You’re viewing a text-only version of this website that uses less data. View the main version of the website including all images and videos.
ਅੱਤ ਦੀ ਗਰੀਬੀ ਵਿੱਚ ਪਲੀ ਮਲੇਰਕੋਟਲਾ ਦੀ ਗੁਲਫ਼ਾਮ ਬਣੇਗੀ ਜੱਜ
ਪੰਜਾਬ ਦੇ ਮੁਸਲਿਮ ਬਹੁਤ ਗਿਣਤੀ ਵਾਲੇ ਜ਼ਿਲ੍ਹੇ ਮਲੇਰਕੋਟਲਾ ਦੀ ਗੁਲਫ਼ਾਮ ਨੇ ਗੁਰਬਤ ਵਿੱਚ ਰਹਿ ਕੇ ਆਪਣੇ ਜੱਜ ਬਣਨ ਦੇ ਸੁਪਨੇ ਨੂੰ ਪੂਰਾ ਕੀਤਾ।
ਉਨ੍ਹਾਂ ਨੇ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਤੋਂ ਪਤਾ ਲੱਗਦਾ ਹੈ, ਉੱਡਣ ਲਈ ਸੱਚਮੁੱਚ ਜੇਕਰ ਲੋੜ ਹੈ ਤਾਂ ਉਹ ਹੌਂਸਲੇ ਦੀ ਹੀ ਹੈ, ਨਾ ਕਿ ਖੰਭਾਂ ਦੀ।
ਗੁਲਫ਼ਾਮ ਬਾਰੇ ਕਿਹਾ ਜਾ ਰਿਹਾ ਹੈ ਕਿ 1947 ਤੋਂ ਬਾਅਦ ਤੋਂ ਉਹ ਇਲਾਕੇ ਵਿੱਚੋਂ ਪਹਿਲੀ ਮਹਿਲਾ ਮਸਲਿਮ ਜੱਜ ਹੋਣਗੇ।
ਗੁਲਫ਼ਾਮ ਨੇ ਪੀਸੀਐੱਸ ਜੁਡੀਸ਼ੀਅਲ ਪ੍ਰੀਖਿਆ ਵਿੱਚ ਈਡਬਲਿਊਐੱਸ ਕੈਟਾਗਿਰੀ ਵਿੱਚੋਂ ਪੰਜਵਾ ਸਥਾਨ ਹਾਸਿਲ ਕੀਤਾ ਹੈ।
ਉਨ੍ਹਾਂ ਦੇ ਪਿਤਾ ਤਾਲਿਬ ਹੁਸੈਨ ਟੈਂਪੂ ਡਰਾਈਵਰ ਹਨ ਪਰ ਤਾਲਿਬ ਹੁਸੈਨ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਧੀ ਕੁਝ ਵੱਡਾ ਕਰੇ।
ਗੁਲਫਾਮ ਦੇ ਪਿਤਾ ਦਾ ਕਹਿਣਾ ਹੈ ਕਿ ਇੱਕ ਛੋਟੇ ਸ਼ਹਿਰ ਵਿੱਚੋਂ ਉੱਠ ਕੇ ਆਪਣੀ ਮਿਹਨਤ ਸਦਕਾ ਜੱਜ ਵਰਗੇ ਵੱਕਾਰੀ ਅਹੁੱਦੇ 'ਤੇ ਪਹੁੰਚਣ ਵਾਲੀ ਉਨ੍ਹਾਂ ਦੀ ਧੀ ਆਮ ਲੋਕਾਂ ਨੂੰ ਨਿਆਂ ਦੇਵੇਗੀ।
ਗੁਲਫ਼ਾਮ ਯਾਦ ਕਰਦੇ ਹਨ ਕਿ ਇੱਕ ਵਾਰ ਤਾਂ ਫੀਸ ਨਾ ਭਰਨ ਕਾਰਨ ਉਨ੍ਹਾਂ ਦਾ ਸਕੂਲ ਵਿੱਚੋਂ ਨਾਮ ਕਟਵਾਉਣ ਬਾਰੇ ਵੀ ਸੋਚਿਆ ਗਿਆ ਪਰ ਅਧਿਆਪਕਾਂ ਨੇ ਉਨ੍ਹਾਂ ਦੀ ਫੀਸ ਤੇ ਕਿਤਾਬਾਂ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਪੜ੍ਹਾਈ ਜਾਰੀ ਰੱਖੀ।
ਗੁਲਫ਼ਾਮ ਕਹਿੰਦੇ ਹਨ ਕਿ ਸਾਰੇ ਧਰਮ ਕੁੜੀਆਂ ਨੂੰ ਰੱਬ ਦੀ ਦਾਤ ਮੰਨਦੇ ਹਨ, ਇਸ ਲਈ ਕਿਸੇ ਧੀ ਦੇ ਜਨਮ ’ਤੇ ਉਸ ਨੂੰ ਬੋਝ ਨਹੀਂ ਸਮਝਣਾ ਚਾਹੀਦਾ।
ਰਿਪੋਰਟ- ਚਰਨਜੀਵ ਕੌਸ਼ਲ, ਐਡਿਟ- ਗੁਰਕਿਰਤਪਾਲ ਸਿੰਘ
ਪੰਜਾਬ ਵਿੱਚ ਹੋਰ ਕੁੜੀਆਂ, ਜੋ ਜੱਜ ਬਣ ਰਹੀਆਂ ਉਨ੍ਹਾਂ ਬਾਰੇ ਵੀ ਜਾਣੋ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਕੁੜੀਆਂ ਨੇ ਪੀਸੀਐੱਸ ਜੁਡੀਸ਼ਰੀ ਦੇ ਨਤੀਜਿਆਂ ਵਿੱਚ ਬਾਜ਼ੀ ਮਾਰੀ ਹੈ।
ਹਰ ਕੁੜੀ ਦੀ ਕਹਾਣੀ ਵੱਖਰੀ ਹੈ, ਸੰਘਰਸ਼ ਭਰੇ ਹਾਲਾਤ ਤੋਂ ਨਿਕਲ ਕੇ ਇਨ੍ਹਾਂ ਕੁੜੀਆਂ ਦੇ ਮਾਪੇ ਜਿੱਥੇ ਬਾਗੋ-ਬਾਗ ਹਨ, ਉੱਥੇ ਹੀ ਇਨ੍ਹਾਂ ਨੂੰ ਪ੍ਰੀਖਿਆ ਲਈ ਤਿਆਰੀ ਕਰਵਾਉਣ ਵਾਲੇ ਬੇਹੱਦ ਖ਼ੁਸ਼ ਹਨ।
ਮਲੇਰਕੋਟਲਾ ਦੀ ਗੁਲਫਾਮ ਸਈਦ ਤੋਂ ਲੈ ਕੇ ਕਪੂਰਥਲਾ ਦੀ ਸ਼ਿਵਾਨੀ, ਬਟਾਲਾ ਦੀ ਮਨਮੋਹਨ ਪ੍ਰੀਤ ਤੇ ਬਰਨਾਲਾ ਦੀਆਂ ਅੰਜਲੀ ਅਤੇ ਕਿਰਨਜੀਤ ਕੌਰ ਨੇ ਕਾਮਯਾਬੀ ਦੇ ਝੰਡੇ ਗੱਡੇ ਹਨ। ਬੀਬੀਸੀ ਨੇ ਇਨ੍ਹਾਂ ਕੁੜੀਆਂ ਨਾਲ ਇਸ ਕਾਮਯਾਬੀ ਬਾਰੇ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ।