ਪੰਜਾਬ ਕਿੰਗਜ਼ ਟੀਮ ਵਿੱਚ ਕੌਣ-ਕੌਣ ਸ਼ਾਮਲ ਤੇ ਸਭ ਤੋਂ ਮਹਿੰਗਾ ਖਿਡਾਰੀ ਕੌਣ ਹੈ

ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਯਾਨਿ ਆਈਪੀਐੱਲ 2024 ਲਈ ਆਪਣਾ ਟੀਮ ਸੁਕਾਐਡ ਪੂਰਾ ਕਰ ਲਿਆ ਹੈ।

ਪੰਜਾਬ ਨੇ ਇਸ ਵਾਰ ਕੁੱਲ 8 ਖਿਡਾਰੀਆਂ ਨੂੰ ਆਪਣੇ ਸੁਕਾਐਡ ਵਿੱਚ ਸ਼ਾਮਲ ਕੀਤਾ ਹੈ। ਟੀਮ ਨੇ ਸਭ ਤੋਂ ਵੱਡੀ ਬੋਲੀ 11 ਕਰੋੜ 75 ਲੱਖ ਰੁਪਏ ਦੀ ਲਗਾਈ ਅਤੇ ਹਰਸ਼ਲ ਪਟੇਲ ਨੂੰ ਖਰੀਦਿਆ।

ਪੰਜਾਬ ਕਿੰਗਜ਼ ਕੋਲ ਨਿਲਾਮੀ ਤੋਂ ਪਹਿਲਾਂ 17 ਖਿਡਾਰੀ ਸਨ ਅਤੇ ਬਾਕੀ 8 ਸਥਾਨਾਂ ਨੂੰ ਭਰਨ ਲਈ 29.1 ਕਰੋੜ ਰੁਪਏ ਬਚੇ ਸਨ, ਜਿਨ੍ਹਾਂ ਵਿੱਚੋਂ 2 ਕੌਮਾਂਤਰੀ ਖਿਡਾਰੀਆਂ ਲਈ ਥਾਂ ਸੀ।

ਵੈਬਸਾਈਟ ਆਈਪੀਐੱਲ ਵਿੱਚ ਸਭ ਤੋਂ ਮਹਿੰਗੇ ਵਿਕਣ ਵਾਲੇ ਆਸਟ੍ਰੇਲੀਆ ਦੇ ਖਿਡਾਰੀ ਮਿਸ਼ੇਲ ਸਟਾਰਕ 'ਤੇ ਵੀ ਪੰਜਾਬ ਦੀ ਨਜ਼ਰ ਸੀ। ਹਾਲਾਂਕਿ, ਮਿਸ਼ੇਲ ਨੂੰ 24.75 ਕਰੋੜ ਰੁਪਏ ਵਿੱਚ ਕੇਕੇਆਰ ਟੀਮ ਨੇ ਖਰੀਦ ਲਿਆ ਹੈ।

ਇਸ ਤੋਂ ਇਲਾਵਾ ਪੈਟ ਕਮਿੰਸ ਨੂੰ ਸਨਸਰਾਈਜ਼ਰਸ ਹੈਦਰਾਬਾਦ ਨੇ 20.50 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਪੰਜਾਬ ਕਿੰਗਜ਼ ਦੀ ਟੀਮ

2014 ਵਿੱਚ ਫਾਈਨਲ ਵਿੱਚ ਹੋਈ ਹਾਰ ਅਤੇ ਇਸ ਤੋਂ ਇਲਾਵਾ ਇੱਕ ਵਾਰ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਇਹ ਟੀਮ ਆਈਪੀਐੱਲ ਵਿੱਚ ਫਿਰ ਕਦੇ ਫਾਈਨਲ ਜਾਂ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਨਹੀਂ ਕਰ ਸਕੀ।

ਇਸ ਤੋਂ ਇਲਾਵਾ ਆਈਪੀਐੱਲ ਦੇ 17ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਲਈ ਸ਼ਿਖਰ ਧਵਨ 14ਵੇਂ ਕਪਤਾਨ ਬਣੇ ਹਨ।

ਇਨ੍ਹਾਂ ਤੋਂ ਇਲਾਵਾ ਟੀਮ ਨੇ ਅਰਥਵਾ ਟੇਡ, ਹਰਪ੍ਰੀਤ ਸਿੰਘ, ਸ਼ਿਵਮ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਵਿਦਵਥ ਕਾਵੇਰੱਪਾ, ਰਿਸ਼ੀ ਧਵਨ, ਜਿਤੇਸ਼ ਸ਼ਰਮਾ, ਪ੍ਰਭਸਿਮਰਨ ਸਿੰਘ ਭਾਰਤੀ ਖਿਡਾਰੀ ਉਸੇ ਤਰ੍ਹਾਂ ਬਰਕਰਾਰ ਹਨ।

ਜੇਕਰ ਕੌਮਾਂਤਰੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਜੌਨੀ ਬੇਅਰਸਟੋਅ, ਕਾਗਿਸਕੋ ਰਾਬਡਾ, ਨਾਥਨ ਐਲਿਸ, ਲੀਅਮ ਲਿਵਿੰਗਸਟੋਨ, ਸੈਮ ਕੁਰਨ, ਸਿਕੰਦਰ ਰਜ਼ਾ ਸ਼ਾਮਲ ਹਨ।

ਇਸ ਤੋਂ ਇਲਾਵਾ ਟੀਮ ਨੇ ਭਾਰਤੀ ਖਿਡਾਰੀਆਂ ਬਲਤੇਜ ਸਿੰਘ, ਮੋਹਿਤ ਰਾਠੀ, ਰਾਜ ਅੰਗਦ ਬਾਵਾ, ਸ਼ਾਹਰੁਖ਼ ਖ਼ਾਨ, ਗੁਰਨੂਰ ਬਰਾੜ ਅਤੇ ਕੌਮਾਂਤਰੀ ਖਿਡਾਰੀਆਂ ਭਾਨੁਕਾ ਰਾਜਾਪਕਸ਼ੇ ਤੇ ਮੈਥਿਊ ਸ਼ੌਰਟ ਨੂੰ ਰਿਲੀਜ਼ ਕਰ ਦਿੱਤਾ ਹੈ।

ਹਰਸ਼ਲ ਪਟੇਲ ਕੌਣ ਹਨ

ਈਐੱਸਪੀਐੱਨ ਕ੍ਰਿਕਟ ਇਨਫੋ ਦੀ ਵੈਬਸਾਈਟ ਮੁਤਾਬਕ ਹਰਸ਼ਲ ਪਟੇਲ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਹਨ।

ਹਰਸ਼ਲ ਪਟੇਲ ਆਪਣੇ ਪਰਿਵਾਰ ਨਾਲ ਅਮਰੀਕਾ ਜਾ ਸਕਦੇ ਸੀ, ਪਰ ਉਹ ਕ੍ਰਿਕਟ ਨੂੰ ਜਾਰੀ ਰੱਖਣ ਲਈ ਭਾਰਤ ਵਿੱਚ ਰਹੇ।

2008-09 ਅੰਡਰ-19 ਵਿਨੂ ਮਾਂਕਡ ਟਰਾਫੀ ਵਿੱਚ 11 ਦੀ ਪ੍ਰਭਾਵਸ਼ਾਲੀ ਔਸਤ ਨਾਲ 23 ਵਿਕਟਾਂ ਲੈਣ ਮਗਰੋਂ, ਹਰਸ਼ਲ ਨੇ 2008-09 ਵਿੱਚ ਗੁਜਰਾਤ ਲਈ ਲਿਸਟ-ਏ ਵਿੱਚ ਡੈਬਿਊ ਕੀਤਾ।

ਹਰਸ਼ਲ ਨਿਊਜ਼ੀਲੈਂਡ ਵਿੱਚ 2010 ਅੰਡਰ-19 ਵਿਸ਼ਵ ਕੱਪ ਵਿੱਚ ਵੀ ਭਾਰਤ ਲਈ ਖੇਡੇ ਅਤੇ ਜਲਦੀ ਹੀ ਮੁੰਬਈ ਇੰਡੀਅਨਜ਼ ਨਾਲ ਆਈਪੀਐੱਲ ਦਾ ਇਕਰਾਰਨਾਮਾ ਕੀਤਾ।

ਹਰਸ਼ਲ ਗੁਜਰਾਤ ਦੀ ਟੀਮ ਵਿੱਚ ਆਪਣੀ ਥਾਂ ਨਹੀਂ ਲੱਭ ਸਕੇ ਅਤੇ ਹਰਿਆਣਾ ਚਲੇ ਗਏ।

ਉਨ੍ਹਾਂ 2011-12 ਵਿੱਚ ਆਪਣੇ ਪਹਿਲੇ ਰਣਜੀ ਟਰਾਫੀ ਸੀਜ਼ਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਰਣਜੀ ਸੀਜ਼ਨ ਵਿੱਚ 28 ਵਿਕਟਾਂ ਆਪਣੇ ਨਾਮ ਕੀਤੀਆਂ।

2012 ਦੇ ਐਡੀਸ਼ਨ ਵਿੱਚ ਦਿੱਲੀ ਡੇਅਰਡੇਵਿਲਜ਼ ਦੇ ਖ਼ਿਲਾਫ਼ ਰਾਇਲ ਚੈਲੰਜਰਜ਼ ਬੰਗਲੌਰ ਲਈ ਆਈਪੀਐੱਲ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਨੇ ਕੌਮਾਂਤਰੀ ਭਾਰਤੀ ਟੀਮ ਵਿੱਚ ਆਪਣਾ ਪਹਿਲਾਂ ਟੀ-20 ਮੈਚ ਨਵੰਬਰ 2021 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਰਾਂਚੀ ਵਿੱਚ ਖੇਡਿਆ ਸੀ।

ਉਸ ਤੋਂ ਇਲਾਵਾ ਜਨਵਰੀ 2023 ਵਿੱਚ ਸ਼੍ਰੀਲੰਕਾ ਖ਼ਿਲਾਫ਼ ਮਾੜੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਵੀ ਕੀਤਾ ਗਿਆ ਸੀ।

ਰਾਇਲੀ ਰਸੌ

ਦੱਖਣੀ ਅਫਰੀਕਾ ਦੇ ਰਿਲੇ ਰਸੌ ਟੌਪ-ਆਰਡਰ ਦੇ ਖਿਡਾਰੀ ਹਨ। ਉਨ੍ਹਾਂ ਨੇ ਪਹਿਲੀ ਵਾਰ 2008 ਦੇ ਅੰਡਰ-19 ਵਿਸ਼ਵ ਕੱਪ ਵਿੱਚ ਧਿਆਨ ਖਿੱਚਿਆ ਸੀ।

ਸਾਲ 2009-10 ਵਿੱਚ ਦੱਖਣੀ ਅਫ਼ਰੀਕਾ ਦੇ ਪਹਿਲੇ ਦਰਜੇ ਦੇ ਮੁਕਾਬਲੇ ਵਿੱਚ 66.05 ਦੀ ਔਸਤ ਨਾਲ 1189 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ।

ਭਾਵੇਂ ਉਹ 2011-12, 2012-13 ਅਤੇ 2013-14 ਵਿੱਚ ਪਹਿਲੇ ਦਰਜੇ ਦੇ ਕ੍ਰਿਕਟ ਵਿੱਚ ਔਸਤਨ 40 ਤੋਂ ਵੱਧ ਰਹੇ, ਪਰ ਉਹ ਟੈਸਟ ਟੀਮ ਵਿੱਚ ਸ਼ਾਮਲ ਨਹੀਂ ਹੋ ਸਕੇ।

ਸਾਲ 2014 ਵਿੱਚ ਰਸੌ ਦੱਖਣੀ ਅਫਰੀਕਾ ਦੇ ਵਨ ਡੇ ਟੀਮ ਵਿੱਚ ਸ਼ਾਮਲ ਹੋਏ ਅਤੇ ਇਥੋਂ ਉਨ੍ਹਾਂ ਕੌਮਾਂਤਰੀ ਕ੍ਰਿਕਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)