'ਭਾਰਤ ਨੇ ਸਾਨੂੰ ਬੰਧਕਾਂ ਵਾਂਗ ਕਿਸ਼ਤੀ 'ਚ ਬਿਠਾ ਕੇ ਸਮੁੰਦਰ 'ਚ ਸੁੱਟ ਦਿੱਤਾ', ਰੋਹਿੰਗਿਆ ਸ਼ਰਨਾਰਥੀਆਂ ਨੇ ਕੀ ਦੱਸਿਆ

- ਲੇਖਕ, ਸਮੀਰਾ ਹੁਸੈਨ
- ਰੋਲ, ਬੀਬੀਸੀ ਪੱਤਰਕਾਰ
ਨੂਰੁਲ ਅਮੀਨ ਨੇ ਆਖ਼ਰੀ ਵਾਰ 9 ਮਈ 2025 ਨੂੰ ਆਪਣੇ ਭਰਾ ਨਾਲ ਗੱਲ ਕੀਤੀ ਸੀ। ਫ਼ੋਨ 'ਤੇ ਹੋਈ ਗੱਲਬਾਤ ਛੋਟੀ ਪਰ ਬੇਹੱਦ ਬੁਰੀ ਸੀ।
ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਭਰਾ ਕੈਰੂਲ ਅਤੇ ਚਾਰ ਹੋਰ ਰਿਸ਼ਤੇਦਾਰ, ਉਨ੍ਹਾਂ 40 ਰੋਹਿੰਗਿਆ ਸ਼ਰਨਾਰਥੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਭਾਰਤ ਸਰਕਾਰ ਦੁਆਰਾ ਮਿਆਂਮਾਰ ਭੇਜ ਦਿੱਤਾ ਗਿਆ ਸੀ।
ਉਹ ਦੇਸ਼ ਜਿੱਥੋਂ ਉਹ ਕਈ ਸਾਲ ਪਹਿਲਾਂ ਡਰ ਦੇ ਮਾਰੇ ਭੱਜ ਨਿਕਲੇ ਸਨ।
ਮਿਆਂਮਾਰ ਇਸ ਸਮੇਂ ਇੱਕ ਖੂਨੀ ਘਰੇਲੂ ਯੁੱਧ ਵਿੱਚ ਫਸਿਆ ਹੋਇਆ ਹੈ। ਸਾਲ 2021 ਵਿੱਚ ਇੱਕ ਤਖ਼ਤਾਪਲਟ ਮਗਰੋਂ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਫੌਜ ਨਸਲੀ ਮਿਲੀਸ਼ੀਆ ਅਤੇ ਰੇਜ਼ਿਸਟੈਂਸ ਫੋਰਸਿਜ਼ ਨਾਲ ਲੜ ਰਹੀ ਹੈ।
ਅਮੀਨ ਸ਼ਾਇਦ ਹੀ ਕਦੇ ਆਪਣੇ ਪਰਿਵਾਰ ਨੂੰ ਮੁੜ ਦੇਖ ਸਕਣਗੇ।
24 ਸਾਲਾ ਅਮੀਨ ਨੇ ਦਿੱਲੀ ਵਿੱਚ ਬੀਬੀਸੀ ਨੂੰ ਕਿਹਾ, "ਮੈਂ ਉਸ ਤਸ਼ੱਦਦ ਨੂੰ ਸਮਝ ਵੀ ਨਹੀਂ ਪਾ ਰਿਹਾ, ਜਿਸਦਾ ਸਾਹਮਣਾ ਮੇਰੇ ਮਾਤਾ-ਪਿਤਾ ਅਤੇ ਹੋਰ ਲੋਕ ਕਰ ਰਹੇ ਹੋਣਗੇ।"

ਦਿੱਲੀ ਤੋਂ ਕੱਢੇ ਜਾਣ ਤੋਂ ਤਿੰਨ ਮਹੀਨੇ ਬਾਅਦ ਬੀਬੀਸੀ ਮਿਆਂਮਾਰ ਵਿੱਚ ਸ਼ਰਨਾਰਥੀਆਂ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਰਿਹਾ।
ਜ਼ਿਆਦਾਤਰ ਲੋਕ ਬਾ ਥੂ ਆਰਮੀ ਨਾਲ ਰਹਿ ਰਹੇ ਹਨ, ਜੋ ਕਿ ਦੇਸ਼ ਦੇ ਦੱਖਣ-ਪੱਛਮ ਵਿੱਚ ਫੌਜ ਨਾਲ ਲੜ ਰਿਹਾ ਇੱਕ ਵਿਰੋਧੀ ਸਮੂਹ ਹੈ।
ਸਈਦ ਨੂਰ ਨੇ ਇੱਕ ਵੀਡੀਓ ਕਾਲ ਵਿੱਚ ਕਿਹਾ, "ਅਸੀਂ ਮਿਆਂਮਾਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਇਹ ਜਗ੍ਹਾ ਇੱਕ ਯੁੱਧ ਖੇਤਰ ਹੈ।'' ਇਹ ਕਾਲ ਬਾ ਥੂ ਆਰਮੀ ਦੇ ਇੱਕ ਮੈਂਬਰ ਦੇ ਫੋਨ 'ਤੋਂ ਕੀਤੀ ਗਈ ਸੀ।
ਉਨ੍ਹਾਂ ਨੇ ਇੱਕ ਲੱਕੜ ਦੀ ਝੌਂਪੜੀ ਤੋਂ ਗੱਲ ਕੀਤੀ, ਜਿੱਥੇ ਉਨ੍ਹਾਂ ਨਾਲ ਛੇ ਹੋਰ ਸ਼ਰਨਾਰਥੀ ਮੌਜੂਦ ਸਨ।
ਬੀਬੀਸੀ ਨੇ ਸ਼ਰਨਾਰਥੀਆਂ ਦੀਆਂ ਗਵਾਹੀਆਂ, ਦਿੱਲੀ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਅਤੇ ਜਾਂਚ ਕਰ ਰਹੇ ਮਾਹਰਾਂ ਨਾਲ ਗੱਲਬਾਤ ਦੇ ਆਧਾਰ 'ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨਾਲ ਕੀ ਹੋਇਆ ਸੀ।
ਬੀਬੀਸੀ ਨੇ ਇਹ ਇਲਜ਼ਾਮ ਭਾਰਤ ਸਰਕਾਰ ਅਤੇ ਭਾਰਤੀ ਜਲ ਸੈਨਾ ਦੇ ਸਾਹਮਣੇ ਵੀ ਰੱਖੇ ਪਰ ਕੋਈ ਜਵਾਬ ਨਹੀਂ ਮਿਲਿਆ।
'ਲਾਈਫ ਜੈਕੇਟ ਪਵਾ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ'

ਤਸਵੀਰ ਸਰੋਤ, Noorul Amin
ਬੀਬੀਸੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਦਿੱਲੀ ਤੋਂ ਬੰਗਾਲ ਦੀ ਖਾੜੀ ਦੇ ਇੱਕ ਟਾਪੂ 'ਤੇ ਲਿਜਾਇਆ ਗਿਆ ਸੀ।
ਫਿਰ ਇੱਕ ਜਲ ਸੈਨਾ ਦੇ ਜਹਾਜ਼ 'ਤੇ ਬਿਠਾਇਆ ਗਿਆ। ਅੰਤ ਵਿੱਚ ਉਨ੍ਹਾਂ ਨੂੰ ਲਾਈਫ ਜੈਕੇਟ ਪਾ ਕੇ ਅੰਡੇਮਾਨ ਸਾਗਰ ਵਿੱਚ ਉਤਾਰ ਦਿੱਤਾ ਗਿਆ।
ਫਿਰ ਉਹ ਲੋਕ ਕਿਨਾਰੇ 'ਤੇ ਪਹੁੰਚੇ ਅਤੇ ਹੁਣ ਮਿਆਂਮਾਰ ਵਿੱਚ ਇੱਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਹਨ।
ਇਹ ਉਹੀ ਦੇਸ਼ ਹੈ ਜਿਸਨੂੰ ਜ਼ਿਆਦਾਤਰ ਮੁਸਲਿਮ ਰੋਹਿੰਗਿਆ ਭਾਈਚਾਰੇ ਨੇ ਹਾਲ ਹੀ ਦੇ ਸਾਲਾਂ ਵਿੱਚ ਅੱਤਿਆਚਾਰ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਛੱਡ ਦਿੱਤਾ ਸੀ।
ਇਸ ਸਮੂਹ ਵਿੱਚੋਂ ਇੱਕ ਸ਼ਖਸ ਜੌਨ ਨੇ ਫ਼ੋਨ 'ਤੇ ਦੱਸਿਆ, "ਉਨ੍ਹਾਂ ਨੇ ਸਾਡੇ ਹੱਥ ਬੰਨ੍ਹ ਦਿੱਤੇ, ਸਾਡੇ ਚਿਹਰੇ ਢੱਕ ਦਿੱਤੇ ਅਤੇ ਸਾਨੂੰ ਕੈਦੀਆਂ ਵਾਂਗ (ਜਹਾਜ਼ 'ਤੇ) 'ਤੇ ਲੈ ਆਏ ਫਿਰ ਉਨ੍ਹਾਂ ਨੇ ਸਾਨੂੰ ਸਮੁੰਦਰ ਵਿੱਚ ਸੁੱਟ ਦਿੱਤਾ।"
ਜੌਨ ਨੇ ਜ਼ਮੀਨ 'ਤੇ ਪਹੁੰਚਣ ਤੋਂ ਤੁਰੰਤ ਬਾਅਦ ਆਪਣੇ ਭਰਾ ਨੂੰ ਫ਼ੋਨ 'ਤੇ ਇਹ ਸਾਰੀ ਗੱਲ ਦੱਸੀ।
ਅਮੀਨ ਇਲਜ਼ਾਮ ਲਗਾਉਂਦੇ ਹਨ ਕਿ "ਕੋਈ ਲੋਕਾਂ ਨੂੰ ਇਸ ਤਰ੍ਹਾਂ ਸਮੁੰਦਰ ਵਿੱਚ ਕਿਵੇਂ ਸੁੱਟ ਸਕਦਾ ਹੈ? ਦੁਨੀਆਂ ਵਿੱਚ ਇਨਸਾਨੀਅਤ ਬਚੀ ਹੈ ਪਰ ਮੈਂ ਭਾਰਤ ਸਰਕਾਰ ਵਿੱਚ ਕੋਈ ਇਨਸਾਨੀਅਤ ਨਹੀਂ ਦਿਸੀ।"
ਸੰਯੁਕਤ ਰਾਸ਼ਟਰ ਵਿੱਚ ਮਿਆਂਮਾਰ 'ਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਵਿਸ਼ੇਸ਼ ਅਧਿਕਾਰੀ ਥਾਮਸ ਐਂਡਰਿਊਜ਼ ਦਾ ਕਹਿਣਾ ਹੈ ਕਿ ਇਨ੍ਹਾਂ ਇਲਜ਼ਾਮਾਂ ਨੂੰ ਸਾਬਤ ਕਰਨ ਲਈ 'ਅਹਿਮ ਸਬੂਤ' ਮੌਜੂਦ ਹਨ।
ਉਨ੍ਹਾਂ ਨੇ ਇਹ ਸਬੂਤ ਜੇਨੇਵਾ ਵਿੱਚ ਭਾਰਤ ਦੇ ਮਿਸ਼ਨ ਦੇ ਮੁਖੀ ਦੇ ਸਾਹਮਣੇ ਪੇਸ਼ ਕੀਤੇ ਹਨ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਬੀਬੀਸੀ ਨੇ ਵੀ ਕਈ ਵਾਰ ਭਾਰਤੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਪਰ ਇਹ ਰਿਪੋਰਟ ਪ੍ਰਕਾਸ਼ਿਤ ਹੋਣ ਤੱਕ ਕੋਈ ਜਵਾਬ ਨਹੀਂ ਮਿਲਿਆ।
ਭਾਰਤ ਵਿੱਚ ਕਿੰਨੇ ਰੋਹਿੰਗਿਆ ਸ਼ਰਨਾਰਥੀ ਹਨ?

ਤਸਵੀਰ ਸਰੋਤ, Getty Images
ਇਸ ਮੁੱਦੇ 'ਤੇ ਮੁਹਿੰਮ ਚਲਾਉਣ ਵਾਲਿਆਂ ਨੇ ਕਈ ਵਾਰ ਕਿਹਾ ਹੈ ਕਿ ਭਾਰਤ ਵਿੱਚ ਰੋਹਿੰਗਿਆ ਦੀ ਸਥਿਤੀ ਬਹੁਤ ਮੁਸ਼ਕਲ ਹੈ।
ਭਾਰਤ ਰੋਹਿੰਗਿਆ ਨੂੰ ਸ਼ਰਨਾਰਥੀ ਨਹੀਂ ਮੰਨਦਾ, ਸਗੋਂ ਉਨ੍ਹਾਂ ਨੂੰ ਗੈਰ-ਕਾਨੂੰਨੀ ਪਰਵਾਸੀ ਮੰਨਦਾ ਹੈ।
ਭਾਰਤ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਦੀ ਇੱਕ ਵੱਡੀ ਆਬਾਦੀ ਹੈ। ਹਾਲਾਂਕਿ, ਸਭ ਤੋਂ ਵੱਧ ਲੋਕ, ਭਾਵ 10 ਲੱਖ ਤੋਂ ਵੱਧ ਲੋਕ, ਬੰਗਲਾਦੇਸ਼ ਵਿੱਚ ਰਹਿੰਦੇ ਹਨ।
2017 ਵਿੱਚ ਘਾਤਕ ਫੌਜੀ ਕਾਰਵਾਈ ਤੋਂ ਬਾਅਦ ਜ਼ਿਆਦਾਤਰ ਲੋਕ ਮਿਆਂਮਾਰ ਛੱਡ ਗਏ ਸਨ।
ਪੀੜ੍ਹੀਆਂ ਤੋਂ ਉੱਥੇ ਰਹਿਣ ਦੇ ਬਾਵਜੂਦ ਰੋਹਿੰਗਿਆ ਨੂੰ ਮਿਆਂਮਾਰ ਵਿੱਚ ਨਾਗਰਿਕ ਨਹੀਂ ਮੰਨਿਆ ਜਾਂਦਾ ਹੈ।
ਭਾਰਤ ਵਿੱਚ ਯੂਐਨਸੀਐਚਆਰ (UNCHR) ਯਾਨੀ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ 'ਚ 23,800 ਰਜਿਸਟਰਡ ਰੋਹਿੰਗਿਆ ਸ਼ਰਨਾਰਥੀ ਹਨ।
ਪਰ ਹਿਊਮਨ ਰਾਈਟਸ ਵਾਚ ਦਾ ਅੰਦਾਜ਼ਾ ਹੈ ਕਿ ਅਸਲ ਗਿਣਤੀ 40,000 ਤੋਂ ਵੱਧ ਹੈ।
ਸ਼ਰਨਾਰਥੀਆਂ ਨਾਲ ਕੁੱਟਮਾਰ ਦੇ ਇਲਜ਼ਾਮ
ਜਿਨ੍ਹਾਂ ਲੋਕਾਂ ਨੂੰ ਮਿਆਂਮਾਰ ਭੇਜਿਆ ਗਿਆ ਹੈ, ਉਨ੍ਹਾਂ ਨੇ ਦੱਸਿਆ ਕਿ 6 ਮਈ ਨੂੰ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਰਹਿੰਦੇ 40 ਰੋਹਿੰਗਿਆ ਸ਼ਰਨਾਰਥੀਆਂ ਨੂੰ, ਜਿਨ੍ਹਾਂ ਕੋਲ UNCHR ਕਾਰਡ ਸਨ, ਸਥਾਨਕ ਪੁਲਿਸ ਥਾਣਿਆਂ ਵਿੱਚ ਬੁਲਾਇਆ ਗਿਆ ਸੀ।
ਇਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਬਾਇਓਮੈਟ੍ਰਿਕ ਡੇਟਾ ਇਕੱਠਾ ਕਰਨਾ ਹੈ।
ਇਹ ਭਾਰਤ ਸਰਕਾਰ ਦੀ ਇੱਕ ਸਾਲਾਨਾ ਪ੍ਰਕਿਰਿਆ ਹੈ ਜਿਸ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਦੀਆਂ ਫੋਟੋਆਂ ਅਤੇ ਉਂਗਲਾਂ ਦੇ ਨਿਸ਼ਾਨ ਲਏ ਜਾਂਦੇ ਹਨ।
ਫਿਰ ਕਈ ਘੰਟਿਆਂ ਬਾਅਦ ਉਨ੍ਹਾਂ ਲੋਕਾਂ ਨੂੰ ਸ਼ਹਿਰ ਦੇ ਇੰਦਰਲੋਕ ਡਿਟੈਂਸ਼ਨ ਸੈਂਟਰ ਲਿਜਾਇਆ ਗਿਆ।
ਅਮੀਨ ਕਹਿੰਦੇ ਹਨ, "ਉਸ ਸਮੇਂ ਉਨ੍ਹਾਂ ਦੇ ਭਰਾ ਨੇ ਇਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਮਿਆਂਮਾਰ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇੱਕ ਵਕੀਲ ਲਿਆਉਣ ਅਤੇ UNCAHR ਨੂੰ ਸੂਚਿਤ ਕਰਨ ਲਈ ਕਿਹਾ।
7 ਮਈ ਨੂੰ ਸ਼ਰਨਾਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਪੂਰਬ ਵਿੱਚ ਹਿੰਡਨ ਹਵਾਈ ਅੱਡੇ 'ਤੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਲਈ ਉਡਾਣ ਭਰੀ।
ਵੀਡੀਓ ਕਾਲ 'ਤੇ ਨੂਰ ਨੇ ਦੱਸਿਆ, "ਜਹਾਜ਼ ਤੋਂ ਉਤਰਨ ਤੋਂ ਬਾਅਦ ਅਸੀਂ ਦੋ ਬੱਸਾਂ ਵੇਖੀਆਂ ਜਿਨ੍ਹਾਂ 'ਤੇ "ਭਾਰਤੀ ਜਲ ਸੈਨਾ" ਲਿਖਿਆ ਹੋਇਆ ਸੀ, ਜੋ ਸਾਨੂੰ ਲੈਣ ਆਈਆਂ ਸਨ। ਜਿਵੇਂ ਹੀ ਅਸੀਂ ਬੱਸਾਂ 'ਤੇ ਚੜ੍ਹੇ, ਉਨ੍ਹਾਂ ਨੇ ਸਾਡੇ ਹੱਥ ਪਲਾਸਟਿਕ ਨਾਲ ਬੰਨ੍ਹ ਦਿੱਤੇ ਅਤੇ ਸਾਡੇ ਚਿਹਰੇ 'ਤੇ ਕਾਲੇ ਮਲਮਲ ਦੇ ਕੱਪੜੇ ਬੰਨ੍ਹ ਦਿੱਤੇ।''
ਉਹ ਕਹਿੰਦੇ ਹਨ ਕਿ "ਹਾਲਾਂਕਿ ਬੱਸਾਂ 'ਚ ਸਵਾਰ ਲੋਕਾਂ ਨੇ ਆਪਣੀ ਪਛਾਣ ਨਹੀਂ ਦੱਸੀ। ਉਹ ਫੌਜੀ ਵਰਦੀਆਂ ਪਹਿਨੇ ਹੋਏ ਸਨ ਅਤੇ ਹਿੰਦੀ ਬੋਲ ਰਹੇ ਸਨ।''
ਥੋੜ੍ਹੀ ਦੇਰ ਬਾਅਦ, ਇਸ ਸਮੂਹ ਨੂੰ ਬੰਗਾਲ ਦੀ ਖਾੜੀ ਵਿੱਚ ਇੱਕ ਜਲ ਸੈਨਾ ਦੇ ਜਹਾਜ਼ 'ਤੇ ਬਿਠਾਇਆ ਗਿਆ। ਇਸਦਾ ਪਤਾ ਉਦੋਂ ਲੱਗਿਆ ਜਦੋਂ ਉਨ੍ਹਾਂ ਦੇ ਹੱਥ ਖੋਲ੍ਹੇ ਗਏ ਅਤੇ ਉਨ੍ਹਾਂ ਦੇ ਚਿਹਰਿਆਂ ਤੋਂ ਕੱਪੜਾ ਹਟਾ ਦਿੱਤਾ ਗਿਆ।
ਉਹ ਇਸ ਜਹਾਜ਼ ਨੂੰ ਇੱਕ ਵੱਡਾ ਜੰਗੀ ਬੇੜਾ ਦੱਸ ਰਹੇ ਸਨ, ਜਿਸ ਦੀਆਂ ਦੋ ਮੰਜ਼ਿਲਾਂ ਅਤੇ ਲੰਬਾਈ ਘੱਟੋ-ਘੱਟ 150 ਮੀਟਰ ਸੀ।

ਤਸਵੀਰ ਸਰੋਤ, Getty Images
ਨੂਰ ਦੇ ਨਾਲ ਕਾਲ 'ਤੇ ਮੌਜੂਦ ਮੁਹੰਮਦ ਸੱਜਾਦ ਨੇ ਦੱਸਿਆ, "ਜਹਾਜ਼ 'ਤੇ ਕਈ ਲੋਕਾਂ ਨੇ ਟੀ-ਸ਼ਰਟ, ਕਾਲੀ ਪੈਂਟ ਅਤੇ ਕਾਲੇ ਫੌਜੀ ਬੂਟ ਪਹਿਨੇ ਹੋਏ ਸਨ। ਕੁਝ ਲੋਕਾਂ ਨੇ ਭੂਰੇ ਰੰਗ ਦੇ ਕੱਪੜੇ ਵੀ ਪਾਏ ਹੋਏ ਸਨ।"
ਨੂਰ ਕਹਿੰਦੇ ਹਨ ਕਿ ਉਨ੍ਹਾਂ ਦੇ ਸਮੂਹ ਨੇ ਜਹਾਜ਼ 'ਤੇ 14 ਘੰਟੇ ਬਿਤਾਏ।
ਉਨ੍ਹਾਂ ਨੂੰ ਨਿਯਮਤ ਤੌਰ 'ਤੇ ਭੋਜਨ ਦਿੱਤਾ ਜਾਂਦਾ ਸੀ। ਇਹ ਰਵਾਇਤੀ ਭਾਰਤੀ ਭੋਜਨ ਸੀ, ਜਿਸ ਵਿੱਚ ਦਾਲ, ਚੌਲ ਅਤੇ ਪਨੀਰ ਸ਼ਾਮਲ ਸੀ।
ਕੁਝ ਕਹਿੰਦੇ ਹਨ ਕਿ ਉਨ੍ਹਾਂ ਨਾਲ ਹਿੰਸਾ ਹੋਈ ਅਤੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ।
ਨੂਰ ਨੇ ਕਿਹਾ, "ਸਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ। ਕੁਝ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਉਨ੍ਹਾਂ ਨੂੰ ਕਈ ਵਾਰ ਥੱਪੜ ਮਾਰੇ ਗਏ।''
ਫਯਾਜ਼ ਉੱਲਾਹ ਨੇ ਵੀਡੀਓ ਕਾਲ 'ਤੇ ਆਪਣੇ ਸੱਜੇ ਗੁੱਟ 'ਤੇ ਨਿਸ਼ਾਨ ਦਿਖਾਏ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਵਾਰ-ਵਾਰ ਕੁੱਟਿਆ ਗਿਆ, ਪਿੱਠ ਅਤੇ ਚਿਹਰੇ 'ਤੇ ਥੱਪੜ ਮਾਰੇ ਗਏ ਅਤੇ ਬਾਂਸ ਦੀ ਸੋਟੀ ਨਾਲ ਕੁੱਟਿਆ ਗਿਆ।
ਉਨ੍ਹਾਂ ਕਿਹਾ, "ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੂੰ ਭਾਰਤ ਵਿੱਚ ਗੈਰ-ਕਾਨੂੰਨੀ ਤੌਰ 'ਤੇ ਕਿਉਂ ਰਹਿ ਰਿਹਾ ਸੀ।''
ਰੋਹਿੰਗਿਆ ਮੁੱਖ ਤੌਰ 'ਤੇ ਇੱਕ ਮੁਸਲਿਮ ਭਾਈਚਾਰਾ ਹੈ, ਪਰ ਮਈ ਵਿੱਚ ਜ਼ਬਰਦਸਤੀ ਵਾਪਸ ਭੇਜੇ ਗਏ 40 ਲੋਕਾਂ ਵਿੱਚੋਂ 15 ਈਸਾਈ ਹਨ।
ਨੂਰ ਨੇ ਕਿਹਾ, "ਸਾਨੂੰ ਲੈ ਕੇ ਜਾਣ ਵਾਲੇ ਲੋਕ ਕਹਿੰਦੇ ਸਨ ਕਿ 'ਤੁਸੀਂ ਹਿੰਦੂ ਕਿਉਂ ਨਹੀਂ ਬਣ ਗਏ? ਤੁਸੀਂ ਇਸਲਾਮ ਤੋਂ ਈਸਾਈ ਧਰਮ ਕਿਉਂ ਅਪਣਾ ਲਿਆ?'। ਉਨ੍ਹਾਂ ਨੇ ਸਾਨੂੰ ਆਪਣੀਆਂ ਪੈਂਟਾਂ ਉਤਾਰਨ ਲਈ ਕਿਹਾ ਤਾਂ ਜੋ ਉਹ ਦੇਖ ਸਕਣ ਕਿ ਸਾਡਾ ਸੁੰਨਤ ਕੀਤਾ ਗਿਆ ਹੈ ਜਾਂ ਨਹੀਂ।"
ਇੱਕ ਹੋਰ ਸ਼ਰਨਾਰਥੀ, ਇਮਾਨ ਹੁਸੈਨ ਨੇ ਕਿਹਾ ਕਿ ਫੌਜੀ ਜਵਾਨਾਂ ਨੇ ਉਨ੍ਹਾਂ 'ਤੇ ਪਹਿਲਗਾਮ ਹਮਲੇ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ।
22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਹਮਲੇ ਵਿੱਚ 26 ਲੋਕਾਂ ਨੂੰ ਮਾਰ ਦਿੱਤਾ ਸੀ। ਮਾਰੇ ਗਏ ਲੋਕਾਂ ਵਿੱਚੋਂ ਜ਼ਿਆਦਾਤਰ ਹਿੰਦੂ ਸੈਲਾਨੀ ਸਨ।
ਭਾਰਤ ਸਰਕਾਰ ਨੇ ਵਾਰ-ਵਾਰ ਕਿਹਾ ਹੈ ਕਿ ਇਹ ਹਮਲੇ ਪਾਕਿਸਤਾਨੀ ਨਾਗਰਿਕਾਂ ਦੁਆਰਾ ਕੀਤੇ ਗਏ ਸਨ। ਹਾਲਾਂਕਿ, ਪਾਕਿਸਤਾਨ ਨੇ ਇਸ ਤੋਂ ਇਨਕਾਰ ਕੀਤਾ ਹੈ।
ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੋਹਿੰਗਿਆ ਦਾ ਇਸ ਹਮਲੇ ਨਾਲ ਕੋਈ ਸਬੰਧ ਸੀ।
ਸੰਯੁਕਤ ਰਾਸ਼ਟਰ ਨੇ ਕਿਹਾ- ਸ਼ਰਨਾਰਥੀਆਂ ਨੂੰ ਖ਼ਤਰੇ ਵਿੱਚ ਪਾ ਦਿੱਤਾ

ਤਸਵੀਰ ਸਰੋਤ, Getty Images
ਅਗਲੇ ਦਿਨ ਸ਼ਰਨਾਰਥੀਆਂ ਨੂੰ ਕਿਹਾ ਗਿਆ ਕਿ ਉਹ ਜਲ ਸੈਨਾ ਦੇ ਜਹਾਜ਼ ਦੇ ਪਾਸੇ ਵਾਲੀ ਪੌੜੀ ਤੋਂ ਹੇਠਾਂ ਉਤਰ ਜਾਣ। ਹੇਠਾਂ ਉਨ੍ਹਾਂ ਨੇ ਚਾਰ ਛੋਟੀਆਂ ਰਬੜ ਦੀਆਂ ਕਿਸ਼ਤੀਆਂ ਦੇਖੀਆਂ।
ਸ਼ਰਨਾਰਥੀਆਂ ਨੂੰ ਦੋ ਕਿਸ਼ਤੀਆਂ ਵਿੱਚ ਬਿਠਾਇਆ ਗਿਆ। ਇਨ੍ਹਾਂ ਵਿੱਚ 20-20 ਲੋਕ ਬਿਠਾਏ ਗਏ। ਬਾਕੀ ਦੋ ਕਿਸ਼ਤੀਆਂ ਵਿੱਚ ਮੁਲਾਜ਼ਮ ਸਨ, ਜੋ ਅੱਗੇ-ਅੱਗੇ ਚੱਲ ਰਹੇ ਸਨ। ਸ਼ਰਨਾਰਥੀ ਸੱਤ ਘੰਟੇ ਯਾਤਰਾ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ।
ਨੂਰ ਨੇ ਕਿਹਾ, "ਇੱਕ ਕਿਸ਼ਤੀ ਕੰਢੇ ਪਹੁੰਚੀ ਅਤੇ ਇੱਕ ਲੰਬੀ ਰੱਸੀ ਨੂੰ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ। ਫਿਰ ਰੱਸੀ ਸਾਡੀਆਂ ਕਿਸ਼ਤੀਆਂ ਤੱਕ ਲਿਆਂਦੀ ਗਈ, ਸਾਨੂੰ ਲਾਈਫ ਜੈਕਟਾਂ ਦਿੱਤੀਆਂ ਗਈਆਂ। ਹੱਥ ਖੋਲ੍ਹ ਦਿੱਤੇ ਗਏ ਅਤੇ ਸਾਨੂੰ ਪਾਣੀ ਵਿੱਚ ਛਾਲ ਮਾਰਨ ਲਈ ਕਿਹਾ ਗਿਆ। ਅਸੀਂ ਰੱਸੀ ਫੜੀ ਅਤੇ ਕਿਨਾਰੇ ਤੱਕ ਪਹੁੰਚਣ ਲਈ 100 ਮੀਟਰ ਤੋਂ ਵੱਧ ਤੈਰ ਕੇ ਗਏ।"
ਨੂਰ ਨੇ ਕਿਹਾ, "ਉਨ੍ਹਾਂ ਨੇ ਕਿਹਾ, ਤੁਸੀਂ ਲੋਕ ਇੰਡੋਨੇਸ਼ੀਆ ਪਹੁੰਚ ਗਏ ਹੋ, ਜਿਸ ਤੋਂ ਬਾਅਦ ਉਹ ਸਾਨੂੰ ਛੱਡ ਕੇ ਚਲੇ ਗਏ।"
ਬੀਬੀਸੀ ਨੇ ਇਹ ਇਲਜ਼ਾਮ ਭਾਰਤ ਸਰਕਾਰ ਅਤੇ ਭਾਰਤੀ ਜਲ ਸੈਨਾ ਦੇ ਸਾਹਮਣੇ ਰੱਖੇ, ਪਰ ਕੋਈ ਜਵਾਬ ਨਹੀਂ ਮਿਲਿਆ।
9 ਮਈ ਨੂੰ ਸਵੇਰੇ-ਸਵੇਰੇ ਇਸ ਸਮੂਹ ਨੂੰ ਸਥਾਨਕ ਮਛੇਰੇ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਮਿਆਂਮਾਰ ਵਿੱਚ ਹਨ।
ਉਨ੍ਹਾਂ ਨੇ ਸ਼ਰਨਾਰਥੀਆਂ ਨੂੰ ਆਪਣੇ ਫ਼ੋਨ ਵੀ ਦਿੱਤੇ ਤਾਂ ਜੋ ਉਹ ਭਾਰਤ ਵਿੱਚ ਆਪਣੇ ਪਰਿਵਾਰਾਂ ਨੂੰ ਫ਼ੋਨ ਕਰ ਸਕਣ।
ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਬਾ ਥੂ ਆਰਮੀ ਮਿਆਂਮਾਰ ਦੇ ਤਨਿਨਥਾਰੀ ਖੇਤਰ ਵਿੱਚ ਫਸੇ ਸ਼ਰਨਾਰਥੀਆਂ ਨੂੰ ਭੋਜਨ ਅਤੇ ਆਸਰਾ ਦੇਣ ਵਿੱਚ ਮਦਦ ਕਰ ਰਹੀ ਹੈ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਜਦੋਂ ਭਾਰਤੀ ਅਧਿਕਾਰੀਆਂ ਨੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਅੰਡੇਮਾਨ ਸਾਗਰ 'ਚ ਧੱਕ ਦਿੱਤਾ ਤਾਂ ਉਨ੍ਹਾਂ ਦੀਆਂ ਜ਼ਿੰਦਗੀਆਂ "ਬਹੁਤ ਜ਼ਿਆਦਾ ਜੋਖ਼ਮ ਵਿੱਚ ਪਾ ਦਿੱਤੀਆਂ ਗਈਆਂ''।
ਐਂਡਰਿਊਜ਼ ਨੇ ਕਿਹਾ, "ਮੈਂ ਨਿੱਜੀ ਤੌਰ 'ਤੇ ਇਸ ਬਹੁਤ ਹੀ ਪਰੇਸ਼ਾਨ ਕਰਨ ਵਾਲੇ ਮਾਮਲੇ ਬਾਰੇ ਖੋਜ ਕੀਤੀ ਹੈ।''
ਉਨ੍ਹਾਂ ਨੇ ਮੰਨਿਆ ਕਿ ਉਹ ਬਹੁਤ ਸਾਰੇ ਵੇਰਵੇ ਸਾਂਝੇ ਨਹੀਂ ਕਰ ਸਕਦੇ ਹਨ।
ਉਨ੍ਹਾਂ ਕਿਹਾ, "ਮੈਂ ਚਸ਼ਮਦੀਦਾਂ ਨਾਲ ਗੱਲ ਕੀਤੀ ਹੈ ਅਤੇ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ। ਅਜਿਹੀਆਂ ਘਟਨਾਵਾਂ ਸੱਚ ਹਨ।''
ਸੁਪਰੀਮ ਕੋਰਟ ਫੈਸਲਾ ਕਰੇਗੀ, ਰੋਹਿੰਗਿਆ ਸ਼ਰਨਾਰਥੀ ਜਾਂ ਗੈਰ-ਕਾਨੂੰਨੀ ਪਰਵਾਸੀ

17 ਮਈ ਨੂੰ, ਅਮੀਨ ਅਤੇ ਹਟਾਏ ਗਏ ਸ਼ਰਨਾਰਥੀਆਂ ਦੇ ਇੱਕ ਹੋਰ ਰਿਸ਼ਤੇਦਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ, ਜਿਸ ਵਿੱਚ ਉਨ੍ਹਾਂ ਦੀ ਦਿੱਲੀ ਵਾਪਸੀ, ਅਜਿਹੇ ਦੇਸ਼ ਨਿਕਾਲੇ 'ਤੇ ਤੁਰੰਤ ਰੋਕ ਅਤੇ ਸਾਰੇ 40 ਲੋਕਾਂ ਲਈ ਮੁਆਵਜ਼ਾ ਮੰਗਿਆ ਗਿਆ।
ਸੀਨੀਅਰ ਵਕੀਲ ਕੋਲਿਨ ਗੋਂਜ਼ਾਲਵੇਸ ਸੁਪਰੀਮ ਕੋਰਟ ਵਿੱਚ ਇਨ੍ਹਾਂ ਸ਼ਰਨਾਰਥੀਆਂ ਲਈ ਕੇਸ ਲੜ ਰਹੇ ਹਨ ਅਤੇ ਕਹਿੰਦੇ ਹਨ ਕਿ "ਇਸਨੇ ਪੂਰੇ ਦੇਸ਼ ਨੂੰ ਰੋਹਿੰਗਿਆ ਦੇਸ਼ ਨਿਕਾਲੇ ਦੇ ਭਿਆਨਕ ਪਹਿਲੂ ਤੋਂ ਜਾਣੂ ਕਰਵਾ ਦਿੱਤਾ ਹੈ।"
"ਕਿਸੇ ਨੂੰ ਜੰਗੀ ਖੇਤਰ ਲਾਈਫ ਜੈਕੇਟ ਪਾ ਕੇ ਸਮੁੰਦਰ ਵਿੱਚ ਉਤਾਰ ਦੇਣਾ, ਇਹ ਅਜਿਹੀ ਗੱਲ ਹੈ ਜਿਸ ਨੂੰ ਮੰਨਣ ਲਈ ਲੋਕ ਤਿਆਰ ਨਹੀਂ ਸਨ।''
ਪਟੀਸ਼ਨ 'ਤੇ ਸੁਣਵਾਈ ਦੌਰਾਨ, ਬੈਂਚ ਦੇ ਦੋ ਜੱਜਾਂ ਵਿੱਚੋਂ ਇੱਕ ਨੇ ਇਨ੍ਹਾਂ ਇਲਜ਼ਾਮਾਂ ਨੂੰ "ਕਾਲਪਨਿਕ ਵਿਚਾਰ" ਦੱਸਿਆ।
ਉਨ੍ਹਾਂ ਇਹ ਵੀ ਕਿਹਾ ਕਿ ਇਸਤਗਾਸਾ ਪੱਖ ਨੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਲੋੜੀਂਦੇ ਸਬੂਤ ਪ੍ਰਦਾਨ ਨਹੀਂ ਕੀਤੇ।
ਸੁਪਰੀਮ ਕੋਰਟ ਨੇ 29 ਸਤੰਬਰ ਨੂੰ ਦਲੀਲਾਂ ਸੁਣਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਹ ਤੈਅ ਹੋ ਸਕੇ ਕਿ ਕੀ ਰੋਹਿੰਗਿਆ ਨੂੰ ਸ਼ਰਨਾਰਥੀ ਮੰਨਿਆ ਜਾ ਸਕਦਾ ਹੈ ਜਾਂ ਉਹ ਗੈਰ-ਕਾਨੂੰਨੀ ਪਰਵਾਸੀ ਹਨ ਅਤੇ ਇਸ ਲਈ ਵਾਪਸ ਭੇਜੇ ਜਾ ਸਕਦੇ ਹਨ।
ਭਾਰਤ ਵਿੱਚ ਪੂਰਾ ਰੋਹਿੰਗਿਆ ਭਾਈਚਾਰਾ ਸ਼ਰਨਾਰਥੀਆਂ ਨਾਲ ਹੋਏ ਸਲੂਕ ਤੋਂ ਡਰਿਆ ਹੋਇਆ ਹੈ।
ਇਸਦੇ ਮੈਂਬਰਾਂ ਦਾ ਦਾਅਵਾ ਹੈ ਕਿ ਪਿਛਲੇ ਸਾਲ ਭਾਰਤੀ ਅਧਿਕਾਰੀਆਂ ਦੁਆਰਾ ਉਨ੍ਹਾਂ ਨੂੰ ਵਾਪਸ ਭੇਜੇ ਜਾਣ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਕੁਝ ਲੋਕ ਲੁੱਕ ਗਏ ਹਨ। ਅਮੀਨ ਹੁਣ ਆਪਣੇ ਘਰ ਨਹੀਂ ਸੌਂਦਾ। ਉਨ੍ਹਾਂ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਕਿਤੇ ਹੋਰ ਭੇਜ ਦਿੱਤਾ ਹੈ।
ਉਹ ਕਹਿੰਦੇ ਹਨ, "ਮੇਰੇ ਦਿਲ ਵਿੱਚ ਇੱਕੋ ਇੱਕ ਡਰ ਇਹ ਹੈ ਕਿ ਭਾਰਤ ਸਰਕਾਰ ਸਾਨੂੰ ਵੀ ਕਦੇ ਚੁੱਕ ਕੇ ਸਮੁੰਦਰ ਵਿੱਚ ਸੁੱਟ ਦੇਵੇਗੀ। ਅਸੀਂ ਹੁਣ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਾਂ।''
ਐਂਡਰਿਊਜ਼ ਨੇ ਕਿਹਾ, "ਇਹ ਲੋਕ ਇੱਥੇ ਇਸ ਲਈ ਨਹੀਂ ਹਨ ਕਿਉਂਕਿ ਉਹ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ। ਮਿਆਂਮਾਰ ਵਿੱਚ ਜੀ ਭਿਆਨਕ ਹਿੰਸਾ ਹੋ ਰਹੀ ਹੈ, ਉਸ ਕਾਰਨ ਉਹ ਇੱਥੇ ਹਨ। ਉਹ ਅਸਲ 'ਚ ਆਪਣੀ ਜਾਨ ਬਚਾਉਣ ਲਈ ਭੱਜੇ ਹਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












