You’re viewing a text-only version of this website that uses less data. View the main version of the website including all images and videos.
‘ਪ੍ਰਕਾਸ਼ ਸਿੰਘ ਬਾਦਲ ਕਿਸੇ ਨੂੰ ਕੌੜਾ ਨਹੀਂ ਬੋਲਦੇ ਸਨ ਪਰ ਜਦੋਂ ਖੜ੍ਹ ਜਾਂਦੇ ਸਨ ਤਾਂ ਡਰਦੇ ਨਹੀਂ ਸਨ’
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਸਸਕਾਰ ਵੀਰਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ 25 ਅਪ੍ਰੈਲ ਦੀ ਦੇਰ ਸ਼ਾਮ ਆਖ਼ਰੀ ਸਾਹ ਲਏ ਸਨ। ਉਹ 95 ਸਾਲ ਦੇ ਸਨ।
ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦਫ਼ਤਰ ਵਿਖੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਤੋਂ ਬਾਅਦ ਉਨ੍ਹਾਂ ਦੇ ਪਿੰਡ ਬਾਦਲ ਲਿਜਾਈ ਗਈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਲੋਕਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸੀ।
ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ ਆਪਣੇ ਵਿਰੋਧੀਆਂ ਨੂੰ ਰਾਜਨੀਤੀ ਵਿੱਚ ਮਾਤ ਦਿੰਦੇ ਰਹੇ।
ਉਹਨਾਂ ਨੇ ਪੰਜਾਬ ਦੇ ਵਿਕਾਸ ਲਈ ਕਈ ਵੱਖਰੀਆਂ ਅਤੇ ਨਵੀਆਂ ਨੀਤੀਆਂ ਦੇ ਨਾਲ-ਨਾਲ ਇਤਿਹਾਸਕ ਯਾਦਗਾਰਾਂ ਦਾ ਨਿਰਮਾਣ ਕੀਤਾ।
ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦਾ ਹਿੱਸਾ ਰਹੇ ਅਤੇ ਇਸ ਨੂੰ ਨੇੜੇ ਤੋਂ ਦੇਖਣ ਵਾਲੇ ਲੋਕਾਂ ਨੇ ਉਹਨਾਂ ਦੀ ਸਿਆਸਤ, ਜ਼ਿੰਦਗੀ ਅਤੇ ਸਖਸ਼ੀਅਤ ਬਾਰੇ ਕਿੱਸੇ ਸਾਂਝੇ ਕੀਤੇ ਹਨ।
‘ਬਾਦਲ ਨੇ ਲਹਿਰ ਦੇ ਨਾਲ ਤਰਨਾ ਸਿੱਖਿਆ’
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ ਕਿ ਜੇਕਰ ਦੋ ਲਾਇਨਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਬਾਰੇ ਕਹਿਣਾ ਹੋਵੇ ਤਾਂ ਇੱਕ ਖੇਤਰੀ ਪਾਰਟੀ ਦੇ ਨੇਤਾ ਦਾ ਰਾਸ਼ਟਰੀ ਪੱਧਰ ’ਤੇ ਕੱਦ ਹੋਣਾ ਸਧਾਰਨ ਗੱਲ ਨਹੀਂ ਹੈ। ਉਹ ਉਹਨਾਂ ਕੁਝ ਚੰਦ ਲੀਡਰਾਂ ਵਿੱਚੋਂ ਸਨ ਜੋ ਖੇਤਰੀ ਪੱਧਰ ’ਤੇ ਵਿਚਰਦੇ ਸਨ ਪਰ ਉਹਨਾਂ ਦਾ ਕੱਦ ਨੈਸ਼ਨਲ ਪੱਧਰ ਦਾ ਸੀ।
ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਲਹਿਰ ਦੇ ਨਾਲ ਤਰਨਾ ਸਿੱਖਿਆ। ਉਹ ਕਦੇ ਵੀ ਵਹਾਅ ਦੇ ਵਿਰੁੱਧ ਨਹੀਂ ਗਏ ਸਨ। ਸਾਲ 1989 ਵਿੱਚ ਇਹਨਾਂ ਦੀ ਪਾਰਟੀ ਖੂੰਜੇ ਲੱਗ ਗਈ ਸੀ ਅਤੇ ਗਰਮ ਖਿਆਲੀਆਂ ਦੀ ਸਿਆਸਤ ਭਾਰੂ ਹੋ ਗਈ ਸੀ।”
ਉਹ ਦੱਸਦੇ ਹਨ, “ਬਾਦਲ ਇਸ ਹੱਦ ਤੱਕ ਗਏ ਕਿ ਉਹਨਾਂ ਨੇ ਖਾਲਿਸਤਾਨ ਦੇ ਮੰਗ ਪੱਤਰ ਉਪਰ ਦਸਤਖ਼ਤ ਕੀਤੇ ਜੋ ਯੂਨਾਇਟਡ ਨੇਸ਼ਨ ਨੂੰ ਸੌਂਪਿਆ ਗਿਆ ਸੀ। ਬਾਦਲ ਸਾਹਿਬ ਦੇ ਇਹਨਾਂ ਪੱਖਾਂ ਉਪਰ ਕਦੇ ਚਰਚਾ ਨਹੀਂ ਹੁੰਦੀ, ਇਹ ਉਹਨਾਂ ਦੀ ਸਿਫ਼ਤ ਹੈ।”
ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇਣਾ
ਸਿਆਸਤ ਵਿੱਚ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਵੱਲੋਂ ਚਲਾਇਆ ਜਾਂਦਾ ਹੈ। ਪਰ ਅਕਾਲੀ ਦਲ ਦਾ ਕਹਿਣਾ ਹੈ ਕਿ ਸਿੱਖ ਧਰਮ ਵਿੱਚ ਧਰਮ ਅਤੇ ਸਿਆਸਤ ਨਾਲ-ਨਾਲ ਚੱਲਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਹਨ ਕਈ ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਵੱਖਰੇ ਕਮਰੇ ਵਿੱਚ ਲਿਜਾ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਪੇਸ਼ਕਸ਼ ਕੀਤੀ ਸੀ।
ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਬਾਦਲ ਸਾਹਬ ਦੀ ਪੇਸ਼ਕਸ਼ ਬਾਰੇ ਮੈਂ ਸੋਚਣ ਦਾ ਸਮਾਂ ਮੰਗਿਆ ਸੀ। ਇਸ ਉਪਰ ਉਹਨਾਂ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਇਸ ਕਮਰੇ ਤੋਂ ਬਾਹਰ ਕਈ ਲੋਕ ਲਾਈਨਾਂ ਲਗਾ ਕੇ ਪ੍ਰਧਾਨਗੀ ਹਾਸਿਲ ਕਰਨ ਲਈ ਖੜ੍ਹੇ ਹਨ। ਪਰ ਤੁਸੀਂ ਸੋਚਣ ਦਾ ਸਮਾਂ ਮੰਗ ਰਹੇ ਹੋ।”
ਪ੍ਰਕਾਸ਼ ਸਿੰਘ ਬਾਦਲ ਦੀ ਸਖਸ਼ੀਅਤ ਬਾਰੇ ਖਾਸ ਗੱਲਾਂ
- ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ।
- 1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।
- 2017 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ।
- 1979 ਤੋਂ 1980 ਦੌਰਾਨ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ, ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਤੱਕਿਆ ਅਤੇ ਆਪਣਾ ਪੂਰਾ ਧਿਆਨ ਸੂਬਾਈ ਸਿਆਸਤ ਉੱਤੇ ਕ੍ਰੇਂਦਿਤ ਕੀਤਾ।
- ਪ੍ਰਕਾਸ਼ ਸਿੰਘ ਬਾਦਲ ਉਹ ਅਕਾਲੀ ਦਲ ਦੇ ਉਹ ਆਗੂ ਹਨ ਜਿਨ੍ਹਾਂ 1980ਵਿਆਂ ਦੇ ਸੰਕਟ ਤੋਂ ਬਾਅਦ ਅਕਾਲੀ ਦਲ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ।
- ਉਨ੍ਹਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਸੱਤਾ ਹੀ ਹਾਸਲ ਨਹੀਂ ਕੀਤੀ, ਬਲਕਿ ਇਸ ਦੇ ਨਾਲ-ਨਾਲ ਖਾੜਕੂਵਾਦ ਦੇ ਦੌਰ ਦੌਰਾਨ ਮਾਯੂਸੀ ਵਿਚ ਗਈ ਸਿੱਖ ਲੀਡਰਸ਼ਿਪ ਨੂੰ ਕੌਮੀ ਧਾਰਾ ਵਿਚ ਲਿਆਂਦਾ।
- ਸੱਤਾ ਵਿਚ ਵੀ ਉਨ੍ਹਾਂ ਵਿਰੋਧੀਆਂ ਦਾ ਇਹ ਭਰਮ ਤੋੜਿਆ ਕਿ ਅਕਾਲੀ ਸਿਰਫ਼ ਮੋਰਚੇ ਲਾਉਣੇ ਜਾਂਣਦੇ ਹਨ, ਰਾਜ ਕਰਨਾ ਨਹੀਂ।
‘ਸੰਗਤ ਦਰਸ਼ਨ’ ਸ਼ੁਰੂ ਕਰਨ ਦਾ ਮਕਸਦ
ਪ੍ਰਕਾਸ਼ ਸਿੰਘ ਬਾਦਲ ਆਪਣੇ ਕਾਰਜਕਾਲ ਦੌਰਾਨ ਪਿੰਡਾਂ -ਸ਼ਹਿਰਾਂ ਵਿੱਚ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਅਤੇ ਉਹਨਾਂ ਦਾ ਮੌਕੇ ਉਪਰ ਹੀ ਹੱਲ ਕਰਦੇ ਸਨ।
ਪ੍ਰਕਾਸ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਹਰਚਰਨ ਸਿੰਘ ਬੈਂਸ ਕਹਿੰਦੇ ਹਨ ਕਿ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸੰਗਤ ਦਰਸ਼ਨ ਸ਼ੁਰੂ ਕੀਤੇ ਸਨ ਜੋ ਸਰਕਾਰ ਤੱਕ ਪਹੁੰਚ ਨਹੀਂ ਕਰ ਸਕਦੇ ਸਨ।
ਹਰਚਰਨ ਸਿੰਘ ਬੈਂਸ ਦੱਸਦੇ ਹਨ, “ਜਦੋਂ ਅਸੀਂ ਜਾਂ ਪ੍ਰਸਾਸ਼ਨਕ ਅਧਿਕਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਸੀ ਕਿ ਵਿਕਾਸ ਹੋ ਰਿਹਾ ਹੈ ਤਾਂ ਉਹ ਅਕਸਰ ਕਹਿੰਦੇ ਕਿ ‘ਕਾਕਾ ਤੁਹਾਨੂੰ ਪਤਾ ਨਹੀਂ ਕਿ ਲੋਕ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ’। ਸੰਗਤ ਦਰਸ਼ਨ ਪ੍ਰੋਗਰਾਮ ਪਿੱਛੇ ਇਹੋ ਵਿਚਾਰ ਸੀ ਕਿ ਜੋ ਲੋਕ ਆਪ ਨਹੀਂ ਆ ਸਕਦੇ, ਉਹਨਾਂ ਕੋਲ ਖੁਦ ਜਾ ਕੇ, ਉਹਨਾਂ ਦੇ ਪਿੰਡ ਜਾ ਕੇ ਪਹੁੰਚ ਕੀਤੀ ਜਾ ਸਕੇ।”
‘ਫ਼ਸਲੀ ਬੀਮਾ ਯੋਜਨਾ ਨੂੰ ਲੈ ਕੇ ਤਸੱਲੀ ਕਰਵਾਉਣਾ’
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਕਹਿੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਮੁੱਦੇ ਬਾਰੇ ਉਹਨਾਂ ਦੀ ਰਾਏ ਲੈਂਦੇ ਸਨ।
ਬਲਬੀਰ ਸਿੰਘ ਰਾਜੇਵਾਲ ਦੱਸਦੇ ਹਨ, “ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਉਪਰ ਪੰਜਾਬ ਵਿੱਚ ਫ਼ਸਲੀ ਬੀਮਾ ਯੋਜਨਾ ਲਾਗੂ ਕਰਵਾਉਣ ਦਾ ਦਬਾਅ ਪਿਆ। ਉਹਨਾਂ ਨੇ ਮੈਨੂੰ ਬੁਲਾ ਕਿ ਪੁੱਛਿਆ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਤਾਂ ਮੈਂ ਕਿਹਾ ਕਿ ਇਸ ਬੀਮਾ ਯੋਜਨਾ ਨਾਲ ਕਿਸਾਨਾਂ ਨੂੰ ਨਹੀਂ ਬਲਕਿ ਕੰਪਨੀਆਂ ਨੂੰ ਫਾਇਦਾ ਹੋਵੇਗਾ।”
ਰਾਜੇਵਾਲ ਕਹਿੰਦੇ ਹਨ, “ਜਦੋਂ ਕੇਂਦਰ ਦੀ ਟੀਮ ਆਈ ਤਾਂ ਬਾਦਲ ਸਾਹਬ ਨੇ ਕਹਿ ਦਿੱਤਾ ਕਿ ਸਾਡੇ ਇਸ ਬੰਦੇ ਦੀ ਤਸੱਲੀ ਕਰਵਾ ਦਿਓ, ਅਸੀਂ ਲਾਗੂ ਕਰ ਦੇਵਾਂਗੇ, ਨਹੀਂ ਤਾਂ ਲਾਗੂ ਨਹੀਂ ਹੋਣੀ। ਸਾਰਾ ਦਿਨ ਬਹਿਸ ਤੋਂ ਬਾਅਦ ਸਾਡੀ ਤਸੱਲੀ ਨਹੀਂ ਹੋਈ ਅਤੇ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇਹ ਬੀਮਾ ਯੋਜਨਾ ਲਾਗੂ ਨਹੀਂ ਕੀਤੀ ਗਈ।”
‘ਜ਼ਿੰਦਗੀ ਰਹੇ ਨਾ ਰਹੇ’
ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦੱਸਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਕਦੇ ਕਿਸੇ ਨੂੰ ਕੌੜਾ ਨਹੀਂ ਬੋਲਦੇ ਸਨ ਪਰ ਜਦੋਂ ਉਹ ਕਿਸੇ ਮੁੱਦੇ ਉਪਰ ਫੈਸਲਾ ਲੈ ਲੈਂਦੇ ਸਨ ਤਾਂ ਪਿੱਛੇ ਨਹੀਂ ਹੱਟਦੇ ਸਨ।
ਬਲਵਿੰਦਰ ਸਿੰਘ ਭੂੰਦੜ ਕਹਿੰਦੇ ਹਨ, “ਪ੍ਰਕਾਸ਼ ਸਿੰਘ ਬਾਦਲ ਕੌੜਾ ਨਹੀਂ ਬੋਲਦੇ ਸਨ ਪਰ ਜਦੋਂ ਖੜ ਜਾਂਦੇ ਸਨ ਤਾਂ ਡਰਦੇ ਨਹੀਂ ਸਨ। ਉਹ ਕਹਿੰਦੇ ਸਨ ਕਿ ਇਹ ਅਸੂਲ ਠੀਕ ਹੈ, ਅਸੀਂ ਇਸ ਉਪਰ ਪਹਿਰਾ ਦੇਣਾ ਹੈ, ਜ਼ਿੰਦਗੀ ਰਹੇ ਨਾ ਰਹੇ।”
ਭੂੰਦੜ ਕਹਿੰਦੇ ਹਨ, “ਦੁਨੀਆਂ ਜਿਉਂਦੇ ਨੂੰ ਪੂਜਦੀ ਨਹੀਂ। ਲੋਕ ਯਾਦ ਨਹੀਂ ਕਰਦੇ, ਮੁਕਾਬਲੇ ਦੀ ਲੜਾਈ ਹੁੰਦੀ ਹੈ। ਲੋਕਾਂ ਨੂੰ ਬਾਅਦ ਵਿੱਚ ਪਤਾ ਲੱਗੇਗਾ ਕਿ ਉਹ ਕੀ ਇਤਿਹਾਸ ਬਣਾ ਕੇ ਗਏ ਹਨ। ਉਹਨਾਂ ਨੇ ਵਿਰਾਸਤੇ ਖਾਲਸਾ, ਗਲਿਆਰਾ, ਜੰਗੇ ਆਜ਼ਾਦੀ ਅਤੇ ਫੌਜੀਆਂ ਦੀ ਯਾਦਗਾਰ ਵਰਗੇ ਸਥਾਨ ਬਣਾਏ ਹਨ। ਉਹਨਾਂ ਨੇ ਕਦੇ ਵੀ ਹਿੰਦੂ ਜਾਂ ਮੁਸਲਮਾਨ ਭਾਈਚਾਰੇ ਨੂੰ ਨਰਾਜ਼ ਨਹੀਂ ਕੀਤਾ।”