You’re viewing a text-only version of this website that uses less data. View the main version of the website including all images and videos.
ਪਰਵਾਸੀਆਂ ਦੇ ਬੰਦ ਪਏ ਘਰਾਂ ਦੀ ਸੰਭਾਲ ਵੀ ਬਣਿਆ ਰੁਜ਼ਗਾਰ ਦਾ ਸਾਧਨ, ਨਵਾਂ ਸ਼ਹਿਰ ਦੇ ਨੌਜਵਾਨਾਂ ਦੀ ਪਹਿਲਕਦਮੀ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਤੋਂ ਬਹੁਤ ਸਾਰੇ ਲੋਕ ਰੁਜ਼ਗਾਰ, ਵਧੀਆ ਜ਼ਿੰਦਗੀ ਅਤੇ ਆਪਣੇ ਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ 'ਚ ਵਿਦੇਸ਼ਾਂ ਦਾ ਰੁਖ਼ ਕਰਦੇ ਹਨ।
ਪਹਿਲਾਂ ਉਹ ਆਪ ਕਮਾਈਆਂ ਕਰ ਦੇ ਹਨ ਅਤੇ ਇਧਰ (ਪੰਜਾਬ) ਵਿੱਚ ਆਪਣੇ ਘਰ ਬਣਾਉਂਦੇ ਹਨ ਪਰ ਹੌਲੀ-ਹੌਲੀ ਫਿਰ ਉਹ ਆਪਣੇ ਸਾਰੇ ਟੱਬਰ ਨੂੰ ਉੱਥੇ ਹੀ ਸੱਦ ਲੈਂਦੇ ਹਨ ਤੇ ਪਿੱਛੇ ਰਹਿ ਜਾਂਦੇ ਹਨ ਉਨ੍ਹਾਂ ਦੇ ਮਹਿਲਨੁਮਾ ਘਰ।
ਉਹ ਉੱਥੇ ਜਾ ਕੇ ਵਸ ਤਾਂ ਜਾਂਦੇ ਹਨ ਪਰ ਉਨ੍ਹਾਂ ਦਾ ਮੋਹ ਆਪਣੇ ਵਤਨ ਆਪਣੇ ਘਰ ਨਾਲ ਜੁੜਿਆ ਰਹਿੰਦਾ ਹੈ।
ਇਨ੍ਹਾਂ ਘਰਾਂ ਦੀ ਸਾਂਭ-ਸੰਭਾਲ ਉਨ੍ਹਾਂ ਪਰਵਾਸੀ ਪੰਜਾਬੀਆਂ ਲਈ ਇੱਕ ਵੱਖਰੀ ਹੀ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਵਕਤ ਦੇ ਨਾਲ-ਨਾਲ ਉਨ੍ਹਾਂ ਦੇ ਘਰਾਂ ਦੀ ਹਾਲਤ ਖਸਤਾ ਹੋਣ ਲੱਗਦੀ ਹੈ।
ਅਜਿਹੇ 'ਚ ਦੋ ਨੌਜਵਾਨ ਨੇ ਪ੍ਰਵਾਸੀਆਂ ਦੀ ਇਸ ਚੁਣੌਤੀ ਨੂੰ ਇੱਕ ਰੁਜ਼ਗਾਰ ਦੇ ਮੌਕੇ ਵਜੋਂ ਲੈ ਕੇ ਇੱਕ ਵਿਲੱਖਣ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ ਵਿਦੇਸ਼ ਗਏ ਪਰਵਾਸੀਆਂ ਦੇ ਘਰਾਂ ਦੀ ਸਾਂਭ-ਸੰਭਾਲ ਲਈ ਇੱਕ ਮਾਡਲ ਤਿਆਰ ਕੀਤਾ।
ਨਵਾਂਸ਼ਹਿਰ ਦੇ ਦੋ ਨੌਜਵਾਨਾਂ, ਹਰਪ੍ਰੀਤ ਸਿੰਘ ਰੱਕੜ ਅਤੇ ਸੁਖਵੀਰ ਸਿੰਘ ਨੇ ਲਗਭਗ ਡੇਢ ਸਾਲ ਪਹਿਲਾਂ ਇਸ ਕੰਮ ਨੂੰ ਸ਼ੁਰੂ ਕੀਤਾ ਸੀ ਤੇ ਇਸ ਵੇਲੇ ਉਹ ਕਰੀਬ 50 ਪਰਵਾਸੀਆਂ ਦੇ ਘਰਾਂ ਦੇਖਭਾਲ ਦਾ ਕੰਮ ਕਰ ਰਹੇ ਹਨ।
- ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਰਾਣੇਵਾਲ ਹਰਪ੍ਰੀਤ ਸਿੰਘ ਰੱਕੜ ਅਤੇ ਸੁਖਵੀਰ ਸਿੰਘ ਦੋਵੇਂ ਦੋਸਤ ਹਨ।
- ਦੋਵਾਂ ਨੇ ਪਰਵਾਸੀਆਂ ਦੇ ਘਰਾਂ ਦੀ ਸਾਂਭ-ਸੰਭਾਲ ਨੂੰ ਇੱਕ ਵਿਲੱਖਣ ਪੇਸ਼ੇ ਵਿੱਚ ਬਦਲਿਆ ਹੈ।
- ਪਹਿਲਾਂ ਇਹ ਪਰਵਾਸੀਆਂ ਲਈ ਗੱਡੀਆਂ ਦਾ ਪ੍ਰਬੰਧ ਕਰਦੇ ਸਨ।
- ਇਹ ਪਰਵਾਸੀਆਂਦੇ ਘਰਾਂ ਦੀ ਸਾਫ਼-ਸਫਾਈ ਕਰਵਾਉਂਦੇ ਹਨ।
- ਪਰਵਾਸੀਆਂ ਸੀਸੀਟੀਵੀ ਰਾਹੀਂ ਆਪਣੇ ਘਰਾਂ ਦੀ ਹੁੰਦੀ ਸਾਫ਼-ਸਫਾਈ ਦੇ ਸਕਦੇ ਹਨ।
- ਇਨ੍ਹਾਂ ਮੁਤਾਬਕ ਇਹ ਘਰਾਂ ਦੀ ਚਾਬੀ ਆਪਣੇ ਕੋਲ ਨਹੀਂ ਰੱਖਦੇ।
ਕਿਵੇਂ ਸ਼ੁਰੂ ਕੀਤਾ ਇਹ ਕੰਮ
ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਰਾਣੇਵਾਲ ਹਰਪ੍ਰੀਤ ਸਿੰਘ ਰੱਕੜ ਅਤੇ ਸੁਖਵੀਰ ਸਿੰਘ ਦੋਵੇਂ ਦੋਸਤ ਹਨ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਐੱਨਆਰਆਈਜ਼ ਲਈ ਕਾਰਾਂ ਕਿਰਾਏ 'ਤੇ ਲੈਣ ਦਾ ਕਾਰੋਬਾਰ ਕਰਦੇ ਹਨ ਤੇ ਜਦੋਂ ਵੀ ਪਰਵਾਸੀਆਂ ਭਾਰਤੀ ਕਿਰਾਏ ਦੀਆਂ ਕਾਰਾਂ ਵਾਪਸ ਕਰਨ ਲਈ ਆਉਂਦੇ ਸਨ ਉਹ ਹਮੇਸ਼ਾ ਆਪਣੇ ਘਰਾਂ ਦੀ ਸਾਂਭ-ਸੰਭਾਲ ਲਈ ਬਹੁਤ ਚਿੰਤਤ ਰਹਿੰਦੇ ਸਨ।
ਉਨ੍ਹਾਂ ਨੇ ਅੱਗੇ ਕਿਹਾ, "ਫਿਰ ਸਾਨੂੰ ਇੱਕ ਵਿਚਾਰ ਆਇਆ ਕਿ ਕਿਉਂ ਨਾ ਅਸੀਂ ਐੱਨਆਰਆਈਜ਼ ਦੇ ਮਕਾਨਾਂ ਦੀ ਸਾਂਭ-ਸੰਭਾਲ ਦਾ ਕਾਰੋਬਾਰ ਸ਼ੁਰੂ ਕਰੀਏ।"
ਸੁਖਵੀਰ ਸਿੰਘ ਨੇ ਦੱਸਿਆ ਕਿ ਉਸਦਾ ਪਰਿਵਾਰ ਕੈਨੇਡਾ ਵਿੱਚ ਵਸ ਗਿਆ ਹੈ ਅਤੇ ਉਹ ਆਪਣੇ ਦੋ-ਤਿੰਨ ਐੱਨਆਰਆਈਜ਼ ਦੇ ਰਿਸ਼ਤੇਦਾਰਾਂ ਦੇ ਘਰਾਂ ਦੀ ਦੇਖਭਾਲ ਕਰਦਾ ਸੀ।
ਉਨ੍ਹਾਂ ਮੁਤਾਬਕ, "ਮੇਰੇ ਐੱਨਆਰਆਈਜ਼ ਦੇ ਕੁਝ ਦੋਸਤ ਤੇ ਰਿਸ਼ਤੇਦਾਰਾਂ ਨੇ ਵੀ ਮੈਨੂੰ ਆਪਣੇ ਘਰ ਸੰਭਾਲਣ ਦੀ ਪੇਸ਼ਕਸ਼ ਬਦਲੇ ਪੈਸੇ ਦੇਣ ਦੀ ਗੱਲ ਵੀ ਕਹੀ ਜਿਥੋਂ ਅਸੀਂ ਇਹ ਕਿੱਤਾ ਸ਼ੁਰੂ ਕੀਤਾ।"
ਹਰਪ੍ਰੀਤ ਸਿੰਘ ਦੱਸਦੇ ਹਨ, "ਬਹੁਤ ਸਾਰੇ ਲੋਕ ਅਜਿਹੇ ਹਨ ਜੋ ਐੱਨਆਰਆਈਜ਼ ਦੀ ਜ਼ਮੀਨ ਠੇਕੇ 'ਤੇ ਲੈ ਲੈਂਦੇ ਹਨ ਪਰ ਉਨ੍ਹਾਂ ਨੇ ਆਪਣੇ ਘਰਾਂ ਦੀ ਦੇਖਭਾਲ ਕਰਨ ਲਈ ਦਿਲਚਸਪੀ ਨਹੀਂ ਦਿਖਾਉਂਦੇ ਕਿਉਂਕਿ ਘਰਾਂ ਨੂੰ ਰੋਜ਼ਾਨਾ ਦੇਖਭਾਲ ਦੀ ਲੋੜ ਹੁੰਦੀ ਹੈ। ਅਸੀਂ ਨਵਾਂਸ਼ਹਿਰ ਅਤੇ ਨਾਲ ਲੱਗਦੀਆਂ ਸਬ-ਡਵੀਜ਼ਨਾਂ ਵਿੱਚ ਐੱਨਆਰਆਈਜ਼ ਦੇ 50 ਦੇ ਕਰੀਬ ਘਰਾਂ ਦੀ ਉਹ ਸਾਂਭ-ਸੰਭਾਲ ਕਰ ਰਹੇ ਹਾਂ।"
ਪੂਰੀ ਕਾਗ਼ਜ਼ੀ ਕਾਰਵਾਈ
ਹਰਪ੍ਰੀਤ ਮੁਤਾਬਕ, "ਅਸੀਂ ਪਰਵਾਸੀਆਂ ਪਰਿਵਾਰ ਘਰ ਦੀ ਸਾਂਭ ਸੰਭਾਲ ਦਾ ਕੰਮ ਲੈਣ ਮੌਕੇ ਪੂਰੀ ਕਾਗਜ਼ੀ ਕਾਰਵਾਈ ਕਰਦੇ ਹਾਂ ਅਤੇ ਉਨ੍ਹਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਲਈ ਕਹਿੰਦੇ ਹਾਂ ਤਾਂ ਜੋ ਉਹ ਘਰ ਦੀ ਅਸਲੀਅਤ ਦੀ ਜਾਂਚ ਕਰ ਸਕਣ।"
"ਇੱਕ ਵਾਰ ਜਦੋਂ ਅਸੀਂ ਘਰ ਲੈ ਲੈਂਦੇ ਹਾਂ ਤਾਂ ਤਰਜੀਹੀ ਤੌਰ 'ਤੇ ਔਰਤਾਂ, ਹਫ਼ਤੇ ਵਿੱਚ ਦੋ ਵਾਰ ਉਨ੍ਹਾਂ ਦੇ ਘਰ ਜਾਂਦੀਆਂ ਹਨ ਤੇ ਘਰ ਦੀ ਸਫਾਈ ਦਾ ਸਾਰਾ ਕੰਮ ਕਰਦੀਆਂ ਹਨ।"
ਸੁਖਵੀਰ ਸਿੰਘ ਦੱਸਦੇ ਹਨ, “ਜੇਕਰ ਕਿਸੇ ਵੀ ਚੀਜ਼ ਦੀ ਮੁਰੰਮਤ ਦੀ ਲੋੜ ਹੁੰਦੀ ਹੈ ਜਾਂ ਬਦਲਣ ਦੀ ਲੋੜ ਹੁੰਦੀ ਹੈ, ਤਾਂ ਅਸੀਂ ਪ੍ਰਵਾਸੀ ਪਰਿਵਾਰ ਨੂੰ ਉਸਦੀ ਤਸਵੀਰ ਭੇਜਦੇ ਹਾਂ ਤੇ ਉਸਨੂੰ ਠੀਕ ਕਰਵਾ ਦੇਂਦੇ ਹਾਂ।"
"ਐੱਨਆਰਆਈ ਪਰਿਵਾਰ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਨਜ਼ਰ ਰੱਖਦੇ ਹਨ ਅਤੇ ਕਦੇ-ਕਦਾਈਂ ਉਨ੍ਹਾਂ ਨੇ ਰੱਖ-ਰਖਾਅ ਦੇ ਉਦੇਸ਼ਾਂ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਦਿੱਤੇ ਹਨ।"
ਹਰਪ੍ਰੀਤ ਸਿੰਘ ਨੇ ਕਿਹਾ ਕਿ ਐੱਨਆਰਆਈਜ਼ ਨੂੰ ਉਨ੍ਹਾਂ ਦੇ ਘਰਾਂ ਦੇ ਹੜੱਪਣ ਦਾ ਵੱਡਾ ਡਰ ਹੁੰਦਾ ਹੈ ਇਸ ਲਈ ਉਨ੍ਹਾਂ ਦੇ ਘਰਾਂ ਦੀਆਂ ਚਾਬੀਆਂ ਨਹੀਂ ਲਈਆਂ ਜਾਂਦੀਆਂ।
ਉਹ ਆਖਦੇ ਹਨ, "ਉਹ ਪਰਵਾਸੀਆਂ ਦੇ ਘਰਾਂ ਦੀਆਂ ਸਿੱਧੀਆਂ ਚਾਬੀਆਂ ਆਪਣੇ ਕੋਲ ਨਹੀਂ ਰੱਖਦੇ ਤੇ ਇਹ ਉਨ੍ਹਾਂ ਦੇ ਰਿਸ਼ਤੇਦਾਰਾਂ ਜਾਂ ਨਜ਼ਦੀਕੀਆਂ ਕੋਲ ਰਹਿੰਦੀਆਂ ਹਨ। ਅਸੀਂ ਆਪਣੇ ਕੰਮ ਤੋਂ ਪਹਿਲਾਂ ਚਾਬੀਆਂ ਲੈਂਦੇ ਹਾਂ ਅਤੇ ਪੂਰਾ ਕਰਨ ਤੋਂ ਬਾਅਦ ਵਾਪਸ ਕਰ ਆਉਂਦੇ ਹਾਂ।"
ਪਰਵਾਸੀ ਕੀ ਕਹਿੰਦੇ ਹਨ
ਦੋਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਾ ਖ਼ਾਸ ਤੌਰ 'ਤੇ ਐੱਨਆਰਆਈ ਦੇ ਬਹੁਤ ਸਾਰੇ ਮਹਿਲਾਂ ਵਰਗੇ ਘਰ ਖੰਡਰ ਬਣ ਚੁੱਕੇ ਹਨ ਕਿਉਂਕਿ ਉਨ੍ਹਾਂ ਨੇ ਕਈ ਸਾਲਾਂ ਤੋਂ ਪੰਜਾਬ ਵੱਲ ਮੂੰਹ ਨਹੀਂ ਕੀਤਾ।
ਕੈਨੇਡਾ ਵਿੱਚ ਰਹਿਣ ਵਾਲੀ ਪ੍ਰੇਮਦੀਪ ਕੌਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ।
ਉਹ ਭਾਰਤ ਵਿੱਚ ਆਪਣੇ ਘਰ ਦੀ ਸਾਂਭ-ਸੰਭਾਲ ਲਈ ਇਨ੍ਹਾਂ ਨੌਜਵਾਨਾਂ ਦੀਆਂ ਸੇਵਾਵਾਂ ਲੈ ਰਹੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੀ ਸੱਸ ਸਾਡੇ ਘਰ ਨੂੰ ਲੈ ਕੇ ਬਹੁਤ ਚਿੰਤਤ ਸੀ ਅਤੇ ਇੱਥੋਂ ਤੱਕ ਕਿ ਉਹ ਵੀ ਭਾਰਤ ਛੱਡਣਾ ਨਹੀਂ ਚਾਹੁੰਦੇ ਸਨ ਕਿਉਂਕਿ ਉਹ ਸੋਚਦੇ ਸਨ ਕਿ ਸਾਡਾ ਘਰ ਖ਼ਰਾਬ ਹੋ ਜਾਵੇਗਾ।"
"ਅਸੀਂ ਆਪਣੇ ਘਰ ਦੀ ਸਫਾਈ ਲਈ ਆਪਣੇ ਸਥਾਨਕ ਪਿੰਡ ਤੋਂ ਇੱਕ ਔਰਤ ਵੀ ਰੱਖੀ ਸੀ, ਪਰ ਅਸੀਂ ਸੰਤੁਸ਼ਟ ਨਹੀਂ ਸਨ।"
ਪ੍ਰੇਮਦੀਪ ਕੌਰ ਨੇ ਦੱਸਿਆ, “ਸਾਨੂੰ ਐਨ ਆਰ ਆਈ ਦੇ ਘਰਾਂ ਦੇ ਰੱਖ-ਰਖਾਅ ਦੀਆਂ ਸੇਵਾਵਾਂ ਬਾਰੇ ਇੱਕ ਦੋਸਤ ਦੁਆਰਾ ਪਤਾ ਲੱਗਾ, ਫਿਰ ਅਸੀਂ ਹਰਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਨਾਲ ਨਿਯਮਾਂ ਅਤੇ ਸ਼ਰਤਾਂ ਬਾਰੇ ਚਰਚਾ ਕੀਤੀ ਅਤੇ ਇਸ ਦੀ ਚੋਣ ਕੀਤੀ।"
ਪ੍ਰੇਮਦੀਪ ਕਹਿੰਦੇ ਹਨ, "ਅਸੀਂ ਸੇਵਾਵਾਂ ਤੋਂ ਬਹੁਤ ਸੰਤੁਸ਼ਟ ਹਾਂ ਕਿਉਂਕਿ ਅਸੀਂ ਭਾਰਤ ਵਿੱਚ ਸਾਡੇ ਘਰ ਵਿੱਚ ਕੰਮ ਕਰਨ ਵਾਲੀ ਔਰਤ ਨੂੰ ਸੀਸੀਟੀਵੀ ਰਾਹੀਂ ਦੇਖਦੇ ਰਹਿੰਦੇ ਹਾਂ ਜਦੋਂ ਕਿ ਜੇਕਰ ਸਾਡੇ ਕੋਲ ਰੱਖ-ਰਖਾਅ ਨਾਲ ਸਬੰਧਤ ਕੋਈ ਹੋਰ ਕੰਮ ਹੈ ਤਾਂ ਅਸੀਂ ਇਨ੍ਹਾਂ ਨੂੰ ਕਹਿ ਕੇ ਕਰਵਾ ਦਿੰਦੇ ਹਾਂ। ਇਸ ਨਾਲ ਅਸੀਂ ਆਪਣੇ ਜੱਦੀ ਘਰ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ ਦੇ ਯੋਗ ਹੋ ਗਏ ਹਾਂ।"
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਐੱਨਆਰਆਈ ਜ਼ੋਰਾਵਰ ਸਿੰਘ ਨੇ ਕਿਹਾ, “ਅਸੀਂ ਉਸ ਵਿਅਕਤੀ ਨੂੰ ਆਪਣਾ ਘਰ ਦਿੱਤਾ ਸੀ ਜਿਸ ਨੇ ਸਾਡੀ ਜ਼ਮੀਨ ਠੇਕੇ ‘ਤੇ ਲਈ ਸੀ ਅਤੇ ਉਸਨੇ ਸਾਨੂੰ ਹਰ ਤੀਜੇ ਦਿਨ ਬਾਅਦ ਸਫਾਈ ਦੇ ਕੰਮਾਂ ਦਾ ਧਿਆਨ ਰੱਖਣ ਦਾ ਵਾਅਦਾ ਕੀਤਾ ਸੀ।”
"ਜਦੋਂ ਵੀ ਅਸੀਂ ਉਸ ਨੂੰ ਘਰ ਦੀ ਸਫਾਈ ਬਾਰੇ ਪੁੱਛਿਆ ਤਾਂ ਉਹ ਹਮੇਸ਼ਾ ਇਹ ਯਕੀਨੀ ਬਣਾਉਂਦਾ ਹੈ ਕਿ ਘਰ ਬਿਲਕੁਲ ਸਹੀ ਸਥਿਤੀ ਵਿੱਚ ਹੈ ਅਤੇ ਅਸੀਂ ਉਸ 'ਤੇ ਭਰੋਸਾ ਕੀਤਾ।"
ਜ਼ੋਰਾਵਰ ਸਿੰਘ ਨੇ ਕਿਹਾ, “ਮੈਂ ਹਾਲ ਹੀ ਵਿੱਚ ਘਰ ਦੀਆਂ ਤਸਵੀਰਾਂ ਦੇਖ ਕੇ ਹੈਰਾਨ ਰਹਿ ਗਿਆ ਜੋ ਬਿਲਕੁਲ ਤਰਸਯੋਗ ਹਾਲਤ ਵਿੱਚ ਸੀ ਅਤੇ ਇਸ ਲਈ ਮੈਂ ਨਵਾਂਸ਼ਹਿਰ ਦੇ ਇਨ੍ਹਾਂ ਨੌਜਵਾਨਾਂ ਦੀਆਂ ਸੇਵਾਵਾਂ ਲੈਣ ਦਾ ਫ਼ੈਸਲਾ ਕੀਤਾ ਤੇ ਹੁਣ ਮੈਨੂੰ ਤਸੱਲੀ ਹੈ।"
ਨਵਾਂਸ਼ਹਿਰ ਦੇ ਇੱਕ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਐੱਨਆਰਆਈਜ਼ ਘਰਾਂ ਲਈ ਇਹ ਬਹੁਤ ਵਧੀਆ ਉਪਰਾਲਾ ਹੈ, ਜੋ ਸਮੇਂ ਦੀ ਲੋੜ ਵੀ ਸੀ। ਅਸੀਂ ਨਿਯਮਿਤ ਤੌਰ 'ਤੇ ਪ੍ਰਵਾਸੀ ਭਾਰਤੀਆਂ ਦੇ ਬਹੁਤ ਸਾਰੇ ਘਰ ਉਜੜੇ ਪਏ ਦੇਖੇ ਹਨ।
ਉਨ੍ਹਾਂ ਦੱਸਿਆ, "ਸਾਡੇ ਪਿੰਡ 'ਚ ਇਕ ਪ੍ਰਵਾਸੀ ਦੇ ਘਰ ਦਾ ਬੁਰਾ ਹਾਲ ਸੀ ਪਰ ਇਨ੍ਹਾਂ ਨੌਜਵਾਨਾਂ ਵੱਲੋਂ ਸਾਂਭ-ਸੰਭਾਲ ਦਾ ਕੰਮ ਸੰਭਾਲਣ ਤੋਂ ਬਾਅਦ ਹੁਣ ਲੱਗਦਾ ਹੈ ਕਿ ਜਿਵੇਂ ਕੋਈ ਉੱਥੇ ਕੋਈ ਰਹਿ ਰਿਹਾ ਹੋਵੇ | ਇਹ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਪਿੰਡਾਂ ਅਤੇ ਘਰਾਂ ਵੱਲ ਆਉਣ ਲਈ ਆਕਰਸ਼ਿਤ ਕਰੇਗਾ।"
ਪਰਵਾਸੀਆਂ ਦੀ ਜਾਇਦਾਦਾਂ ਸਬੰਧ ਸਮੱਸਿਆ
ਪੰਜਾਬ ਰਾਜ ਦੇ ਐੱਨਆਰਆਈ (ਨਾਨ-ਰਿਜ਼ੀਡੈਂਟ ਇੰਡੀਆ) ਵਿਭਾਗ ਤੋਂ ਪ੍ਰਾਪਤ ਅਸਥਾਈ ਅੰਕੜਿਆਂ ਅਨੁਸਾਰ, ਪੰਜਾਬ ਦੇ 60 ਲੱਖ ਤੋਂ ਵੱਧ ਪ੍ਰਵਾਸੀ ਪੰਜਾਬੀ ਵਿਸ਼ਵ ਭਰ ਵਿੱਚ ਰਹਿ ਰਹੇ ਹਨ।
ਐੱਨਆਰਆਈਜ਼ ਦੀਆਂ ਪੰਜਾਬ ਵਿੱਚ ਆਪਣੀਆਂ ਜਾਇਦਾਦਾਂ ਨੂੰ ਲੈ ਕੇ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਐੱਨਆਰਆਈਜ਼ ਪੰਜਾਬ ਵਿੱਚ ਆਪਣੀਆਂ ਜਾਇਦਾਦਾਂ ਨੂੰ ਲੈ ਕੇ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਸਰਕਾਰ ਨੇ ਪਿਛਲੇ ਸਾਲ ਐੱਨਆਰਆਈਜ਼ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਿਲਣੀਆਂ ਕੀਤੀ ਸੀ।
ਐੱਨਆਰਆਈਜ਼ ਵਿਭਾਗ ਦੀ ਅੰਡਰ-ਸੈਕਟਰੀ ਅਲਕਾ ਨੇ ਦੱਸਿਆ, "ਪਿਛਲੇ ਸਾਲ ਹੋਈ ਐੱਨਆਰਆਈਜ਼ ਮੀਟਿੰਗ ਦੌਰਾਨ ਸਾਨੂੰ 659 ਸ਼ਿਕਾਇਤਾਂ ਮਿਲੀਆਂ ਹਨ ਅਤੇ ਜ਼ਿਆਦਾਤਰ ਸ਼ਿਕਾਇਤਾਂ ਵਿਆਹ ਤੋਂ ਬਾਅਦ ਜਾਇਦਾਦ ਦੇ ਵਿਵਾਦ ਨਾਲ ਸਬੰਧਤ ਸਨ। 659 ਵਿੱਚੋਂ ਸਿਰਫ਼ 30 ਸ਼ਿਕਾਇਤਾਂ ਪੈਂਡਿੰਗ ਸਨ ਜਦਕਿ ਬਾਕੀ ਦਾ ਨਿਪਟਾਰਾ ਕੀਤਾ ਗਿਆ।"