ਸੀਐੱਮ ਮਾਨ ਦੇ ਹੈਲੀਕਾਪਟਰ ਦੀ ਵਰਤੋਂ 'ਤੇ ਸਵਾਲ ਚੁੱਕਣ ਵਾਲੇ ਕਿਹੜੇ ਲੋਕਾਂ ਖ਼ਿਲਾਫ਼ ਐੱਫਆਈਆਰ, ਮਾਮਲੇ ਵਿੱਚ ਕੌਣ ਕੀ ਕਹਿ ਰਿਹਾ

ਤਸਵੀਰ ਸਰੋਤ, ANI/Bhagwant Mann/FB
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਸਹਿਯੋਗੀ
ਲੁਧਿਆਣਾ ਸਾਈਬਰ ਥਾਣਾ ਵੱਲੋਂ ਪੰਜਾਬ ਵਿੱਚ ਆਰਟੀਆਈ ਐਕਟੀਵਿਸਟ ਵਜੋਂ ਜਾਣੇ ਜਾਂਦੇ ਨੌਜਵਾਨ ਮਾਨਿਕ ਗੋਇਲ, ਯੂਟਿਊਬਰ ਮਿੰਟੂ ਗੁਰੂਸਰੀਆ ਸਣੇ 10 ਵਿਅਕਤੀਆਂ ਖ਼ਿਲਾਫ਼ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ।
ਐੱਫਆਈਆਰ ਦਰਜ ਕਰਨ ਦਾ ਕਾਰਨ ਇਨ੍ਹਾਂ ਵਿਅਕਤੀਆਂ ਵੱਲੋਂ ਆਪਣੇ ਫੇਸਬੁੱਕ ਪੇਜਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਲ 2025 ਵਿੱਚ ਜਪਾਨ-ਕੋਰੀਆ ਦੌਰੇ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਪਾਈਆਂ ਗਈਆਂ ਪੋਸਟਾਂ ਨੂੰ 'ਗੁਮਰਾਕੁੰਨ' ਦੱਸਿਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ 1 ਦਸੰਬਰ 2025 ਤੋਂ 10 ਦਸੰਬਰ 2025 ਤੱਕ ਜਪਾਨ ਅਤੇ ਦੱਖਣੀ ਕੋਰੀਆ ਦੇ ਅਧਿਕਾਰਤ ਦੌਰੇ 'ਤੇ ਸਨ।
ਲੁਧਿਆਣਾ ਪੁਲਿਸ ਵੱਲੋਂ ਇਹ ਐੱਫਆਈਆਰ 12 ਦਸੰਬਰ 2025 ਨੂੰ ਦਰਜ ਕੀਤੀ ਗਈ। ਐੱਫਆਈਆਰ ਵਿੱਚ ਨਾਮਜ਼ਦ ਹੋਰ ਵਿਅਕਤੀ ਗਗਨ ਰਾਮਗੜ੍ਹੀਆ, ਹਰਮਨ ਫਾਰਮਰ, ਮਨਦੀਪ ਮੱਕੜ, ਗੁਰਲਾਲ ਮਾਨ, ਸਨਾਮੂ ਧਾਲੀਵਾਲ, ਅਰਜਨ ਅਤੇ ਦੀਪ ਮੰਗਲੀ ਹਨ।
ਐੱਫਆਈਆਰ ਦਰਜ ਹੋਣ ਮਗਰੋਂ ਨਾਮਜ਼ਦ ਵਿਅਕਤੀਆਂ, ਵਿਰੋਧੀ ਪਾਰਟੀਆਂ ਅਤੇ ਹੋਰ ਕਈ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਉੱਤੇ ਪੱਤਰਕਾਰਾਂ ਅਤੇ ਸਰਕਾਰ ਨੂੰ ਸਵਾਲ ਕਰਨ ਵਾਲੇ ਵਿਅਕਤੀਆਂ ਦੀ ਆਵਾਜ਼ ਨੂੰ ਦਬਾਉਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਚੰਡੀਗੜ੍ਹ ਪ੍ਰੈੱਸ ਕਲੱਬ ਸਮੇਤ ਪੰਜਾਬ ਦੀਆਂ ਕਈ ਪੱਤਰਕਾਰ ਜਥੇਬੰਦੀਆਂ ਨੇ ਇਸ ਐੱਫਆਈਆਰ ਦਾ ਵਿਰੋਧ ਕੀਤਾ ਹੈ।
ਪੁਲਿਸ ਵੱਲੋਂ ਦਰਜ ਕੀਤੀ ਐੱਫਆਈਆਰ ਦੇ ਵਿਰੋਧ ਵਿੱਚ ਨਾਮਜ਼ਦ ਵਿਅਕਤੀਆਂ ਨੇ 4 ਜਨਵਰੀ 2026 ਨੂੰ ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਹਾਲਾਂਕਿ, ਸਾਈਬਰ ਸੈੱਲ ਲੁਧਿਆਣਾ ਨੂੰ ਸਟੇਟ ਸਾਈਬਰ ਸੈੱਲ ਮੁਹਾਲੀ ਵੱਲੋਂ ਇੱਕ ਗੁਪਤ ਜਾਣਕਾਰੀ ਭੇਜੀ ਗਈ। ਇਸ ਦੇ ਤਹਿਤ ਦੱਸਿਆ ਗਿਆ ਕਿ ਲੁਧਿਆਣਾ ਦਾ ਰਹਿਣ ਵਾਲਾ ਇੱਕ ਬੰਦਾ, ਜਿਸ ਨੇ ਦੀਪ ਮੰਗਲੀ ਦੇ ਨਾਮ ਦੀ ਇੱਕ ਫੇਸਬੁੱਕ ਪ੍ਰੋਫਾਈਲ ਬਣਾਈ ਹੋਈ ਹੈ।
ਪੀਪੀਐੱਸ, ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਹੈੱਡਕੁਆਰਟਰ), ਲੁਧਿਆਣਾ ਕਮਿਸ਼ਨਰੇਟ ਦੇ ਵੈਭਵ ਸਹਿਗਲ ਨੇ ਜਾਣਕਾਰੀ ਦਿੰਦਿਆਂ ਕਿਹਾ, "ਉਹ ਉਸ ਤੋਂ ਫੇਕ, ਗ਼ਲਤ ਅਤੇ ਅਣਉਚਿਤ ਜਾਣਕਾਰੀ ਸਾਂਝੀ ਕਰ ਰਿਹਾ ਹੈ। ਇਸ ਦੇ ਤਹਿਤ ਸਾਈਬਰ ਸੈੱਲ ਕੇਸ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ। ਉਸ ਵਿੱਚ ਸਾਹਮਣੇ ਆਇਆ ਕਿ ਇਸ ਵਿੱਚ ਉਨ੍ਹਾਂ ਜਿਹੜਾ ਟਰਾਂਪੋਰਟੇਸ਼ਨ ਨਾਲ ਜੁੜਿਆ ਫਲਾਈਟ ਡੇਟਾ ਸ਼ੇਅਰ ਕੀਤਾ ਹੈ ਉਹ ਬਿਲਕੁਲ ਫੇਕ ਹੈ।"
"ਅਸੀਂ ਸ਼ਹਿਰ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਆਪਣੇ ਸੋਸ਼ਲ ਮੀਡੀਆ ਪ੍ਰੋਫਾਇਲਾਂ ਦੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਤਸਦੀਕ ਜ਼ਰੂਰ ਕੀਤੀ ਜਾਵੇ। ਇਸ ਮਾਮਲੇ ਸਬੰਧੀ ਅਗਲੀ ਜਾਂਚ ਜਾਰੀ ਹੈ।"
ਐੱਫਆਈਆਰ ਵਿੱਚ ਕੀ ਲਿਖਿਆ ਹੈ?

ਤਸਵੀਰ ਸਰੋਤ, manik goel
ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਲਿਖਿਆ ਗਿਆ ਹੈ, "ਅਪਲੋਡ ਕੀਤੀ ਗਈ ਸਮੱਗਰੀ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਵਿੱਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨਾਲ ਸਬੰਧਤ ਹੈਲੀਕਾਪਟਰ ਦੀ ਤਾਇਨਾਤੀ ਅਤੇ ਵਰਤੋਂ ਸਬੰਧੀ ਝੂਠੇ, ਗ਼ੈਰ-ਪ੍ਰਮਾਣਿਤ ਅਤੇ ਸਪੱਸ਼ਟ ਤੌਰ 'ਤੇ ਝੂਠੇ ਦਾਅਵੇ ਹਨ।"
"ਇਹ ਸਮੱਗਰੀ ਫਲਾਈਟ-ਟਰੈਕਿੰਗ ਡਾਟਾ ਦੀ ਗ਼ਲਤ ਵਿਆਖਿਆ, ਬੇਲੋੜੇ ਵੀਜ਼ੂਅਲ ਦੀ ਚੋਣਵੀਂ ਪੇਸ਼ਕਾਰੀ, ਅਤੇ ਬਿਨ੍ਹਾਂ ਕਿਸੇ ਆਧਾਰ ਦੇ ਝੂਠੇ ਬਿਆਨਾਂ 'ਤੇ ਅਧਾਰਤ ਹੈ, ਜੋ ਕਿ ਇੱਕ ਗ਼ਲਤ, ਗੁਮਰਾਹਕੁੰਨ ਅਤੇ ਜਾਣਬੁੱਝ ਕੇ ਮਨਘੜਤ ਕਹਾਣੀ ਪੈਦਾ ਕਰਦੀ ਹੈ।"
"ਪੋਸਟਾਂ ਵਿੱਚ ਸਵਾਲੀਆ ਹੈਲੀਕਾਪਟਰ ਨੂੰ ਮਾਣਯੋਗ ਮੁੱਖ ਮੰਤਰੀ ਦੇ ਸਰਕਾਰੀ ਵਿਦੇਸ਼ੀ ਦੌਰੇ ਦੌਰਾਨ ਅਣਅਧਿਕਾਰਤ ਜਾਂ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਦਾਅਵੇ ਸਪੱਸ਼ਟ ਤੌਰ 'ਤੇ ਬੇਬੁਨਿਆਦ ਅਤੇ ਅਧਿਕਾਰਤ ਰਿਕਾਰਡਾਂ ਦੇ ਬਿਲਕੁਲ ਉਲਟ ਹਨ।"
"ਸਿਵਲ ਏਵੀਏਸ਼ਨ ਵਿਭਾਗ, ਪੰਜਾਬ ਨੇ ਸਪੱਸ਼ਟ ਤੌਰ 'ਤੇ ਸਪੱਸ਼ਟ ਕੀਤਾ ਹੈ ਕਿ ਹੈਲੀਕਾਪਟਰ ਦੀ ਵਰਤੋਂ ਇੱਕ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਦੁਆਰਾ ਕੀਤੀ ਗਈ ਸੀ ਜਿਸ ਨੂੰ ਸਬੰਧਤ ਤਾਰੀਖਾਂ 'ਤੇ ਸਰਕਾਰੀ ਕੰਮਾਂ ਲਈ ਏਅਰਕ੍ਰਾਫਟ ਦੀ ਵਰਤੋਂ ਕਰਨ ਦਾ ਅਧਿਕਾਰ ਸੀ।"
"ਜਾਣਬੁੱਝ ਕੇ ਪ੍ਰਮਾਣਿਤ ਸਰਕਾਰੀ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰਕੇ ਅਤੇ ਮਨਘੜਤ ਕਹਾਣੀਆਂ ਫੈਲਾ ਕੇ, ਅਪਲੋਡਰ ਨੇ ਜਾਣਬੁੱਝ ਕੇ ਜਨਤਾ ਨੂੰ ਗੁਮਰਾਹ ਕਰਨ, ਬੇਲੋੜਾ ਡਰ ਪੈਦਾ ਕਰਨ ਅਤੇ ਸੰਵਿਧਾਨਕ ਅਧਿਕਾਰੀਆਂ ਦੇ ਕੰਮਕਾਜ ਨੂੰ ਬਦਨਾਮ ਕਰਨ ਦੇ ਮਾੜੇ ਇਰਾਦੇ ਨਾਲ ਜਾਣਬੁੱਝ ਕੇ ਗਲਤ ਅਤੇ ਗਲਤ ਜਾਣਕਾਰੀ ਫੈਲਾਈ ਹੈ।"
"ਅਜਿਹਾ ਵਿਵਹਾਰ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦਾ ਹੈ, ਸਰਕਾਰੀ ਕਾਰਜਾਂ ਵਿੱਚ ਵਿਘਨ ਪਾ ਸਕਦਾ ਹੈ ਅਤੇ ਬੇਲੋੜੀ ਜਨਤਕ ਅਟਕਲਾਂ ਪੈਦਾ ਕਰ ਸਕਦਾ ਹੈ। ਇਸ ਗੁਮਰਾਹਕੁੰਨ ਸਮੱਗਰੀ ਦੇ ਵਿਆਪਕ ਪ੍ਰਸਾਰ ਨਾਲ ਸੰਸਥਾਵਾਂ ਦੀ ਅਖੰਡਤਾ ਨੂੰ ਕਮਜ਼ੋਰ ਕਰਨ, ਸਮਾਜਿਕ ਧਰੁਵੀਕਰਨ ਪੈਦਾ ਕਰਨ ਅਤੇ ਹੋਰ ਅਣ-ਪ੍ਰਮਾਣਿਤ ਜਾਣਕਾਰੀ ਫੈਲਾਉਣ ਦਾ ਗੰਭੀਰ ਜ਼ੋਖ਼ਮ ਪੈਦਾ ਹੁੰਦਾ ਹੈ, ਜਿਸ ਨਾਲ ਪੰਜਾਬ ਵਰਗੇ ਸੰਵੇਦਨਸ਼ੀਲ ਸਰਹੱਦੀ ਰਾਜ ਵਿੱਚ ਜਨਤਕ ਵਿਵਸਥਾ ਅਤੇ ਪ੍ਰਸ਼ਾਸਨਿਕ ਤਾਲਮੇਲ ਪ੍ਰਭਾਵਿਤ ਹੋ ਸਕਦਾ ਹੈ।"

ਤਸਵੀਰ ਸਰੋਤ, Mintu Gurusariya
ਨਾਮਜ਼ਦ ਵਿਅਕਤੀਆਂ ਖਿਲਾਫ ਬੀਐੱਨਐੱਸ 2023 ਦੀਆਂ ਧਾਰਾਵਾਂ 353(1), 353(2) ਅਤੇ 61(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਨੇ ਆਪਣੇ ਖ਼ਿਲਾਫ਼ ਦਰਜ ਹੋਈ ਐੱਫਆਈਆਰ ਨੂੰ ਝੂਠਾ ਅਤੇ ਸਰਕਾਰੀ ਦਬਾਅ ਪਾਉਣ ਦਾ ਯਤਨ ਦੱਸਿਆ ਹੈ।
ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਦੀ ਪੋਸਟ ਵਿੱਚ ਕੀ ਲਿਖਿਆ ਸੀ?
9 ਦਸੰਬਰ 2025 ਨੂੰ ਆਪਣੇ ਫੇਸਬੁੱਕ ਪੇਜ ਉੱਤੇ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਨੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ 'ਤੇ ਕਈ ਸਵਾਲ ਚੁੱਕੇ ਸਨ ਅਤੇ ਦਾਅਵੇ ਕੀਤੇ ਸਨ।
ਉਨ੍ਹਾਂ ਲਿਖਿਆ ਸੀ ਕਿ 1 ਦਸੰਬਰ ਤੋਂ ਮੁੱਖ ਮੰਤਰੀ ਜਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ 'ਤੇ ਹਨ, ਪਰ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਵੀ ਸਰਕਾਰੀ ਹੈਲੀਕਾਪਟਰ ਨਿਯਮਿਤ ਤੌਰ 'ਤੇ ਵਰਤਿਆ ਜਾ ਰਿਹਾ ਹੈ।
ਇਹ ਵੀ ਦਾਅਵਾ ਕੀਤਾ ਗਿਆ ਸੀ ਕਿ 8 ਦਸੰਬਰ ਨੂੰ ਹੈਲੀਕਾਪਟਰ ਚੰਡੀਗੜ੍ਹ ਵਿੱਚ ਸਥਾਨਕ ਯਾਤਰਾਵਾਂ ਲਈ ਵਰਤਿਆ ਗਿਆ, ਫਿਰ ਅੰਮ੍ਰਿਤਸਰ ਗਿਆ ਅਤੇ ਵਾਪਸ ਚੰਡੀਗੜ੍ਹ ਆਇਆ।
ਸੋਸ਼ਲ ਮੀਡੀਆ ਰਾਹੀਂ ਇਹ ਸਵਾਲ ਵੀ ਚੁੱਕਿਆ ਗਿਆ ਕਿ ਮੁੱਖ ਮੰਤਰੀ ਦੇ ਵਿਦੇਸ਼ੀ ਦੌਰੇ ਦੌਰਾਨ ਇਸ ਦੀ ਵਰਤੋਂ ਕੌਣ ਕਰ ਰਿਹਾ ਹੈ।
ਮਾਨਿਕ ਗੋਇਲ ਨੇ ਆਪਣੀ ਇਸ ਪੋਸਟ ਨਾਲ ਇੱਕ ਪੀਲੇ ਰੰਗ ਦੇ ਹੈਲੀਕਾਪਟਰ ਦੀ ਫੋਟੋ, ਦੋ ਨਕਸ਼ਿਆਂ ਦੀਆਂ ਤਸਵੀਰਾਂ, ਇੱਕ ਤਰੀਕ ਮੁਤਾਬਕ ਜਹਾਜ਼/ਹੈਲੀਕਾਪਟਰ ਦੇ ਰੂਟ ਦੱਸ ਰਹੀ ਤਸਵੀਰ ਨੱਥੀ ਕੀਤੀ ਹੋਈ ਸੀ।
ਐੱਫਆਈਆਰ ਦਰਜ ਹੋਣ ਮਗਰੋਂ ਬੀਬੀਸੀ ਨੇ ਮਾਨਿਕ ਗੋਇਲ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ, "ਮੇਰੇ ਖ਼ਿਲਾਫ਼ ਐੱਫਆਈਆਰ ਦਰਜ ਹੋਈ ਨੂੰ 20 ਦਿਨ ਨਿਕਲ ਚੁੱਕੇ ਹਨ, ਪਰ ਮੈਨੂੰ ਨਵੇਂ ਸਾਲ ਵਾਲੇ ਦਿਨ ਪਤਾ ਲੱਗਿਆ ਕਿ ਸਾਡੇ ਖ਼ਿਲਾਫ਼ ਕੋਈ ਐੱਫਆਈਆਰ ਦਰਜ ਹੋਈ ਹੈ। ਲੁਧਿਆਣਾ ਪੁਲਿਸ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ।"
ਉਹ ਕਹਿੰਦੇ ਹਨ, "ਮੇਰੇ ਪੋਸਟ ਪਾਉਣ ਦਾ ਮਕਸਦ ਸਰਕਾਰ ਤੋਂ ਇਹ ਸਵਾਲ ਕਰਨਾ ਸੀ ਕਿ ਇੱਕ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਵਿੱਚ ਕੌਣ ਕਰ ਰਿਹਾ ਹੈ। ਇੱਕ ਸਵਾਲ ਗੁੰਮਰਾਹਕੁਨ ਅਤੇ ਗਲਤ ਵਿਆਖਿਆ ਕਿਵੇਂ ਹੋ ਸਕਦੀ ਹੈ।"
"ਪੋਸਟ ਵਿੱਚ ਹੈਲੀਕਾਪਟਰ ਦੇ ਰੂਟ ਦਾ ਜੋ ਅੰਕੜਾ ਮੈਂ ਤਸਵੀਰ ਰਾਹੀਂ ਸਾਂਝਾ ਕੀਤਾ ਉਹ ਫਲਾਈਟ ਰਾਡਾਰ ਐਪ ਤੋਂ ਲਿਆ ਗਿਆ ਸੀ। ਫੋਟੋ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਹੈ। ਆਰਟੀਆਈ ਐਕਟੀਵਿਸਟ ਹੋਣ ਨਾਤੇ ਮੈਂ ਚਾਰ ਸਾਲ ਤੋਂ ਲਗਾਤਾਰ ਸਰਕਾਰ ਤੋਂ ਸਵਾਲ ਪੁੱਛ ਰਿਹਾ ਸੀ ਕਿ ਆਖਰ ਮੁੱਖ ਮੰਤਰੀ ਭਗਵੰਤ ਮਾਨ ਦਾ ਸਰਕਾਰੀ ਹੈਲੀਕਾਪਟਰ ਕਿੱਥੇ ਵਰਤਿਆ ਜਾ ਰਿਹਾ ਹੈ ਤੇ ਇਸਦਾ ਕਿੰਨਾ ਖਰਚਾ ਹੁੰਦਾ ਹੈ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਫੇਰ ਮੈਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਵਾਲ ਪੁੱਛਿਆ।"

ਐੱਫਆਈਆਰ ਵਿੱਚ ਪਹਿਲੇ ਨੰਬਰ ਉੱਤੇ ਨਾਮਜ਼ਦ ਕੀਤੇ ਗਏ ਯੂਟਿਊਬਰ ਮਿੰਟੂ ਗੁਰੂਸਰੀਆ ਨੇ 10 ਦਸੰਬਰ 2025 ਨੂੰ ਮਾਨਿਕ ਵੱਲੋਂ ਸਾਂਝੀ ਕੀਤੀ ਗਈ ਪੋਸਟ ਨੂੰ ਹੀ ਆਪਣੇ ਫੇਸਬੁੱਕ ਪੇਜ ਉੱਤੇ ਸਾਂਝਾ ਕੀਤਾ ਸੀ।
ਮਿੰਟੂ ਗੁਰੂਸਰੀਆ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਮੈਂ ਇੱਕ ਵਿਅੰਗਆਤਮਕ ਤੌਰ ਉੱਤੇ ਮਾਨਿਕ ਗੋਇਲ ਦੀ ਪੋਸਟ ਨੂੰ ਸਾਂਝਾ ਕਰਦਿਆਂ ਹੈਲੀਕਾਪਟਰ ਦੀ ਵਰਤੋਂ ਬਾਰੇ ਸਵਾਲ ਪੁੱਛਿਆ ਸੀ। ਇਸ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਗਿਆ ਸੀ, ਫੇਰ ਪੁਲਿਸ ਐੱਫਆਈਆਰ ਵਿੱਚ ਇਹ ਕਿਵੇਂ ਲਿਖ ਸਕਦੀ ਹੈ ਕਿ ਇਸ ਪੋਸਟ ਨਾਲ ਗੁਮਰਾਹਕੁੰਨ ਪ੍ਰਚਾਰ ਹੋ ਰਿਹਾ?"
ਉਹ ਕਹਿੰਦੇ ਹਨ, "ਇਹ ਐੱਫਆਈਆਰ ਲੋਕਤੰਤਰਿਕ ਦੇਸ਼ ਵਿੱਚ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ ਹੈ, ਆਰਟੀਆਈ ਦਾ ਗਲਾ ਸਰਕਾਰ ਪਹਿਲਾਂ ਘੁੱਟ ਚੁੱਕੀ ਹੈ ਹੁਣ ਪੱਤਰਕਾਰਾਂ ਦਾ ਘੁੱਟਿਆ ਜਾ ਰਿਹਾ ਹੈ।"
ਇਸ ਮੁੱਦੇ ਉੱਤੇ ਪੰਜਾਬ ਸਰਕਾਰ ਦਾ ਪੱਖ ਜਾਨਣ ਲਈ ਅਸੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਮਾਮਲੇ ਉੱਤੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ।
ਹਾਲਾਂਕਿ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਵੱਲੋਂ 11 ਦਸੰਬਰ 2025 ਨੂੰ ਬਠਿੰਡਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਹੈਲੀਕਾਪਟਰ ਬਾਰੇ ਹੁੰਦੀ ਚਰਚਾ 'ਤੇ ਕਿਹਾ ਗਿਆ ਸੀ ਕਿ "ਸਿਰਫ਼ ਇੱਕ ਦਿਨ ਅੰਮ੍ਰਿਤਸਰ ਜਾਣ ਲਈ ਰਾਜਪਾਲ ਨੇ ਹੈਲੀਕਾਪਟਰ ਵਰਤਿਆ ਸੀ। ਮੁੱਖ ਮੰਤਰੀ ਦੀ ਆਗਿਆ ਬਗ਼ੈਰ ਹੈਲੀਕਾਪਟਰ ਦੀ ਵਰਤੋਂ ਰਾਜਪਾਲ ਵੀ ਨਹੀਂ ਕਰ ਸਕਦੇ ਪਰ ਕੁਝ ਲੋਕ ਆਪਣੀ ਆਦਤ ਤੋਂ ਮਜਬੂਰ ਹੋ ਕੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ।"
ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੌਣ ਕਰ ਸਕਦਾ ਹੈ?
ਪੰਜਾਬ ਦੇ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੌਣ ਕਰ ਸਕਦਾ ਹੈ ਇਹ ਜਾਣਨ ਲਈ ਅਸੀਂ ਪੰਜਾਬ ਸਿਵਲ ਏਵੀਏਸ਼ਨ ਵਿਭਾਗ ਦੇ ਡਾਇਰੈਕਟਰ ਸੋਨਾਲੀ ਗਿਰੀ ਨਾਲ ਗੱਲ ਕੀਤੀ।
ਉਨ੍ਹਾਂ ਨੇ ਦੱਸਿਆ, "ਕੋਈ ਵੀ ਵਿਅਕਤੀ ਜਿਸ ਨੂੰ ਮਾਣਯੋਗ ਮੁੱਖ ਮੰਤਰੀ ਅਤੇ ਸਰਕਾਰ ਅਧਿਕਾਰਤ ਕਰਦੀ ਹੈ, ਉਹ ਵੀਆਈਪੀ ਹੈਲੀਕਾਪਟਰ ਦੀ ਵਰਤੋਂ ਕਰ ਸਕਦਾ ਹੈ। ਹੈਲੀਕਾਪਟਰ ਦੀ ਵਰਤੋਂ ਸਰਕਾਰ ਵੱਲੋਂ ਪ੍ਰਵਾਨਿਤ ਐੱਸਓਪੀ ਅਨੁਸਾਰ ਹੁੰਦੀ ਹੈ।"
ਹਾਲਾਂਕਿ ਸਾਲ 2025 ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਸਰਕਾਰੀ ਹੈਲੀਕਾਪਟਰ ਪੀੜਤ ਪਰਿਵਾਰਾਂ ਦੀ ਮਦਦ ਲਈ ਵੀ ਭੇਜਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਦੇ ਜਪਾਨ-ਕੋਰੀਆ ਦੌਰੇ ਦੌਰਾਨ ਹੈਲੀਕਾਪਟਰ ਦੀ ਵਰਤੋਂ ਕਿਸਨੇ ਕੀਤੀ ਇਸਦੇ ਜਵਾਬ ਵਿੱਚ ਏਵੀਏਸ਼ਨ ਵਿਭਾਗ ਦੇ ਡਾਇਰੈਕਟਰ ਸੋਨਾਲੀ ਗਿਰੀ ਨੇ ਕਿਹਾ, "ਉਸ ਸਮੇਂ ਮਾਣਯੋਗ ਗਵਰਨਰ ਸਾਬ੍ਹ ਨੇ ਇਸ ਨੂੰ ਸਰਕਾਰੀ ਦੌਰੇ ਲਈ ਵਰਤਿਆ, ਉਹ ਰਾਜ ਦੇ ਹੈਲੀਕਾਪਟਰ ਦੀ ਵਰਤੋਂ ਕਰਨ ਲਈ ਇੱਕ ਅਧਿਕਾਰਤ ਸੰਵਿਧਾਨਕ ਅਥਾਰਟੀ ਹਨ। 8 ਦਸੰਬਰ 2025 ਨੂੰ ਮਾਣਯੋਗ ਗਵਰਨਰ ਸਾਬ੍ਹ ਨੇ ਹੈਲੀਕਾਪਟਰ ਦੀ ਵਰਤੋਂ ਕੀਤੀ ਅਤੇ ਬਾਕੀ ਦਿਨਾਂ ਦੌਰਾਨ ਜਿੰਨਾ ਮੈਨੂੰ ਯਾਦ ਹੈ ਹੈਲੀਕਾਪਟਰ ਰੱਖ-ਰਖਾਅ 'ਤੇ ਸੀ।"

ਵਿਰੋਧੀ ਪਾਰਟੀਆਂ ਨੇ ਪੁਲਿਸ ਕਾਰਵਾਈ ਦਾ ਕੀਤਾ ਵਿਰੋਧ
ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਸੋਸ਼ਲ ਮੀਡੀਆ 'ਤੇ ਸਵਾਲ ਚੁੱਕਣ ਵਾਲੇ ਪੱਤਰਕਾਰਾਂ ਅਤੇ ਆਰਟੀਆਈ ਐਕਟੀਵਿਸਟਾਂ ਖ਼ਿਲਾਫ਼ ਦਰਜ ਐੱਫਆਈਆਰ ਦੀ ਤਿੱਖੀ ਆਲੋਚਨਾ ਕੀਤੀ ਹੈ।
ਵਿਰੋਧੀ ਆਗੂਆਂ ਨੇ ਇਸ ਨੂੰ ਪ੍ਰੈੱਸ ਆਜ਼ਾਦੀ 'ਤੇ ਹਮਲਾ, ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਵਿਰੋਧੀ ਧਿਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਐੱਫਆਈਆਰ ਵਾਪਸ ਲਵੇ ਅਤੇ ਹੈਲੀਕਾਪਟਰ ਵਰਤੋਂ ਬਾਰੇ ਪੂਰੀ ਪਾਰਦਰਸ਼ਤਾ ਦਿਖਾਵੇ।
ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ "ਧਮਕਾਉਣ ਦੀ ਰਾਜਨੀਤੀ" ਕਿਹਾ।
ਉਨ੍ਹਾਂ ਆਖਿਆ, "ਜਦੋਂ ਸੱਤਾਧਾਰੀ ਲੋਕ ਪੱਤਰਕਾਰਾਂ 'ਤੇ ਐੱਫਆਈਆਰਾਂ ਕਰਕੇ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਤਾਨਾਸ਼ਾਹੀ ਵੱਲ ਇਸ਼ਾਰਾ ਕਰਦਾ ਹੈ।"

ਤਸਵੀਰ ਸਰੋਤ, Sukhpal Singh Khaira/FB
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਦੱਸਿਆ ਅਤੇ ਕਿਹਾ ਕਿ ਇਹ ਸਰਕਾਰੀ ਤੰਤਰ ਵੱਲੋਂ ਵਿਰੋਧੀਆਂ ਨੂੰ ਡਰਾਉਣ ਦੀ ਕੋਸ਼ਿਸ਼ ਹੈ।
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਆਪ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦ ਪੱਤਰਕਾਰਾਂ ਅਤੇ ਐਕਟੀਵਿਸਟਾਂ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਲਗਾਤਾਰ ਉਨ੍ਹਾਂ ਦੇ ਪੰਜਾਬ ਵਿਰੋਧੀ ਚਿਹਰੇ ਨੂੰ ਉਜਾਗਰ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ "ਅਣਐਲਾਨੀ ਐਮਰਜੈਂਸੀ" ਕਰਾਰ ਦਿੱਤਾ।
ਭਾਜਪਾ ਆਗੂਆਂ ਨੇ ਵੀ ਇਸ ਕਾਰਵਾਈ ਦਾ ਵਿਰੋਧ ਕੀਤਾ। ਸੁਨੀਲ ਜਾਖੜ ਨੇ ਟਵੀਟ ਕਰਦਿਆਂ ਲਿਖਿਆ, "ਭਗਵੰਤ ਮਾਨ ਜੀ ਤੁਸੀਂ ਖ਼ੁਦ ਲੋਕਾਂ ਨੂੰ ਕਿਹਾ ਕਰਦੇ ਸੀ ਕਿ ਉਹ ਲੀਡਰਾਂ ਤੋਂ ਸਵਾਲ ਪੁੱਛਣ। ਹੁਣ ਜਦ ਕੁਝ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੇ ਤੁਹਾਡੇ ਹੈਲੀਕਾਪਟਰ ਸਬੰਧੀ ਸਵਾਲ ਚੁੱਕੇ ਤਾਂ ਤੁਸੀਂ ਉਨ੍ਹਾਂ ਉੱਤੇ ਪਰਚੇ ਦਰਜ ਕਰ ਦਿੱਤੇ। ਕੀ ਇਹ ਲੋਕਤੰਤਰ ਹੈ?"
ਐੱਫਆਈਆਰ ਦਾ ਕਾਨੂੰਨੀ ਅਧਾਰ ਕੀ?
ਪੰਜਾਬ-ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਇਸ ਐੱਫਆਈਆਰ ਨੂੰ ਅਧਾਰਹੀਣ ਮੰਨਦੇ ਹਨ। ਉਹ ਕਹਿੰਦੇ ਹਨ, "ਸੋਸ਼ਲ ਮੀਡੀਆ ਉੱਤੇ ਵਿਚਾਰ ਰੱਖਣੇ ਕੋਈ ਅਪਰਾਧ ਨਹੀਂ ਹੈ, ਇਸ ਐੱਫਆਈਆਰ ਦੇ ਅਧਾਰ ਉੱਤੇ ਕੋਈ ਗ੍ਰਿਫ਼ਤਾਰੀ ਜਾਂ ਪੁਲਿਸ ਕਾਰਵਾਈ ਨਹੀਂ ਹੋ ਸਕਦੀ। ਵਿਚਾਰ ਰੱਖਣ ਦੀ ਆਜ਼ਾਦੀ ਭਾਰਤ ਦੇ ਹਰ ਨਾਗਰਿਕ ਨੂੰ ਹੈ, ਕੋਰਟ ਵਿੱਚ ਇਸ ਐੱਫਆਈਆਰ ਦਾ ਕੋਈ ਅਧਾਰ ਨਹੀਂ ਹੈ।"
ਹਾਲਾਂਕਿ ਆਪਣੇ ਉੱਤੇ ਐੱਫਆਈਆਰ ਦਰਜ ਹੋਣ ਮਗਰੋਂ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਅਤੇ ਮਿੰਟੂ ਗੁਰੂਸਰੀਆ ਨੇ ਕਿਹਾ ਕਿ ਉਹ ਫਿਲਹਾਲ ਜ਼ਮਾਨਤ ਲਈ ਅਪੀਲ ਨਹੀਂ ਕਰਨਗੇ, ਸਰਕਾਰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਕਰ ਸਕਦੀ ਹੈ, ਪਰ ਅਸੀਂ ਲੋਕਤੰਤਰਿਕ ਤਰੀਕੇ ਨਾਲ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦੇ ਰਹਾਂਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












