You’re viewing a text-only version of this website that uses less data. View the main version of the website including all images and videos.
ਪੀਐੱਚਡੀ ਸਬਜ਼ੀਵਾਲਾ: ਇਸ ਪ੍ਰੋਫੈਸਰ ਦੀ ਪੜ੍ਹਾਈ ਸੁਣ ਕੇ ਹੈਰਾਨ ਰਹਿ ਜਾਵੋਗੇ, ਕਿਉਂ ਸਬਜ਼ੀ ਦੀ ਰੇਹੜੀ ਲਗਾਉਣ ਨੂੰ ਹੋਇਆ ਮਜਬੂਰ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
ਵਜੀਫ਼ਾ ਹਾਸਲ ਕਰਕੇ ਪੀਐੱਚਡੀ ਤੱਕ ਦੀ ਪੜ੍ਹਾਈ ਪੂਰੀ ਕਰਨ ਵਾਲੇ ਸੰਦੀਪ ਸਿੰਘ ਕਿਸੇ ਵੇਲੇ ਸਰਕਾਰੀ ਯੂਨੀਵਰਸਿਟੀ ਵਿੱਚ ਮਹਿਮਾਨ ਅਧਿਆਪਕ ਵਜੋਂ ਪੜ੍ਹਾਉਂਦੇ ਰਹੇ ਹਨ।
ਪਰ ਹੁਣ ਉਹ ਰੇਹੜੀ ਉੱਤੇ ਸਬਜ਼ੀ ਵੇਚਣ ਲਈ ਮਜਬੂਰ ਹਨ।
ਉਨ੍ਹਾਂ ਨੇ ਆਪਣੇ ਇਸ ਨਵੇਂ ਰੁਜ਼ਗਾਰ ਦਾ ਨਾਮ ‘ਪੀਐੱਚਡੀ ਸਬਜ਼ੀ’ ਵਾਲਾ ਰੱਖਿਆ ਹੈ।
ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਕਈ ਲੋਕਾਂ ਵੱਲੋਂ ਉਨ੍ਹਾਂ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਵੀ ਜੋੜਿਆ ਜਾ ਰਿਹਾ ਹੈ।
ਸੰਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਪੀਐੱਚਡੀ ਦੇ ਨਾਲ-ਨਾਲ ਉਨ੍ਹਾਂ ਨੇ ਚਾਰ ਮਾਸਟਰਜ਼ ਡਿਗਰੀਆਂ(ਐੱਮਏ) ਵੀ ਕੀਤੀਆਂ ਹੋਈਆਂ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਮੇਰਾ ਅਕਾਦਮਿਕ ਨਾਂਅ ਡਾਕਟਰ ਸੰਦੀਪ ਸਿੰਘ ਹੈ ਅਤੇ ਅੱਜਕੱਲ ਮੇਰਾ ਨਾਮ ਪੀਐੱਚਡੀ ਸਬਜ਼ੀ ਵਾਲਾ ਹੈ।”
ਸੰਦੀਪ ਸਿੰਘ ਕੋਲ ਆਪਣੀ ਅਕਾਦਮਿਕ ਯੋਗਤਾ ਦਰਸਾਉਂਦੀਆਂ ਡਿਗਰੀਆਂ ਦਾ ਢੇਰ ਲੱਗਾ ਹੋਇਆ ਹੈ ਪਰ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਰੋਸ ਹੈ ਕਿ ਉਨ੍ਹਾਂ ਨੂੰ ਯੋਗਤਾ ਮੁਤਾਬਕ ਨੌਕਰੀ ਨਹੀਂ ਮਿਲੀ।
ਸੰਦੀਪ ਵਿਆਹੇ ਹੋਏ ਹਨ, ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।ਉਨ੍ਹਾਂ ਦੀ ਉਮਰ 39 ਸਾਲ ਦੇ ਕਰੀਬ ਹੈ
ਉਹ ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਵਿੱਚ ਇੱਕ ਕਿਰਾਏ ਦੇ ਘਰ ਵਿੱਚ ਰਹਿੰਦੇ ਹਨ।
ਕਿਹੜੀਆਂ-ਕਿਹੜੀਆਂ ਡਿਗਰੀਆਂ ਕੀਤੀਆਂ?
ਸੰਦੀਪ ਨੇ ਆਪਣੀ ਪੀਐੱਚਡੀ ਲਾਅ(ਕਾਨੂੰਨ ਦੀ ਪੜ੍ਹਾਈ) ਵਿੱਚ ਕੀਤੀ ਹੈ।
ਉਨ੍ਹਾਂ ਨੇ ‘ਯੂਨੀਵਰਸਿਟੀ ਗਰਾਂਟਸ ਕਮੀਸ਼ਨ’(ਯੂਜੀਸੀ) ਵੱਲੋਂ ਲਿਆ ਜਾਂਦਾ ‘ਜੂਨੀਅਰ ਰਿਸਰਚ ਫੈਲੋਸ਼ਿਪ’(ਜੇਆਰਐੱਫ) ਦਾ ਇਮਤਿਹਾਨ ਵੀ ਪਾਸ ਕੀਤਾ ਹੋਇਆ ਹੈ।
ਯੂਜੀਸੀ ਵੱਲੋਂ ਇਹ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਜਾਂ ਖੋਜਾਰਥੀਆਂ ਨੂੰ ਪੀਐੱਚਡੀ ਕਰਨ ਲਈ ਮਹੀਨੇਵਾਰ ਵਜੀਫ਼ੇ ਦੀ ਰਕਮ ਦਿੱਤੀ ਜਾਂਦੀ ਹੈ।
ਸੰਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਪੀਐੱਚਡੀ 2017 ਵਿੱਚ ਪੂਰੀ ਕਰ ਲਈ ਸੀ।
ਉਨ੍ਹਾਂ ਦੱਸਿਆ, “ਇਸ ਤੋਂ ਬਾਅਦ ਮੈਂ ਐੱਮਏ ਪੰਜਾਬੀ, ਐੱਮਏ ਜਰਨਲਿਜ਼ਮ, ਐੱਮਏ ਵੁਮੈੱਨ ਸਟੱਡੀਜ਼, ਐੱਮਏ ਰਾਜਨੀਤੀ ਸ਼ਾਸਤਰ ਅਤੇ ਇਸ ਵੇਲੇ ਮੈਂ ਬੀ ਲਿਬ(ਬੈਚਲਰਜ਼ ਇੰਨ ਲਾਇਬ੍ਰੇਰੀ ਸਾਇੰਸਸ) ਕਰ ਰਿਹਾ ਹਾਂ।”
ਕਿਵੇਂ ਬਣੇ ਅਧਿਆਪਕ ਤੋਂ ‘ਸਬਜ਼ੀ ਵਾਲਾ’
ਆਪਣੇ ਪੇਸ਼ੇ ਬਾਰੇ ਦੱਸਦੇ ਉਹ ਕਹਿੰਦੇ ਹਨ ਕਿ ਇਸ ਸਾਲ ਜੂਨ ਮਹੀਨੇ ਤੱਕ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਮਹਿਮਾਨ ਅਧਿਆਪਕ ਵਜੋਂ ਲੈਕਚਰਾਰ ਸਨ।
ਉਹ ਦੱਸਦੇ ਹਨ, “ਮੈਂ ਲਗਭਗ 11 ਸਾਲ ਪੜ੍ਹਾਇਆ ਹੈ, ਪਹਿਲੇ 5 ਸਾਲ ਮੈਂ ਜੇਆਰਐੱਫ ਵਜੋਂ ਪੜ੍ਹਾਇਆ ਅਤੇ 2016 ਤੋਂ ਅਗਲੇ ਸੱਤ ਸਾਲ ਤੱਕ ਮੈਂ ਗੈਸਟ ਫੈਕੁਲਟੀ ਵਜੋਂ ਪੜ੍ਹਾਇਆ।”
ਉਨ੍ਹਾਂ ਦੱਸਿਆ ਕਿ ਸਬਜ਼ੀ ਦੀ ਰੇਹੜੀ ਲਾਉਣ ਦਾ ਕੰਮ ਉਨ੍ਹਾਂ ਨੂੰ ਆਪਣੀ ਕਮਜ਼ੋਰ ਆਰਥਿਕਤਾ ਦੇ ਚਲਦਿਆਂ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਲਈ ਕਰਨਾ ਪਿਆ।
ਉਨ੍ਹਾਂ ਦੱਸਿਆ ਕਿ ਉਨ੍ਹਾ ਦੀ ਤਨਖ਼ਾਹ ਬਹੁਤ ਘੱਟ ਸੀ ਅਤੇ ਉਨ੍ਹਾਂ ਨੂੰ ਨੌਕਰੀ ਵਿੱਚ ਰੈਗੂਲਰ(ਪੱਕਾ) ਵੀ ਨਹੀਂ ਹੋਏ ਸਨ।
ਉਹ ਕਹਿੰਦੇ ਹਨ ਕਿ ਉਹ ਇਸ ਗੱਲ ਵਿੱਚ ਯਕੀਨ ਰੱਖਦੇ ਹਨ ਕਿ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ।
ਉਨ੍ਹਾਂ ਕਿਹਾ, “ਪਰ ਕੰਮ ਯੋਗਤਾ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ, ਮੈਨੂੰ ਉਹ ਕੰਮ ਹੁਣ ਕਰਨਾ ਪੈ ਰਿਹਾ ਹੈ ਜਿਹੜਾ ਮੈਂ ਕਈ ਸਾਲ ਪਹਿਲਾਂ ਵੀ ਕਰ ਸਕਦਾ ਸੀ।"
ਉਹ ਕਹਿੰਦੇ ਹਨ ਕਿ ਇੱਕ ਮਹਿਮਾਨ ਅਧਿਆਪਕ ਵਜੋਂ ਉਹ ਸਾਲ ਦੇ ਛੇ ਤੋਂ ਸੱਤ ਮਹੀਨਿਆਂ ਵਿੱਚ 35000 ਹਜ਼ਾਰ ਕਮਾਉਂਦੇ ਸਨ। ਉਹ ਕਹਿੰਦੇ ਸਨ ਕਿ ਉਹ ਬਹੁਤੀ ਵਾਰੀ ਸਬਜ਼ੀ ਵੇਚਣ ਦੇ ਕਿੱਤੇ ਤੋਂ ਪਹਿਲਾਂ ਨਾਲੋਂ ਵੱਧ ਕਮਾਈ ਕਰ ਲੈਂਦੇ ਹਨ।
ਉਨ੍ਹਾਂ ਨੇ ਆਪਣੀ ਰੇਹੜੀ ਉੱਤੇ ਵੀ ਆਪਣੀ ਪੜ੍ਹਾਈ ਬਾਰੇ ਲਿਖਿਆ ਹੈ। ਉਹ ਸਬਜ਼ੀਆਂ ਖਰੀਦਣ ਲਈ ਗਾਹਕਾਂ ਨੂੰ ਜਦੋਂ ਹਾਕ ਮਾਰਦਿਆਂ ਕਿਤੋਂ ਵੀ ਲੰਘਦੇ ਹਨ ਤਾਂ ਲੋਕ ਹੈਰਾਨੀ ਜ਼ਾਹਰ ਕਰਦੇ ਹਨ।
ਸੰਦੀਪ ਸਿੰਘ ਨੇ ਦੱਸਿਆ ਕਿ ਕਿ ਉਹ ਸਵੇਰੇ ਸਬਜ਼ੀ ਵੇਚਣੀ ਸ਼ੁਰੂ ਕਰਦੇ ਹਨ ਅਤੇ ਦੁਪਹਿਰ ਤੱਕ ਵੇਚਦੇ ਹਨ।
ਉਨ੍ਹਾਂ ਦਾ ਸੁਪਨਾ ਹੈ ਕਿ ਉਹ ਇੱਕ ਕੋਚਿੰਗ ਅਕੈਡਮੀ ਖੋਲ੍ਹਣ।
'ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ'
ਸੰਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਹਰ ਵੇਲੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਦੀਪ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਆਪਣੀ ਮਾਸਟਰ ਆਫ਼ ਲਾਅਜ਼ ਦੀ ਪੜ੍ਹਾਈ 2009 ਵਿੱਚ ਪੂਰੀ ਕੀਤੀ ਸੀ।
“ਮੇਰਾ ਬੱਚਾ ਮੈਨੂੰ ਵਾਰ-ਵਾਰ ਪੁੱਛਦਾ ਹੈ ਕਿ ਪਾਪਾ ਤੁਸੀਂ ਪਹਿਲਾਂ ਯੂਨੀਵਰਸਿਟੀ ਜਾਂਦੇ ਸੀ ਹੁਣ ਕਿਉਂ ਨਹੀਂ ਜਾਂਦੇ? ਕਦੋਂ ਜਾਣਾ ਹੈ?
ਉਹ ਦੱਸਦੇ ਹਨ, “ਮੇਰੇ ਕੋਲ ਬੱਸ ਫਿਰ ਇੱਕੋ ਜਵਾਬ ਹੁੰਦਾ ਹੈ ਕਿ ਚਾਰ ਕੁ ਦਿਨਾਂ ਤੱਕ ਜਾਵਾਂਗਾ, ਉਹ ਚਾਰ ਦਿਨ ਪਿਛਲੇ 6 ਮਹੀਨਿਆਂ ਵਿੱਚ ਤਾਂ ਖ਼ਤਮ ਨਹੀਂ ਹੋਏ ਪਤਾ ਨਹੀਂ ਕਦੋਂ ਖ਼ਤਮ ਹੋਣਗੇ।”
"ਇਹ ਮੇਰੇ ਲਈ ਬਹੁਤ ਦਰਦ ਭਰਿਆ ਹੈ।"
ਉਹ ਆਪਣੇ ਟੀਚੇ ਬਾਰੇ ਦੱਸਦੇ ਹਨ “ਜਿਹੜਾ ਕੰਮ ਮੈਨੂੰ ਰੋਟੀ ਦੇ ਰਿਹਾ ਹੈ ਮੈਂ ਉਸ ਨੂੰ ਮਾੜਾ ਨਹੀਂ ਆਖ ਸਕਦਾ, ਮੈਂ ਜਲਦੀ ਹੀ ਆਪਣੇ ਪੜ੍ਹਾਉਣ ਦੇ ਕਿੱਤੇ ਵਿੱਚ ਵਾਪਸ ਜਾਵਾਂਗਾ।”
ਉਹ ਕਹਿੰਦੇ ਹਨ, “ਮੇਰੇ ਕੋਲ ਕੋਈ ਸਿਫ਼ਾਰਿਸ਼ ਨਹੀਂ ਹੈਂ, ਪੈਸੇ ਨਹੀਂ ਹਨ ਜਾਂ ਕੋਈ ਲਿੰਕ ਨਹੀਂ ਹਨ ਸ਼ਾਇਦ ਇਹੀ ਮੇਰੀ ਗਲਤੀ ਹੈ।”
ਉਹ ਕਹਿੰਦੇ ਹਨ, “ਜਦੋਂ ਆਲੇ ਦੁਆਲੇ ਦੇ ਲੋਕ ਜਾਂ ਮੇਰੇ ਬੱਚੇ ਜਦੋਂ ਵੇਖਦੇ ਹਨ ਕਿ ਉਨ੍ਹਾਂ ਦਾ ਪਿਤਾ ਹੁਣ ਪੜ੍ਹਾਉਣ ਦੀ ਥਾਂ ਰੇਹੜੀ ਲਗਾਉਂਦਾ ਹੈ ਤਾਂ ਤਣਾਅ ਹੁੰਦਾ ਹੈ।”
ਉਹ ਕਹਿੰਦੇ ਹਨ, “ਕੀ ਸਰਕਾਰ ਕੋਲ ਇੰਨੇ ਸਾਧਨ ਨਹੀਂ ਹਨ ਕਿ ਉਨ੍ਹਾਂ ਵਰਗੇ ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀ ਦੇ ਸਕੇ।”
ਉਨ੍ਹਾਂ ਕਿਹਾ ਕਿ ਉਹ ਸਰਕਾਰ ਕੋਲੋਂ ਕੁਝ ਨਹੀਂ ਮੰਗਦੇ, ਉਹ ਕਹਿੰਦੇ ਹਨ “ਲੋਕ ਸਰਕਾਰ ਨੂੰ ਵੋਟਾਂ ਪਾਉਂਦੇ ਹਨ ਇਨ੍ਹਾਂ ਦੀ ਇਹ ਡਿਊਟੀ ਬਣਦੀ ਹੈ ਕਿ ਹਰੇਕ ਨੂੰ ਬਣਦਾ ਰੁਜ਼ਗਾਰ ਮਿਲੇ।”