ਬਾਬਾ ਖੜ੍ਹਕ ਸਿੰਘ ਤੋਂ ਪ੍ਰਕਾਸ਼ ਸਿੰਘ ਬਾਦਲ ਤੱਕ ਅਕਾਲੀ ਦਲ ਦੀ ਦਿਸ਼ਾ ਤੈਅ ਕਰਨ ਵਾਲੇ 5 ਪ੍ਰਧਾਨ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਸ਼ਨੀਵਾਰ ਨੂੰ ਅਸਤੀਫ਼ਾ ਦੇ ਦਿੱਤਾ ਜਿਸ ਤੋਂ ਬਾਅਦ ਅਕਾਲੀ ਦਲ ਦੇ ਭਵਿੱਖ ਉਪਰ ਬਹਿਸ ਹੋ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦਾ ਗਠਨ 14 ਦਸੰਬਰ 1920 ਨੂੰ ਹੋਇਆ ਸੀ ਅਤੇ ਇਹ ਕਾਂਗਰਸ ਤੋਂ ਬਾਅਦ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ।

ਗੁਰਦੁਆਰਾ ਸੁਧਾਰ ਲਹਿਰ ਵਿਚੋਂ ਜਨਮੀ ਇਸ ਪਾਰਟੀ ਦਾ ਇਤਿਹਾਸ ਮੋਰਚਿਆਂ ਅਤੇ ਸੰਘਰਸ਼ਾਂ ਭਰਿਆ ਹੈ।

ਸਿੱਖ ਯੂਨੀਵਰਸਿਟੀ ਸੈਂਟਰ, ਬੈਲਜੀਅਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਉੱਤੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ 'ਸ਼੍ਰੋਮਣੀ ਅਕਾਲੀ ਦਲ' ਪ੍ਰਕਾਸ਼ਿਤ ਕੀਤੀ ਹੈ।

ਇਸ ਕਿਤਾਬ ਵਿਚ ਦਿਲਗੀਰ ਲਿਖਦੇ ਹਨ, ''ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹ ਲਫ਼ਜ਼ ਇਸ ਜਥੇਬੰਦੀ ਦੇ ਜਨਮ ਤੋਂ 7 ਮਹੀਨੇ ਪਹਿਲਾਂ ਇੱਕ ਲਹਿਰ ਵਜੋਂ ਕਾਇਮ ਮਾਹੌਲ ਵਿੱਚੋਂ ਸੁਤੇ-ਸਿੱਧ ਹੀ ਜੁੜ ਗਿਆ ਸੀ।''

ਡਾ. ਦਿਲਗੀਰ ਮੁਤਾਬਕ 21 ਮਈ 1920 ਦੇ ਦਿਨ ਲਾਹੌਰ ਤੋਂ ਪੰਜਾਬੀ 'ਅਕਾਲੀ' ਅਖ਼ਬਾਰ ਸ਼ੁਰੂ ਹੋਇਆ ਤਾਂ ਬਹੁਤ ਸਾਰੇ ਕਾਰਕੁਨ, ਪੰਥਕ ਸੋਚ ਰੱਖਣ ਵਾਲੇ ਆਗੂ ਅਤੇ ਵਿਦਵਾਨ ਇਸ ਅਖ਼ਬਾਰ ਨਾਲ ਜੁੜ ਗਏ। ਇਹ ਇੱਕ ਵੱਡਾ ਭਾਈਚਾਰਾ ਬਣ ਗਿਆ।

ਉਹ ਅੱਗੇ ਲਿਖਦੇ ਹਨ ਕਿ ਇਨ੍ਹਾਂ ਪੰਥਕ ਸਖ਼ਸ਼ੀਅਤਾਂ ਦੀ ਇਹ ਲਹਿਰ ਛੇਤੀ ਹੀ ਅਕਾਲੀ ਲਹਿਰ ਵਜੋਂ ਜਾਣੀ ਜਾਣ ਲੱਗ ਪਈ। ਇਸੇ ਮਾਹੌਲ ਵਿੱਚ ਸਿੱਖ ਗੁਰਦੁਆਰਾ ਲਹਿਰ (1920-1925) ਸ਼ੁਰੂ ਹੋਈ।

ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਸਿੱਖ ਪੰਥ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੁਧਾਰ ਲਹਿਰ ਤੋਂ ਸ਼ੁਰੂ ਹੋਇਆ ਸੀ।

ਡਾਕਟਰ ਦਿਲਗੀਰ ਮੁਤਾਬਕ ਉਨ੍ਹੀਂ ਦਿਨੀ ਗੁਰਦੁਆਰਿਆਂ ਉੱਤੇ ਮਹੰਤਾਂ ਦਾ ਕਬਜ਼ਾ ਸੀ।

ਇਨ੍ਹਾਂ ਨੇ ਗੁਰੂ ਘਰਾਂ ਦੀਆਂ ਜਾਇਦਾਦਾਂ ਉੱਤੇ ਨਿੱਜੀ ਕਬਜ਼ਾ ਕਰ ਲਿਆ ਸੀ, ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ ਅਕਾਲੀਆਂ ਨੇ ਇੱਕ ਸੁਧਾਰਵਾਦੀ ਲਹਿਰ ਸ਼ੁਰੂ ਕੀਤੀ।

ਤਤਕਾਲੀ ਅੰਗਰੇਜ਼ ਹਕੂਮਤ ਤੇ ਪੰਜਾਬ ਪ੍ਰਸਾਸ਼ਨ ਦਾ ਹੱਥ ਇਨ੍ਹਾਂ ਮਹੰਤਾਂ ਦੀ ਪਿੱਠ ਉੱਤੇ ਸੀ।

ਗੁਰਦੁਆਰਾ ਸੁਧਾਰ ਲਹਿਰ ਦਾ ਮਕਸਦ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਬੇਦਖਲ ਕਰਨਾ ਅਤੇ ਸਿੱਖ ਸਿਧਾਂਤਾਂ ਮੁਤਾਬਕ ਪ੍ਰਬੰਧ ਨੂੰ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣਾ ਸੀ।

ਤਤਕਾਲੀ ਪੰਜਾਬ ਸਰਕਾਰ ਨੇ ਇਸ ਨੂੰ ਅਮਨ ਕਾਨੂੰਨ ਦੇ ਹਵਾਲੇ ਨਾਲ ਦੇਖਿਆ, ਜਿਸ ਦੇ ਟਾਕਰੇ ਲਈ ਸਮੂਹ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਗਠਨ ਕਰ ਲਿਆ।

ਇਸ ਸੰਘਰਸ਼ ਦੌਰਾਨ ਅਕਾਲੀ ਜਥਿਆਂ ਦੀ ਇੱਕ ਕੇਂਦਰੀ ਜਥੇਬੰਦੀ 'ਸ਼੍ਰੋਮਣੀ ਅਕਾਲੀ ਦਲ' ਹੋਂਦ ਵਿਚ ਆ ਗਈ।

ਇਸ ਰਿਪੋਰਟ ਵਿਚ ਅਸੀਂ ਉਨ੍ਹਾਂ 5 ਸ਼ਖਸ਼ੀਅਤਾਂ ਬਾਰੇ ਸੰਖੇਪ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਅਕਾਲੀ ਦਲ ਦੇ 100 ਸਾਲਾ ਇਤਿਹਾਸ ਤੱਕ ਅਹਿਮ ਭੂਮਿਕਾ ਅਦਾ ਕੀਤੀ।

‘ਬਾਬਾ’ ਖੜਕ ਸਿੰਘ

ਖੜਕ ਸਿੰਘ ਨੂੰ ਪੰਥਕ ਅਤੇ ਸਿਆਸੀ ਸਫਾ ਵਿੱਚ ਸਤਿਕਾਰ ਵਜੋਂ ‘ਬਾਬਾ’ ਖੜਕ ਸਿੰਘ ਕਿਹਾ ਜਾਂਦਾ ਹੈ।

ਉਹ ਅਕਾਲੀ ਦੇ ਉਨ੍ਹਾਂ ਮੋਹਰੀ ਆਗੂਆਂ ਵਿਚੋਂ ਸਨ, ਜਿਨ੍ਹਾਂ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਅਜ਼ਾਦ ਕਰਾਉਣ ਲਈ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਭੂਮਿਕਾ ਨਿਭਾਈ।

ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ (1921) ਦੇ ਪਹਿਲੇ ਪ੍ਰਧਾਨ ਬਣੇ ਸਨ।

1921-22 ਵਿਚ ਉਨ੍ਹਾਂ ਤਤਕਾਲੀ ਅੰਮ੍ਰਿਤਸਰ ਪ੍ਰਸਾਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਚਾਬੀਆਂ ਲੈਣ ਲਈ ਦੋ ਸਾਲ ਚੱਲੇ ‘ਚਾਬੀਆਂ ਦਾ ਮੋਰਚਾ’ ਦੀ ਅਗਵਾਈ ਕੀਤੀ ਅਤੇ ਜਿੱਤ ਹਾਸਲ ਕੀਤੀ। ਇਸ ਦੌਰਾਨ ਉਹ ਪਹਿਲੀ ਵਾਰ ਜੇਲ੍ਹ ਗਏ।

ਖੜਕ ਸਿੰਘ ਨੇ ਭਾਰਤ ਦੀ ਅਜ਼ਾਦੀ ਲਈ ਬਰਤਾਨਵੀਂ ਹਕੂਮਤ ਖਿਲਾਫ਼ ਚਲਾਈ ਗਈ ਨਾ ਮਿਲਵਰਤਨ ਲਹਿਰ ਵਿਚ ਸਿੱਖਾਂ ਦੀ ਅਗਵਾਈ ਕੀਤੀ।

ਇਹ ਅਜਿਹੇ ਆਗੂ ਸਨ ਜੋ ਇੱਕੋ ਵੇਲੇ ਅਕਾਲੀ ਵੀ ਸਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ।

ਪ੍ਰਿਥੀਪਾਲ ਸਿੰਘ ਕਪੂਰ ਦੀ ‘ਕੌਮੀ ਸੁਤੰਤਰਤਾ ਸੰਗਰਾਮ ਦੀਆਂ ਮੁੱਖ ਧਾਰਾਵਾਂ’ ਕਿਤਾਬ ਵਿਚ ਲਿਖਦੇ ਹਨ।

‘‘ਬਾਬਾ ਖੜਕ ਸਿੰਘ 15 ਤੋਂ ਵੱਧ ਵਾਰ ਜੇਲ੍ਹ ਗਏ, ਭਾਵੇਂ ਜੇਲ੍ਹ ਵਿੱਚ ਉਹ ਬੀ ਸ਼੍ਰੇਣੀ ਦੀ ਸਹੂਲਤ ਦੇ ਹੱਕਦਾਰ ਸਨ, ਪਰ ਉਨ੍ਹਾਂ ਇਹ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਜੇਲ੍ਹ ਵਿੱਚ 'ਕਾਲੀ ਪੱਗ' ਅਤੇ 'ਗਾਂਧੀ ਟੋਪੀ' ਲਈ ਜੋ ਸੰਘਰਸ਼ ਲੜਿਆ, ਉਹ ਅੱਜ ਵੀ ਪੰਜਾਬ ਦੀਆਂ ਦੰਦ ਕਥਾਵਾਂ ਦਾ ਹਿੱਸਾ ਹੈ।’’

ਉਨ੍ਹਾਂ ਕਛਹਿਰੇ ਤੋਂ ਬਿਨਾਂ ਸਰਦੀਆਂ ਵਿੱਚ ਹੋਰ ਕੋਈ ਵੀ ਕੱਪੜਾ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਤੱਕ ਪੱਗ ਬੰਨ੍ਹਣ ਅਤੇ ਗਾਂਧੀ ਟੋਪੀ ਲੈਣ ਦੀ ਪ੍ਰਵਾਨਗੀ ਨਹੀਂ ਮਿਲ ਗਈ।

1929 ਵਿੱਚ ਬਾਬਾ ਖੜਕ ਸਿੰਘ ਦੇ ਕਾਂਗਰਸ ਨਾਲ ਮੋਤੀ ਲਾਲ ਨਹਿਰੂ ਰਿਪੋਰਟ ਕਾਰਨ ਤਿੱਖੇ ਮਤਭੇਦ ਹੋ ਗਏ, ਪਰ ਇਸ ਬਾਵਜੂਦ ਉਨ੍ਹਾਂ ਅਜ਼ਾਦੀ ਲਹਿਰ ਵਿਚ ਦਮਦਾਰ ਭੂਮਿਕਾ ਨਿਭਾਈ।

ਬਾਬਾ ਖੜਕ ਸਿੰਘ ਦੇ ਆਲੋਚਕ ਉਨ੍ਹਾਂ ਉੱਤੇ ਮੋਹਨ ਦਾਸ ਕਰਮ ਚੰਦ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਝਾਂਸੇ ਵਿਚ ਆ ਕੇ ਭਾਰਤ ਵੰਡ ਸਮੇਂ ਸਿੱਖਾਂ ਲਈ ਵੱਖਰੇ ਮੁਲਕ ਦੀ ਮੰਗ ਵਿਸਾਰ ਦੇਣ ਦਾ ਇਲਜ਼ਾਮ ਲਾਉਂਦੇ ਹਨ।

ਮਾਸਟਰ ਤਾਰਾ ਸਿੰਘ

ਮਾਸਟਰ ਤਾਰਾ ਸਿੰਘ ਦਾ ਪਹਿਲਾ ਨਾਂ ਨਾਨਕ ਚੰਦ ਸੀ, 24 ਜੂਨ 1885 ਵਿਚ ਉਨ੍ਹਾਂ ਦਾ ਜਨਮ ਰਾਵਲਪਿੰਡੀ ਦੇ ਹਰਿਆਲ ਜਿਲ੍ਹੇ ਦੇ ਇੱਕ ਹਿੰਦੂ ਪਰਿਵਾਰ ਵਿਚ ਹੋਇਆ ਸੀ।

ਪਰ ਸਾਲ 1900 ਦੌਰਾਨ ਉਹ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਧਰਮ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ।

ਉਨ੍ਹਾਂ ‘ਸੱਚਾ ਦਾ ਢਿਡੌਰਾ’, ਪ੍ਰਦੇਸੀ ਖਾਲਸਾ ਵੀਕਲੀ ਮੈਗਜੀਨ ਸ਼ੁਰੂ ਕੀਤਾ ਜੋ ਅੱਗੇ ਚੱਲ ਕੇ ਅਕਾਲੀ ਅਖ਼ਬਾਰ ਵੀ ਬਣਿਆ।

ਉਹ ਬਾਬਾ ਖੜਕ ਸਿੰਘ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਅੱਗੇ ਹੋਕੇ ਲੜੇ ਅਤੇ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਇਸ ਵੱਕਾਰੀ ਸੰਸਥਾ ਦੇ ਬਾਨੀ ਸਕੱਤਰ ਬਣੇ।

ਮਾਸਟਰ ਤਾਰਾ ਸਿੰਘ ਨੇ ਭਾਰਤੀ ਦੀ ਅਜ਼ਾਦੀ ਦੀ ਲੜਾਈ ਦੀਆਂ ਨਾ-ਮਿਲਵਰਤਨ, ਸ਼ਾਇਮਨ ਕਮਿਸ਼ਨ ਖਿਲਾਫ਼ ਮੁਜ਼ਾਹਰੇ ਅਤੇ ਕਾਂਗਰਸ ਦੇ ਅੰਦੋਲਨ ਦੀਆਂ ਹੋਰ ਲਹਿਰਾਂ ਵਿਚ ਵੱਧ ਚੜ੍ਹਕੇ ਯੋਗਦਾਨ ਪਾਇਆ, ਅਤੇ ਕਈ ਵਾਰ ਜੇਲ੍ਹਾਂ ਵਿਚ ਗਏ।

ਮਾਸਟਰ ਤਾਰਾ ਸਿੰਘ ਉਹ ਆਗੂ ਸਨ, ਜਿੰਨ੍ਹਾਂ 1947 ਵਿਚ ਹਿੰਦੋਸਤਾਨ ਦੀ ਵੰਡ ਦਾ ਵਿਰੋਧ ਕੀਤਾ।

ਪਰ ਜਦੋਂ ਮੁਲਕ ਦੀ ਵੰਡ ਹੋ ਰਹੀ ਸੀ ਤਾਂ ਉਨ੍ਹਾਂ ਸਿੱਖਾਂ ਦੀ ਸੰਵਿਧਾਨਕ ਸੁਰੱਖਿਆ ਨੂੰ ਯਕੀਨੀ ਬਣਾਇਆ।

ਦੇਸ ਦੀ ਅਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਦੇ ਆਗੂ ਸਿੱਖਾਂ ਨਾਲ ਕੀਤੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਭਾਰਤ ਵਿਚ ਖੁਦਮੁਖਤਿਆਰ ਸੂਬਾ ਦੇਣ ਦੇ ਵਾਅਦੇ ਤੋਂ ਮੁਨਕਰ ਹੋ ਗਏ। ਤਾਂ ਇਹ ਮਾਸਟਰ ਤਾਰਾ ਸਿੰਘ ਹੀ ਸਨ, ਜਿੰਨ੍ਹਾਂ ਦੀ ਅਗਵਾਈ ਵਿਚ ਅਕਾਲੀ ਦਲ ਨੇ ਪੰਜਾਬੀ ਸੂਬੇ ਮੋਰਚੇ ਦੀ ਲੜਾਈ ਲੜੀ।

ਤਾਰਾ ਸਿੰਘ ਨੇ 28 ਮਈ, 1948 ਨੂੰ ਪੰਜਾਬੀ ਸੂਬੇ ਦੀ ਮੰਗ ਕੀਤੀ। ਉਸ ਦੂਜੀ ਵਾਰ 29 ਮਈ, 1960 ਨੂੰ ਪੰਜਾਬੀ ਸੂਬੇ ਲਈ ਫਿਰ ਮੋਰਚਾ ਲਾਇਆ।

1960 ਦੇ ਮੋਰਚੇ ਦੀ ਚੜ੍ਹਤ ਦੇਖ ਕੇ ਸਰਕਾਰ ਨੇ ਅਕਾਲੀ ਦਲ ਵਿੱਚ ਫੁੱਟ ਪਾ ਕੇ ਸਿੱਖ ਲਹਿਰ ਨੂੰ ਖੇਰੂੰ-ਖੇਰੂੰ ਕਰ ਦਿੱਤਾ।

ਮਾਸਟਰ ਜੀ ਨੇ 15 ਅਗਸਤ, 1961 ਨੂੰ ਪੰਜਾਬੀ ਸੂਬੇ ਲਈ ਮਰਨ ਵਰਤ ਰੱਖਿਆ ਜੋ ਉਸ 48 ਦਿਨਾਂ ਬਾਅਦ ਛੱਡ ਦਿੱਤਾ।

ਇਸ ਤੋਂ ਬਾਅਦ ਮਾਸਟਰ ਜੀ ਦਾ ਸਿੱਖਾਂ ਵਿੱਚ ਪ੍ਰਭਾਵ ਘਟਣ ਲੱਗਾ।

ਜੇ ਐੱਸ ਗਰੇਵਾਲ ਦੀ ਕਿਤਾਬ ‘ਮਾਸਟਰ ਤਾਰਾ ਸਿੰਘ ਇੰਨ ਇੰਡੀਅਨ ਹਿਸਟਰੀ’ ਮੁਤਾਬਕ ਸੱਤਾ ਤਬਾਦਲੇ ਸਮੇਂ ਨਵੀਂ ਕਾਰਜਕਾਰੀ ਕੌਂਸਲ ਅਤੇ ਭਾਰਤ ਦੇ ਨਵੇਂ ਸੰਵਿਧਾਨ ਬਾਰੇ ਹੋਈ ਸ਼ਿਮਲਾ ਕਾਨਫਰੰਸ ਵਿਚ ਮਾਸਟਰ ਤਾਰਾ ਸਿੰਘ ਨੇ ਸਿੱਖ ਭਾਈਚਾਰੇ ਦਾ ਪੱਖ਼ ਰੱਖਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ

  • ਖੜਕ ਸਿੰਘ ਨੇ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਅਜ਼ਾਦ ਕਰਾਉਣ ਲਈ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਭੂਮਿਕਾ ਨਿਭਾਈ।
  • ਮਾਸਟਰ ਤਾਰਾ ਸਿੰਘ ਨੇ 1947 ਵਿਚ ਹਿੰਦੋਸਤਾਨ ਦੀ ਵੰਡ ਦਾ ਵਿਰੋਧ ਕੀਤਾ।
  • ਫਤਹਿ ਸਿੰਘ ਨੇ ਤਖ਼ਤ ਦਮਦਮਾ ਸਾਹਿਬ ਨੂੰ ਚੌਥੇ ਤਖ਼ਤ ਵਜੋਂ 1962 ਵਿਚ ਮਾਨਤਾ ਦੁਆਈ।
  • ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ 1957 ਵਿੱਚ ਕਮਿਊਨਿਸਟ ਪਾਰਟੀ ਦੇ ਖ਼ੁਸ਼ ਹੈਸੀਅਤ ਟੈਕਸਾਂ ਖ਼ਿਲਾਫ਼ ਮੋਰਚੇ ਸਣੇ ਅਕਾਲੀ ਦਲ ਦੇ ਹਰ ਸੰਘਰਸ਼ ਵਿਚ ਅੱਗੇ ਹੋਕੇ ਸੇਵਾਵਾਂ ਨਿਭਾਈਆਂ। 
  • ਪ੍ਰਕਾਸ਼ ਸਿੰਘ ਬਾਦਲ 1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਨੇ 1980ਵਿਆਂ ਦੇ ਸੰਕਟ ਤੋਂ ਬਾਅਦ ਅਕਾਲੀ ਦਲ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ।

‘ਸੰਤ’ ਫਤਿਹ ਸਿੰਘ

ਸੰਤ ਫਤਿਹ ਸਿੰਘ ਦਾ ਜਨਮ ਬਠਿੰਡਾ ਦੇ ਪਿੰਡ ਬਦਿਆਲ ਵਿਚ ਹੋਇਆ ਸੀ ਅਤੇ ਪਰਿਵਾਰ ਤੋਂ ਹੀ ਉਨ੍ਹਾਂ ਨੂੰ ਗੁਰਬਾਣੀ ਪੜ੍ਹਨ ਸੁਣਨ ਤੇ ਸਮਾਜ ਸੇਵਾ ਦੀ ਗੁੜਤੀ ਮਿਲੀ ਸੀ।

ਉਨਾਂ ਦਾ ਸ਼ੁਰੂਆਤੀ ਸਮਾਂ ਖੇਤੀਬਾੜੀ ਅਤੇ ਕਾਰ ਸੇਵਾ ਵਿਚ ਗੁਜਰਿਆ । 1931 ਵਿਚ ਉਹ ਸ੍ਰੀਗੰਗਾਨਗਰ ਚਲੇ ਗਏ ਅਤੇ ਇੱਥੇ ਉਨ੍ਹਾਂ ਖੂਹ,ਪੁਲ਼ੀਆਂ ਤੋਂ ਇਲਾਵਾ ਦਰਜਨਾਂ ਸਕੂਲ, ਕਾਲਜ ਅਤੇ ਗੁਰਦੁਆਰੇ ਬਣਾਏ।

ਫਤਿਹ ਸਿੰਘ ਨੇ 1949 ਵਿਚ ‘ਮਾਮਾ-ਭਾਣਜਾ ਵਜਾਰਤ’ ਮੋਰਚੇ ਦੌਰਾਨ ਪਹਿਲੀ ਵਾਰ ਪਟਿਆਲਾ ਵਿਚ ਗ੍ਰਿਫਤਾਰੀ ਦਿੱਤੀ।

ਫਤਹਿ ਸਿੰਘ ਉਹ ਪੰਥਕ ਆਗੂ ਸਨ ਜਿਨ੍ਹਾਂ ਤਖਤ ਦਮਦਮਾ ਸਾਹਿਬ ਨੂੰ ਚੌਥੇ ਤਖ਼ਤ ਵਜੋਂ 1962 ਵਿਚ ਮਾਨਤਾ ਦੁਆਈ, ਉਸ ਵੇਲੇ ਉਹ ਅਕਾਲੀ ਦਲ ਦੇ ਪ੍ਰਧਾਨ ਵੀ ਸਨ।

1955 ਵਿਚ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਉੱਤੇ ਪਾਬੰਦੀ ਹਟਾਉਣ ਲਈ ਸੰਤ ਫਤਿਹ ਸਿੰਘ ਨੇ ਸੌ ਸਿੰਘਾਂ ਦੇ ਜਥੇ ਨਾਲ ਅੰਮ੍ਰਿਤਸਰ ਵਿਚ ਗ੍ਰਿਫ਼ਤਾਰੀ ਦਿੱਤੀ ਅਤੇ ਅਕਾਲੀ ਦਲ ਨੇ 1960 ਵਿਚ ਉਨ੍ਹਾਂ ਨੂੰ ਪੰਜਾਬੀ ਸੂਬਾ ਮੋਰਚੇ ਦਾ ਆਗੂ ਥਾਪ ਦਿੱਤਾ।

ਪੰਜਾਬੀ ਸੂਬੇ ਦੀ ਮੰਗ ਮਨਵਾਉਣ ਲਈ 1960 ਵਿਚ ਉਨ੍ਹਾਂ ਪਹਿਲਾ ਮਰਨ ਵਰਤ ਰੱਖਿਆ ਜਿਹੜਾ ਮੰਗਾਂ ਮੰਨੀਆਂ ਜਾਣ ਦਾ ਭਰੋਸਾ ਦੇ ਕੇ ਸਮਾਪਤ ਕਰਵਾ ਦਿੱਤਾ ਗਿਆ।

ਅਕਾਲੀ ਦਲ ਸੰਤ ਬਾਬਾ ਫ਼ਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ, ਦੋ ਧੜਿਆਂ ਵਿਚ ਵੰਡਿਆ ਗਿਆ।

ਸੰਨ 1965 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸੰਤ ਫ਼ਤਿਹ ਸਿੰਘ ਦੇ ਧੜੇ ਨੇ ਮਾਸਟਰ ਤਾਰਾ ਸਿੰਘ ਦੇ ਧੜੇ ਨੂੰ ਹਰਾ ਕੇ 106 ਸੀਟਾਂ 'ਤੇ ਜਿੱਤ ਹਾਸਲ ਕੀਤੀ।

ਸੰਤ ਫ਼ਤਿਹ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸੰਭਾਲਣ ਸਮੇਂ ਸਾਲਾਨਾ ਬਜਟ ਸਿਰਫ਼ 61 ਲੱਖ ਰੁਪਏ ਸੀ ਜਿਹੜਾ ਵੱਧ ਕੇ 1 ਕਰੋੜ 22 ਲੱਖ ਹੋ ਗਿਆ ਸੀ।

ਪੰਜਾਬੀ ਸੂਬਾ ਮੋਰਚਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ, ਪਰ ਸੰਤ ਫਤਿਹ ਸਿੰਘ ਨੇ 10 ਸਤੰਬਰ 1965 ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਕੇ ਉਨ੍ਹਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਸਰਕਾਰ ਨੇ 1 ਨਵੰਬਰ 1966 ਨੂੰ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਪਰ ਸਮਝੌਤੇ ਤੋਂ ਮੁੱਕਰ ਕੇ ਚੰਡੀਗੜ੍ਹ ਸਮੇਤ ਕਈ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਦਿੱਤੇ।

ਅਧੂਰੇ ਪੰਜਾਬੀ ਸੂਬੇ ਕਾਰਨ ਬੇਚੈਨ ਸੰਤ ਫ਼ਤਿਹ ਸਿੰਘ ਨੇ ਮੁੜ ਮਰਨ ਵਰਤ ਦੀ ਤਿਆਰੀ ਆਰੰਭ ਦਿੱਤੀ। ਸਮੁੱਚੀ ਅਕਾਲੀ ਲੀਡਰਸ਼ਿਪ ਦੇ ਕਹਿਣ 'ਤੇ ਉਨ੍ਹਾਂ ਨੇ 1967 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਲਿਆ।

ਕਾਮਰੇਡਾਂ ਅਤੇ ਜਨ ਸੰਘੀਆਂ ਨਾਲ ਮਿਲਕੇ ਉਨ੍ਹਾਂ ਅਕਾਲੀ ਦਲ ਨੂੰ ਚੋਣ ਲੜਾਈ ਅਤੇ ਪਾਰਟੀ ਦੀ ਪੰਜਾਬ ਵਿਚ ਪਹਿਲੀ ਸਰਕਾਰ ਬਣੀ।

ਜਸਟਿਸ ਗੁਰਨਾਮ ਸਿੰਘ ਇਸ ਸਰਕਾਰ ਦੇ ਮੁੱਖ ਮੰਤਰੀ ਬਣੇ, ਪਰ ਬਾਅਦ ਵਿਚ ਸੰਤ ਫਤਿਹ ਸਿੰਘ ਨਾਲ ਉਨ੍ਹਾਂ ਦੇ ਮਤਭੇਦ ਹੋ ਜਾਣ ਕਾਰਨ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਵੀ ਉਨ੍ਹਾਂ ਨੇ ਹੀ ਬਣਾਇਆ।

1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਪਹਿਲੀ ਵਾਰ ਵੱਡੇ ਪੱਧਰ 'ਤੇ ਮਨਾ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚ ਗੁਰਪੁਰਬ ਮਨਾਉਣ ਦੀ ਪਿਰਤ ਵੀ ਉਨ੍ਹਾਂ ਨੇ ਹੀ ਪੁਆਈ ਸੀ।

ਫ਼ਤਿਹ ਸਿੰਘ ਨੇ ਮਾਝੇ ਦੇ ਟਕਸਾਲੀ ਅਕਾਲੀ ਨੇਤਾ ਮੋਹਣ ਸਿੰਘ ਤੁੜ ਨੂੰ ਅਕਾਲੀ ਦਲ ਦੇ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰ ਕੇ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਲਿਆ। ਤੀਹ ਅਕਤੂਬਰ 1972 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਨੇ ਤਕਰੀਬਨ 22 ਕਿਤਾਬਾਂ ਲਿਖੀਆਂ ਸਨ।

ਹਰਚੰਦ ਸਿੰਘ ਲੌਂਗੋਵਾਲ

ਹਰਚੰਦ ਸਿੰਘ ਲੌਂਗੋਵਾਲ ਦਾ ਜਨਮ 2 ਜਨਵਰੀ 1932 ਨੂੰ ਮੌਜੂਦਾ ਸੰਗਰੂਰ ਜਿਲ੍ਹੇ ਦੇ ਪਿੰਡ ਗਿੱਦੜਿਆਣੀ ਵਿਚ ਹੋਇਆ। ਉਨ੍ਹਾਂ ਬਠਿੰਡਾ ਦੇ ਸੰਤ ਜੋਧ ਸਿੰਘ ਮੋਜੋਮੱਤੀ ਤੋਂ ਗੁਰਬਾਣੀ ਕੀਰਤਨ ਦੀ ਵਿੱਦਿਆ ਹਾਸਲ ਕੀਤੀ।

ਉਹ ਗੁਰਬਾਣੀ ਕੀਰਤਨੀਏ ਅਤੇ ਪ੍ਰਚਾਰਕ ਵਜੋਂ ਕੰਮ ਕਰਨ ਲੱਗੇ, ਇਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਸੰਤ ਹਰਚੰਦ ਸਿੰਘ ਕਹਿਣਾ ਸ਼ੁਰੂ ਕਰ ਦਿੱਤਾ।

1953 ਵਿਚ ਭਾਈ ਮਨੀ ਸਿੰਘ ਦੀ ਯਾਦ ਵਿਚ ਨਵੇਂ ਬਣੇ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਉਨ੍ਹਾਂ ਨੂੰ ਸੰਗਤ ਲੌਂਗੋਵਾਲ ਲੈ ਆਈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਹਰਚੰਦ ਸਿੰਘ ਲੌਂਗਵਾਲ ਹੋ ਗਿਆ।

ਲੌਂਗੋਵਾਲ ਨੇ ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ 1957 ਵਿੱਚ ਕਮਿਊਨਿਸਟ ਪਾਰਟੀ ਦੇ ਖ਼ੁਸ਼ ਹੈਸੀਅਤ ਟੈਕਸਾਂ ਖ਼ਿਲਾਫ਼ ਮੋਰਚੇ ਸਣੇ ਅਕਾਲੀ ਦਲ ਦੇ ਹਰ ਸੰਘਰਸ਼ ਵਿਚ ਅੱਗੇ ਹੋ ਕੇ ਸੇਵਾਵਾਂ ਨਿਭਾਈਆਂ।

1962 ਵਿਚ ਉਹ ਤਖ਼ਤ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਥਾਪੇ ਗਏ, ਪਰ 1964 ਵਿਚ ਉਨ੍ਹਾਂ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਨੂੰ ਸਰਕਾਰੀ ਕਬਜੇ ਵਿਚੋਂ ਛੁਡਾਉਣ ਲਈ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਮੋਰਚਾ ਲਾਇਆ।

1969-70 ਵਿੱਚ ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਦਾ ਹੁਕਮ ਮੰਨ ਕੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬਿਰਸ਼ ਭਾਨ ਦੇ ਮੁਕਾਬਲੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਦੋ ਵਾਰ ਉਨ੍ਹਾਂ ਨੂੰ ਭਾਰੀ ਗਿਣਤੀ ਨਾਲ ਹਰਾਇਆ।

1966 ਵਿਚ ਪੰਜਾਬੀ ਸੂਬੇ ਦਾ ਗਠਨ ਹੋਣ ਤੋਂ ਬਾਅਦ ਅਕਾਲੀ ਦਲ ਨੇ ਅਗਲੀ ਲੜਾਈ ਭਾਰਤ ਦੀ ਇੰਦਰਾ ਗਾਂਧੀ ਸਰਕਾਰ ਵਲੋਂ ਲਾਈ ਐਮਰਜੈਂਸੀ ਦੇ ਮੋਰਚੇ ਵਜੋਂ ਲੜੀ। ਉਸ ਵੇਲੇ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਸਨ।

ਲੌਂਗੋਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਾਣੀ ਵੰਡ ਅਤੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਉੱਠੀਆਂ ਮੰਗਾਂ ਦੀ ਪੂਰਤੀ ਲਈ ਸ਼ੁਰੂ ਹੋਏ ਧਰਮਯੁੱਧ ਮੋਰਚੇ ਵਿਚ ਅਕਾਲੀ ਦਲ ਦੀ ਅਗਵਾਈ ਕੀਤੀ।

1980 ਦੌਰਾਨ ਪੰਜਾਬ ਦੇ ਸੰਤਾਪ ਦੇ ਦਿਨਾਂ ਵਿਚ ਹਰਚੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਨੂੰ ਇਤਿਹਾਸਕ ਅਗਵਾਈ ਦਿੱਤੀ।

ਉਹ ਪੰਜਾਬ ਦੇ ਵਾਹਦ ਅਜਿਹੇ ਆਗੂ ਸਨ, ਜਿਨ੍ਹਾਂ ਨਾਲ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੰਜਾਬ ਦੀਆਂ ਮੰਗਾਂ ਮੰਨਣ ਲਈ ਲਿਖਤੀ ਸਮਝੌਤਾ ਕੀਤਾ।

ਇਹ ਗੱਲ ਵੱਖਰੀ ਹੈ ਕਿ ਇਸੇ ਸਮਝੌਤੇ ਕਾਰਨ ਸਿੱਖਾਂ ਦੀ ਇੱਕ ਧਿਰ ਉਨ੍ਹਾਂ ਨੂੰ ਪੰਜਾਬ ਦਾ ਗੱਦਾਰ ਸਮਝਣ ਲੱਗੀ ਅਤੇ ਇਸ ਦਾ ਮੁੱਲ ਉਨ੍ਹਾਂ ਨੂੰ ਆਪਣੀ ਜਾਨ ਦੇ ਕੇ ਤਾਰਨਾ ਪਿਆ।

20 ਅਗਸਤ 1985 ਨੂੰ ਉਨ੍ਹਾਂ ਨੂੰ ਖਾਲਿਸਤਾਨ ਪੱਖੀ ਖਾੜਕੂਆਂ ਨੇ ਇੱਕ ਜਨਤਕ ਸਮਾਗਮ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ। 

1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ। 

2017 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ। 

1979 ਤੋਂ 1980 ਦੌਰਾਨ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ, ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਤੱਕਿਆ ਅਤੇ ਆਪਣਾ ਪੂਰਾ ਧਿਆਨ ਸੂਬਾਈ ਸਿਆਸਤ ਉੱਤੇ ਕ੍ਰੇਂਦਿਤ ਕੀਤਾ।

ਪ੍ਰਕਾਸ਼ ਸਿੰਘ ਬਾਦਲ ਉਹ ਅਕਾਲੀ ਦਲ ਦੇ ਉਹ ਆਗੂ ਹਨ ਜਿਨ੍ਹਾਂ 1980ਵਿਆਂ ਦੇ ਸੰਕਟ ਤੋਂ ਬਾਅਦ ਅਕਾਲੀ ਦਲ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ।

ਉਨ੍ਹਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਸੱਤਾ ਹੀ ਹਾਸਲ ਨਹੀਂ ਕੀਤੀ, ਬਲਕਿ ਇਸ ਦੇ ਨਾਲ ਨਾਲ ਖਾੜਕੂਵਾਦ ਦੇ ਦੌਰ ਦੌਰਾਨ ਮਾਯੂਸੀ ਵਿਚ ਗਈ ਸਿੱਖ ਲੀਡਰਸ਼ਿਪ ਨੂੰ ਕੌਮੀ ਧਾਰਾ ਵਿਚ ਲਿਆਂਦਾ।

ਸੱਤਾ ਵਿਚ ਵੀ ਉਨ੍ਹਾਂ ਵਿਰੋਧੀਆਂ ਦਾ ਇਹ ਭਰਮ ਤੋੜਿਆ ਕਿ ਅਕਾਲੀ ਸਿਰਫ਼ ਮੋਰਚੇ ਲਾਉਣੇ ਜਾਂਣਦੇ ਹਨ, ਰਾਜ ਕਰਨਾ ਨਹੀਂ। 

ਪ੍ਰਕਾਸ਼ ਸਿੰਘ ਬਾਦਲ ਉੱਤੇ ਇਲਜ਼ਾਮ ਲੱਗਦਾ ਹੈ ਕਿ ਉਨ੍ਹਾਂ ਨਿੱਜੀ ਸਿਆਸੀ ਹਿੱਤਾਂ ਲਈ ਪੰਥਕ ਸੰਸਥਾਵਾਂ ਤੇ ਰਵਾਇਤਾਂ ਨੂੰ ਨਿਘਾਰ ਵੱਲ ਤੋਰਿਆਂ ਅਤੇ ਅਕਾਲੀ ਦਲ ਨੂੰ ਸਿੱਖਾਂ ਦੀ ਨੁੰਮਾਇਦਾ ਪਾਰਟੀ ਤੋਂ ਪੰਜਾਬੀ ਪਾਰਟੀ ਵਿਚ ਬਦਲ ਦਿੱਤਾ।

ਇਹੀ ਨਹੀਂ ਉਨ੍ਹਾਂ ਉੱਤੇ ਪੰਜਾਬ ਦੀ ਸੱਤਾ ਅਤੇ ਅਕਾਲੀ ਦਲ ਵਿਚ ਭਾਈ-ਭਤੀਜਾਵਾਦ ਨੂੰ ਉਤਸ਼ਾਹਿਤ ਕਰਨ ਅਤੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਿੱਜੀ ਕੰਪਨੀ ਬਣਾ ਦਿੱਤਾ। 

ਜੋ ਉਸ ਦੇ 100 ਸਾਲਾ ਇਤਿਹਾਸ ਵਿਚ ਆਪਣੇ ਨਿਘਾਰ ਦੇ ਸਿਖ਼ਰ ਤੱਕ ਪਹੁੰਚ ਗਈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)