ਬ੍ਰਿਟੇਨ: ਦੌਲਤ ਅਤੇ ਜ਼ਮੀਨ ਮਾਵਾਂ ਤੋਂ ਧੀਆਂ ਦੇ ਨਾਂ ਹੁੰਦੀ ਸੀ, ਲਾੜਾ ਪਤਨੀ ਘਰ ਜਾਂਦਾ ਸੀ, ਪਿੰਜਰਾਂ 'ਤੇ ਹੋਈ ਖੋਜ ਹੋਰ ਕੀ ਦੱਸਦੀ ਹੈ

    • ਲੇਖਕ, ਜਾਰਜੀਨਾ ਰਨਾਰਡ
    • ਰੋਲ, ਬੀਬੀਸੀ ਪੱਤਰਕਾਰ

ਬਰਤਾਨੀਆ ਵਿੱਚ ਪਰਿਵਾਰ ਅਤੇ ਭਾਈਚਾਰਿਆਂ ਨੂੰ ਲੈ ਕੇ ਨਵੀਂ ਖੋਜ ਤੋਂ ਨਵੇਂ ਤੱਥ ਸਾਹਮਣੇ ਆਏ ਹਨ।

ਖੋਜ ਮੁਤਾਬਕ ਬਰਤਾਵੀਆ ਵਿੱਚ 2,000 ਸਾਲ ਪਹਿਲਾਂ ਪਰਿਵਾਰ ਦੀਆਂ ਔਰਤਾਂ ਵੱਲੋਂ ਆਪਣੀਆਂ ਧੀਆਂ ਨੂੰ ਜ਼ਮੀਨ ਅਤੇ ਦੌਲਤ ਦਿੱਤੀ ਜਾਂਦੀ ਸੀ, ਨਾਂ ਕਿ ਪਰਿਵਾਰ ਦੇ ਪੁੱਤਰਾਂ ਨੂੰ, ਕਿਉਂਕਿ ਇਸ ਦੌਰਾਨ ਪਰਿਵਾਰ ਅਤੇ ਭਾਈਚਾਰੇ ਔਰਤਾਂ ਦੇ ਆਲੇ-ਦੁਆਲੇ ਚੱਲਦੇ ਸਨ।

ਡੋਰਸੈੱਟ ਵਿੱਚ ਲੱਭੇ ਗਏ ਇਨਸਾਨੀ ਪਿੰਜਰਾਂ ਵਿੱਚ ਡੀਐਨਏ ਦੇ ਅਜਿਹੇ ਸਬੂਤ ਮਿਲੇ ਹਨ, ਜਿਸ ਨਾਲ ਖੋਜਕਰਤਾਂ ਇਸ ਨਤੀਜੇ ਤੱਕ ਪਹੁੰਚੇ ਹਨ ਕਿ ਇਲਾਕੇ ਦੇ ਮਰਦ ਵਿਆਹ ਮਗਰੋਂ ਆਪਣੀਆਂ ਪਤਨੀਆਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨਾਲ ਰਹਿਣ ਲਈ ਆਪਣੇ ਘਰ ਤੋਂ ਪਰਵਾਸ ਕਰਦੇ ਸਨ।

ਵਿਗਿਆਨੀਆਂ ਨੂੰ ਔਰਤ ਦੀ ਖੂਨ ਦੀ ਰੇਖਾ ਦੇ ਆਲੇ-ਦੁਆਲੇ ਬਣੇ ਇੱਕ ਪੂਰੇ ਭਾਈਚਾਰੇ ਦੇ ਡੀਐੱਨਏ ਦੇ ਸਬੂਤ ਮਿਲੇ, ਇਹ ਪੀੜ੍ਹੀ ਦਰ ਪੀੜ੍ਹੀ ਚੱਲਿਆ ਪਰਿਵਾਰ ਸ਼ਾਇਦ ਇੱਕ ਔਰਤ ਤੋਂ ਹੀ ਉਤਪੰਨ ਹੋਇਆ ਸੀ।

ਟ੍ਰਿਨਿਟੀ ਕਾਲਜ ਡਬਲਿਨ, ਆਇਰਲੈਂਡ ਦੇ ਮੁੱਖ ਲੇਖਕਾ ਡਾ. ਲਾਰਾ ਕੈਸੀਡੀ ਕਹਿੰਦੇ ਹਨ, "ਇਹ ਖੋਜ ਦੇ ਨਤੀਜੇ ਬਰਤਾਨੀਆ ਵਿੱਚ ਉਸ ਸਮਾਜ ਵੱਲ ਇਸ਼ਾਰਾ ਕਰਦਾ ਹੈ ਜਿੱਥੇ ਔਰਤਾਂ ਬਹੁਤ ਪ੍ਰਭਾਵਸ਼ਾਲੀ ਸਨ ਅਤੇ ਕਈ ਤਰੀਕਿਆਂ ਨਾਲ ਆਪਣੇ ਕਰੀਅਰ ਢਾਲ ਸਕਦੀਆਂ ਸਨ।"

ਇਹ ਪ੍ਰਾਚੀਨ ਯੂਰਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਔਰਤਾਂ ਦੇ ਆਲੇ-ਦੁਆਲੇ ਬਣੇ ਭਾਈਚਾਰਿਆਂ ਦੇ ਸਬੂਤ ਦਰਜ ਕੀਤੇ ਗਏ ਹਨ।

ਖੋਜਕਰਤਾਵਾਂ ਦਾ ਮੰਨਣਾ ਹੈ ਕਿ ਭਾਈਚਾਰਿਆਂ ਵੱਲੋਂ ਆਪਣੀਆਂ ਧੀਆਂ ਦੇ ਜੀਵਨ ਵਿੱਚ ਵੀ ਭਾਰੀ ਨਿਵੇਸ਼ ਕੀਤਾ ਜਾਂਦਾ ਸੀ, ਕਿਉਂਕਿ ਧੀਆਂ ਹੀ ਸੰਭਾਵਤ ਤੌਰ 'ਤੇ ਆਪਣੀ ਮਾਂ ਦਾ ਦਰਜਾ ਪ੍ਰਾਪਤ ਕਰਦੀਆਂ ਸਨ।

ਕੈਸੀਡੀ ਕਹਿੰਦੇ ਹਨ, "ਅੱਜ ਦੇ ਆਧੁਨਿਕ ਸਮਾਜ ਵਿੱਚ ਇਹ ਮੁਕਾਬਲਤਨ ਬਹੁਤ ਘੱਟ ਹੁੰਦਾ ਹੈ, ਪਰ ਹੋ ਸਕਦਾ ਹੈ ਕਿ ਇਹ ਹਮੇਸ਼ਾ ਇਸ ਤਰ੍ਹਾਂ ਨਾ ਰਿਹਾ ਹੋਵੇ।"

ਖੋਜਕਰਤਾਵਾਂ ਦੀ ਟੀਮ ਨੂੰ ਸਬੂਤ ਮਿਲੇ ਕਿ ਇਹ ਬਰਤਾਨੀਆ ਭਰ ਵਿੱਚ ਕਈ ਥਾਵਾਂ 'ਤੇ ਮੌਜੂਦ ਸੀ, ਜਿਸ ਤੋਂ ਸਮਝਿਆਂ ਜਾ ਸਕਦਾ ਹੈ ਕਿ ਇਹ ਅਭਿਆਸ ਕਾਫ਼ੀ ਵਿਆਪਕ ਸੀ।

ਡਾ. ਕੈਸੀਡੀ ਨੇ ਡੂਰੋਟ੍ਰੀਜ ਨਾਮਕ ਕਬੀਲੇ ਦੇ 57 ਵਿਅਕਤੀਆਂ ਦੀਆਂ ਹੱਡੀਆਂ ਤੋਂ ਲਏ ਗਏ ਡੀਐਨਏ ਦੀ ਡੀਐਨਏ ਸੀਕੁਐਂਸਿੰਗ ਕੀਤੀ ਸੀ। ਇਸ ਭਾਈਚਾਰੇ ਦੇ ਲੋਕ 100 ਬੀ.ਸੀ ਤੋਂ 100 ਈਸਵੀ ਤੱਕ ਡੋਰਸੇਟ ਦੇ ਵਿੰਟਰਬੋਰਨ ਕਿੰਗਸਟਨ ਵਿੱਚ ਰਹਿੰਦੇ ਸਨ।

ਇੰਗਲੈਂਡ ਦੀ ਬਰਨਮਾਊਥ ਯੂਨੀਵਰਸਿਟੀ ਦੇ ਪੁਰਾਤੱਤਵ-ਵਿਗਿਆਨੀਆਂ ਦੀ ਇੱਕ ਟੀਮ ਦੁਆਰਾ ਇੱਕ ਕਬਰਸਤਾਨ ਤੋਂ ਪਿੰਜਰ ਲੱਭੇ ਗਏ ਸਨ।

ਮਾਈਟੋਕੌਂਡਰੀਅਲ ਡੀਐਨਏ ਦਾ ਪਤਾ ਲਗਾ ਕੇ, ਜੋ ਕਿ ਸਿਰਫ਼ ਔਰਤਾਂ ਵਿੱਚ ਹੀ ਹੁੰਦਾ ਹੈ, ਕੈਸੀਡੀ ਨੇ ਖੋਜ ਕੀਤੀ ਕਿ ਭਾਈਚਾਰੇ ਦੀਆਂ ਜ਼ਿਆਦਾਤਰ ਔਰਤਾਂ ਪੀੜ੍ਹੀਆਂ ਤੋਂ ਖੂਨ ਦੇ ਰਿਸ਼ਤਿਆਂ ਨਾਲ ਸਬੰਧਤ ਸਨ।

ਇਸ ਦੀ ਬਜਾਏ, ਵਾਈ ਕ੍ਰੋਮੋਸੋਮ ਵਿੱਚ ਬਹੁਤ ਵਿਭਿੰਨਤਾ ਸੀ, ਇਹ ਵਾਈ ਕ੍ਰੋਮੋਸੋਮ ਪਿਤਾ ਤੋਂ ਪੁੱਤਰ ਵੱਲ ਚਲਦੇ ਹਨ, ਇਹ ਦਰਸਾਉਂਦਾ ਹੈ ਕਿ ਬਹੁਤ ਸਾਰੇ ਵੱਖ-ਵੱਖ ਪਰਿਵਾਰਾਂ ਦੇ ਮਰਦਾਂ ਨੇ ਅਲੱਗ ਭਾਈਚਾਰੇ ਵਿੱਚ ਵਿਆਹ ਕੀਤਾ ਸੀ।

ਡੀਐਨਏ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਜ਼ਿਆਦਾਤਰ ਪੁਰਖਿਆਂ ਦੀ ਵੰਸ਼ਾਵਲੀ ਇੱਕ ਔਰਤ ਤੱਕ ਵਾਪਸ ਆਉਂਦੀ ਹੈ ।

ਇਹ ਦਰਸਾਉਂਦਾ ਹੈ ਕਿ ਇਹ ਸਮਾਜ ਮੈਟਰੀਲੋਕਲ ਹੈ, ਜਿਸਦਾ ਅਰਥ ਹੈ ਕਿ ਇੱਕ ਵਿਆਹਿਆ ਆਦਮੀ ਆਪਣੀ ਪਤਨੀ ਦੇ ਭਾਈਚਾਰੇ ਵਿੱਚ ਰਹਿਣ ਲਈ ਜਾਂਦਾ ਸੀ।

ਡਾ. ਕੈਸੀਡੀ ਕਹਿੰਦੇ ਹਨ, "ਇੱਕ ਔਰਤ ਲਈ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇਕਰ ਤੁਸੀਂ ਘਰ ਨਹੀਂ ਛੱਡਦੇ, ਤਾਂ ਤੁਸੀਂ ਆਪਣਾ ਸਮਰਥਨ ਨੈੱਟਵਰਕ ਨਹੀਂ ਛੱਡਦੇ। ਤੁਹਾਡੇ ਮਾਤਾ-ਪਿਤਾ, ਭੈਣ-ਭਰਾ, ਪਰਿਵਾਰਕ ਮੈਂਬਰ ਅਜੇ ਵੀ ਤੁਹਾਡੇ ਆਲੇ-ਦੁਆਲੇ ਹਨ,"

ਉਹ ਅੱਗੇ ਕਹਿੰਦੇ ਹਨ, "ਪਤੀ ਜੋ ਕਿ ਪਤਨੀ ਦੇ ਘਰ ਆਵੇਗਾ, ਇਲਾਕਾ ਪਤੀ ਲਈ ਨਵਾਂ ਅਤੇ ਅਜਨਬੀ ਹੋਵੇਗਾ ਅਤੇ ਪਤੀ ਆਪਣੀ ਰੋਜ਼ੀ-ਰੋਟੀ ਅਤੇ ਆਪਣੀ ਜ਼ਮੀਨ ਲਈ ਪਤਨੀ ਦੇ ਪਰਿਵਾਰ 'ਤੇ ਨਿਰਭਰ ਕਰਦਾ ਹੈ।"

ਖੋਜਕਰਤਾਵਾਂ ਨੂੰ ਕੌਰਨਵਾਲ ਅਤੇ ਯੌਰਕਸ਼ਾਇਰ ਸਮੇਤ ਹੋਰ ਕਬਰਸਤਾਨਾਂ ਤੋਂ ਹੱਡੀਆਂ ਵਿੱਚ ਵੀ ਮੈਟਰੀਲੋਕਲ ਦੇ ਸਬੂਤ ਮਿਲੇ ਹਨ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪ੍ਰਾਚੀਨ ਭਾਈਚਾਰਿਆਂ ਵਿੱਚ ਸ਼ਕਤੀਸ਼ਾਲੀ ਔਰਤਾਂ ਦੇ ਸਬੂਤਾਂ ਨੂੰ ਅਕਸਰ ਅਲੱਗ-ਥਲੱਗ ਕਹਿ ਕੇ ਖਾਰਜ ਕਰ ਦਿੱਤਾ ਜਾਂਦਾ ਹੈ, ਪਰ ਇਹ ਖੋਜਾਂ ਸੋਚਣ ਦੇ ਉਸ ਤਰੀਕੇ ਨੂੰ ਚੁਣੌਤੀ ਦਿੰਦੀਆਂ ਹਨ।

ਪੁਰਾਤੱਤਵ ਵਿਗਿਆਨੀ ਮਾਈਲਸ ਰਸਲ ਅਤੇ ਮਾਰਟਿਨ ਸਮਿਥ ਨੂੰ ਕਈ ਹੋਰ ਸਬੂਤ ਵੀ ਮਿਲੇ ਹਨ ਜਿਸ ਅਨੁਸਾਰ ਔਰਤਾਂ ਦਾ ਭਾਈਚਾਰਿਆਂ ਵਿੱਚ ਉੱਚਾ ਦਰਜਾ ਹੁੰਦਾ ਸੀ।

ਬਰਨਮਾਊਥ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਟਿਨ ਸਮਿਥ ਨੇ ਕਿਹਾ, "ਖੋਜ ਦੌਰਾਨ ਸਾਨੂੰ ਕੀਮਤੀ ਵਸਤੂਆਂ ਨਾਲ ਸਜਾਈਆਂ ਗਈਆਂ ਕਬਰਾਂ ਮਿਲੀਆਂ ਹਨ, ਬਹੁਤੀ ਵਾਰ ਇਹ ਕਬਰਾਂ ਔਰਤਾਂ ਦੀਆਂ ਸਨ, ਇਸ ਲਈ ਸਾਡਾ ਮੰਨਣਾ ਹੈ ਕਿ ਦੌਲਤ ਔਰਤ ਦੁਆਰਾ ਸਾਂਭੀ ਜਾਂਦੀ ਸੀ।"

ਇਹ ਖੋਜਾਂ ਉਸ ਸਮੇਂ ਦੀਆਂ ਰੋਮਨ ਲਿਖਤਾਂ ਦਾ ਵੀ ਸਮਰਥਨ ਕਰਦੀਆਂ ਹਨ ਜਿਨ੍ਹਾਂ ਮੁਤਾਬਕ ਬਰਤਾਨੀਆ ਵਿੱਚ ਔਰਤਾਂ ਕਾਫ਼ੀ ਸ਼ਕਤੀਸ਼ਾਲੀ ਸਨ, ਇਹ ਔਰਤਾਂ ਉਸ ਸਮੇਂ ਦੇ ਰੋਮ ਸਮਰਾਜ ਦੀਆਂ ਔਰਤਾਂ ਨਾਲੋਂ ਜ਼ਿਆਦਾ ਤਾਕਤ ਰੱਖਦੀਆਂ ਸਨ।

ਪਰ ਰੋਮ ਅਤੇ ਉਸ ਸਮੇਂ ਸ਼ਾਸਕ ਜੂਲੀਅਸ ਸੀਜ਼ਰ, ਇਸਨੂੰ ਪਛੜੇਪਣ ਦੀ ਨਿਸ਼ਾਨੀ ਵਜੋਂ ਦੇਖਦੇ ਸਨ।

ਬਰਨਮਾਊਥ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਲਸ ਰਸਲ ਕਹਿੰਦੇ ਹਨ, "ਬਰਤਾਨੀਆ ਵਿੱਚ ਔਰਤਾਂ ਸਸ਼ਕਤ ਸਨ ਅਤੇ ਸਮਾਜ ਵਿੱਚ ਵਧੇਰੇ ਬਰਾਬਰੀ ਦਾ ਸਥਾਨ ਰੱਖਦੀਆਂ ਸਨ। ਇਹ ਬਰਤਾਨੀਆ ਨਾਲ ਰੋਮ ਦੀ ਸਭ ਤੋਂ ਵੱਡੀ ਸਮੱਸਿਆ ਸੀ ਕਿਉਂਕਿ ਰੋਮ ਇੱਕ ਡੂੰਘਾ ਪਿਤਰਸੱਤਾਵਾਦੀ ਸਮਾਜ ਸੀ। ਇਸ ਕਰਕੇ ਹੀ ਰੋਮ ਸਮਰਾਜ ਬਰਤਾਨੀਆਂ ਨੂੰ ਅਸੱਭਿਅਕ ਸਮਾਜ ਵਜੋਂ ਮੰਨਦਾ ਸੀ।"

ਅੱਜ ਜ਼ਿਆਦਾਤਰ ਸਮਾਜ ਪਿਤਰਸੱਤਾਵਾਦੀ ਹਨ, ਜਿਸਦਾ ਅਰਥ ਹੈ ਕਿ ਔਰਤਾਂ ਆਪਣੇ ਪਤੀਆਂ ਦੇ ਭਾਈਚਾਰਿਆਂ ਵਿੱਚ ਜਾਂਦੀਆਂ ਹਨ।

ਪਰ ਅੱਜ ਜਾਂ ਹਾਲ ਹੀ ਵਿੱਚ ਕੁਝ ਮਾਤ੍ਰਸੱਤਾਵਾਦੀ ਭਾਈਚਾਰੇ ਵੀ ਹਨ, ਜਿਵੇਂ ਕਿ, ਪੱਛਮੀ ਅਫਰੀਕਾ ਵਿੱਚ ਅਕਾਨ ਅਤੇ ਉੱਤਰੀ ਅਮਰੀਕਾ ਵਿੱਚ ਚੈਰੋਕੀ।

ਵਿਗਿਆਨੀ ਕਹਿੰਦੇ ਹਨ ਕਿ ਬਰਤਾਨੀਆ ਆਇਰਨ ਏਜ ਸਮੇਂ ਮਾਤ੍ਰਸੱਤਾਵਾਦੀ ਹੋ ਸਕਦਾ ਹੈ ਕਿਉਂਕਿ ਮਰਦ ਅਕਸਰ ਯੁੱਧਾਂ ਵਿੱਚ ਵਿਅਸਤ ਰਹਿੰਦੇ ਸਨ।

ਡਾ. ਕੈਸੀਡੀ ਨੇ ਇਸਦੀ ਤੁਲਨਾ ਦੂਜੇ ਵਿਸ਼ਵ ਯੁੱਧ ਨਾਲ ਕੀਤੀ, ਜਦੋਂ ਔਰਤਾਂ ਨੂੰ ਵਧੇਰੇ ਰਾਜਨੀਤਿਕ ਅਤੇ ਆਰਥਿਕ ਸ਼ਕਤੀ ਮਿਲੀ ਸੀ।

ਉਹ ਕਹਿੰਦੇ ਹਨ ਕਿ ਮਾਤ੍ਰਸੱਤਾਵਾਦੀ ਸਮਾਜ ਵਿੱਚ ਅੰਦਰੂਨੀ ਟਕਰਾਅ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।

ਖੋਜਕਰਤਾ ਸੁਝਾਅ ਦਿੰਦੇ ਹਨ, "ਉਹ ਗੁਆਂਢੀ ਭਾਈਚਾਰਿਆਂ ਵਿਚਕਾਰ ਏਕਤਾ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਦੇ ਹਨ। ਉਹ ਸੰਬੰਧਿਤ ਮਰਦਾਂ ਦੇ ਸਮੂਹਾਂ ਨੂੰ ਖਿੰਡਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਵਿੱਚ ਮਜ਼ਬੂਤ ਵਫ਼ਾਦਾਰੀ ਦਾ ਅਹਿਸਾਸ ਵਿਕਸਤ ਨਹੀਂ ਹੁੰਦਾ ਅਤੇ ਸੰਬੰਧਿਤ ਮਰਦਾਂ ਦੇ ਨੇੜੇ ਨਾ ਰਹਿਣ ਕਰਕੇ ਵਿਵਾਦ ਪੈਦਾ ਹੋਣ ਤੋਂ ਵੀ ਰੋਕਦਾ ਹੈ।"

ਇਹ ਖੋਜਾਂ ਵਿਗਿਆਨਕ ਜਰਨਲ ਨੇਚਰ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)