ਮਾਊਂਟ ਐਵਰੈਸਟ: ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਭਵਿੱਖ ਵਿੱਚ ਕਿਵੇਂ ਹੋਰ ਉੱਚੀ ਹੋ ਸਕਦੀ ਹੈ

    • ਲੇਖਕ, ਨਵੀਨ ਸਿੰਘ ਖੜਕਾ
    • ਰੋਲ, ਵਾਤਾਵਰਣ ਪੱਤਰਕਾਰ

ਮਾਊਂਟ ਐਵਰੈੱਸਟ ਆਪਣੀ ਉੱਚਾਈ ਨਾਲੋਂ 15 ਤੋਂ 50 ਮੀਟਰ ਉੱਚਾ ਇਸ ਕਰਕੇ ਹੋ ਸਕਦਾ ਹੈ ਕਿਉਂਕਿ ਇੱਕ ਨਦੀ ਦਾ ਵਹਿਣਾ ਇਸ ਦੀ ਉੱਚਾਈ ਵਿੱਚ ਵਾਧਾ ਕਰ ਸਕਦਾ ਹੈ।

ਅਜਿਹਾ ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ।

ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਾਰਥੀਆਂ ਨੇ ਕਿਹਾ ਕਿ 75 ਕਿਲੋਮੀਟਰ ਦੂਰ ਵਹਿੰਦੀ ਅਰੁਣ ਨਦੀ ਦੀ ਜ਼ਮੀਨ ਖੁਰਣ ਕਾਰਨ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਇੱਕ ਸਾਲ ਵਿੱਚ 2 ਮਿਲੀਮੀਟਰ ਤੱਕ ਹੋਰ ਉੱਚੀ ਹੋ ਰਹੀ ਹੈ।

ਯੂਨੀਵਰਸਿਟੀ ਕਾਲਜ ਲੰਡਨ (ਯੂਸੀਐੱਲ) ਦੇ ਖੋਜਕਰਤਾ ਅਤੇ ਇਸ ਅਧਿਐਨ ਦੇ ਸਹਿ-ਲੇਖਕ ਐਡਮ ਸਮਿਥ ਨੇ ਬੀਬੀਸੀ ਨੂੰ ਦੱਸਿਆ,"ਇਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਮਾਲ ਦਾ ਭਰਿਆ ਸਮੁੰਦਰੀ ਜ਼ਹਾਜ ਆਪਣਾ ਸਮਾਨ ਕਿਤੇ ਲਾਹ ਜਾਵੇ। ਤੇ ਜਹਾਜ ਹਲਕਾ ਹੋ ਜਾਂਦਾ ਹੈ ਅਤੇ ਇਸ ਲਈ ਥੋੜਾ ਉੱਚਾ ਤੈਰਦਾ ਹੈ।”

“ਇਸੇ ਤਰ੍ਹਾਂ, ਜਦੋਂ ਸਤ੍ਹਾ ਕੁਝ ਹੋਲੀ ਹੋ ਜਾਂਦੀ ਹੈ ਤਾਂ ਉਹ ਥੋੜੀ ਉੱਚੀ ਹੋ ਜਾਂਦੀ ਹੈ।”

40-50 ਮਿਲੀਅਨ ਸਾਲ ਪਹਿਲਾਂ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਦੇ ਟਕਰਾਉਣ ਨਾਲ ਹਿਮਾਲਿਆ ਹੋਂਦ ਵਿੱਚ ਆਇਆ ਅਤੇ ਪਲੇਟ ਟੈਕਟੋਨਿਕਸ ਦੇ ਲਗਾਤਾਰ ਵਧਣ ਕਾਰਨ ਇਹ ਸਿਲਸਿਲਾ ਜਾਰੀ ਹੈ।

ਯੂਸੀਐੱਲ ਦੀ ਟੀਮ ਦਾ ਕਹਿਣਾ ਹੈ ਕਿ ਅਰੁਣ ਨਦੀ ਦਾ ਵਿਸਥਾਰ ਪਹਾੜਾਂ ਦੇ ਉਭਾਰ ਵਿੱਚ ਯੋਗਦਾਨ ਪਾਉਣ ਵਾਲਾ ਕਾਰਕ ਹੈ।

ਜਿਵੇਂ ਕਿ ਅਰੁਣ ਹਿਮਾਲਿਆ ਵਿੱਚੋਂ ਵਗਦੀ ਹੈ, ਇਹ ਧਰਤੀ ਦੀ ਸਮੱਗਰੀ ਨਾਲ ਲੈ ਆਉਂਦੀ ਹੈ ਅਤੇ ਫ਼ਿਰ ਆਪਣੇ ਨਾਲ ਚਟਾਨਾਂ ਦੇ ਕਣ ਜੋ ਨਾਲ ਲੈ ਆਉਂਦੀ ਹੈ ਜਿੱਥੇ ਛੱਡਦੀ ਹੈ ਉੱਥੇ ਉੱਚੇ ਪਹਾੜਾਂ ਦੀਆਂ ਜੜ੍ਹਾਂ ਹਨ।

ਇਹ ਮੈਂਟਲ, ਕਰਸਟ ਤੋਂ ਅਗਲੀ ਪਰਤ 'ਤੇ ਬਲ ਨੂੰ ਘਟਾਉਂਦਾ ਹੈ, ਜਿਸ ਨਾਲ ਪਤਲੀ ਪਰਤ ਵਿੱਚ ਕਰਸਟ ਉੱਪਰ ਵੱਲ ਤੈਰਦਾ ਹੈ।

ਇਹ ਇੱਕ ਪ੍ਰਭਾਵ ਹੈ ਜਿਸ ਨੂੰ ਆਈਸੋਸਟੈਟਿਕ ਰੀਬਾਉਂਡ ਕਿਹਾ ਜਾਂਦਾ ਹੈ।

ਨੇਚਰ ਜਿਓਸਾਇੰਸ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਇਹ ਉੱਪਰ ਵੱਲ ਜਾਣ ਵਾਲੀ ਪਰਤ ਹੀ ਐਵਰੈਸਟ ਦੇ ਵੱਧਣ ਯਾਨੀ ਉੱਚਾ ਹੋਣ ਦਾ ਕਾਰਨ ਬਣ ਰਹੀ ਹੈ।

ਅਤੇ ਦੁਨੀਆ ਦੀਆਂ ਚੌਥੇ ਤੇ ਪੰਜਵੇ ਨੰਬਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ, ਲਹੋਤਸੇ ਅਤੇ ਮਕਾਲੂ ਸਣੇ ਹੋਰ ਗੁਆਂਢੀ ਸਿਖਰਾਂ ਵੀ ਉੱਪਰ ਵੱਲ ਵੱਧ ਜਾਣਗੀਆਂ।

"ਮਾਊਂਟ ਐਵਰੈਸਟ ਅਤੇ ਇਸ ਦੀਆਂ ਗੁਆਂਢੀ ਚੋਟੀਆਂ ਇਸ ਲਈ ਵੀ ਉੱਚੀਆਂ ਹੋ ਰਹੀਆਂ ਹਨ ਕਿਉਂਕਿ ਜਿੰਨੀ ਇਹ ਖ਼ੁਰ ਰਹੀਆਂ ਹਨ ਤੋਂ ਵੱਧ ਤੇਜ਼ੀ ਨਾਲ ਉਹ ਆਈਸੋਸਟੈਟਿਕ ਰੀਬਾਉਂਡ ਕਾਰਨ ਉੱਪਰ ਵੱਲ ਜਾ ਰਹੀਆਂ ਹਨ।"

ਅਧਿਐਨ ਦੇ ਸਹਿ-ਲੇਖਕ ਡਾਕਟਰ ਮੈਥਿਊ ਫੌਕਸ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਉਨ੍ਹਾਂ ਨੂੰ ਜੀਪੀਐੱਸ ਯੰਤਰਾਂ ਦੀ ਵਰਤੋਂ ਕਰਕੇ ਇੱਕ ਸਾਲ ਵਿੱਚ ਤਕਰੀਬਨ ਦੋ ਮਿਲੀਮੀਟਰ ਵਧਦੇ ਦੇਖ ਸਕਦੇ ਹਾਂ ਅਤੇ ਹੁਣ ਸਾਨੂੰ ਇਸ ਬਾਰੇ ਬਿਹਤਰ ਸਮਝ ਹੈ ਕਿ ਇਹ ਵਰਤਾਰਾ ਕੰਮ ਕਿਵੇਂ ਕਰਦਾ ਹੈ।"

ਅਨਿਸ਼ਚਿਤਤਾ

ਅਧਿਐਨ ਵਿੱਚ ਸ਼ਾਮਲ ਕੁਝ ਭੂ-ਵਿਗਿਆਨੀਆਂ ਨੇ ਕਿਹਾ ਕਿ ਇਹ ਸਿਧਾਂਤ ਮੰਨਣਯੋਗ ਸੀ ਪਰ ਖੋਜ ਵਿੱਚ ਬਹੁਤ ਕੁਝ ਸੀ ਜੋ ਅਜੇ ਵੀ ਅਨਿਸ਼ਚਿਤਤਾ ਭਰਿਆ ਸੀ।

ਐਵਰੈਸਟ ਚੀਨ ਅਤੇ ਨੇਪਾਲ ਦੀ ਸਰਹੱਦ 'ਤੇ ਖੜ੍ਹਾ ਹੈ ਅਤੇ ਇਸਦਾ ਉੱਤਰੀ ਹਿੱਸਾ ਚੀਨੀ ਪਾਸੇ ਹੈ।

ਅਰੁਣ ਨਦੀ ਤਿੱਬਤ ਤੋਂ ਨੇਪਾਲ ਵਿੱਚ ਵਗਦੀ ਹੈ ਅਤੇ ਫਿਰ ਦੋ ਹੋਰ ਨਦੀਆਂ ਨਾਲ ਮਿਲ ਕੇ ਕੋਸੀ ਨਦੀ ਦਾ ਰੂਪ ਲੈਂਦੀ ਹੈ ਜੋ ਕਿ ਬਾਅਦ ਵਿੱਚ ਗੰਗਾ ਨਾਲ ਮਿਲਾਪ ਲਈ ਉੱਤਰੀ ਭਾਰਤ ਵਿੱਚ ਦਾਖਲ ਹੋ ਜਾਂਦੀ ਹੈ।

ਇਹ ਪਹਾੜਾਂ ਦੀ ਖੜੋਤ ਦੇ ਕਾਰਨ ਬਹੁਤ ਵੱਡੀ ਮਾਤਰਾ ਵਿੱਚ ਗਾਰ ਪੈਦਾ ਕਰਨ ਵਾਲੀ ਨਦੀ ਹੈ ਜੋ ਵਗਦੀ ਹੈ। ਵਹਿੰਦਿਆਂ ਇਹ ਨਦੀ ਆਪਣੇ ਨਾਲ ਰਾਹ ਤੋਂ ਚਟਾਨਾਂ ਅਤੇ ਮਿੱਟੀ ਨੂੰ ਨਾਲ ਸਮੇਟਦੀ ਆਉਂਦੀ ਹੈ।

ਪਰ ਯੂਸੀਐੱਲ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਨੇ ਅਸਲ ਵਿੱਚ ਉਸ ਸਮੇਂ ਅਜਿਹਾ ਰੂਪ ਧਾਰਨ ਕੀਤਾ ਸੀ, ਜਦੋਂ ਇਸ ਨੇ 89,000 ਸਾਲ ਪਹਿਲਾਂ ਤਿੱਬਤ ਵਿੱਚ ਕਿਸੇ ਹੋਰ ਨਦੀ ਜਾਂ ਪਾਣੀ ਨੂੰ ਆਪਣੇ ਵਿੱਚ ਸਮਾ ਲਿਆ ਸੀ।

ਜੋ ਕਿ ਭੂ-ਵਿਗਿਆਨਕ ਸਮਿਆਂ ਦੀ ਇੱਕ ਤਾਜ਼ਾ ਘਟਨਾ ਹੈ।

ਧਰਤੀ ਦੇ ਬਦਲਦੇ ਰੂਪਾਂ ਦੀ ਉਦਾਹਰਣ

ਯੂਨੀਵਰਸਿਟੀ ਆਫ ਜਿਓਸਾਇੰਸ ਦੇ ਅਕਾਦਮਿਕ ਡਾ.ਸ਼ੂ ਹੁਨ ਨੇ ਯੂਸੀਐੱਲ ਵਿਖੇ ਇੱਕ ਸਕਾਲਰਸ਼ਿਪ ਦੌਰੇ ਦੌਰਾਨ ਅਧਿਐਨ ਵਿੱਚ ਪ੍ਰਮੁੱਖ ਲੇਖਕ ਵਜੋਂ ਸੇਵਾਵਾਂ ਨਿਭਾਈਆਂ ਸਨ।

ਉਹ ਕਹਿੰਦੇ ਹਨ, "ਮਾਊਂਟ ਐਵਰੈਸਟ ਦੀ ਬਦਲਦੀ ਉਚਾਈ ਅਸਲ ਵਿੱਚ ਧਰਤੀ ਦੀ ਸਤ੍ਹਾ ਦੇ ਗਤੀਸ਼ੀਲ ਸੁਭਾਅ ਨੂੰ ਉਜਾਗਰ ਕਰਦੀ ਹੈ।"

"ਅਰੁਣ ਨਦੀ ਦੀ ਅੰਦਰਲੀ ਜ਼ਮੀਨ ਦਾ ਖੁਰਣਾ ਅਤੇ ਉਸੇ ਥਾਂ ਤੋਂ ਧਰਾਤਲ ਦੀ ਪਰਤ ਦਾ ਉੱਪਰ ਵੱਲ ਵੱਧਣਾ ਅਸਲ ਵਿੱਚ ਮਾਊਂਟ ਐਵਰੈਸਟ ਦੇ ਵੱਧਣ ਦਾ ਕਾਰਨ ਬਣ ਰਿਹਾ ਹੈ। ਯਾਨੀ ਇਸ ਤਰੀਕੇ ਨਾਲ ਐਵਰੈਸਟ ਆਪਣੀ ਅਸਲ ਉਚਾਈ ਨਾਲੋਂ ਉੱਚੀ ਹੋ ਜਾਵੇਗੀ।”

ਯੂਸੀਐੱਲ ਅਧਿਐਨ ਕਹਿੰਦਾ ਹੈ ਕਿ ਅਰੁਣ ਨਦੀ ਸੰਭਾਵਿਤ ਤੌਰ 'ਤੇ ਚੱਟਾਨਾਂ ਨੂੰ ਤੋੜਨ ਅਤੇ ਆਪਣੇ ਨਾਲ ਲੈ ਜਾਣ ਦੀ ਅਸਧਾਰਨ ਸਮਰੱਥਾ ਰੱਖਦੀ ਹੈ।

ਇੰਨਾ ਹੀ ਨਹੀਂ ਜਦੋਂ ਇਹ ਤਿੱਬਤ ਤੋਂ ਨਿਕਲਦੀ ਹੈ ਤਾਂ ਇਹ ਹੋਰ ਨਦੀਆਂ ਅਤੇ ਪਾਣੀ ਦੇ ਸਰੋਤਾਂ ਤੋਂ ਆਪਣੇ ਨਾਲ ਕੁਝ ਗਾਰ ਵਗੈਰਾ ਲੈ ਆਉਂਦੀ ਹੈ।

ਐਡਿਨਬਰਾ ਯੂਨੀਵਰਸਿਟੀ ਦੇ ਸਕੂਲ ਆਫ਼ ਜੀਓਸਾਇੰਸ ਦੇ ਨਾਲ ਪ੍ਰੋਫੈਸਰ ਹਿਊਗ ਸਿੰਕਲੇਅਰ, ਇਸ ਅਧਿਐਨ ਵਿੱਚ ਸ਼ਾਮਲ ਨਹੀਂ ਸਨ।

ਉਹ ਕਹਿੰਦੇ ਹਨ ਕਿ ਯੂਸੀਐੱਲ ਟੀਮ ਵਲੋਂ ਪਛਾਣੀ ਗਈ ਅੰਡਰਲਾਇੰਗ ਪ੍ਰਕਿਰਿਆ ਪੂਰੀ ਤਰ੍ਹਾਂ ਵਾਜਬ ਸੀ।

ਉਨ੍ਹਾਂ ਨੇ ਅੱਗੇ ਕਿਹਾ, ਇਹ ਸਭ ਸਮਝਾਉਂਦਾ ਹੈ ਕਿ ਦਰਿਆ ਦੇ ਚੀਰਾਂ ਬਾਰੇ ਕਿ ਦਰਿਆਵਾਂ ਦੇ ਹੋਰ ਡੂੰਘੇ ਹੋਣ ਬਾਰੇ ਅਤੇ ਇਸਦੇ ਆਲੇ ਦੁਆਲੇ ਦੀਆਂ ਚੋਟੀਆਂ ਦੀ ਸਤਹ ਕਿਵੇਂ ਉੱਚੀ ਹੁੰਦੀ ਹੈ ਉਸ ਬਾਰੇ ਵੀ।

ਉਨ੍ਹਾਂ ਕਿਹਾ ਕਿ ਹਾਲੇ ਇਸ ਨਾਲ ਜੁੜੀ ਕੋਈ ਵੀ ਭਵਿੱਖਬਾਣੀ ਕਰਨਾ ਚੁਣੌਤੀਪੂਰਨ ਤੇ ਅਨਿਸ਼ਚਿਤਤਾ ਭਰਿਆ ਹੈ।

ਇਸ ਅਨਿਸ਼ਚਿਤਤਾ ਕੁਝ ਅਜਿਹੀ ਹੈ ਜਿਸ ਦੀ ਹੋਂਦ ਬਾਰੇ ਅਧਿਐਨ ਦੇ ਲੇਖਕਾਂ ਨੇ ਵੀ ਸਵੀਕਾਰ ਕੀਤਾ ਹੈ।

ਪ੍ਰੋਫ਼ੈਸਰ ਸਿੰਕਲੇਅਰ ਨੇ ਕਿਹਾ, ਤੀਬਰ ਸਥਾਨਿਕ ਖੋਰੇ ਦੇ ਬਿੰਦੂ ਤੋਂ ਪਹਾੜ ਕਿੰਨੀ ਦੂਰੀ ਤੋਂ ਉੱਚੇ ਹੁੰਦੇ ਹਨ, ਇਸਦੀ ਭਵਿੱਖਬਾਣੀ ਕਰਨਾ ਬਹੁਤ ਔਖਾ ਹੈ।

"ਹਾਲਾਂਕਿ, ਜੋਂ ਕੁਝ ਵੀ ਹੁਣ ਤੱਕ ਸਾਹਮਣੇ ਆਇਆ ਹੈ ਅਤੇ ਉਸ ਤੋਂ ਬਣੀ ਸੰਭਾਵਨਾ ਕਿ ਐਵਰੈਸਟ ਦੀ ਕੁਝ ਅਸਧਾਰਨ ਉਚਾਈ ਨਦੀ ਨਾਲ ਜੁੜੀ ਹੋਈ ਹੈ, ਜੇ ਇਹ ਵਰਾਤਾਰਾ ਸੱਚ ਹੈ ਤਾਂ ਇੱਕ ਦਿਲਚਸਪ ਤੱਥ ਦੀ ਹਾਮੀ ਭਰਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)