ਯੂਕੇ ਵਿੱਚ 2 ਸਿੱਖ ਟੈਕਸੀ ਡਰਾਈਵਰਾਂ 'ਤੇ ਜਾਨਲੇਵਾ ਹਮਲਾ, 'ਜਦੋਂ ਮੈਂ ਦੇਖਿਆ ਕਿ ਮੇਰੇ ਸਿਰ 'ਤੇ ਪੱਗ ਹੀ ਨਹੀਂ ਹੈ...'

- ਲੇਖਕ, ਕੈਰੋਲੀਨ ਗਾਲ ਅਤੇ ਐਮੀ ਕੋਲ
- ਰੋਲ, ਬੀਬੀਸੀ ਨਿਊਜ਼, ਵੈਸਟ ਮਿਡਲੈਂਡਜ਼ ਅਤੇ ਬੀਬੀਸੀ ਮਿਡਲੈਂਡਜ਼ ਟੂਡੇ
"ਕੁਝ ਵੀ ਹੋ ਸਕਦਾ ਸੀ... ਕੁਝ ਵੀ... ਮੈਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਸੀ...।"
ਇਹ ਸ਼ਬਦ ਯੂਕੇ ਵਿੱਚ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ ਦੋ ਸਿੱਖ ਵਿਅਕਤੀਆਂ ਵਿੱਚੋਂ ਇੱਕ ਦੇ ਹਨ।
ਦਰਅਸਲ, ਹਾਲ ਹੀ ਵਿੱਚ ਯੂਕੇ ਵਿੱਚ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਨੇੜੇ ਦੋ ਸਿੱਖ ਟੈਕਸੀ ਡਰਾਈਵਰਾਂ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ।
ਹਮਲੇ 'ਚ ਜ਼ਖਮੀ ਹੋਏ ਵਿਕਅਤੀਆਂ ਦੇ ਨਾਮ ਸਤਨਾਮ ਸਿੰਘ ਅਤੇ ਜਸਬੀਰ ਸੰਘਾ ਹਨ।
ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਕੁਝ ਆਦਮੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ, ਜਿਸ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ।
ਪੁਲਿਸ ਫਿਲਹਾਲ ਇਸ ਹਮਲੇ ਨੂੰ ਨਸਲੀ ਤੌਰ 'ਤੇ ਭੜਕਾਊ ਹਮਲਾ ਮੰਨ ਰਹੀ ਹੈ।

ਤਸਵੀਰ ਸਰੋਤ, TheSikhNet/X
'ਪਸਲੀਆਂ ਟੁੱਟੀਆਂ, ਬੁਰੀ ਤਰ੍ਹਾਂ ਜ਼ਖਮੀ ਹੋਏ'
ਸਤਨਾਮ ਸਿੰਘ 64 ਸਾਲ ਦੇ ਹਨ ਅਤੇ ਜਸਬੀਰ ਸਿੰਘ 72 ਸਾਲ ਦੇ ਹਨ।
ਜਸਬੀਰ ਸੰਘਾ ਨੇ ਦੱਸਿਆ ਕਿ ਇਸ ਹਮਲੇ ਵਿੱਚ ਉਨ੍ਹਾਂ ਦੀਆਂ ਦੋ ਪਸਲੀਆਂ ਟੁੱਟ ਗਈਆਂ ਹਨ ਅਤੇ ਉਹ ਬਹੁਤ ਦਰਦ ਵਿੱਚ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸਤਨਾਮ ਸਿੰਘ ਦੀ ਹਮਲੇ ਦੌਰਾਨ ਪੱਗ ਲਹਿ ਗਈ ਸੀ ਅਤੇ ਉਨ੍ਹਾਂ ਨੂੰ ਲੱਤਾਂ ਅਤੇ ਮੁੱਕੇ ਮਾਰੇ ਗਏ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਕਿਹਾ ਕਿ ਹਮਲੇ ਦੇ ਸਬੰਧ ਵਿੱਚ ਇੱਕ 17 ਸਾਲਾ ਮੁੰਡੇ ਅਤੇ 19 ਤੇ 25 ਸਾਲ ਦੇ ਦੋ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਮਹਿਲਾਵਾਂ ਨੇ ਕੀਤੀ ਮਦਦ

ਦੋਵਾਂ ਪੀੜਤਾਂ ਨੇ ਦੱਸਿਆ ਕਿ ਉਹ ਸਟੇਸ਼ਨ ਦੇ ਬਾਹਰ ਕੰਮ 'ਤੇ ਸਨ ਜਦੋਂ ਤਿੰਨ ਆਦਮੀ ਸਤਨਾਮ ਸਿੰਘ ਕੋਲ ਆਏ ਅਤੇ ਗਾਲਾਂ ਕੱਢਦੇ ਹੋਏ ਅਤੇ ਨਸਲੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਕੁਝ ਮੰਗਾਂ ਕਰਨ ਲੱਗ ਪਏ।
ਜਦੋਂ ਜਸਬੀਰ ਸੰਘਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਤਨਾਮ ਸਿੰਘ ਨੂੰ ਧੱਕਾ ਦੇ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੱਗ ਉਤਰਨ ਕਾਰਨ ਉਨ੍ਹਾਂ ਨੂੰ ਬਹੁਤ ਠੇਸ ਪਹੁੰਚੀ ਹੈ ਕਿਉਂਕਿ ਇਹ ਕੇਸਾਂ ਨੂੰ ਢਕਦੀ ਹੈ ਅਤੇ ਇਹ ਸਿੱਖਾਂ ਦੁਆਰਾ ਪਹਿਨੇ ਜਾਣ ਵਾਲੇ ਪੰਜ ਕਰਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਖਾਲਸਾ ਧਰਮ ਵਿੱਚ ਬਹੁਤ ਅਹਿਮ ਮੰਨਿਆ ਜਾਂਦਾ ਹੈ।
ਦੋਵਾਂ ਨੇ ਕਿਹਾ ਕਿ ਉਹ ਉਨ੍ਹਾਂ ਦੋ ਮਹਿਲਾਵਾਂ ਦੇ ਧੰਨਵਾਦੀ ਹਨ ਜੋ ਉਨ੍ਹਾਂ ਦੀ ਮਦਦ ਲਈ ਅੱਗੇ ਆਈਆਂ ਅਤੇ ਹਮਲੇ ਨੂੰ ਰੋਕਣ ਵਿੱਚ ਮਦਦ ਕੀਤੀ।
ਸਤਨਾਮ ਸਿੰਘ ਨੇ ਕਿਹਾ, "ਜਦੋਂ ਉਸ ਨੇ ਮੈਨੂੰ ਜ਼ਮੀਨ 'ਤੇ ਸੁੱਟ ਦਿੱਤਾ... ਅਤੇ ਜਦੋਂ ਮੈਂ ਬਾਅਦ ਵਿੱਚ ਉੱਠਿਆ, ਮੈਂ ਬੈਠਣ ਦੀ ਕੋਸ਼ਿਸ਼ ਕੀਤੀ [ਅਤੇ] ਜਦੋਂ ਮੈਂ ਦੇਖਿਆ ਕਿ ਮੇਰੇ ਸਿਰ 'ਤੇ ਪੱਗ ਹੀ ਨਹੀਂ ਹੈ... ਮੈਨੂੰ ਇੰਝ ਲੱਗਾ ਕਿ ਮੈਂ ਮਰ ਗਿਆ ਹਾਂ।''
ਉਨ੍ਹਾਂ ਕਿਹਾ ਕਿ ਇਸ ਹਮਲੇ ਨੇ ਉਨ੍ਹਾਂ ਵਿੱਚ 'ਬਹੁਤ ਨਿਰਾਸ਼ਾ ਅਤੇ ਡਰ' ਭਰ ਦਿੱਤਾ।
ਉਨ੍ਹਾਂ ਕਿਹਾ "ਜਦੋਂ ਉਸਨੇ ਮੈਨੂੰ ਸੁੱਟਿਆ ਅਤੇ ਮੁੱਕਾ ਮਾਰਿਆ, ਮੈਨੂੰ ਲੱਗਿਆ ਕਿ ਮੈਂ ਮਰ ਗਿਆ ਹਾਂ।"
'ਮੈਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਸੀ'
ਜਸਬੀਰ ਸੰਘਾ ਨੇ ਕਿਹਾ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਚਿਹਰੇ 'ਤੇ ਮੁੱਕਾ ਮਾਰਿਆ ਅਤੇ ਫਿਰ ਆਦਮੀਆਂ ਨੇ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ।
ਉਨ੍ਹਾਂ ਕਿਹਾ, "ਮੈਂ ਸਿਰਫ਼ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸਭ ਬਹੁਤ ਜਲਦੀ ਹੋਇਆ ਅਤੇ ਮੈਂ ਜ਼ਮੀਨ 'ਤੇ ਸੀ।''
"ਬਾਅਦ ਵਿੱਚ ਮੈਨੂੰ ਸਿਰਫ਼ ਇੱਕ ਮੁੰਡਾ ਦਿਖਾਈ ਦੇ ਰਿਹਾ ਸੀ ਜੋ ਮੈਨੂੰ ਲੱਤ ਮਾਰ ਰਿਹਾ ਸੀ।''
"ਕੁਝ ਵੀ ਹੋ ਸਕਦਾ ਸੀ... ਕੁਝ ਵੀ... ਮੈਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਸੀ।"
ਇਸ ਘਟਨਾ ਨੂੰ ਰਾਹਗੀਰਾਂ ਨੇ ਆਪਣੇ ਕੈਮਰਿਆਂ ਵਿੱਚ ਵੀ ਕੈਦ ਕਰ ਲਿਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਜਸਬੀਰ ਸੰਘਾ ਨੇ ਕਿਹਾ, "ਜਦੋਂ ਮੈਂ ਵੀਡੀਓ ਦੇਖਿਆ ਤਾਂ ਇਹ ਮੇਰੇ ਲਈ ਬਹੁਤ ਡਰਾਉਣਾ ਸੀ।''

ਹਮਲੇ ਵਿੱਚ ਜਸਵੀਰ ਦੀਆਂ ਦੋ ਪਸਲੀਆਂ ਟੁੱਟ ਗਈਆਂ ਸਨ, ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜੇ ਵੀ ਦਰਦ ਹੈ।
"ਜਦੋਂ ਤੁਸੀਂ ਬੈਠਦੇ ਹੋ, ਉਠਦੇ ਹੋ, ਛਿੱਕ ਮਾਰਦੇ ਹੋ, ਜਾਨ ਨਿਕਲਦੀ ਹੈ। ਇਹ ਤੁਹਾਡੇ ਸਰੀਰ ਲਈ ਇੱਕ ਝਟਕੇ ਦੀ ਤਰ੍ਹਾਂ ਹੈ, ਇਹ ਬਹੁਤ ਦਰਦਨਾਕ ਹੈ।''
ਉਨ੍ਹਾਂ ਕਿਹਾ ਕਿ ਉਹ ਆਪਣੀ ਟੈਕਸੀ ਮੁੜ ਚਲਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਸਾਰੀ ਉਮਰ ਕੰਮ ਕੀਤਾ ਸੀ, ਪਰ ਇਸ ਹਮਲੇ ਨੇ ਉਨ੍ਹਾਂ ਨੂੰ ਡਰਾ ਦਿੱਤਾ ਹੈ।
ਉਨ੍ਹਾਂ ਦੀ ਮਦਦ ਲਈ ਆਈਆਂ ਮਹਿਲਾਵਾਂ ਬਾਰੇ ਉਨ੍ਹਾਂ ਦੱਸਿਆ ਕਿ "ਇੱਕ ਮਹਿਲਾ ਜਵਾਨ ਸੀ, ਇੱਕ ਬਜ਼ੁਰਗ ਸੀ। ਦੋਵੇਂ ਗੋਰੀਆਂ ਮਹਿਲਾਵਾਂ ਸਨ ਪਰ ਬਹੁਤ ਮਦਦਗਾਰ, ਬਹੁਤ ਬਹੁਤ ਮਦਦਗਾਰ।"
ਜਸਬੀਰ ਸੰਘਾ ਨੇ ਕਿਹਾ, "ਲੋਕਾਂ ਨੇ ਬਹੁਤ ਮਦਦ ਕੀਤੀ, ਉਹ ਉਨ੍ਹਾਂ 'ਤੇ ਚੀਕ ਰਹੇ ਸਨ ਕਿ 'ਤੁਸੀਂ ਕੀ ਕਰ ਰਹੇ ਹੋ?'।
"ਮੈਂ ਉਨ੍ਹਾਂ ਦੀ ਮਦਦ ਲਈ ਸੱਚਮੁੱਚ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।"
'ਸਿੱਖ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ'

ਸਿੱਖ ਫੈਡਰੇਸ਼ਨ ਯੂਕੇ ਦੇ ਜਸ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਹੋਰ ਕਦਮ ਚੁੱਕੇ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰੇ।
ਉਨ੍ਹਾਂ ਕਿਹਾ, "ਇੱਕ ਸਾਲ ਬਾਅਦ [ਲੇਬਰ ਪਾਰਟੀ ਦੇ ਸਰਕਾਰ ਵਿੱਚ ਆਉਣ ਤੋਂ ਬਾਅਦ] ਵੀ ਅਸੀਂ ਅਜੇ ਵੀ ਸਿੱਖ ਫੈਡਰੇਸ਼ਨ ਜਾਂ ਆਮ ਤੌਰ 'ਤੇ ਗੁਰਦੁਆਰਿਆਂ ਵਰਗੀਆਂ ਸੰਸਥਾਵਾਂ ਦੇ ਮਾਮਲੇ 'ਚ ਸਰਕਾਰ ਵੱਲੋਂ ਕੋਈ ਵੀ ਸ਼ਮੂਲੀਅਤ ਨਹੀਂ ਦੇਖੀ ਹੈ, ਤਾਂ ਜੋ ਗੁਰਦੁਆਰਿਆਂ ਵਿੱਚ ਰਿਪੋਰਟਿੰਗ ਸੈਂਟਰ ਸਥਾਪਤ ਕੀਤੇ ਜਾ ਸਕਣ ਅਤੇ ਇਹ ਸਮਝਿਆ ਜਾ ਸਕੇ ਕਿ ਸਾਡੇ ਬਜ਼ੁਰਗਾਂ, ਸਾਡੇ ਨੌਜਵਾਨਾਂ, ਸਾਡੇ ਭਾਈਚਾਰੇ ਦੇ ਕਮਜ਼ੋਰ ਪਹਿਲੂਆਂ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ, "ਕਿਉਂਕਿ ਅਸੀਂ ਦੇਖਦੇ ਹਾਂ, ਨਾ ਸਿਰਫ਼ ਵੁਲਵਰਹੈਂਪਟਨ ਵਿੱਚ ਹਮਲਾ ਹੋਇਆ ਹੈ, ਸਗੋਂ ਸਕੂਲਾਂ, ਕਾਲਜਾਂ ਵਿੱਚ ਵੀ ਸਿੱਖ ਬੱਚਿਆਂ 'ਤੇ ਅਜਿਹੇ ਹਮਲਿਆਂ 'ਚ ਵਾਧਾ ਹੋਇਆ ਹੈ ਅਤੇ ਇਹ ਸਭ ਕੁਝ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਭਾਈਚਾਰਾ ਵੀ ਅਣਗੌਲਿਆ ਮਹਿਸੂਸ ਕਰ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












