿਓਂ ਸਿਖਰ ਤੱਕ ਜਾਂਦੀਆਂ ਸਨ। ਇਸ ਦੇ ਚਾਰੇ ਪਾਸੇ ਹੋਰ ਵੀ ਕਈ ਛੋਟੇ-ਛੋਟੇ ਸਤੂਪ ਅਤੇ ਸਮਾਧਾਂ ਹਨ।

ਮਹਾਨ ਸਤੂਪ ਦੀ ਉਚਾਈ ਕਰੀਬਨ 30 ਮੀਟਰ ਹੋਵੇਗੀ। ਇਸ ਦੀਆਂ ਕੰਧਾਂ ਦੇ ਅੰਦਰਲੇ ਪਾਸੇ ਲਿਪਾਈ ਕਰਦਿਆਂ ਹੀ ਮਸਾਲੇ ਦੀ ਮਦਦ ਨਾਲ ਹੀ ਖੂਬਸੂਰਤ ਕਲਾਕਾਰੀ ਵੀ ਕੀਤੀ ਹੋਈ ਹੈ।

ਮੁੰਬਈ ਤੋਂ ਇਤਿਹਾਸ ਦੀ ਅਧਿਆਪਕ ਅੰਜਲੀ ਨਾਇਰ ਨੇ ਮੈਨੂੰ ਦੱਸਿਆ, "ਅਸਲ ਵਿੱਚ ਮਹਾਨ ਸਤੂਪ ਯੂਨੀਵਰਸਿਟੀ ਤੋਂ ਵੀ ਪਹਿਲਾਂ ਦਾ ਹੈ। ਇਸ ਨੂੰ ਤੀਜੀ ਸਦੀ ਵਿੱਚ ਸਮਰਾਟ ਅਸ਼ੋਕ ਨੇ ਬਣਵਾਇਆ ਸੀ। ਅੱਠ ਸਦੀਆਂ ਦੌਰਾਨ ਢਾਂਚੇ ਦੀ ਕਈ ਵਾਰ ਮੁੜ ਉਸਾਰੀ ਕਰਵਾਈ ਗਈ ਸੀ।"

ਅੰਜਲੀ ਨਾਲ ਮੇਰੀ ਮੁਲਾਕਾਤ ਨਾਲੰਦਾ ਯੂਨੀਵਰਸਿਟੀ ਦੇ ਖੰਡਰਾਂ ਵਿੱਚ ਹੀ ਹੋਈ ਸੀ।

ਅੰਜਲੀ ਅੱਗੇ ਦੱਸਦੇ ਹਨ, "ਉਨ੍ਹਾਂ ਸਮਾਧਾਂ ਵਿੱਚ ਉਨ੍ਹਾਂ ਬੋਧ ਭਿਕਸ਼ੂਆਂ ਦੇ ਅਵਸ਼ੇਸ਼ ਹਨ, ਜੋ ਨਾਲੰਦਾ ਯੂਨੀਵਰਸਿਟੀ ਵਿੱਚ ਹੀ ਰਹੇ ਅਤੇ ਇੱਥੇ ਹੀ ਫ਼ੋਤ ਹੋ ਗਏ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਯੂਨੀਵਰਸਿਟੀ ਨੂੰ ਸਮਰਪਿਤ ਕਰ ਦਿੱਤਾ।"

ਹਮਲੇ ਬਾਰੇ ਕੀ ਹਨ ਵਿਚਾਰ?

ਨਾਲੰਦਾ ਦੀ ਤਬਾਹੀ ਨੂੰ ਅੱਠ ਸਦੀਆਂ ਬੀਤ ਚੁੱਕੀਆਂ ਹਨ। ਇੱਕ ਪ੍ਰਚਲਿਤ ਧਾਰਨਾ ਹੈ ਕਿ ਨਾਲੰਦਾ ਨੂੰ ਖਿਲਜੀ ਅਤੇ ਉਸ ਦੀਆਂ ਫ਼ੌਜਾਂ ਨੇ ਇਸ ਲਈ ਬਰਬਾਦ ਕੀਤਾ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਇਸ ਦੀਆਂ ਸਿੱਖਿਆਵਾਂ ਇਸਲਾਮ ਨੂੰ ਚੁਣੌਤੀ ਦਿੰਦੀਆਂ ਸਨ।

ਕਈ ਵਿਦਵਾਨ ਇਸ ਧਾਰਨਾ ਨੂੰ ਹੀ ਚੁਣੌਤੀ ਦਿੰਦੇ ਹਨ। ਹਾਲਾਂਕਿ, ਭਾਰਤ ਦੇ ਉੱਘੇ ਪੁਰਾਤੱਤਵ ਸ਼ਾਸਤਰੀ ਐੱਚਡੀ ਸਾਂਕਲੀਆ ਨੇ 1934 ਵਿੱਚ ਲਿਖੀ ਆਪਣੀ ਇੱਕ ਕਿਤਾਬ ਵਿੱਚ ਲਿਖਿਆ ਕਿ ਇਸ ਹਮਲੇ ਪਿੱਛੇ ਬੁੱਧ ਧਰਮ ਨੂੰ ਜੜੋਂ ਪੱਟਣ ਦੀ ਮਨਸ਼ਾ ਇੱਕ ਤਤਕਾਲੀ ਕਾਰਨ ਜ਼ਰੂਰ ਹੋ ਸਕਦਾ ਹੈ।

ਜਦਕਿ ਨਾਲੰਦਾ ਯੂਨੀਵਰਸਿਟੀ ਦੀ ਕਿਸੇ ਗੜ੍ਹੀ ਵਰਗੀ ਬਣਤਰ ਅਤੇ ਇਸ ਦੇ ਧਨ- ਦੌਲਤ ਦੀਆਂ ਕਹਾਣੀਆਂ ਵੀ ਲੁਟੇਰੇ ਹਮਲਾਵਰਾਂ ਨੂੰ ਆਪਣੇ ਵੱਲ ਖਿੱਚਣ ਲਈ ਕਾਫ਼ੀ ਰਹੀਆਂ ਹੋਣਗੀਆਂ।

ਹਮਲੇ ਦਾ ਸਟੀਕ ਕਾਰਨ ਤੈਅ ਕਰਨਾ ਮੁਸ਼ਕਲ

ਨਾਲੰਦਾ ਯੂਨੀਵਰਸਿਟੀ ਦੇ ਅੰਦਰ ਹੀ ਇੱਕ ਅਜਾਇਬ ਘਰ ਬਣਾਇਆ ਗਿਆ ਹੈ। ਇਸ ਵਿੱਚ ਰੱਖੀਆਂ 13,000 ਤੋਂ ਵਧੇਰੇ ਪੁਰਤਨ ਵਸਤਾਂ ਵਿੱਚੋਂ 350 ਕਲਾਕ੍ਰਿਤੀਆਂ ਨੂੰ ਯਾਤਰੀ ਦੇਖ ਸਕਦੇ ਹਨ।

ਅਜਾਇਬ ਘਰ ਦੇ ਨਿਰਦੇਸ਼ਕ ਸ਼ੰਕਰ ਸ਼ਰਮਾ ਦੱਸਦੇ ਹਨ, "ਹਾਂ, ਹਮਲੇ ਦਾ ਕੋਈ ਇੱਕ ਕਾਰਨ ਤੈਅ ਕਰਨਾ ਮੁਸ਼ਕਿਲ ਕੰਮ ਹੈ।"

ਇਨ੍ਹਾਂ ਕਲਾਕ੍ਰਿਤੀਆਂ ਨੂੰ ਨਾਲੰਦਾ ਦੀ ਖੁਦਾਈ ਦੌਰਾਨ ਕੱਢਿਆ ਗਿਆ ਸੀ। ਇਨ੍ਹਾਂ ਵਿੱਚ ਮਹਾਤਮਾ ਬੁੱਧ ਦੀਆਂ ਤਾਂਬੇ ਦੀਆਂ ਮੂਰਤੀਆਂ ਅਤੇ ਹਾਥੀ ਦੰਦ ਵਗੈਰਾ ਦੀਆਂ ਕਲਾਕ੍ਰਿਤੀਆਂ ਸ਼ਾਮਲ ਹਨ।

ਨਾਲੰਦਾ ਯੂਨੀਵਰਸਿਟੀ: ਖ਼ਿਲਜੀ ਪਹਿਲਾ ਹਮਲਾਵਰ ਨਹੀਂ ਸੀ?

"ਜਿਵੇਂ ਕਿ ਸਾਨੂੰ ਖੰਡਰਾਂ ਦੇ ਅਧਿਐਨ ਤੋਂ ਪਤਾ ਚਲਦਾ ਹੈ, ਨਾਲੰਦਾ ਉੱਪਰ ਇਹ ਕੋਈ ਪਹਿਲਾ ਹਮਲਾ ਨਹੀਂ ਸੀ। ਸਗੋਂ ਇਸ ਉੱਪਰ ਪੰਜਵੀਂ ਸਦੀ ਵਿੱਚ ਮਿਹੀਰਕੁੱਲ ਅਧੀਨ ਹੂਣ ਸ਼ਾਸਕਾਂ ਵਲੋਂ ਵੀ ਹਮਲਾ ਕੀਤਾ ਗਿਆ ਸੀ।"

"ਫਿਰ ਅੱਠਵੀਂ ਸਦੀ ਵਿੱਚ ਬੰਗਾਲ ਦੇ ਗੋੜ ਰਾਜੇ ਦੇ ਵੀ ਕਈ ਹਮਲਿਆਂ ਨੂੰ ਇਸ ਨੇ ਆਪਣੇ ਪਿੰਡੇ ਉੱਪਰ ਸਹਿਣ ਕੀਤਾ ਸੀ।"

ਹੂਣ ਸ਼ਾਸਕ ਇੱਥੇ ਲੁੱਟ ਦੇ ਇਰਾਦੇ ਨਾਲ ਆਏ ਸਨ। ਹਾਲਾਂਕਿ ਬੰਗਾਲ ਦੇ ਰਾਜੇ ਦੇ ਹਮਲਾ ਬਾਰੇ ਇਹ ਸਿੱਟਾ ਕੱਢਣਾ ਮੁਸ਼ਕਿਲ ਹੈ ਕਿ ਉਹ ਬੰਗਾਲ ਦੇ ਸ਼ੈਵ ਹਿੰਦੂਆਂ ਅਤੇ ਬੋਧੀਆਂ ਦੀ ਵੱਧਦੀ ਖੁੰਦਕ ਦਾ ਨਤੀਜਾ ਹੋ ਸਕਦਾ ਹੈ।

ਫ਼ਿਰ ਵੀ ਦੋਵਾਂ ਹਮਲਿਆਂ ਤੋਂ ਬਾਅਦ ਇਮਾਰਤਾਂ ਨੂੰ ਰਾਜ ਘਰਾਣਿਆਂ ਦੀ ਸਰਪ੍ਰਸਤੀ ਸਦਕਾ ਮੁੜ ਅਤੇ ਵਿਸਥਾਰਿਤ ਬਣਾ ਦਿੱਤਾ ਗਿਆ।

ਸਗੋਂ ਸ਼ਰਮਾ ਮੁਤਾਬਕ,"ਜਿਸ ਸਮੇਂ ਖਿਲਜੀ ਨੇ ਇੱਥੇ ਹਮਲਾ ਕੀਤਾ ਤਾਂ ਉਸ ਸਮੇਂ ਭਾਰਤ ਵਿੱਚ ਬੁੱਧ ਧਰਮ ਆਪਣੇ ਸਮੁੱਚੇ ਪਤਨ ਵਿੱਚੋਂ ਗੁਜ਼ਰ ਰਿਹਾ ਸੀ।"

"ਅੰਦਰੂਨੀ ਨਿਘਾਰ ਅਤੇ ਬੋਧੀ ਪਾਲਾ ਰਾਜ ਪਰਿਵਾਰ ਜੋ ਅੱਠਵੀਂ ਸਦੀ ਤੋਂ ਇਸਦੀ ਸਰਪ੍ਰਸਤੀ ਕਰ ਰਿਹਾ ਸੀ ਦੇ ਪਤਨ ਦੇ ਨਾਲ ਤੀਜਾ ਹਮਲਾ ਘਾਤਕ ਸਿੱਧ ਹੋਇਆ।"

ਨਾਲੰਦਾ ਯੂਨੀਵਰਸਿਟੀ ਦੀ ਗੁੰਮਨਾਮੀ ਤੋਂ ਵਾਪਸੀ ਕਿਵੇਂ ਹੋਈ?

ਅਗਲੀਆਂ ਛੇ ਸਦੀਆਂ ਤੱਕ, ਨਾਲੰਦਾ ਯੂਨੀਵਰਸਿਟੀ ਗੁੰਮਨਾਮ, ਧਰਤੀ ਦੇ ਥੱਲੇ ਦੱਬੀ ਰਹੀ।

ਆਖਰ 1812 ਵਿੱਚ ਇੱਕ ਸਕੌਟਿਸ਼ ਸਰਵੇਅਰ ਫਰਾਂਸਿਸ ਬੁੱਚਮੈਨ - ਹਮਿਲਟਨ ਨੇ ਇਸ ਦੀ "ਖੋਜ" ਕੀਤੀ।

ਫਿਰ ਪੰਜਾਹ ਸਾਲ ਹੋਰ ਬੀਤੇ ਅਤੇ 1861 ਵਿੱਚ ਸਰ ਅਲਗਜ਼ੈਂਡਰ ਕਨਿੰਘਮ ਨੇ ਇਸਦੀ ਪਛਾਣ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਵਜੋਂ ਕੀਤੀ।

ਇੱਕ ਛੋਟੇ ਸਤੂਪ ਕੋਲ ਖੜ੍ਹੇ ਨੇ ਮੈਂ ਕਿਰਮਚੀ ਚੋਗਿਆਂ ਵਿੱਚ ਬੋਧੀ ਭਿਕਸ਼ੂਆਂ ਦਾ ਇੱਕ ਟੋਲਾ ਘੁੰਮਦਾ ਦੇਖਿਆ। ਉਹ ਵੀ ਇਸ ਥਾਂ ਦਾ ਭਰਮਣ ਕਰ ਰਹੇ ਸਨ।

ਫਿਰ ਉਹ ਇੱਕ ਮੰਦਰ ਦੇ ਅਵਸ਼ੇਸ਼ਾਂ ਕੋਲ ਥਮ ਗਏ ਅਤੇ ਧਿਆਨ ਮੁਦਰਾ ਵਿੱਚ ਬੈਠ ਗਏ। ਉਨ੍ਹਾਂ ਦੀਆਂ ਅੱਖਾਂ, ਸੁਨਹਿਰੇ ਇਤਿਹਾਸ ਨੂੰ ਇੱਕ ਮੂਕ ਸ਼ਰਧਾਂਜਲੀ ਵਜੋਂ, ਮਹਾਨ ਸਤੂਪ 'ਤੇ ਟਿਕੀਆਂ ਹੋਈਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)