You’re viewing a text-only version of this website that uses less data. View the main version of the website including all images and videos.
ਮੁਨੱਵਰ ਰਾਣਾ ਨੂੰ ਜਦੋਂ ਕਿਸਾਨ ਅੰਦੋਲਨ ਦੇ ਹੱਕ ’ਚ ਟਵੀਟ ਕਰਨਾ ਪਿਆ ਸੀ ਮਹਿੰਗਾ
‘ਕਿਸੀ ਕੋ ਘਰ ਮਿਲਾ ਹਿੱਸੇ ਮੇਂ ਯਾਂ ਕੋਈ ਦੁਕਾਂ (ਦੁਕਾਨ) ਆਈ
ਮੈਂ ਘਰ ਮੇਂ ਸਭ ਸੇ ਛੋਟਾ ਥਾ ਮੇਰੇ ਹਿੱਸੇ ਮੇਂ ਮਾਂ ਆਈ’
ਮਸ਼ਹੂਰ ਉਰਦੂ ਸ਼ਾਇਰੀ ਲਿਖਣ ਵਾਲੇ ਮੁਨੱਵਰ ਰਾਣਾ ਦਾ ਐਤਵਾਰ ਦੇਰ ਰਾਤ ਲਖਨਊ ਵਿੱਚ ਦੇਹਾਂਤ ਹੋ ਗਿਆ ਹੈ।
71 ਸਾਲਾ ਰਾਣਾ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿੱਚ ਇਲਾਜ ਚੱਲ ਰਿਹਾ ਸੀ।
ਮੁਨੱਵਰ ਰਾਣਾ ਦੀ ਧੀ ਸੁਮੈਯਾ ਰਾਣਾ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਐਤਵਾਰ ਦੇਰ ਰਾਤ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ।
ਉਨ੍ਹਾਂ ਦੇ ਬੇਟੇ ਤਬਰੇਜ਼ ਰਾਣਾ ਨੇ ਪੀਟੀਆਈ ਨੂੰ ਦੱਸਿਆ, “ਬਿਮਾਰੀ ਕਾਰਨ ਉਹ (ਮੁਨੱਵਰ ਰਾਣਾ) 14 ਤੋਂ 15 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਨੂੰ ਪਹਿਲਾਂ ਲਖਨਊ ਦੇ ਮੇਦਾਂਤਾ ਅਤੇ ਫਿਰ ਐੱਸਜੀਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਅੱਜ (ਐਤਵਾਰ) ਰਾਤ ਕਰੀਬ 11 ਵਜੇ ਆਖ਼ਰੀ ਸਾਹ ਲਿਆ।"
ਜਦੋਂ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਕੀਤਾ ਐਲਾਨ
ਰਾਣਾ ਆਪਣੀਆਂ ਕਵਿਤਾਵਾਂ, ਸ਼ਾਇਰੀ ਲਈ ਮਸ਼ਹੂਰ ਸਨ, ਖ਼ਾਸ ਕਰ ਕੇ ਉਨ੍ਹਾਂ ਦੀਆਂ ਮਾਂ 'ਤੇ ਲਿਖੀਆਂ ਕਵਿਤਾਵਾਂ ਖ਼ਾਸੀਆਂ ਮਕਬੂਲ ਹੋਈਆਂ ਹਨ।
ਸਾਲ 2014 ਵਿੱਚ, ਮੁਨੱਵਰ ਰਾਣਾ ਨੂੰ ਉਨ੍ਹਾਂ ਦੀ ਕਿਤਾਬ 'ਸ਼ਾਹਦਾਬਾ' ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਸਾਲ 2012 ਵਿੱਚ ਉਨ੍ਹਾਂ ਨੂੰ ਉਰਦੂ ਸਾਹਿਤ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲਈ ਸ਼ਹੀਦ ਸ਼ੋਧ ਸੰਸਥਾਨ ਵੱਲੋਂ 'ਮਾਟੀ ਰਤਨ ਪੁਰਸਕਾਰ' ਦਿੱਤਾ ਗਿਆ ਸੀ।
2015 ਉੱਤਰ ਪ੍ਰਦੇਸ਼ ਦੇ ਦਾਦਰੀ ਇਲਾਕੇ ਵਿੱਚ ਅਖ਼ਲਾਕ ਦੀ ਲਿੰਚਿੰਗ ਦੀ ਘਟਨਾ ਤੋਂ ਬਾਅਦ, ਰਾਣਾ ਨੇ ਇੱਕ ਨਿਊਜ਼ ਚੈਨਲ 'ਤੇ ਲਾਈਵ ਬਹਿਸ ਦੌਰਾਨ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ।
ਉਨ੍ਹਾਂ ਨੇ ਇਸ ਫ਼ੈਸਲੇ ਦਾ ਕਾਰਨ ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਨੂੰ ਦੱਸਿਆ ਸੀ।
ਉਸ ਵੇਲੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨਾਲ ਗੱਲ ਕਰਦਿਆਂ ਮੁਨੱਵਰ ਰਾਣਾ ਨੇ ਕਿਹਾ ਕਿ ਉਹ ਉਸ ਸਮੇਂ ਦੀ ਸਥਿਤੀ ਦਾ ਵਿਰੋਧ ਕਰਨ ਲਈ ਪੁਰਸਕਾਰ ਵਾਪਸ ਕਰ ਰਹੇ ਸੀ।
ਉਨ੍ਹਾਂ ਨੇ ਕਿਹਾ ਸੀ, "ਲੋਕਾਂ ਨੂੰ ਲੱਗਦਾ ਹੈ ਕਿ ਜਾਂ ਤਾਂ ਮੁਨੱਵਰ ਰਾਣਾ ਡਰਿਆ ਹੋਇਆ ਹੈ ਜਾਂ ਉਸ ਨੇ ਆਪਣੇ ਆਪ ਨੂੰ ਵੇਚ ਦਿੱਤਾ ਹੈ। ਜੇ ਮੈਂ ਵੇਚਣਾ ਚਾਹੁੰਦਾ ਤਾਂ ਚਾਲੀ ਸਾਲ ਪਹਿਲਾਂ ਵੇਚ ਦਿੱਤਾ ਹੁੰਦਾ। ਹੁਣ ਮੇਰੀ ਕਿਸ ਨੂੰ ਪਰਵਾਹ ਹੈ? ਮੇਰੇ ਲਈ ਇਹ ਐਵਾਰਡ ਬੋਝ ਬਣ ਗਿਆ।"
ਉਨ੍ਹਾਂ ਅੱਗੇ ਕਿਹਾ, "ਇਹ ਸਰਕਾਰ ਵਿਰੁੱਧ ਰੋਸ ਨਹੀਂ, ਸਮਾਜ ਦਾ ਵਿਰੋਧ ਹੈ ਪਰ ਸਰਕਾਰ ਸਮਾਜ ਦਾ ਖ਼ਿਆਲ ਰੱਖਦੀ ਹੈ। ਜੇਕਰ ਸੌ ਲੋਕ ਇਹ ਤੈਅ ਕਰਦੇ ਹਨ ਕਿ ਕਿਸੇ ਦੇ ਘਰ ਗਾਂ ਜਾਂ ਮੱਝ ਦਾ ਮਾਸ ਹੈ ਜਾਂ ਉਸ ਨੇ ਲਵ ਜਿਹਾਦ ਕੀਤਾ ਹੈ, ਤਾਂ ਇਸਦਾ ਮਤਲਬ ਹੈ ਕਿ ਸਰਕਾਰ ਜਾਂ ਪੁਲਿਸ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ।"
ਕਿਸਾਨ ਅੰਦੋਲਨ 'ਤੇ ਲਿਖੇ ਟਵੀਟ ਕਾਰਨ ਵਿਵਾਦ
ਮੁਨੱਵਰ ਰਾਣਾ ਨੇ ਜਨਵਰੀ 2021 ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਧਰਨੇ 'ਤੇ ਬੈਠੇ ਕਿਸਾਨਾਂ ਬਾਰੇ ਵੀ ਇੱਕ ਸ਼ੇਅਰ ਲਿਖ ਟਵੀਟ ਕੀਤਾ ਸੀ, ਜਿਸ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ।
ਰਾਣਾ ਨੇ ਉਸ ਵੇਲੇ ਟਵੀਟ ਵਿੱਚ ਕਿਹਾ ਸੀ ਕਿ ਸੰਸਦ ਭਵਨ ਨੂੰ ਢਾਹ ਕੇ ਉਥੇ ਖੇਤ ਬਣਾ ਦਿੱਤੇ ਜਾਣੇ ਚਾਹੀਦੇ ਹਨ। ਪਰ ਵਿਵਾਦ ਹੋਣ ਮਗਰੋਂ ਉਨ੍ਹਾਂ ਨੇ ਟਵੀਟ ਡਿਲੀਟ ਕਰ ਦਿੱਤਾ।
ਜਦੋਂ ਵਿਵਾਦਿਤ ਬਿਆਨ ਕਰਕੇ ਹੋਈ ਐੱਫਆਈਆਰ
ਸਾਲ 2020 ਵਿੱਚ ਫਰਾਂਸ ਵਿਚ ਕੱਟੜਪੰਥੀ ਹਮਲੇ 'ਤੇ ਸ਼ਾਇਰ ਮੁਨੱਵਰ ਰਾਣਾ ਨੇ ਇਕ ਬਿਆਨ ਦਿੱਤਾ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਉਨ੍ਹਾਂ ਦੇ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ।
ਫਰਾਂਸ ਵਿਚ ਪੈਗੰਬਰ ਮੁਹੰਮਦ ਦਾ ਇਕ ਕਾਰਟੂਨ ਦਿਖਾਉਣ ਤੋਂ ਬਾਅਦ ਇੱਕ ਅਧਿਆਪਕ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮੁਨੱਵਰ ਰਾਣਾ ਨੇ ਇਕ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ ਸੀ, “ਜੇ ਕੋਈ ਵਿਅਕਤੀ ਮੇਰੇ ਪਿਤਾ ਜਾਂ ਮਾਂ ਦਾ ਅਜਿਹਾ ਗੰਦਾ ਕਾਰਟੂਨ ਬਣਾਉਂਦਾ ਹੈ ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ।”
ਉਨ੍ਹਾਂ ਨੇ ਕਿਹਾ ਸੀ, "ਸਾਡੇ ਭਾਰਤ ਵਿੱਚ ਜੇ ਕੋਈ ਭਗਵਾਨ ਰਾਮ ਜਾਂ ਦੇਵੀ ਸੀਤਾ ਦੇ ਅਜਿਹੇ ਵਿਵਾਦਪੂਰਨ ਕਾਰਟੂਨ ਬਣਾਉਂਦਾ ਹੈ ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ। ਭਾਰਤ ਵਿਚ ਆਨਰ ਕੀਲਿੰਗ ਨੂੰ ਜਦੋਂ ਹਜ਼ਾਰਾਂ ਸਾਲਾਂ ਤੋਂ ਜਾਇਜ਼ ਮੰਨ ਲਿਆ ਜਾਂਦਾ ਹੈ ਅਤੇ ਇਸ ਦੀ ਕੋਈ ਸਜ਼ਾ ਨਹੀਂ ਹੁੰਦੀ ਹੈ ਤਾਂ ਤੁਸੀਂ ਉਸ ਨੂੰ ਨਾਜਾਇਜ਼ ਕਿਵੇਂ ਕਹਿ ਸਕਦੇ ਹੋ। ਜੇ ਕੋਈ ਮੇਰੇ ਪਿਤਾ ਜਾਂ ਮਾਂ ਦਾ ਅਜਿਹਾ ਗੰਦਾ ਕਾਰਟੂਨ ਬਣਾਉਂਦਾ ਹੈ, ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ।"
ਉਸ ਵੇਲੇ ਮੁਨੱਵਰ ਰਾਣਾ ਦੇ ਵਿਵਾਦਪੂਰਨ ਬਿਆਨ 'ਤੇ ਕਾਰਵਾਈ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਐੱਫਆਈਆਰ ਦਰਜ ਕਰ ਲਈ ਗਈ ਸੀ।
ਆਪਣੇ ਬਿਆਨ ’ਤੇ ਸਫ਼ਾਈ ਦਿੰਦਿਆਂ ਇੰਡੀਆ ਗਰੁੱਪ ਨਾਲ ਗੱਲਬਾਤ ਕਰਦਿਆਂ ਮੁਨੱਵਰ ਰਾਣਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਫਰਾਂਸ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਅਤੇ ਉਨ੍ਹਾਂ ਦੀ ਗੱਲ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ।
ਉਨ੍ਹਾਂ ਕਿਹਾ, “ਮਜ਼ਹਬ ਇੱਕ ਖ਼ਤਰਨਾਕ ਖੇਡ ਹੈ ਅਤੇ ਇਨਸਾਨਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।”
ਦਰਅਸਲ, 16 ਅਕਤੂਬਰ 2020 ਨੂੰ ਫਰਾਂਸ ਵਿੱਚ ਇੱਕ 18 ਸਾਲ ਦੇ ਚੇਚਨ ਮੂਲ ਦੇ ਇੱਕ ਮੁੰਡੇ ਨੇ ਇੱਕ ਹਾਈ ਸਕੂਲ ਦੇ ਅਧਿਆਪਕ ਦਾ ਸਿਰ ਕਲਮ ਕਰ ਦਿੱਤਾ।
47 ਸਾਲਾ ਅਧਿਆਪਕ ਸੈਮੂਅਲ ਪੈੱਟੀ ਵਿਦਿਆਰਥੀਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਸਿਖਾ ਰਹੇ ਸੀ ਅਤੇ ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਸ਼ਾਰਲੀ ਏਬਦੋ ਦੇ ਕਾਰਟੂਨ ਦਾ ਜ਼ਿਕਰ ਕੀਤਾ ਸੀ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਉਸ ਵੇਲੇ ਇਸ ਨੂੰ "ਇਸਲਾਮਿਕ ਅੱਤਵਾਦੀ" ਹਮਲਾ ਕਿਹਾ ਸੀ।