2023: ਦਿਲਜੀਤ ਤੇ ਸ਼ੁਭਮਨ ਸਣੇ 5 ਪੰਜਾਬੀ ਜੋ ਕੌਮਾਂਤਰੀ ਪੱਧਰ ’ਤੇ ਇਸ ਸਾਲ ਚਰਚਾ ’ਚ ਰਹੇ

ਦੁਨੀਆਂ ਦੀ ਅਰਥਵਿਵਸਥਾ ਸੰਗੀਤ ਅਤੇ ਖੇਡਾਂ ਵਿੱਚ ਸਾਲ 2023 ਦੌਰਾਨ ਕਈ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਕਈ ਪੰਜਾਬੀਆਂ ਦਾ ਨਾਮ ਉਨ੍ਹਾਂ ਦੀ ਰਾਜਨੀਤੀ ਕਾਰਨ ਸੰਸਾਰ ਭਰ ਵਿੱਚ ਚਰਚਾ ਦਾ ਵਿਸ਼ਾ ਰਹੇ।

ਇਸ ਰਿਪੋਰਟ ਵਿੱਚ ਅਸੀਂ ਉਹਨਾਂ ਪੰਜ ਪੰਜਾਬੀਆਂ ਦੀ ਗੱਲ ਕਰਾਂਗੇ ਜਿੰਨਾਂ ਨੇ 2023 ਵਿੱਚ ਆਪਣੀ ਪ੍ਰਾਪਤੀਆਂ ਜਾਂ ਕਾਰਵਾਈਆਂ ਕਾਰਨ ਦੁਨੀਆਂ ਵਿੱਚ ਸੁਰਖੀਆਂ ਬਟੋਰੀਆਂ ਸਨ।

ਇਨ੍ਹਾਂ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਮਾਸਟਰਕਾਰਡ ਦੇ ਸਾਬਕਾ ਮੁਖੀ ਅਜੇ ਬੰਗਾ, ਕ੍ਰਿਕਟਰ ਸ਼ੁਭਮਨ ਗਿੱਲ, ਸਿੱਖ ਕਾਰਕੁਨ ਅਮ੍ਰਿਤਪਾਲ ਸਿੰਘ ਅਤੇ ਹਰਦੀਪ ਸਿੰਘ ਨਿੱਝਰ ਦੇ ਨਾਮ ਸ਼ਾਮਲ ਹਨ।

ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕੋਚੇਲਾ ਮਿਊਜ਼ਿਕ ਫੈਸਟੀਵਲ ਕੈਲੀਫੋਰਨੀਆ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਵੱਜੋਂ ਇਤਿਹਾਸ ਰਚਿਆ ਹੈ।

ਦਿਲਜੀਤ ਦੋਸਾਂਝ ਨੇ ਸਾਲ 2023 ਦੌਰਾਨ ਕੋਚੇਲਾ ਵਿੱਚ ਦੋ ਵਾਰ ਪਰਫਾਰਮ ਕੀਤਾ ਸੀ।

ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੁਨੀਆ ਦੇ ਸਭ ਤੋਂ ਵੱਧ ਮੁਨਾਫ਼ਾ ਖੱਟਣ ਵਾਲੇ ਸੰਗੀਤ ਸਮਾਗਮਾਂ ਵਿੱਚੋਂ ਹੈ। ਇਹ ਈਵੈਂਟ ਹਰ ਅਪ੍ਰੈਲ ਮਹੀਨੇ ਵਿੱਚ ਇੰਡੀਓ, ਕੈਲੀਫੋਰਨੀਆ ਵਿੱਚ ਲਗਾਤਾਰ ਦੋ ਹਫ਼ਤੇ ਦੇ ਹਰ ਵੀਕੈਂਡ ’ਤੇ ਹੁੰਦਾ ਹੈ।

ਦਿਲਜੀਤ ਦੇ ਸਮਾਗਮ ਦੌਰਾਨ ਇੱਕ ਬਿਆਨ ਲਈ ਉਹਨਾਂ ਨੂੰ ਟਰੋਲ ਕੀਤਾ ਗਿਆ ਸੀ।

ਹਾਲਾਂਕਿ, ਦਿਲਜੀਤ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕਤਾ ਨਾ ਫੈਲਾਉਣ ਬਾਰੇ ਵੀ ਬੋਲੇ।

ਉਸ ਵੇਲੇ ਦਿਲਜੀਤ ਨੇ ਆਪਣੇ ਐਕਸ ’ਤੇ ਲਿਖਿਆ ਸੀ, “ਫ਼ਰਜ਼ੀ ਖ਼ਬਰਾਂ ਤੇ ਨਕਾਰਾਤਮਕਤਾ ਨਾ ਫੈਲਾਓ।”

ਉਨ੍ਹਾਂ ਅੱਗੇ ਲਿਖਿਆ ਸੀ, “ਮੈਂ ਕਿਹਾ ਇਹ ਮੇਰੇ ਦੇਸ਼ ਦਾ ਝੰਡਾ ਹੈ। ਇਹ ਮੇਰੇ ਦੇਸ਼ ਲਈ...ਮਤਲਬ ਮੇਰੀ ਇਹ ਪਰਫਾਰਮੈਂਸ ਮੇਰੇ ਦੇਸ਼ ਲਈ...ਜੇ ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰ ਲਿਆ ਕਰੋ ਯਾਰ...।”

ਇਸ ਸਾਲ ਦਿਲਜੀਤ ਦੋਸਾਂਝ ਤੇ ਅਦਾਕਾਰਾ ਨਿਮਰਤ ਖਹਿਰਾ ਨੂੰ ਫ਼ਿਲਮ ‘ਜੋੜੀ’ ਵਿੱਚ ਇਕੱਠਿਆਂ ਦੇਖਿਆ ਗਿਆ।

ਪਿਛਲੀ ਦਿਨੀਂ ਦਿਲਜੀਤ ਦੋਸਾਂਝ ਨੇ ਆਪਣੀ ਅਗਲੀ ਪੰਜਾਬੀ ਫ਼ਿਲਮ ਇੰਸਟਾਗਰਾਮ ’ਤੇ ਅਨਾਊਂਸ ਕੀਤੀ। ਫ਼ਿਲਮ ‘ਰੰਨਾਂ ’ਚ ਧੰਨਾ’ ਅਗਲੇ ਸਾਲ ਅਕਤੂਬਰ ਨੂੰ ਰਿਲੀਜ਼ ਹੋਵੇਗੀ। ਦਿਲਜੀਤ ਹਰ ਸਾਲ ਇੱਕ ਹੀ ਪੰਜਾਬੀ ਫ਼ਿਲਮ ਕਰਦੇ ਨੇ ਪਰ ਸਾਲ 2024 ਦੇ ਵਿੱਚ ਉਹ ਦੋ ਫ਼ਿਲਮਾਂ ਲੈ ਕੇ ਆਉਣਗੇ।

ਸ਼ੁਭਮਨ ਗਿੱਲ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਭਾਰਤੀ ਖਿਡਾਰੀ

ਭਾਰਤੀ ਕ੍ਰਿਕੇਟ ਸਟਾਰ ਸ਼ੁਭਮਨ ਗਿੱਲ ਸਾਲ 2023 ਵਿੱਚ ਗੂਗਲ ’ਤੇ ਸਭ ਤੋਂ ਸਰਚ ਕੀਤੇ ਜਾਣ ਵਾਲੇ ਐਥਲੀਟਾਂ ਵਿੱਚੋਂ ਇੱਕ ਸਨ।

ਗੂਗਲ ਨੇ ਸਾਲ ਦੇ ਅੰਤ ਵਿੱਚ 'ਗੂਗਲਜ਼ ਈਅਰ ਇਨ ਸਰਚ' ਰਾਹੀਂ ਇਹ ਖੁਲਾਸਾ ਕੀਤਾ ਹੈ। ਗਿੱਲ 10 ਖਿਡਾਰੀਆਂ ਵਿੱਚੋਂ 9ਵੇਂ ਨੰਬਰ ’ਤੇ ਆਏ ਸਨ।

ਹਾਲਾਂਕਿ, ਭਾਰਤ ਵਿੱਚ ਸਰਚ ਕੀਤੀਆਂ ਜਾਣ ਵਾਲੀਆਂ ਹਸਤੀਆਂ ਵਿੱਚੋਂ ਉਹ ਦੂਜੇ ਨੰਬਰ ’ਤੇ ਰਹੇ ਜਦਕਿ ਅਦਾਕਾਰਾ

ਕਿਆਰਾ ਅਡਵਾਨੀ ਪਹਿਲੇ ਨੰਬਰ ’ਤੇ ਹਨ।

ਪੰਜਾਬ ਦੇ ਫ਼ਾਜਿਲਕਾ ਨਾਲ ਸਬੰਧਤ ਸ਼ੁਭਮਨ ਗਿੱਲ ਨੂੰ ਲੰਬੇ ਸਮੇਂ ਤੋਂ ਕੋਹਲੀ ਦੇ ਕੁਦਰਤੀ ਉੱਤਰਾਧਿਕਾਰੀ ਵਜੋਂ ਦੇਖਿਆ ਜਾ ਰਿਹਾ ਹੈ।

ਜਦੋਂ ਸ਼ੁਭਮਨ 15 ਸਾਲ ਦੇ ਸਨ ਤਾਂ ਉਨ੍ਹਾਂ ਅੰਡਰ-16 ਮੈਚ ਵਿੱਚ 351 ਦੌੜਾਂ ਬਣਾਾਈਆਂ।

ਗਿੱਲ ਨੇ ਪੰਜਾਬ ਲਈ ਵਿਜੇ ਮਰਚੈਂਟ (ਅੰਡਰ-16) ਟੂਰਨਾਮੈਂਟ ਵਿੱਚ ਸ਼ੁਰਆਤ ਦੋਹਰੇ ਸੈਂਕੜੇ ਨਾਲ ਕੀਤੀ।

ਜਦੋਂ ਸ਼ੁਭਮਨ ਨੂੰ 2018 ਵਿਸ਼ਵ ਕੱਪ ਲਈ ਭਾਰਤ ਦਾ ਅੰਡਰ-19 ਉਪ ਕਪਤਾਨ ਐਲਾਨਿਆ ਗਿਆ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।

ਉਹ ਪਹਿਲਾਂ ਹੀ ਪੰਜਾਬ ਲਈ ਰਣਜੀ ਟਰਾਫੀ ਦੀ ਸ਼ੁਰੂਆਤ ਕਰ ਚੁੱਕੇ ਸੀ।

2023 ਸ਼ੁਭਮਨ ਗਿੱਲ ਲਈ ਬਹੁਤ ਸ਼ਾਨਦਾਰ ਰਿਹਾ

ਇਸ ਸਾਲ ਵਿੱਚ ਉਨ੍ਹਾਂ ਨੇ

  • ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਦਾ ਦੋਹਰਾ ਸੈਂਕੜਾ ਬਣਾਇਆ
  • ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦਾ ਸਭ ਤੋਂ ਵੱਡਾ ਸੈਂਕੜਾ ਬਣਾਇਆ
  • ਆਈਪੀਐੱਲ ਵਿੱਚ ਲਗਾਤਾਰ ਸੈਂਕੜੇ ਮਾਰੇ
  • ਵਿਸ਼ਵ ਕੱਪ - 2023 ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ
  • ਕ੍ਰਿਕਟ ਵਿਸ਼ਵ ਕੱਪ 2023 ਵਿੱਚ ਚਾਰ ਅਰਧ ਸੈਂਕੜੇ ਲਾਏ

ਅਜੇ ਬੰਗਾ ਬਣੇ ਵਿਸ਼ਵ ਬੈਂਕ ਦੇ ਚੇਅਰਮੈਨ

ਅਮਰੀਕੀ ਤੇ ਭਾਰਤੀ ਮੂਲ ਦੇ ਅਜੇ ਬੰਗਾ 2 ਜੂਨ 2023 ਨੂੰ ਵਿਸ਼ਵ ਬੈਂਕ ਦੇ ਚੇਅਰਮੈਨ ਬਣੇ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਜੇ ਬੰਗਾ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਸੀ।

ਬੰਗਾ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕ੍ਰੈਡਿਟ ਕਾਰਡ ਦੀ ਵੱਡੀ ਕੰਪਨੀ ਮਾਸਟਰਕਾਰਡ ਦੀ ਅਗਵਾਈ ਕੀਤੀ ਸੀ।

ਅਜੇ ਬੰਗਾ ਨੇ ਆਪਣੇ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ ਭਾਰਤ ਤੋਂ ਹੀ ਕੀਤੀ ਸੀ।

ਉਨ੍ਹਾਂ ਦੇ ਪਿਤਾ ਇੱਕ ਫ਼ੌਜੀ ਅਧਿਕਾਰੀ ਸਨ ਅਤੇ ਉਹਨਾਂ ਦਾ ਜਨਮ ਮਹਾਂਰਾਸ਼ਟਰ ਦੇ ਪੁਣੇ ਵਿੱਚ 10 ਅਕਤੂਬਰ 1959 ਵਿੱਚ ਹੋਇਆ ਸੀ।

ਉਹਨਾਂ ਦਾ ਪਰਿਵਾਰ ਪੰਜਾਬ ਦੇ ਦੁਆਬਾ ਇਲਾਕੇ ਨਾਲ ਸਬੰਧ ਰੱਖਦਾ ਹੈ।

ਮਾਸਟਰ ਕਾਰਡ ਦੀ ਵੈਬਸਾਈਟ ਅਨੁਸਾਰ ਅਜੇ ਬੰਗਾ ਨੇ ਦਿੱਲੀ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਬੀਏ ਆਨਰਜ਼ ਦੀ ਡਿਗਰੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਹਿਮਦਾਬਾਦ ਦੇ ਇੰਡੀਅਨ ਇੰਸਟੀਚਿਊਟ ਤੋਂ ਵੀ ਪੜ੍ਹਾਈ ਕੀਤੀ ਹੈ।

ਅਜੇ ਬੰਗਾ ਸਾਲ 2009 ਵਿੱਚ ਪ੍ਰੈਜ਼ੀਡੈਂਟ ਵਜੋਂ ਮਾਸਟਰ ਕਾਰਡ ਨਾਲ ਜੁੜੇ ਸਨ। ਸਾਲ 2010 ਵਿੱਚ ਉਹ ਮਾਸਟਰ ਕਾਰਡ ਦੇ ਸੀਈਓ ਬਣੇ ਸਨ।

ਇਸ ਤੋਂ ਪਹਿਲਾਂ ਬੰਗਾ ਸਿਟੀਗਰੁੱਪ ਦੇ ਏਸ਼ੀਆ ਪੈਸੀਫਿਕ ਖੇਤਰ ਦੇ ਸੀਈਓ ਰਹੇ ਸਨ। ਬੰਗਾ ਨੇ ਸਾਲ 1996 ਵਿੱਚ ਸਿਟੀ ਗਰੁੱਪ ਨੂੰ ਜੁਆਈਨ ਕੀਤਾ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ 13 ਸਾਲ ਨੈਸਲੇ ਕੰਪਨੀ ਵਿੱਚ ਕੰਮ ਕੀਤਾ ਹੈ।

ਬੰਗਾ 2021 ਵਿੱਚ ਫ਼ਰਮ ਤੋਂ ਸੇਵਾਮੁਕਤ ਹੋਏ ਅਤੇ ਫਿਰ ਵਰਲਡ ਬੈਂਕ ਦੇ ਚੇਅਰਮੈਨ ਬਣਨ ਤੋਂ ਪਹਿਲਾਂ ਉਹ ਜਨਰਲ ਐਟਲਾਂਟਿਕ ਵਿੱਚ ਇੱਕ ਪ੍ਰਾਈਵੇਟ ਇਕੁਇਟੀ ਫ਼ਰਮ ਵਿੱਚ ਉਪ ਚੇਅਰਮੈਨ ਵਜੋਂ ਕੰਮ ਕਰ ਕਰ ਰਹੇ ਸਨ।

ਉਨ੍ਹਾਂ ਨੇ ਮੱਧ ਅਮਰੀਕਾ ਲਈ ਸਾਂਝੇਦਾਰੀ ਦੇ ਸਹਿ-ਚੇਅਰਮੈਨ ਵਜੋਂ ਵ੍ਹਾਈਟ ਹਾਊਸ ਨਾਲ ਵੀ ਕੰਮ ਕੀਤਾ ਹੈ।

ਇੱਕ ਪਹਿਲਕਦਮੀ ਜਿਸਦਾ ਉਦੇਸ਼ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਅਮਰੀਕਾ ਵਿੱਚ ਪਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਹਰਦੀਪ ਨਿੱਝਰ ਦੇ ਕਤਲ ਨਾਲ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਪ੍ਰਭਾਵਿਤ

ਖਾਲਿਸਤਾਨ ਹਮਾਇਤੀ ਤੇ ਭਾਰਤ ਸਰਕਾਰ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਦੇ ਸਰੀ ਵਿਖੇ ਇਸ ਸਾਲ ਜੂਨ ਵਿੱਚ ਕਤਲ ਹੋਇਆ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਕੇਸ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਸ਼ੱਕ ਜਤਾਇਆ ਸੀ। ਪਰ ਭਾਰਤ ਨੇ ਅਜਿਹੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।

ਕਤਲ ਦੀ ਇਹ ਵਾਰਦਾਤ 18 ਜੂਨ ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਵਿੱਚ ਵਾਪਰੀ ਸੀ।

ਨਿੱਝਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ।

ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ।

ਭਾਰਤ ਸਰਕਾਰ ਅਨੁਸਾਰ, ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮਾਡਿਊਲ ਮੈਂਬਰਾਂ ਨੂੰ ਸੰਚਾਲਨ, ਨੈੱਟਵਰਕਿੰਗ, ਸਿਖਲਾਈ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ।

ਪੰਜਾਬ ਸਰਕਾਰ ਅਨੁਸਾਰ, ਕੌਮੀ ਜਾਂਚ ਏਜੰਸੀ (NIA) ਤਰਫੋਂ ਨਿੱਝਰ ਦੀ ਕੁੱਲ 11 ਕਨਾਲ 13.5 ਮਰਲੇ ਜ਼ਮੀਨ ਜਲੰਧਰ ਦੇ ਫਿਲੌਰ ਸਬ-ਡਿਵੀਜ਼ਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਭਾਰਾ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਗਈ ਸੀ।

ਸਿੱਖਸ ਫਾਰ ਜਸਟਿਸ ਵੱਲੋਂ ਇੱਕ ਵੱਖਰੇ ਖਾਲਿਸਤਾਨ ਰਾਸ਼ਟਰ ਲਈ ਆਪਣੀ ਆਨਲਾਈਨ ਮੁਹਿੰਮ "ਸਿੱਖ ਰੈਫਰੈਂਡਮ 2020" ਲਈ ਇੱਕ ਕੇਸ ਦੇ ਸਬੰਧ ਵਿੱਚ 2020 ਵਿੱਚ ਪੰਜਾਬ ਵਿੱਚ ਨਿੱਝਰ ਦੀ ਜਾਇਦਾਦ ਕੁਰਕ ਕੀਤੀ ਗਈ ਸੀ।

ਨਿੱਝਰ 1997 ਵਿੱਚ ਕੈਨੇਡਾ ਗਏ ਸੀ। ਉਨ੍ਹਾਂ ਦੇ ਮਾਤਾ-ਪਿਤਾ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪਿੰਡ ਆਏ ਸਨ। ਨਿੱਝਰ ਵਿਆਹੇ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਹਨ। ਕੈਨੇਡਾ ਵਿੱਚ ਨਿੱਝਰ ਪਲੰਬਰ ਵਜੋਂ ਕੰਮ ਕਰਦੇ ਸੀ।

ਭਾਰਤੀ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਮੁਤਾਬਕ ਨਿੱਝਰ ’ਤੇ ਇਲਜ਼ਾਮ ਸਨ ਕਿ ਉਹ ਕਥਿਤ ਤੌਰ 'ਤੇ ਕੇਟੀਐੱਫ਼ (ਖਾਲਿਸਤਾਨ ਟਾਈਗਰ ਫੋਰਸ) ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਮੁਲਾਕਾਤ ਕਰਨ ਲਈ 2013-14 ਵਿੱਚ ਪਾਕਿਸਤਾਨ ਗਏ ਸੀ।

ਤਾਰਾ ਨੂੰ 2015 ਵਿੱਚ ਥਾਈਲੈਂਡ ਵਿੱਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ।

ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਵੀ ਜੁੜੇ ਹੋਏ ਸੀ। ਨਿੱਝਰ ਨੂੰ ਹਾਲ ਹੀ 'ਚ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਲਈ ਹੋਈ ਵੋਟਿੰਗ ਦੌਰਾਨ ਦੇਖਿਆ ਗਿਆ ਸੀ।

ਇਸ ਮਗਰੋਂ ਅਮਰੀਕਾ ਵੱਲੋਂ ਸਿੱਖਸ ਫਾਰ ਜਸਟਿਸ ਦੇ ਅਮਰੀਕਾ ਵਿੱਚ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਇਲਜ਼ਾਮ ਇੱਕ ਭਾਰਤੀ ਉੱਤੇ ਲਗਾਏ ਸਨ।

ਅਮਰੀਕਾ ਨੇ ਇਸ ਕੇਸ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਮੁਲਜ਼ਮ ਬਣਾਇਆ ਹੈ। ਭਾਰਤ ਨੇ ਇਸ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਿਆ ਜਾਂਚ ਕਰਨ ਦੀ ਗੱਲ ਆਖੀ ਹੈ।

ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਵੀ ਕਾਫ਼ੀ ਕੜੱਤਣ ਆਈ ਹੈ।

ਅਮ੍ਰਿਤਪਾਲ ਸਿੰਘ: ਅਜਨਾਲਾ ਹਿੰਸਾ ਤੋਂ ਡਿਬਰੂਗੜ੍ਹ ਜੇਲ੍ਹ ਤੱਕ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ (30) ਨੂੰ 23 ਅਪਰੈਲ 2023 ਨੂੰ ਪੁਲਿਸ ਨੇ ਪੰਜਾਬ ਦੇ ਮੋਗਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

ਕਰੀਬ ਇੱਕ ਮਹੀਨਾ ਪੁਲਿਸ ਤੋਂ ਲੁਕਦੇ ਰਹੇ ਅਮ੍ਰਿਤਪਾਲ ਸਿੰਘ ਅੱਜ ਕੱਲ੍ਹ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਅਮ੍ਰਿਤਪਾਲ ਨੇ ਇੱਕ ਸਾਥੀ ਦੀ ਰਿਹਾਈ ਲਈ ਅਜਨਾਲਾ ਥਾਣੇ ਦਾ ਘੇਰਾਓ ਕੀਤਾ ਸੀ ਜਿਸ ਦੌਰਾਨ ਪ੍ਰਦਰਸ਼ਨ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾਲ ਲੈ ਗਏ ਸਨ।

ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ। ਉਨ੍ਹਾਂ ਉੱਤੇ ਐਨਐਸਏ ਵੀ ਲਗਾਇਆ ਗਿਆ ਹੈ।

ਅਮ੍ਰਿਤਪਾਲ ਸਿੰਘ ਮਰਹੂਮ ਅਦਾਕਾਰ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਨਵੇਂ ਮੁਖੀ ਬਣੇ ਸਨ।

ਇਸ ਲਈ ਉਨ੍ਹਾਂ ਦੀ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

ਅਮ੍ਰਿਤਪਾਲ ਸਿੰਘ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ।

ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ। ਉਨ੍ਹਾਂ ਨਿੱਜਤਾ ਦਾ ਹਵਾਲਾ ਦਿੰਦਿਆਂ ਆਪਣੀ ਪਤਨੀ ਅਤੇ ਪਰਿਵਾਰ ਬਾਰੇ ਕੁਝ ਨਹੀਂ ਦੱਸਿਆ ਸੀ।

ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ ਸਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅੰਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।

ਅਮ੍ਰਿਤਪਾਲ ਸਿੰਘ ਨੂੰ ਉਨ੍ਹਾਂ ਦੇ ਗਰਮ ਖਿਆਲੀ ਬਿਆਨਾਂ ਕਰਕੇ ਵਿਰੋਧੀ ਘੇਰਦੇ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)