You’re viewing a text-only version of this website that uses less data. View the main version of the website including all images and videos.
ਈ-ਕੂੜੇ ਦੀ ਤਸਕਰੀ ਦਾ ਕੌਮਾਂਤਰੀ ਧੰਦਾ, ਕਿਵੇਂ ਬਣ ਰਿਹਾ ਹੈ ਗਰੀਬ ਮੁਲਕਾਂ 'ਚ ਲੋਕਾਂ ਦੀ ਜਾਨ ਲਈ ਖ਼ੌਅ
- ਲੇਖਕ, ਨਵੀਨ ਸਿੰਘ ਖੜਕਾ
- ਰੋਲ, ਬੀਬੀਸੀ ਨਿਊਜ਼
ਤੁਸੀਂ ਮੀਲਾਂ ਦੂਰ ਤੋਂ ਐਗਬੋਗਬਲੋਸ਼ੀ ਡੰਪ ਤੋਂ ਉੱਠਦੇ ਸੰਘਣੇ ਧੂੰਏਂ ਨੂੰ ਦੇਖ ਸਕਦੇ ਹੋ।
ਘਾਨਾ ਦੀ ਰਾਜਧਾਨੀ ਅਕਰਾ ਦੇ ਪੱਛਮ ਵਿੱਚ ਕੂੜੇ ਦੇ ਵੱਡੇ ਡੰਪ ’ਤੇ ਹਵਾ ਬਹੁਤ ਜ਼ਿਆਦਾ ਜ਼ਹਿਰੀਲੀ ਹੈ।
ਤੁਸੀਂ ਇਸ ਦੇ ਜਿੰਨਾ ਨੇੜੇ ਜਾਂਦੇ ਹੋ, ਸਾਹ ਲੈਣਾ ਉਨਾ ਹੀ ਔਖਾ ਹੋ ਜਾਂਦਾ ਹੈ ਅਤੇ ਧੂੰਆਂ ਅੱਖਾਂ ’ਚ ਪੈਣ ਨਾਲ ਤੁਹਾਡੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਇਸ ਧੂੰਏਂ ਦੇ ਆਲੇ-ਦੁਆਲੇ ਅੱਗ ਲਗਾਉਣ ਤੋਂ ਪਹਿਲਾਂ ਦਰਜਨਾਂ ਆਦਮੀ ਤਾਰਾਂ ਦੇ ਢੇਰਾਂ ਨੂੰ ਉਤਾਰਨ ਲਈ ਟਰੈਕਟਰਾਂ ਦੀ ਉਡੀਕ ਕਰਦੇ ਹਨ, ਬਾਕੀ ਆਦਮੀ ਜ਼ਹਿਰੀਲੇ ਕੂੜੇ ਦੀ ਪਹਾੜੀ ’ਤੇ ਚੜ੍ਹ ਕੇ ਟੀਵੀ, ਕੰਪਿਊਟਰ ਅਤੇ ਵਾਸ਼ਿੰਗ ਮਸ਼ੀਨ ਦੇ ਪੁਰਜੇ ਹੇਠਾਂ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੰਦੇ ਹਨ।
ਇੱਥੇ ਲੋਕ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਕੂੜੇ ਜਾਂ ਈ-ਕੂੜਾ ਤੋਂ ਤਾਂਬੇ ਅਤੇ ਸੋਨੇ ਵਰਗੀਆਂ ਕੀਮਤੀ ਧਾਤਾਂ ਕੱਢ ਰਹੇ ਹਨ। ਇਨ੍ਹਾਂ ਦਾ ਵੱਡਾ ਹਿੱਸਾ ਅਮੀਰ ਦੇਸ਼ਾਂ ਤੋਂ ਘਾਨਾ ਤੱਕ ਪਹੁੰਚ ਰਿਹਾ ਹੈ।
ਅਬਦੁੱਲਾ ਯਾਕੂਬੂ ਇਕ ਨੌਜਵਾਨ ਵਰਕਰ ਹੈ। ਤਾਰਾਂ ਅਤੇ ਪਲਾਸਟਿਕ ਸਾੜਨ ਕਾਰਨ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਹਨ ਤੇ ਪਾਣੀ ਨਿਕਲ ਰਿਹਾ ਹੈ। ਉਹ ਕਹਿੰਦਾ ਹੈ, “ਮੇਰੀ ਤਬੀਅਤ ਠੀਕ ਨਹੀਂ ਹੈ।”
ਉਹ ਕਹਿੰਦੇ ਹਨ, “ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਹਵਾ ਬਹੁਤ ਪ੍ਰਦੂਸ਼ਿਤ ਹੈ ਅਤੇ ਮੈਨੂੰ ਇੱਥੇ ਹਰ ਰੋਜ਼ ਕੰਮ ਕਰਨਾ ਪੈਂਦਾ ਹੈ, ਇਹ ਯਕੀਨੀ ਤੌਰ ’ਤੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।”
ਹਬੀਬਾ ਅਲਹਸਨ ਚਾਰ ਬੱਚਿਆਂ ਦੀ ਮਾਂ ਹੈ। ਉਹ ਅੱਗ ਵਾਲੀ ਥਾਂ ਦੇ ਨੇੜੇ ਵਰਤੀਆਂ ਗਈਆਂ ਪਲਾਸਟਿਕ ਦੀਆਂ ਬੋਤਲਾਂ ਨੂੰ ਛਾਂਟਣ ਦਾ ਕੰਮ ਕਰਦੇ ਹਨ ਅਤੇ ਜ਼ਹਿਰੀਲਾ ਧੂੰਆਂ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ।
ਉਹ ਕਹਿੰਦੇ ਹਨ, “ਕਈ ਵਾਰ ਸਾਹ ਲੈਣਾ ਵੀ ਬਹੁਤ ਔਖਾ ਹੋ ਜਾਂਦਾ ਹੈ, ਮੇਰੀ ਛਾਤੀ ਭਾਰੀ ਹੋ ਜਾਂਦੀ ਹੈ ਅਤੇ ਮੈਂ ਬਹੁਤ ਬਿਮਾਰ ਮਹਿਸੂਸ ਕਰਦੀ ਹਾਂ।”
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਈ-ਕੂੜਾ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਕੂੜਾ-ਕਰਕਟ ਹੈ। 2022 ਵਿੱਚ 62 ਮਿਲੀਅਨ ਟਨ ਕੂੜਾ ਪੈਦਾ ਹੋਇਆ ਹੈ, ਜੋ ਕਿ 2010 ਤੋਂ 82 ਫੀਸਦ ਵੱਧ ਹੈ।
ਈ-ਕੂੜੇ ਦੇ ਵਧਣ ਪਿੱਛੇ ਮੁੱਖ ਤੌਰ ’ਤੇ ਸਾਡੇ ਸਮਾਜ ਦਾ ਇਲੈਕਟ੍ਰੋਨਾਈਜ਼ੇਸ਼ਨ ਹੋਣਾ ਹੈ।
ਸਮਾਰਟ ਫੋਨ ਅਤੇ ਕੰਪਿਊਟਰ ਤੋਂ ਲੈ ਕੇ ਘਰੇਲੂ ਉਪਕਰਨ ਜਿਵੇਂ ਕਿ ਟੀਵੀ ਅਤੇ ਸਮਾਰਟ ਅਲਾਰਮ ਤੋਂ ਲੈ ਕੇ ਇਲੈਕਟ੍ਰਾਨਿਕ ਡਿਵਾਈਸਾਂ ਨਾਲ ਆਟੋ-ਮੋਬਾਈਲ ਦੀ ਮੰਗ ਲਗਾਤਾਰ ਵੱਧ ਰਹੀ ਹੈ।
ਇਸ ਸਾਲ ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਰਿਪੋਰਟ ਦੇ ਅਨੁਸਾਰ ਸਾਲਾਨਾ ਸਮਾਰਟਫੋਨ ਦੀ ਸ਼ਿਪਮੈਂਟ 2010 ਤੋਂ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਇਹ ਸ਼ਿਪਮੈਂਟ 2023 ਵਿੱਚ 1.2 ਬਿਲੀਅਨ ਤੱਕ ਪਹੁੰਚ ਗਈ।
ਸਭ ਤੋਂ ਵੱਧ ਜ਼ਬਤ ਕੀਤੀ ਜਾਣ ਵਾਲੀ ਆਈਟਮ
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਦੁਨੀਆ ਦੇ ਸਿਰਫ਼ 15 ਫ਼ੀਸਦ ਈ-ਕੂੜੇ ਨੂੰ ਹੀ ਰੀਸਾਈਕਲ ਕੀਤਾ ਜਾਂਦਾ ਹੈ।
ਇਸ ਲਈ ਕੁਝ ਬੇਈਮਾਨ ਕੰਪਨੀਆਂ ਇਸ ਕੂੜੇ ਨੂੰ ਕਿਤੇ ਹੋਰ ਉਤਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਸ ਕੰਮ ਵਿੱਚ ਅਕਸਰ ਵਿਚੋਲੇ ਕੂੜਾ ਦੇਸ਼ ਤੋਂ ਬਾਹਰ ਪਹੁੰਚਾਉਂਦੇ ਹਨ।
ਅਜਿਹੇ ਕੂੜੇ ਨੂੰ ਉਨ੍ਹਾਂ ਦੇ ਗੁੰਝਲਦਾਰ ਢਾਂਚੇ, ਜ਼ਹਿਰੀਲੇ ਰਸਾਇਣਾਂ, ਧਾਤਾਂ, ਪਲਾਸਟਿਕਾਂ ਅਤੇ ਤੱਤਾਂ ਦੇ ਕਾਰਨ ਰੀਸਾਈਕਲ ਕਰਨਾ ਮੁਸ਼ਕਲ ਹੈ। ਇਹ ਆਸਾਨੀ ਨਾਲ ਵੱਖ ਅਤੇ ਰੀਸਾਈਕਲ ਨਹੀਂ ਕੀਤੇ ਜਾ ਸਕਦੇ ਹਨ।
ਇੱਥੋਂ ਤੱਕ ਕਿ ਵਿਕਸਤ ਦੇਸ਼ਾਂ ਕੋਲ ਵੀ ਈ-ਕੂੜਾ ਪ੍ਰਬੰਧਨ ਦੀ ਕੋਈ ਢੁੱਕਵੀਂ ਪ੍ਰਣਾਲੀ ਨਹੀਂ ਹੈ।
ਸੰਯੁਕਤ ਰਾਸ਼ਟਰ ਦੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹ ਵਿਕਸਤ ਦੇਸ਼ਾਂ ਅਤੇ ਤੇਜ਼ੀ ਨਾਲ ਉੱਭਰ ਰਹੀਆਂ ਅਰਥਵਿਵਸਥਾਵਾਂ ਤੋਂ ਈ-ਕੂੜੇ ਦੀ ਤਸਕਰੀ ਵਿੱਚ ਵੱਡੇ ਪੱਧਰ ’ਤੇ ਵਾਧਾ ਦੇਖ ਰਹੇ ਹਨ।
ਵਿਸ਼ਵ ਕਸਟਮਜ਼ ਆਰਗੇਨਾਈਜ਼ੇਸ਼ਨ ਨੇ ਪਾਇਆ ਹੈ ਕਿ ਇਹ ਹੁਣ ਸਭ ਤੋਂ ਵੱਧ ਅਕਸਰ ਜ਼ਬਤ ਕੀਤੀ ਜਾਣ ਵਾਲੀ ਵਸਤੂ ਹੈ, ਜੋ ਵਿਸ਼ਵ ਪੱਧਰ ’ਤੇ ਜ਼ਬਤ ਕੀਤੇ ਜਾਂਦੇ ਹਰ ਕਿਸਮ ਦੇ ਕੂੜੇ ਵਿੱਚੋਂ ਛੇ ’ਚੋਂ ਇੱਕ ਹੈ।
ਇਟਲੀ ਦੇ ਨੈਪਲਜ਼ ਬੰਦਰਗਾਹ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦਿਖਾਇਆ ਕਿ ਕਿਵੇਂ ਤਸਕਰ ਈ-ਕੂੜੇ ਨੂੰ ਗਲਤ ਐਲਾਨਦੇ ਹਨ ਅਤੇ ਛੁਪਾਉਂਦੇ ਹਨ, ਜੋ ਉਨ੍ਹਾਂ ਦੇ ਜ਼ਬਤ ਕੀਤੇ ਦਾ ਲਗਭਗ 30 ਫ਼ੀਸਦ ਬਣਦਾ ਹੈ।
ਉਨ੍ਹਾਂ ਨੇ ਅਫ਼ਰੀਕਾ ਜਾਣ ਵਾਲੇ ਇੱਕ ਕੰਟੇਨਰ ਦਾ ਸਕੈਨ ਦਿਖਾਇਆ। ਬੰਦਰਗਾਹ ਦੇ ਅਧਿਕਾਰੀ ਇੱਕ ਕਾਰ ਲੈ ਕੇ ਜਾ ਰਹੇ ਕੰਟੇਨਰ ਨੂੰ ਖੋਲ੍ਹਦੇ ਹਨ ਤਾਂ ਉਸ ਵਿੱਚੋਂ ਵਾਹਨਾਂ ਦੇ ਟੁੱਟੇ ਹੋਏ ਪੁਰਜੇ ਅਤੇ ਈ-ਕੂੜਾ ਹੁੰਦਾ ਹੈ, ਜਿਸ ਵਿੱਚੋਂ ਕੁਝ ਤੇਲ ਲੀਕ ਹੁੰਦਾ ਹੈ।
ਲੁਈਗੀ ਗੈਰੂਟੋ ਯੂਰਪੀਅਨ ਐਂਟੀ-ਫਰੌਡ ਆਫਿਸ (ਓਲਾਫ) ਦੇ ਇੱਕ ਜਾਂਚਕਰਤਾ ਹਨ, ਪੂਰੇ ਯੂਰਪ ਵਿੱਚ ਬੰਦਰਗਾਹ ਅਧਿਕਾਰੀਆਂ ਨਾਲ ਸਹਿਯੋਗ ਕਰਦੇ ਹਨ।
ਉਨ੍ਹਾਂ ਕਿਹਾ, “ਤੁਸੀਂ ਆਪਣੇ ਨਿੱਜੀ ਸਾਮਾਨ ਨੂੰ ਇਸ ਤਰ੍ਹਾਂ ਪੈਕ ਨਹੀਂ ਕਰਦੇ, ਇਸਦਾ ਜ਼ਿਆਦਾਤਰ ਹਿੱਸਾ ਡੰਪਿੰਗ ਲਈ ਹੈ।”
ਤਸਕਰਾਂ ਦੀਆਂ ਰਣਨੀਤੀਆਂ
ਯੂਕੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਤਸਕਰੀ ਕੀਤੇ ਗਏ ਈ-ਕੂੜੇ ਵਿੱਚ ਵੀ ਵਾਧਾ ਦੇਖ ਰਹੇ ਹਨ।
ਫੇਲਿਕਸਟੋਵੇ ਦੀ ਬੰਦਰਗਾਹ ’ਤੇ ਯੂਕੇ ਦੀ ਵਾਤਾਵਰਣ ਏਜੰਸੀ ਦੇ ਬੁਲਾਰੇ ਬੇਨ ਰਾਈਡਰ ਨੇ ਕਿਹਾ ਕਿ ਕੂੜੇ ਦੀਆਂ ਚੀਜ਼ਾਂ ਨੂੰ ਅਕਸਰ ਗਲਤ ਢੰਗ ਨਾਲ ਮੁੜ ਵਰਤੋਂ ਯੋਗ ਐਲਾਨਿਆ ਜਾਂਦਾ ਹੈ ਪਰ ਅਸਲ ਵਿੱਚ ਉਨ੍ਹਾਂ ਨੂੰ ਕੀਮਤੀ ਧਾਤਾਂ ਲਈ ਤੋੜ ਦਿੱਤਾ ਜਾਂਦਾ ਹੈ ਅਤੇ ਫਿਰ ਘਾਨਾ ਵਰਗੇ ਦੇਸ਼ਾਂ ਵਿੱਚ ਉਸ ਨੂੰ ਮੰਜ਼ਿਲ ’ਤੇ ਪਹੁੰਚਣ ਤੋਂ ਬਾਅਦ ਗੈਰਕਾਨੂੰਨੀ ਢੰਗ ਨਾਲ ਸਾੜ ਦਿੱਤਾ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਤਸਕਰ ਈ-ਕੂੜੇ ਨੂੰ ਪੀਸ ਕੇ ਅਤੇ ਇਸ ਨੂੰ ਪਲਾਸਟਿਕ ਦੇ ਹੋਰ ਰੂਪਾਂ ਨਾਲ ਮਿਲਾ ਕੇ ਛੁਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਇਸ ਦਾ ਸਹੀ ਕਾਗਜ਼ੀ ਕਾਰਵਾਈ ਨਾਲ ਨਿਰਯਾਤ ਕੀਤਾ ਜਾ ਸਕੇ।
ਵਰਲਡ ਕਸਟਮਜ਼ ਆਰਗੇਨਾਈਜ਼ੇਸ਼ਨ ਦੀ ਪਿਛਲੀ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਮਿਆਦ ਪੁਗਾ ਚੁੱਕੇ ਮੋਟਰ ਵਾਹਨਾਂ ਦੀ ਤਸਕਰੀ ਵਿੱਚ ਲਗਭਗ 700 ਫ਼ੀਸਦ ਦਾ ਵਾਧਾ ਹੋਇਆ ਹੈ, ਜੋ ਕਿ ਈ-ਕੂੜੇ ਦਾ ਇੱਕ ਵੱਡਾ ਸਰੋਤ ਹੈ।
ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਰਿਪੋਰਟ ਕੀਤੇ ਗਏ ਮਾਮਲੇ ਸਿਰਫ਼ ਇੱਕ ਸਿਰਾ ਹਨ।
ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਵਿਆਪਕ ਗਲੋਬਲ ਅਧਿਐਨ ਨਹੀਂ ਹੋਇਆ ਹੈ, ਜੋ ਵਿਕਸਤ ਸੰਸਾਰ ਤੋਂ ਬਾਹਰ ਤਸਕਰੀ ਕੀਤੇ ਗਏ ਸਾਰੇ ਈ-ਕੂੜੇ ਦਾ ਪਤਾ ਲਗਾਏ।
ਸੰਯੁਕਤ ਰਾਸ਼ਟਰ ਦੀ ਈ-ਕੂੜਾ ਰਿਪੋਰਟ ਦਰਸਾਉਂਦੀ ਹੈ ਕਿ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ ਅਜੇ ਵੀ ਇੱਕ ਪ੍ਰਮੁੱਖ ਅੱਡੇ ਬਣੇ ਹੋਏ ਹਨ।
ਪਰ ਇਨ੍ਹਾਂ ਵਿੱਚੋਂ ਕੁਝ ਦੇਸ਼ ਹੁਣ ਤਸਕਰੀ ’ਤੇ ਕਾਬੂ ਪਾ ਰਹੇ ਹਨ। ਸੰਯੁਕਤ ਰਾਸ਼ਟਰ ਦੇ ਜਾਂਚਕਰਤਾਵਾਂ ਅਤੇ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਵਧੇਰੇ ਈ-ਕੂੜਾ ਅਫਰੀਕੀ ਦੇਸ਼ਾਂ ਵਿੱਚ ਪਹੁੰਚ ਰਿਹਾ ਹੈ।
ਦੱਖਣ-ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਲਈ ਸੰਯੁਕਤ ਰਾਸ਼ਟਰ ਦੇ ਡਰੱਗਜ਼ ਅਤੇ ਅਪਰਾਧ ਖੇਤਰੀ ਪ੍ਰਤੀਨਿਧੀ ਮਸੂਦ ਕਰੀਮੀਪੁਰ ਦੇ ਅਨੁਸਾਰ ਮਲੇਸ਼ੀਆ ਵਿੱਚ ਅਧਿਕਾਰੀਆਂ ਨੇ ਮਈ ਤੋਂ ਜੂਨ 2024 ਤੱਕ ਖਤਰਨਾਕ ਈ-ਕੂੜੇ ਦੇ 106 ਕੰਟੇਨਰ ਜ਼ਬਤ ਕੀਤੇ ਸਨ।
ਪਰ ਸੰਯੁਕਤ ਰਾਸ਼ਟਰ ਦੇ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਤਸਕਰ ਆਪਣੀਆਂ ਨਵੀਆਂ ਚਾਲਾਂ ਨਾਲ ਅਧਿਕਾਰੀਆਂ ਦੇ ਹੱਥ ਨਹੀਂ ਆਉਂਦੇ, ਜਿਸ ਕਰ ਕੇ ਸਰਕਾਰਾਂ ਉਨ੍ਹਾਂ ਨੂੰ ਜਲਦੀ ਫੜ ਨਹੀਂ ਪਾਉਂਦੀਆਂ।
ਕਰੀਮਪੁਰ ਨੇ ਕਿਹਾ, “ਈ-ਕੂੜੇ ਵਰਗੇ ਖਤਰਨਾਕ ਕੂੜੇ ਨੂੰ ਲੈ ਕੇ ਜਾਣ ਵਾਲੇ ਜਹਾਜ਼ ਜਦੋਂ ਸਮੁੰਦਰ ਵਿਚਕਾਰ ਹੁੰਦੇ ਹਨ ਤਾਂ ਉਹ ਉਸ ਨੂੰ ਆਸਾਨੀ ਨਾਲ ਆਪਣੀ ਮੰਜ਼ਿਲ ’ਤੇ ਉਤਾਰ ਨਹੀਂ ਸਕਦੇ। ਇਸ ਲਈ ਉਹ ਆਪਣੀ ਬੀਕਨ (ਲਾਈਟ) ਨੂੰ ਬੰਦ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਦਾ ਪਤਾ ਨਾ ਲਗਾਇਆ ਜਾ ਸਕੇ।
ਉਨ੍ਹਾਂ ਅੱਗੇ ਕਿਹਾ, “ਸੰਗਠਿਤ ਅਪਰਾਧ ਗਤੀਵਿਧੀ ਦੇ ਕਾਰੋਬਾਰੀ ਮਾਡਲ ਦੇ ਹਿੱਸੇ ਵਜੋਂ ਗੈਰ-ਕਾਨੂੰਨੀ ਮਾਲ ਸਮੁੰਦਰ ਵਿੱਚ ਸੁੱਟਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਸਮੂਹ ਅਤੇ ਬਹੁਤ ਸਾਰੇ ਦੇਸ਼ ਇਸ ਗਲੋਬਲ ਅਪਰਾਧਿਕ ਉੱਦਮ ਤੋਂ ਲਾਭ ਉਠਾ ਰਹੇ ਹਨ।”
ਰਸਾਇਣ ਮਨੁੱਖਾਂ ਲਈ ਕਿੰਨੇ ਖਤਰਨਾਕ
ਵਿਸ਼ਵ ਸਿਹਤ ਸੰਗਠਨ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਈ-ਕੂੜੇ ਵਿੱਚ ਪਲਾਸਟਿਕ ਤੇ ਧਾਤਾਂ ਨੂੰ ਸੁੱਟਣਾ ਜਾਂ ਸਾੜਨਾ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਇਸ ਨਾਲ ਵਾਤਾਵਰਣ ’ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ।
ਰਿਪੋਰਟ ਅਨੁਸਾਰ ਬਹੁਤ ਸਾਰੇ ਦੇਸ਼ਾਂ ਵਿੱਚ ਔਰਤਾਂ ਅਤੇ ਬੱਚਿਆਂ ਸਣੇ ਗੈਰ-ਸਿਖਿਅਤ ਲੋਕ ਈ-ਕੂੜਾ ਰੀਸਾਈਕਲਿੰਗ ਕਰਨ ਦਾ ਕੰਮ ਬਿਨਾਂ ਸੁਰੱਖਿਆ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਤੋਂ ਕਰਦੇ ਹਨ। ਇਸ ਨਾਲ ਉਹ ਲੀਡ ਵਰਗੇ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ਵਿੱਚ ਆ ਰਹੇ ਹਨ।
ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਅਤੇ ਡਬਲਯੂਐੱਚਓ ਦਾ ਅੰਦਾਜ਼ਾ ਹੈ ਕਿ ਗੈਰ-ਰਸਮੀ ਰੀਸਾਈਕਲਿੰਗ ਸੈਕਟਰ ਵਿੱਚ ਕੰਮ ਕਰਨ ਵਾਲੀਆਂ ਲੱਖਾਂ ਔਰਤਾਂ ਅਤੇ ਬਾਲ ਮਜ਼ਦੂਰ ਕਈ ਰੋਗਾਂ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਨਾਲ ਬੱਚਿਆਂ ਵਿੱਚ ਤੰਤੂ-ਵਿਕਾਸ ਅਤੇ ਤੰਤੂ-ਵਿਹਾਰ ਸਬੰਧੀ ਵਿਗਾੜ ਪੈਦਾ ਹੋ ਸਕਦਾ ਹੈ।
ਜਨਵਰੀ 2025 ਤੋਂ ਬੇਸਲ ਕਨਵੈਨਸ਼ਨ ਵਿੱਚ ਨਿਰਯਾਤਕਾਂ ਨੂੰ ਈ-ਕੂੜੇ ਦਾ ਐਲਾਨ ਕਰਨ ਅਤੇ ਪ੍ਰਾਪਤਕਰਤਾ ਦੇਸ਼ਾਂ ਤੋਂ ਇਜਾਜ਼ਤ ਲੈਣ ਦੀ ਲੋੜ ਪਵੇਗੀ। ਜਾਂਚਕਰਤਾਵਾਂ ਨੂੰ ਉਮੀਦ ਹੈ ਕਿ ਇਸ ਨਾਲ ਕੁਝ ਖਾਮੀਆਂ ਬੰਦ ਹੋ ਜਾਣਗੀਆਂ, ਜਿਨ੍ਹਾਂ ਦੀ ਵਰਤੋਂ ਤਸਕਰਾਂ ਵੱਲੋਂ ਦੁਨੀਆ ਭਰ ਵਿੱਚ ਅਜਿਹੇ ਕੂੜੇ ਨੂੰ ਭੇਜਣ ਲਈ ਕੀਤੀ ਜਾ ਰਹੀ ਹੈ।
ਪਰ ਅਮਰੀਕਾ ਸਣੇ ਕੁਝ ਦੇਸ਼ ਇੱਕ ਪ੍ਰਮੁੱਖ ਈ-ਕੂੜਾ ਨਿਰਯਾਤਕ ਹਨ, ਜਿਨ੍ਹਾਂ ਨੇ ਬੇਸਲ ਕਨਵੈਨਸ਼ਨ ਦੀ ਪੁਸ਼ਟੀ ਨਹੀਂ ਕੀਤੀ ਹੈ। ਪ੍ਰਚਾਰਕਾਂ ਦਾ ਕਹਿਣਾ ਹੈ ਕਿ ਇਹ ਅਜੇ ਵੀ ਈ-ਕੂੜੇ ਦੀ ਤਸਕਰੀ ਨੂੰ ਜਾਰੀ ਰੱਖਣ ਦਾ ਕਾਰਨ ਹੋ ਸਕਦਾ ਹੈ।
ਬਾਸੇਲ ਐਕਸ਼ਨ ਨੈੱਟਵਰਕ ਇੱਕ ਅਜਿਹੀ ਸੰਸਥਾ ਹੈ, ਜੋ ਈ-ਕੂੜੇ ਸਣੇ ਜ਼ਹਿਰੀਲੇ ਵਪਾਰ ਨੂੰ ਖਤਮ ਕਰਨ ਲਈ ਮੁਹਿੰਮ ਚਲਾ ਰਹੀ ਹੈ। ਇਸ ਸੰਸਥਾ ਦੇ ਕਾਰਜਕਾਰੀ ਨਿਰਦੇਸ਼ਕ ਜਿਮ ਪੁਕੇਟ ਨੇ ਕਿਹਾ,“ਅਸੀਂ ਯੂਐੱਸ ਵਿੱਚ ਇਸ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ, ਹੁਣ ਸਰਹੱਦ ਪਾਰ ਤੋਂ ਮੈਕਸੀਕੋ ਤੱਕ ਵੱਧ ਤੋਂ ਵੱਧ ਸ਼ਿਪਿੰਗ ਟਰੱਕ ਹਨ।”
ਘਾਨਾ ਦੇ ਐਗਬੋਗਬਲੋਸ਼ੀ ਸਕ੍ਰੈਪਯਾਰਡ ਵਿੱਚ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ।
ਹਬੀਬਾ ਕਹਿੰਦੇ ਹਨ ਕਿ ਉਹ ਕੂੜੇ ’ਚੋਂ ਰਹਿੰਦ-ਖੂੰਹਦ ਇਕੱਠਾ ਕਰ ਕੇ ਕਮਾਏ ਹੋਏ ਪੈਸਿਆਂ ਵਿੱਚੋਂ ਅੱਧੇ ਪੈਸੇ ਦਵਾਈਆਂ ਉਤੇ ਖਰਚ ਕਰਦੀ ਹੈ। ਉਹ ਕਹਿੰਦੇ ਹਨ ਕਿ ਇਹ ਸਭ ਡੰਪ ’ਤੇ ਕੰਮ ਕਰਨ ਦਾ ਨਤੀਜਾ ਹੈ।
ਉਹ ਕਹਿੰਦੇ ਹਨ,“ਪਰ ਮੈਂ ਅਜੇ ਵੀ ਇਥੇ ਹੀ ਹਾਂ ਕਿਉਂਕਿ ਇਹ ਮੇਰੇ ਤੇ ਮੇਰੇ ਪਰਿਵਾਰ ਦੇ ਗੁਜ਼ਾਰੇ ਦਾ ਸਾਧਨ ਹੈ।”
ਘਾਨਾ ਮਾਲ ਅਥਾਰਿਟੀ ਅਤੇ ਵਾਤਾਵਰਣ ਮੰਤਰਾਲੇ ਨੇ ਟਿੱਪਣੀ ਲਈ ਕੀਤੀਆਂ ਕਈ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ