ਕੌਣ ਸੀ ਹੰਸਰਾਜ ਵਾਇਰਲੈੱਸ ਜਿਸ ਨੇ ਬ੍ਰਿਟਿਸ਼ ਭਾਰਤ ਦੇ ਵਾਇਸਰੌਇ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਰਚੀ ਸੀ

ਤਸਵੀਰ ਸਰੋਤ, Getty Images
- ਲੇਖਕ, ਵਕਾਰ ਮੁਸਤਫ਼ਾ
- ਰੋਲ, ਪੱਤਰਕਾਰ ਅਤੇ ਖੋਜਕਰਤਾ
23 ਦਸੰਬਰ 1929 ਦੀ ਸਵੇਰ ਸੰਘਣੀ ਧੁੰਦ ਛਾਈ ਹੋਈ ਸੀ, ਜਦੋਂ ਦਿੱਲੀ ਤੋਂ ਛੇ ਮੀਲ ਪਹਿਲਾਂ ਉਸ ਸਪੈਸ਼ਲ ਟ੍ਰੇਨ 'ਤੇ ਬੰਬ ਹਮਲਾ ਹੋਇਆ ਜਿਸ ਵਿੱਚ ਬ੍ਰਿਟਿਸ਼ ਇੰਡੀਆ ਦੇ ਵਾਇਸਰਾਏ ਲਾਰਡ ਇਰਵਿਨ ਅਤੇ ਉਨ੍ਹਾਂ ਦੀ ਪਤਨੀ ਸਵਾਰ ਸਨ।
ਅਗਲੇ ਦਿਨ ਅਖ਼ਬਾਰ 'ਦ ਸਟੇਟਸਮੈਨ' ਨੇ ਲਿਖਿਆ ਕਿ ਦੱਖਣੀ ਭਾਰਤ ਤੋਂ ਆ ਰਹੇ ਇਰਵਿਨ ਦਾ ਆਪਣਾ ਸਲੂਨ (ਖ਼ਾਸ ਬੋਗੀ) ਵਾਲ-ਵਾਲ ਬਚ ਗਿਆ ਸੀ। ਉਨ੍ਹਾਂ ਨੇ ਖ਼ੁਦ ਤਾਂ ਇਸ ਧਮਾਕੇ ਨੂੰ ਰੇਲਵੇ ਵਿੱਚ ਧੁੰਦ ਕਾਰਨ ਦਿੱਤੀ ਜਾਣ ਵਾਲੀ ਚੇਤਾਵਨੀ 'ਫੌਗ ਸਿਗਨਲ' ਸਮਝਿਆ ਅਤੇ ਆਮ ਲੋਕਾਂ ਨੇ ਇਸ ਨੂੰ ਸਵਾਗਤ ਵਿੱਚ ਦਾਗੀ ਗਈ ਤੋਪ ਦੇ ਗੋਲੇ ਦੀ ਆਵਾਜ਼ ਸਮਝੀ। ਇਹੀ ਧੁੰਦ ਜਿਸ ਨੂੰ ਅਮਰੀਕੀ ਅਖ਼ਬਾਰ 'ਦ ਨਿਊਯਾਰਕ ਟਾਈਮਜ਼' ਨੇ 'ਈਸ਼ਵਰੀ ਵਿਵਸਥਾ' ਦੱਸਿਆ, ਇਰਵਿਨ ਜੋੜੇ ਦੇ ਬਚਾਅ ਦਾ ਜ਼ਰੀਆ ਬਣੀ ਸੀ।
'ਦ ਸਟੇਟਸਮੈਨ' ਨੇ ਲਿਖਿਆ ਕਿ ਪਾਇਲਟ ਇੰਜਣ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਤੋਂ ਸੁਰੱਖਿਅਤ ਲੰਘ ਗਿਆ ਸੀ।
"13 ਡੱਬਿਆਂ ਦੀ ਸਪੈਸ਼ਲ ਟ੍ਰੇਨ ਵਿੱਚ ਤੀਜਾ ਡੱਬਾ ਡਾਇਨਿੰਗ ਕਾਰ ਸੀ, ਇਹ ਅਤੇ ਚੌਥਾ ਡੱਬਾ ਧਮਾਕੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਰਵਿਨ ਦਾ ਸਲੂਨ ਇਸ ਤੋਂ ਦੋ ਡੱਬੇ ਪਿੱਛੇ ਸੀ। ਧੁੰਦ ਦੀ ਵਜ੍ਹਾ ਕਰਕੇ ਹਮਲਾਵਰ ਉਸ ਸਲੂਨ ਨੂੰ ਪਛਾਣ ਨਹੀਂ ਸਕੇ ਜਿਸ ਵਿੱਚ ਬੈਠੇ ਵਾਇਸਰਾਏ ਅਤੇ ਲੇਡੀ ਇਰਵਿਨ ਨਵੇਂ ਬਣੇ 'ਵਾਇਸਰੀਗਲ ਲਾਜ' ਦੀਆਂ ਗੱਲਾਂ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਪਹਿਲੇ ਨਿਵਾਸੀ ਬਣਨਾ ਸੀ।"
'ਟਾਈਮਜ਼' ਨੇ ਲਿਖਿਆ ਕਿ ਧੁੰਦ ਦੀ ਵਜ੍ਹਾ ਕਰਕੇ ਵਾਇਸਰਾਏ ਦੀ ਟ੍ਰੇਨ ਦੀ ਰਫ਼ਤਾਰ ਬਹੁਤ ਹੀ ਘੱਟ ਹੋ ਗਈ ਸੀ ਅਤੇ ਟ੍ਰੇਨ 30 ਫੁੱਟ ਉੱਚੀ ਸਾਈਡ ਵਾਲ ਤੋਂ ਹੇਠਾਂ ਡਿੱਗ ਕੇ ਤਬਾਹ ਹੋਣ ਤੋਂ ਵਾਲ-ਵਾਲ ਬਚ ਗਈ। "ਇੱਕ ਤੋਂ ਬਾਅਦ ਇੱਕ ਡੱਬੇ ਪਟੜੀ ਵਿੱਚ ਮੌਜੂਦ ਦੋ ਫੁੱਟ ਦੇ ਪਾੜੇ ਨੂੰ ਪਾਰ ਕਰਦੇ ਹੋਏ ਨਿਕਲ ਗਏ, ਜਦਕਿ ਉਨ੍ਹਾਂ ਦੇ ਹੇਠਾਂ ਲੱਕੜ ਦੇ ਸਲੀਪਰ ਮਾਚਿਸ ਦੀਆਂ ਤੀਲੀਆਂ ਵਾਂਗ ਖਿੱਲਰ ਚੁੱਕੇ ਸਨ।"
'ਦ ਸਟੇਟਸਮੈਨ' ਨੇ ਲਿਖਿਆ ਕਿ ਇਸੇ ਧੁੰਦ ਦੀ ਵਜ੍ਹਾ ਕਰਕੇ ਉਨ੍ਹਾਂ ਲੋਕਾਂ ਦਾ ਪਤਾ ਨਹੀਂ ਲੱਗ ਸਕਿਆ ਜਿਨ੍ਹਾਂ ਨੇ ਬੇਹੱਦ ਮੁਹਾਰਤ ਅਤੇ ਸਾਵਧਾਨੀ ਨਾਲ ਟ੍ਰੈਕ ਵਿੱਚ ਬੰਬ ਰੱਖ ਕੇ ਉਸ ਨੂੰ ਇੱਕ ਅੰਡਰਗਰਾਊਂਡ ਤਾਰ ਰਾਹੀਂ 200 ਗਜ਼ ਦੂਰ ਬੈਟਰੀ ਨਾਲ ਜੋੜਿਆ ਸੀ।
'ਟਾਈਮਜ਼' ਮੁਤਾਬਕ ਪੁਲਿਸ ਨੂੰ ਲੱਗਦਾ ਸੀ ਕਿ ਇਹ ਕਾਰਵਾਈ ਵਿਗਿਆਨਕ ਗਿਆਨ ਅਤੇ ਹੁਨਰ ਨਾਲ ਲੈਸ ਲੋਕਾਂ ਦੀ ਬੇਹੱਦ ਸਾਵਧਾਨੀ ਨਾਲ ਬਣਾਈ ਗਈ ਯੋਜਨਾ ਦਾ ਨਤੀਜਾ ਸੀ।
'ਸਰਕਾਰ ਨੂੰ ਸ਼ੱਕ ਹੋ ਜਾਵੇਗਾ'

ਤਸਵੀਰ ਸਰੋਤ, Getty Images
ਡਾਕਟਰ ਦਰ ਮੁਹੰਮਦ ਪਠਾਨ ਅਨੁਸਾਰ 1922 ਦੀ ਸ਼ੁਰੂਆਤ ਵਿੱਚ ਜਦੋਂ ਮਹਾਤਮਾ ਗਾਂਧੀ ਨੇ 'ਅਸਹਿਯੋਗ ਅੰਦੋਲਨ' ਅਚਾਨਕ ਖ਼ਤਮ ਕਰ ਦਿੱਤਾ ਤਾਂ ਕਾਂਗਰਸ ਵਿੱਚੋਂ ਇੱਕ ਕ੍ਰਾਂਤੀਕਾਰੀ ਧੜੇ ਦਾ ਜਨਮ ਹੋਇਆ ਜਿਸ ਦਾ ਨਾਮ 'ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ' ਪਿਆ। ਇਹ ਐਸੋਸੀਏਸ਼ਨ 1928 ਵਿੱਚ 'ਸੋਸ਼ਲਿਸਟ' ਸ਼ਬਦ ਜੁੜਨ ਤੋਂ ਬਾਅਦ ਵਿੱਚ ਐੱਚਐੱਸਆਰਏ ਕਹਾਉਣ ਲੱਗੀ।
ਇਸ ਜਥੇਬੰਦੀ ਦਾ ਮੈਨੀਫੈਸਟੋ 'ਦ ਫਿਲਾਸਫੀ ਆਫ ਬੰਬ' (ਬੰਬ ਦਾ ਫਲਸਫਾ) ਭਗਵਤੀ ਚਰਨ ਵੋਹਰਾ ਨੇ ਲਿਖਿਆ ਸੀ, ਜਦਕਿ ਚੰਦਰਸ਼ੇਖਰ ਆਜ਼ਾਦ, ਭਗਤ ਸਿੰਘ, ਸੁਖਦੇਵ, ਬਿਸਮਿਲ, ਅਸ਼ਫਾਕ ਉੱਲਾ ਖਾਂ ਅਤੇ ਹੋਰ ਪ੍ਰਮੁੱਖ ਕ੍ਰਾਂਤੀਕਾਰੀ ਇਸ ਨਾਲ ਜੁੜੇ ਹੋਏ ਸਨ।
ਅਭਿਜੀਤ ਭਾਲਰਾਓ ਨੇ ਆਪਣੀ ਕਿਤਾਬ 'ਦ ਮੈਨ ਹੂ ਅਵੇਂਜਡ ਭਗਤ ਸਿੰਘ' ਵਿੱਚ ਵਿਸਥਾਰ ਨਾਲ ਲਿਖਿਆ ਹੈ ਕਿ ਕਿਵੇਂ ਇੱਕ ਸ਼ਾਮ ਭਗਵਤੀ ਨੇ ਕਿਹਾ ਕਿ ਸਾਡੇ ਸਾਥੀ ਜੇਲ੍ਹ ਵਿੱਚ ਹਨ, ਕਈ ਯੋਜਨਾਵਾਂ ਅਸਫਲ ਹੋ ਚੁੱਕੀਆਂ ਹਨ ਅਤੇ ਨਿਆਂ ਵਿਵਸਥਾ ਦੇ ਨਾਮ 'ਤੇ ਅੱਤਿਆਚਾਰ ਜਾਰੀ ਹਨ। ਇਸ ਲਈ ਇੱਕ ਅਜਿਹਾ ਕਦਮ ਜ਼ਰੂਰੀ ਹੈ ਜੋ ਬ੍ਰਿਟੇਨ ਨੂੰ ਦੱਸ ਦੇਵੇ ਕਿ ਉਹ ਅੱਗ ਨਾਲ ਖੇਡ ਰਿਹਾ ਹੈ।
ਯਸ਼ਪਾਲ ਨੇ ਪੁੱਛਿਆ ਕਿ ਕੀ ਸੁਝਾਅ ਹੈ? ਭਗਵਤੀ ਨੇ ਕਿਹਾ, 'ਸੱਪ ਦਾ ਸਿਰ ਵੱਢਣਾ।' ਆਜ਼ਾਦ ਨੇ ਸਪੱਸ਼ਟ ਕੀਤਾ ਕਿ ਇਸ ਦਾ ਮਤਲਬ ਵਾਇਸਰਾਏ ਲਾਰਡ ਇਰਵਿਨ ਦਾ ਕਤਲ ਹੈ। ਹੰਸਰਾਜ ਉਰਫ਼ 'ਵਾਇਰਲੈੱਸ' ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਉਹ ਦੂਰ ਤੋਂ ਫਟਣ ਵਾਲਾ ਬੰਬ ਬਣਾ ਸਕਦੇ ਹਨ।
ਯਸ਼ਪਾਲ ਦੀ ਸਵੈ-ਜੀਵਨੀ 'ਯਸ਼ਪਾਲ ਲੁੱਕਸ ਬੈਕ' ਅਨੁਸਾਰ ਧਰਮਪਾਲ ਨੇ ਯਸ਼ਪਾਲ ਨੂੰ ਆਪਣੇ ਬਚਪਨ ਦੇ ਦੋਸਤ ਅਤੇ ਮਾਹਰ ਇਲੈਕਟ੍ਰੀਸ਼ੀਅਨ ਹੰਸਰਾਜ 'ਵਾਇਰਲੈੱਸ' ਤੋਂ ਮਦਦ ਲੈਣ ਦੀ ਸਲਾਹ ਦਿੱਤੀ।
"ਹੰਸਰਾਜ ਨਾ ਸਿਰਫ਼ ਮਦਦ ਲਈ ਤਿਆਰ ਸਨ, ਸਗੋਂ ਉਨ੍ਹਾਂ ਦਾ ਦਾਅਵਾ ਸੀ ਕਿ ਉਹ ਇੱਕ ਛੋਟਾ ਡਿਵਾਈਸ ਬਣਾ ਸਕਦੇ ਹਨ ਜੋ ਬੰਬ ਦੇ ਅੰਦਰ ਲਗਾਇਆ ਜਾਵੇਗਾ ਅਤੇ ਦੂਜਾ ਛੋਟਾ ਡਿਵਾਈਸ ਜੋ ਬੰਬ ਦੇ ਨਾਲ ਨਾ ਕਿਸੇ ਤਾਰ ਨਾਲ ਜੁੜਿਆ ਹੋਵੇਗਾ ਅਤੇ ਨਾ ਹੀ ਕਿਸੇ ਹੋਰ ਚੀਜ਼ ਨਾਲ, ਸਗੋਂ ਬੰਬ ਤੋਂ ਕਾਫ਼ੀ ਦੂਰ ਹੋਵੇਗਾ ਜੋ ਉਸ ਪੂਰੇ ਸਿਸਟਮ ਨੂੰ ਕੰਟਰੋਲ ਕਰੇਗਾ।"
"ਪਰ ਫਿਰ ਹੰਸਰਾਜ ਨੇ ਆਪਣਾ ਇਰਾਦਾ ਬਦਲ ਲਿਆ ਅਤੇ ਵਜ੍ਹਾ ਇਹ ਦੱਸੀ ਕਿ ਸਰਕਾਰ ਨੂੰ ਉਨ੍ਹਾਂ 'ਤੇ ਸ਼ੱਕ ਹੋ ਜਾਵੇਗਾ, ਕਿਉਂਕਿ ਸਰਕਾਰ ਜਾਣਦੀ ਹੈ ਕਿ ਅਜਿਹਾ ਡਿਵਾਈਸ ਸਿਰਫ਼ ਉਹੀ ਬਣਾ ਸਕਦੇ ਹਨ। ਹੰਸਰਾਜ ਆਸ਼ਾਵਾਦੀ ਅਤੇ ਉਤਸ਼ਾਹੀ ਸਨ ਅਤੇ ਬਿਜਲੀ ਰਾਹੀਂ ਅਦਭੁਤ ਕਰਤਬ ਦਿਖਾਉਂਦੇ ਸਨ।"
ਹੰਸਰਾਜ ਵਾਇਰਲੈੱਸ

ਤਸਵੀਰ ਸਰੋਤ, makeheritagefun
ਹੰਸਰਾਜ 'ਵਾਇਰਲੈੱਸ' ਦੱਖਣੀ ਪੰਜਾਬ ਦੇ ਸ਼ਹਿਰ ਲੈਆ ਤੋਂ ਮੱਧ ਪੰਜਾਬ ਦੇ ਸ਼ਹਿਰ ਲਾਇਲਪੁਰ (ਹੁਣ ਫੈਸਲਾਬਾਦ) ਅਤੇ ਫਿਰ ਪੜ੍ਹਾਈ ਲਈ ਪੰਜਾਬ ਦੀ ਰਾਜਧਾਨੀ ਲਾਹੌਰ ਚਲੇ ਗਏ।
ਹੰਸਰਾਜ ਦੇ ਸਕੂਲ ਦੇ ਜਮਾਤੀ ਮੇਹਰ ਅਬਦੁਲ ਹੱਕ ਨੇ ਆਪਣੀ ਹੱਡਬੀਤੀ 'ਜੋ ਹਮ ਪੇ ਗੁਜ਼ਰੀ' ਵਿੱਚ ਲਿਖਿਆ ਹੈ ਕਿ ਛੇਵੀਂ ਜਮਾਤ ਵਿੱਚ ਉਨ੍ਹਾਂ ਨੇ ਇੱਕ ਅਜਿਹੀ ਟਾਰਚ ਬਣਾਈ ਸੀ ਜਿਸ ਦੀ ਰੌਸ਼ਨੀ ਨਾਲ ਉਹ ਲੋਕਾਂ ਨੂੰ ਦੇਖਦੇ-ਦੇਖਦੇ ਸੁਆ ਦਿੰਦੇ ਸਨ।
ਉਹ ਅੱਗੇ ਲਿਖਦੇ ਹਨ, "ਉਨ੍ਹਾਂ ਦਿਨਾਂ ਵਿੱਚ ਵਾਇਰਲੈੱਸ ਦੀ ਕਾਢ ਅਜੇ ਆਮ ਨਹੀਂ ਹੋਈ ਸੀ। ਕਿੰਗ ਜਾਰਜ ਪੰਚਮ ਅਤੇ ਹਿੰਦੁਸਤਾਨ ਦੇ ਵਾਇਸਰਾਏ ਵਿਚਕਾਰ ਕੁਝ ਅਹਿਮ ਗੱਲਬਾਤ ਹੋ ਰਹੀ ਸੀ। ਮੇਰੇ ਇਸ ਸਾਥੀ ਨੇ ਆਪਣੀ ਵਾਇਰਲੈੱਸ ਕਾਢ ਰਾਹੀਂ ਉਸ ਗੱਲਬਾਤ ਨੂੰ ਹਵਾ ਵਿੱਚੋਂ ਹੀ ਸਮਝ ਲਿਆ ਅਤੇ ਅਗਲੇ ਦਿਨ ਅਖ਼ਬਾਰਾਂ ਵਿੱਚ ਛਪਵਾ ਦਿੱਤਾ।"
"ਉਸ ਦਿਨ ਤੋਂ 'ਵਾਇਰਲੈੱਸ' ਉਨ੍ਹਾਂ ਦੇ ਨਾਮ ਦਾ ਹਿੱਸਾ ਬਣ ਗਿਆ ਅਤੇ ਉਹ 'ਹੰਸਰਾਜ ਵਾਇਰਲੈੱਸ' ਦੇ ਨਾਮ ਨਾਲ ਮਸ਼ਹੂਰ ਹੋ ਗਏ। ਜਦੋਂ ਮੇਰੇ ਇਸ ਦੋਸਤ ਨੇ ਇਮਤਿਹਾਨ ਪਾਸ ਕੀਤਾ ਤਾਂ ਉਸ ਦੇ ਮਾਤਾ-ਪਿਤਾ ਲਾਇਲਪੁਰ ਚਲੇ ਗਏ। ਤਿੰਨ ਸਾਲ ਬਾਅਦ ਉਹ ਇੱਕ ਵਾਰ ਫਿਰ ਲੈਆ ਪਿੰਡ ਆਇਆ, ਉਸ ਨੇ ਆਪਣੀਆਂ ਕੁਝ ਕਾਢਾਂ ਦਾ ਪ੍ਰਦਰਸ਼ਨ ਕੀਤਾ ਅਤੇ ਚਲਾ ਗਿਆ।"
ਆਇਸ਼ਾ ਸਈਦ ਨੇ ਇਤਿਹਾਸਕ ਵਿਸ਼ਿਆਂ ਦੀ ਇੱਕ ਵੈੱਬਸਾਈਟ ਲਈ ਸਾਲ 2016 ਵਿੱਚ ਮਿਰਜ਼ਾ ਨਸੀਮ ਚੰਗੇਜ਼ੀ ਦਾ ਇੰਟਰਵਿਊ ਲਿਆ, ਜੋ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਕ੍ਰਾਂਤੀਕਾਰੀ ਸਨ। ਉਹ ਉਦੋਂ 106 ਸਾਲ ਦੇ ਸਨ ਅਤੇ ਪੁਰਾਣੀ ਦਿੱਲੀ ਵਿੱਚ ਰਹਿੰਦੇ ਸਨ। ਚੰਗੇਜ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਸਲਾਹੁਦੀਨ ਅਤੇ ਹੰਸਰਾਜ ਵਾਇਰਲੈੱਸ ਨਾਲ ਮਿਲ ਕੇ ਲਾਰਡ ਇਰਵਿਨ ਦੀ ਟ੍ਰੇਨ ਦੇ ਹੇਠਾਂ ਬੰਬ ਧਮਾਕਾ ਕੀਤਾ ਸੀ।
"ਅਸੀਂ ਹਾਰਡਿੰਗ ਬ੍ਰਿਜ ਦੇ ਕੋਲ ਰੇਲਵੇ ਲਾਈਨ 'ਤੇ ਬੰਬ ਲਗਾਇਆ ਅਤੇ ਜੰਗਲ ਵਿੱਚ ਛਿਪ ਗਏ। ਉਸ ਜ਼ਮਾਨੇ ਵਿੱਚ ਪ੍ਰਗਤੀ ਮੈਦਾਨ ਇੱਕ ਜੰਗਲ ਹੋਇਆ ਕਰਦਾ ਸੀ। ਜਦੋਂ ਲਾਰਡ ਇਰਵਿਨ ਦੀ ਟ੍ਰੇਨ ਉੱਥੋਂ ਲੰਘੀ ਤਾਂ ਬੰਬ ਫਟ ਗਿਆ। ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਇਸ ਹਮਲੇ ਵਿੱਚ ਬਚ ਗਏ ਸਨ।"
ਹਾਲਾਂਕਿ, ਕਮਲੇਸ਼ ਮੋਹਨ ਨੇ ਆਪਣੀ ਕਿਤਾਬ 'ਮਿਲਿਟੈਂਟ ਨੈਸ਼ਨਲਿਜ਼ਮ ਇਨ ਦ ਪੰਜਾਬ' ਵਿੱਚ ਲਿਖਿਆ ਹੈ ਕਿ ਇੰਦਰਪਾਲ ਅਤੇ ਭਾਗਰਾਮ, ਯਸ਼ਪਾਲ ਦੇ ਨਾਲ ਪੁਰਾਣਾ ਕਿਲ੍ਹਾ ਗਏ ਅਤੇ 22-23 ਦਸੰਬਰ 1929 ਦੀ ਦਰਮਿਆਨੀ ਰਾਤ ਨੂੰ ਬੰਬ ਅਤੇ ਤਾਰ ਵਗੈਰਾ ਲਗਾਏ।
"ਅਗਲੇ ਦਿਨ ਸਵੇਰੇ-ਸਵੇਰੇ ਯਸ਼ਪਾਲ ਅਤੇ ਭਾਗਰਾਮ ਮੌਕੇ 'ਤੇ ਪਹੁੰਚੇ। ਸੰਘਣੀ ਧੁੰਦ ਕਾਰਨ ਯਸ਼ਪਾਲ ਵਾਇਸਰਾਏ ਦੀ ਬੋਗੀ ਆਉਣ ਦੇ ਸਮੇਂ ਨਾਲ ਬਟਨ ਦਬਾਉਣ ਦਾ ਤਾਲਮੇਲ ਨਹੀਂ ਬਿਠਾ ਸਕੇ, ਹਾਲਾਂਕਿ ਇੱਕ ਧਮਾਕਾ ਜ਼ਰੂਰ ਹੋਇਆ।"
ਯਸ਼ਪਾਲ ਅਨੁਸਾਰ, "ਸਾਡੀ ਯੋਜਨਾ ਸੀ ਕਿ ਜਿਵੇਂ ਹੀ ਟ੍ਰੇਨ ਇੱਕ ਖ਼ਾਸ ਪੁਆਇੰਟ 'ਤੇ ਪਹੁੰਚੇ, ਬੰਬ ਇੰਜਣ ਦੇ ਠੀਕ ਸਾਹਮਣੇ ਫਟ ਜਾਵੇ। ਇੰਜਣ ਪਟੜੀ ਤੋਂ ਉਤਰ ਕੇ ਪਲਟਦਾ ਚਲਾ ਜਾਵੇਗਾ। ਧੁੰਦ ਦੀ ਵਜ੍ਹਾ ਕਰਕੇ ਮੈਨੂੰ ਸਿਰਫ਼ ਆਵਾਜ਼ ਸੁਣ ਕੇ ਅੰਦਾਜ਼ਾ ਲਗਾਉਣਾ ਸੀ ਕਿ ਬੈਟਰੀ ਦਾ ਸਵਿੱਚ ਕਦੋਂ ਦਬਾਉਣਾ ਹੈ।"
"ਮੈਂ ਸਾਹ ਰੋਕ ਲਿਆ, ਪੂਰਾ ਧਿਆਨ ਕੰਨਾਂ 'ਤੇ ਲਗਾ ਦਿੱਤਾ, ਹੱਥ ਸਵਿੱਚ 'ਤੇ ਰੱਖੇ, ਕੇਵਲ ਆਵਾਜ਼ ਨਾਲ ਟ੍ਰੇਨ ਦੀ ਸਥਿਤੀ ਦਾ ਅੰਦਾਜ਼ਾ ਲਗਾਉਣ ਦਾ ਇੰਤਜ਼ਾਰ ਕਰਨ ਲੱਗਾ। ਫਿਰ ਮੈਂ ਸਵਿੱਚ ਦਬਾ ਦਿੱਤਾ। ਇੱਕ ਪਲ ਲਈ ਭਿਆਨਕ ਧਮਾਕਾ ਹੋਇਆ! ਪਰ ਉਮੀਦ ਦੇ ਉਲਟ, ਟ੍ਰੇਨ ਤੇਜ਼ੀ ਨਾਲ ਨਵੀਂ ਦਿੱਲੀ ਵੱਲ ਵਧਦੀ ਚਲੀ ਗਈ।"
ਮੋਹਨ ਨੇ ਲਿਖਿਆ ਹੈ ਕਿ ਮਿਲਟਰੀ ਵਰਦੀ ਕਾਰਨ ਯਸ਼ਪਾਲ ਪੁਲਿਸ ਦੀ ਪਕੜ ਤੋਂ ਬਚ ਨਿਕਲੇ ਅਤੇ ਭਾਗਰਾਮ ਉਨ੍ਹਾਂ ਦੇ ਸਹਾਇਕ ਦੇ ਰੂਪ ਵਿੱਚ ਨਾਲ ਰਹੇ। ਯਸ਼ਪਾਲ ਅਨੁਸਾਰ, "ਇਹ ਤੈਅ ਹੋਇਆ ਸੀ ਕਿ ਇੰਦਰਪਾਲ, ਹੰਸਰਾਜ ਅਤੇ ਭਾਗਰਾਮ ਚਾਰ ਵਜੇ ਦੀ ਟ੍ਰੇਨ ਨਾਲ ਲਾਹੌਰ ਪਰਤਣਗੇ, ਲੇਖਰਾਮ ਰੋਹਤਕ ਜਾਣਗੇ ਅਤੇ ਭਗਵਤੀ ਗਾਜ਼ੀਆਬਾਦ ਸਟੇਸ਼ਨ 'ਤੇ ਮੇਰਾ ਇੰਤਜ਼ਾਰ ਕਰਨਗੇ।"
ਭਗਵਤੀ ਅਖ਼ਬਾਰ ਪੜ੍ਹ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਨੇ ਸਵਾਲ ਕੀਤਾ, "ਕੀ ਹੋਇਆ?" "ਮੈਂ ਹੱਥਾਂ ਨਾਲ 'ਨਾ' ਦਾ ਇਸ਼ਾਰਾ ਕੀਤਾ ਕਿ ਕੁਝ ਨਹੀਂ ਹੋਇਆ। ਭਗਵਤੀ ਭਾਈ ਨੂੰ ਸ਼ੱਕ ਹੋਇਆ ਕਿ ਸ਼ਾਇਦ ਹੰਸਰਾਜ ਦੀ ਬੈਟਰੀ ਖ਼ਰਾਬ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਧਮਾਕਾ ਬਹੁਤ ਜ਼ੋਰਦਾਰ ਸੀ, ਪਰ ਮੈਨੂੰ ਨਹੀਂ ਲੱਗਦਾ ਕਿ ਟ੍ਰੇਨ ਨੂੰ ਕੋਈ ਨੁਕਸਾਨ ਪਹੁੰਚਿਆ ਹੈ।"
"ਭਗਵਤੀ ਭਾਈ ਅਤੇ ਮੈਂ ਪੈਸੇਂਜਰ ਟ੍ਰਾਮ (ਟ੍ਰੇਨ) ਵਿੱਚ ਮੁਰਾਦਾਬਾਦ ਵੱਲ ਰਵਾਨਾ ਹੋਏ। ਭਗਵਤੀ ਨੇ ਸਾਧਾਰਨ ਸੂਟ ਪਹਿਨ ਰੱਖਿਆ ਸੀ ਅਤੇ ਮੈਂ ਫ਼ੌਜੀ ਵਰਦੀ ਬਦਲ ਕੇ ਆਮ ਕੱਪੜੇ ਪਹਿਨ ਲਏ ਸਨ। ਅਸੀਂ ਦੋਵੇਂ ਟ੍ਰਾਮ ਵਿੱਚ ਖ਼ਾਮੋਸ਼ ਅਤੇ ਦੁਖੀ ਬੈਠੇ ਸੀ। ਜਦੋਂ ਟ੍ਰਾਮ ਮੁਰਾਦਾਬਾਦ ਪਹੁੰਚੀ ਤਾਂ ਅਸੀਂ ਇੱਕ ਅਖ਼ਬਾਰ ਵੇਚਣ ਵਾਲੇ ਨੂੰ ਰੌਲਾ ਪਾਉਂਦੇ ਸੁਣਿਆ, 'ਅੱਜ ਦੀ ਤਾਜ਼ਾ ਖ਼ਬਰ! ਵਾਇਸਰਾਏ ਦੀ ਟ੍ਰੇਨ ਦੇ ਹੇਠਾਂ ਬੰਬ ਧਮਾਕਾ! ਰੇਲਵੇ ਲਾਈਨ ਉਡਾ ਦਿੱਤੀ ਗਈ! ਇੱਕ ਡੱਬਾ ਤਬਾਹ! ਇੱਕ ਆਦਮੀ ਦੀ ਮੌਤ।'"
ਡਾਕਟਰ ਪਠਾਨ ਦੇ ਮੁਤਾਬਕ ਬਾਅਦ ਵਿੱਚ ਐੱਚਐੱਸਆਰਏ ਦਾ ਲਾਹੌਰ ਧੜਾ ਅਲੱਗ ਹੋ ਗਿਆ ਅਤੇ ਹੰਸਰਾਜ 'ਵਾਇਰਲੈੱਸ' ਦੀ ਅਗਵਾਈ ਵਿੱਚ 'ਆਤਿਸ਼ੀ ਚੱਕਰ' ਦੇ ਨਾਮ ਨਾਲ ਸਥਾਪਿਤ ਹੋਇਆ। ਇਸ ਨੇ ਜੂਨ 1930 ਵਿੱਚ ਪੂਰੇ ਪੰਜਾਬ ਵਿੱਚ ਬੰਬ ਧਮਾਕੇ ਕੀਤੇ।
ਇਰਫਾਨ ਹਬੀਬ ਆਪਣੀ ਕਿਤਾਬ 'ਟੂ ਮੇਕ ਦ ਡੈਫ ਹੀਅਰ' ਵਿੱਚ ਲਿਖਦੇ ਹਨ ਕਿ ਹੰਸਰਾਜ 'ਵਾਇਰਲੈੱਸ' ਅਤੇ ਇੰਦਰਪਾਲ ਨੇ ਪੰਜਾਬ ਵਿੱਚ 'ਆਤਿਸ਼ੀ ਚੱਕਰ' ਨਾਮ ਦੀ ਜਥੇਬੰਦੀ ਬਣਾਈ ਤਾਂ ਜੋ ਇਸ ਨੂੰ ਐੱਚਐੱਸਆਰਏ ਨਾਲ ਨਾ ਜੋੜਿਆ ਜਾ ਸਕੇ। ਹੰਸਰਾਜ ਨੇ ਕਈ ਥਾਵਾਂ 'ਤੇ ਇੱਕੋ ਸਮੇਂ ਬੰਬ ਧਮਾਕਿਆਂ ਦੀ ਯੋਜਨਾ ਵੀ ਤਿਆਰ ਕੀਤੀ ਸੀ।
'ਕਿਸੇ ਨੂੰ ਕ੍ਰਾਂਤੀਕਾਰੀ ਪਾਰਟੀ ਵਿੱਚ ਮੇਰੇ ਕੰਮ ਦੀ ਖ਼ਬਰ ਤੱਕ ਨਹੀਂ ਸੀ'

ਤਸਵੀਰ ਸਰੋਤ, Waqar Mustafa
ਪਾਕਿਸਤਾਨ ਬਣਨ ਤੋਂ ਬਾਅਦ ਇਸ ਨਾਲ ਜੁੜੀ 'ਵਾਇਰਲੈੱਸ' ਦੀ ਕਹਾਣੀ ਜਾਂਬਾਜ਼ ਮਿਰਜ਼ਾ ਦੇ ਸੰਪਾਦਨ ਹੇਠ 'ਮਜਲਿਸ-ਏ-ਅਹਰਾਰ' ਦੇ ਮਾਸਿਕ ਰਸਾਲੇ 'ਤਬਸਰਾ' ਵਿੱਚ 1960 ਦੇ ਦਹਾਕੇ ਵਿੱਚ ਕਿਸ਼ਤਾਂ ਵਿੱਚ ਛਪਦੀ ਰਹੀ। 'ਵਾਇਰਲੈੱਸ' ਲਿਖਦੇ ਹਨ ਕਿ ਲਾਰਡ ਇਰਵਿਨ ਦੀ ਸਪੈਸ਼ਲ ਟ੍ਰੇਨ ਨਾਲ ਬੰਬ ਹਾਦਸਾ ਹੋ ਚੁੱਕਿਆ ਸੀ। ਪੰਜਾਬ ਦੇ ਸੱਤ ਸ਼ਹਿਰਾਂ ਵਿੱਚ ਇੱਕੋ ਸਮੇਂ ਬੰਬ ਫਟ ਚੁੱਕੇ ਸਨ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕ੍ਰਾਂਤੀਕਾਰੀਆਂ ਦੇ ਕਈ ਕੇਂਦਰ ਬਣ ਚੁੱਕੇ ਸਨ ਪਰ ਬ੍ਰਿਟਿਸ਼ ਸਰਕਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਨ੍ਹਾਂ ਗਤੀਵਿਧੀਆਂ ਦੇ ਪਿੱਛੇ ਕੌਣ ਕੰਮ ਕਰ ਰਿਹਾ ਹੈ।
'ਵਾਇਰਲੈੱਸ' ਲਿਖਦੇ ਹਨ ਕਿ ਉਨ੍ਹਾਂ ਦੇ ਇੱਕ ਸਾਥੀ ਅਮਰੀਕ ਸਿੰਘ ਨੇ ਬਾਰੂਦ ਦਾ ਇੱਕ ਸੂਟਕੇਸ ਲਾਹੌਰ ਦੇ ਸਈਅਦ ਮਿੱਠਾ ਬਾਜ਼ਾਰ ਦੀ ਇੱਕ ਦੁਕਾਨ ਵਿੱਚ ਲੱਸੀ ਪੀਂਦੇ ਹੋਏ ਰੱਖਿਆ, ਜੋ ਅੱਗ ਦੇ ਨੇੜੇ ਹੋਣ ਕਾਰਨ ਫਟ ਗਿਆ। ਉਹ ਖ਼ੁਦ ਜ਼ਖ਼ਮੀ ਹੋ ਗਏ ਅਤੇ ਲਾਹੌਰ ਦੇ ਗਵਾਲਮੰਡੀ ਸਥਿਤ ਆਪਣੇ ਕੇਂਦਰ 'ਤੇ ਆ ਗਏ। ਪੁਲਿਸ ਉਨ੍ਹਾਂ ਦੇ ਪਿੱਛੇ-ਪਿੱਛੇ ਉੱਥੇ ਪਹੁੰਚ ਗਈ ਅਤੇ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਲਿਆ।
"ਮੈਂ ਉੱਥੋਂ ਚਲਾ ਗਿਆ ਸੀ, ਪਰ ਬਦਕਿਸਮਤੀ ਨਾਲ ਇੱਕ ਸੂਟਕੇਸ ਵਿੱਚ ਮੇਰੇ ਕੋਟ ਦੀ ਜੇਬ ਵਿੱਚ ਇੱਕ ਡਾਇਰੀ ਰਹਿ ਗਈ ਸੀ, ਜਿਸ ਵਿੱਚ ਮੇਰਾ ਨਾਮ ਲਿਖਿਆ ਸੀ। ਪੂਰੇ ਪੰਜਾਬ ਦੇ ਬੰਬ ਐਕਸ਼ਨ ਦੀ ਪੂਰੀ ਫਾਈਲ ਵੀ ਉਸੇ ਵਿੱਚ ਸੀ। ਇਸ ਤੋਂ ਇਲਾਵਾ ਵਾਇਸਰਾਏ ਦੀ ਟ੍ਰੇਨ 'ਤੇ ਵਰਤੀ ਗਈ ਬੈਟਰੀ ਵੀ ਉੱਥੇ ਹੀ ਸੀ।"
ਇਸੇ ਬਾਰੇ ਮੇਹਰ ਅਬਦੁਲ ਹੱਕ ਨੇ ਲਿਖਿਆ, "ਜਦੋਂ ਇੱਕ ਵਾਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਮੈਂ ਬਹਾਵਲਪੁਰ ਤੋਂ ਲੈਆ ਆ ਰਿਹਾ ਸੀ ਤਾਂ ਸ਼ੇਰਸ਼ਾਹ ਰੇਲਵੇ ਸਟੇਸ਼ਨ 'ਤੇ ਟ੍ਰੇਨ ਬਦਲਣੀ ਪੈਂਦੀ ਸੀ। ਮੇਰੀ ਨਜ਼ਰ ਇੱਕ ਇਸ਼ਤਿਹਾਰ 'ਤੇ ਪਈ ਜਿਸ 'ਤੇ ਮੇਰੇ ਉਸ ਜਮਾਤੀ ਦੀ ਤਸਵੀਰ ਛਪੀ ਸੀ।" ਇਹ ਇਸ਼ਤਿਹਾਰ ਸਰਕਾਰ ਵੱਲੋਂ ਸੀ ਅਤੇ ਇਸ ਵਿੱਚ ਲਿਖਿਆ ਸੀ, "ਕੋਈ ਵੀ ਹੰਸਰਾਜ ਵਾਇਰਲੈੱਸ ਨੂੰ ਜ਼ਿੰਦਾ ਜਾਂ ਮੁਰਦਾ ਗ੍ਰਿਫ਼ਤਾਰ ਕਰਵਾਏਗਾ ਉਸ ਨੂੰ ਦਸ ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।"
'ਵਾਇਰਲੈੱਸ' ਖ਼ੁਦ ਲਿਖਦੇ ਹਨ ਕਿ ਉਨ੍ਹਾਂ ਨੇ ਇੱਕ ਦੋਸਤ ਦੇ ਹੱਥੋਂ ਘਰਦਿਆਂ ਤੋਂ 100 ਰੁਪਏ ਮੰਗਵਾਏ। "ਦੋਸਤ ਨੇ ਦੱਸਿਆ ਕਿ ਕਿਵੇਂ ਮੇਰੇ ਪਰਿਵਾਰ ਨੂੰ ਪੁਲਿਸ ਤੋਂ ਤਕਲੀਫ਼ਾਂ ਝੱਲਣੀਆਂ ਪੈ ਰਹੀਆਂ ਹਨ। ਮੈਂ ਫ਼ੌਰਨ ਸਟੇਸ਼ਨ ਵੱਲ ਚੱਲ ਪਿਆ। ਮੇਰੀ ਦਾੜ੍ਹੀ ਵਧ ਚੁੱਕੀ ਸੀ ਅਤੇ ਬੇਹੱਦ ਫਟੇ-ਪੁਰਾਣੇ ਕੱਪੜੇ ਪਹਿਨ ਕੇ ਮੈਂ ਪਲੇਟਫਾਰਮ ਦੇ ਇੱਕ ਕੋਨੇ ਵਿੱਚ ਦੁਬਕ ਕੇ ਬੈਠ ਗਿਆ। ਇੱਕ-ਦੋ ਵਾਰ ਕੁਝ ਪੁਲਿਸ ਵਾਲੇ ਮੇਰੇ ਕੋਲ ਆ ਕੇ ਬੈਠੇ ਅਤੇ ਮੇਰੀਆਂ ਹੀ ਗੱਲਾਂ ਕਰਨ ਲੱਗੇ। ਉਨ੍ਹਾਂ ਦੀ ਗੱਲਬਾਤ ਤੋਂ ਮੈੇਨੂੰ ਬਹੁਤ ਜ਼ਰੂਰੀ ਜਾਣਕਾਰੀ ਮਿਲੀ।" ਆਪਣੀ ਹੱਡਬੀਤੀ ਵਿੱਚ 'ਵਾਇਰਲੈੱਸ' ਨੇ ਦੱਸਿਆ ਹੈ ਕਿ ਕਿਵੇਂ ਉਹ ਲਾਹੌਰ ਤੋਂ ਮੁਲਤਾਨ ਅਤੇ ਉੱਥੋਂ ਸਿੰਧ ਚਲੇ ਗਏ।"
'ਹੰਸਰਾਜ 'ਵਾਇਰਲੈੱਸ' ਸਿੰਧ ਵਿੱਚ'

ਤਸਵੀਰ ਸਰੋਤ, Waqar Mustafa
ਡਾਕਟਰ ਦਰ ਮੁਹੰਮਦ ਪਠਾਨ ਲਿਖਦੇ ਹਨ ਕਿ ਚੰਦਰਸ਼ੇਖਰ ਆਜ਼ਾਦ ਨੇ ਅਲਫ੍ਰੇਡ ਪਾਰਕ ਵਿੱਚ ਪੁਲਿਸ ਮੁਕਾਬਲੇ ਦੌਰਾਨ ਖ਼ੁਦਕੁਸ਼ੀ ਕਰ ਲਈ ਸੀ, ਜਦਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਮਾਰਚ 1931 ਵਿੱਚ ਫਾਂਸੀ ਦੇ ਦਿੱਤੀ ਗਈ। ਆਜ਼ਾਦ ਦੀ ਮੌਤ ਤੋਂ ਬਾਅਦ ਕੋਈ ਕੇਂਦਰੀ ਲੀਡਰਸ਼ਿਪ ਨਹੀਂ ਬਚੀ, ਜਥੇਬੰਦੀ ਖੇਤਰੀ ਧੜਿਆਂ ਵਿੱਚ ਵੰਡੀ ਗਈ ਅਤੇ ਬਿਨਾਂ ਕਿਸੇ ਕੇਂਦਰੀ ਤਾਲਮੇਲ ਦੇ ਕਾਰਵਾਈਆਂ ਹੋਣ ਲੱਗੀਆਂ।
ਇਨ੍ਹਾਂ ਹਾਲਾਤ ਵਿੱਚ ਹੰਸਰਾਜ 'ਵਾਇਰਲੈੱਸ' ਨੇ ਸਿੰਧ ਨੂੰ ਆਪਣੇ ਲਈ ਸੁਰੱਖਿਅਤ ਟਿਕਾਣਾ ਬਣਾਇਆ। ਉਸ ਸਮੇਂ ਸਿੰਧ ਵਿੱਚ ਹਿੰਦੂ ਅਤੇ ਮੁਸਲਿਮ ਦੋਵੇਂ ਕ੍ਰਾਂਤੀਕਾਰੀ ਸਰਗਰਮ ਸਨ। 'ਹੁਰ ਤਹਿਰੀਕ' (ਅੰਦੋਲਨ) ਪੂਰੇ ਜ਼ੋਰਾਂ 'ਤੇ ਸੀ ਅਤੇ ਸੁਭਾਸ਼ ਚੰਦਰ ਬੋਸ ਦੇ ਦੌਰੇ ਨੇ ਹਿੰਦੂ ਨੌਜਵਾਨਾਂ ਵਿੱਚ ਜੋਸ਼ ਭਰ ਦਿੱਤਾ ਸੀ। ਹੰਸਰਾਜ ਨੇ ਵਿਸ਼ੇਸ਼ ਤੌਰ 'ਤੇ ਹਿੰਦੂ ਨੌਜਵਾਨਾਂ ਨੂੰ ਸਿਖਲਾਈ ਦਿੱਤੀ, ਪਰ ਉਹ ਸਿੰਧ ਵਿੱਚ ਫੜੇ ਗਏ।
ਸਿੰਧ ਵਿੱਚ ਕੈਦ ਅਤੇ ਟਾਰਚਰ ਦੀ ਕਹਾਣੀ ਵੀ ਉਨ੍ਹਾਂ ਦੀ ਸਵੈ-ਜੀਵਨੀ ਵਿੱਚ ਮਿਲਦੀ ਹੈ। ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਸਿੰਧੀ ਭਾਸ਼ਾ ਵਿੱਚ ਕਾਫ਼ੀ ਸਮੱਗਰੀ ਉਪਲਬਧ ਹੈ। ਉਨ੍ਹਾਂ ਦੀ ਹਿਰਾਸਤ ਅਤੇ ਹਿੰਸਾ ਛੱਡਣ ਦੇ ਵਾਅਦੇ 'ਤੇ ਰਿਹਾਈ ਨੂੰ ਲੈ ਕੇ ਕਈ ਵਾਰ ਸਿੰਧ ਲੈਜਿਸਲੇਟਿਵ ਅਸੈਂਬਲੀ ਵਿੱਚ ਰਸਮੀ ਬਹਿਸ ਹੋਈ।
ਕੁਝ ਸਾਲਾਂ ਬਾਅਦ ਉਹ ਇੱਕ 'ਸ਼ੋਅ-ਮੈਨ' ਵਜੋਂ ਉੱਭਰੇ ਅਤੇ ਟਿਕਟ ਲਗਾ ਕੇ ਆਪਣੀਆਂ ਕਾਢਾਂ ਦਿਖਾਉਣ ਲੱਗੇ। ਰੇਡੀਓ ਉਪਕਰਨ, ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਮਸ਼ੀਨਾਂ, ਆਟੋਮੈਟਿਕ ਜੁੱਤਾ ਪਾਲਿਸ਼ ਮਸ਼ੀਨ, ਹੱਥ ਦੇ ਇਸ਼ਾਰੇ ਨਾਲ ਜਲਣ-ਬੁਝਣ ਵਾਲਾ ਬਲਬ ਅਤੇ ਆਵਾਜ਼ ਰਿਕਾਰਡ ਕਰਨ ਵਾਲਾ ਡਿਵਾਈਸ (ਜਦੋਂ ਮੈਗਨੈਟਿਕ ਟੇਪ ਆਮ ਨਹੀਂ ਸੀ)। 1944-45 ਵਿੱਚ ਲਾਹੌਰ ਵਿੱਚ ਉਨ੍ਹਾਂ ਦੇ ਸ਼ੋਅ ਨੇ ਕਾਫ਼ੀ ਪ੍ਰਭਾਵ ਛੱਡਿਆ।
ਪਾਕਿਸਤਾਨ ਬਣਨ ਤੋਂ ਬਾਅਦ 'ਵਾਇਰਲੈੱਸ' ਪੂਰਬੀ ਪੰਜਾਬ ਦੇ ਸ਼ਹਿਰ ਜਲੰਧਰ ਚਲੇ ਗਏ। ਇਤਿਹਾਸ ਦੀਆਂ ਕਿਤਾਬਾਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 16 ਜਨਵਰੀ 1948 ਦੇ ਇੱਕ ਖ਼ਤ ਦਾ ਪਤਾ ਲੱਗਦਾ ਹੈ।
ਇਸ ਪੱਤਰ ਵਿੱਚ ਨਹਿਰੂ ਨੇ ਲਿਖਿਆ ਸੀ ਕਿ ਹੰਸਰਾਜ ਵਿੱਚ ਪ੍ਰਤਿਭਾ ਅਤੇ ਇਨੋਵੇਸ਼ਨ (ਨਵੀਨਤਾ) ਦੀ ਸਮਰੱਥਾ ਹੈ, ਲੋਕ ਹਿੱਤ ਵਿੱਚ ਉਨ੍ਹਾਂ ਦਾ ਹੌਸਲਾ ਵਧਾਇਆ ਜਾਣਾ ਚਾਹੀਦਾ ਹੈ। "ਸਰਕਾਰ ਜੇਕਰ ਖਾਲੀ ਵਰਕਸ਼ਾਪ ਨੂੰ ਸਰਕਾਰੀ ਤੌਰ 'ਤੇ ਚਲਾਏ ਅਤੇ ਹੰਸਰਾਜ ਨੂੰ ਮਾਹਰ ਵਜੋਂ ਸ਼ਾਮਲ ਕਰੇ ਤਾਂ ਫਾਇਦਾ ਹੋ ਸਕਦਾ ਹੈ। ਨਾਕਾਮੀ 'ਤੇ ਨੁਕਸਾਨ ਘੱਟ ਅਤੇ ਕਾਮਯਾਬੀ 'ਤੇ ਰੁਜ਼ਗਾਰ ਅਤੇ ਹੋਰ ਮੌਕੇ ਪੈਦਾ ਹੋਣਗੇ।"
ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਉੱਤਰ ਭਾਰਤ ਦੇ ਮੇਲਿਆਂ ਵਿੱਚ ਆਪਣੇ ਸ਼ੋਅ ਜਾਰੀ ਰੱਖੇ। 1950 ਦੇ ਦਹਾਕੇ ਵਿੱਚ ਉਨ੍ਹਾਂ ਨੇ ਇੱਕ ਅਜਿਹਾ ਡਿਵਾਈਸ ਵੀ ਦਿਖਾਇਆ ਜਿਸ ਨਾਲ ਦੂਰ ਬੈਠ ਕੇ ਗੱਡੀ ਦਾ ਇੰਜਣ ਬੰਦ ਹੋ ਜਾਂਦਾ ਸੀ।
ਭਾਰਤ ਦੇ ਅਖ਼ਬਾਰ 'ਦ ਟ੍ਰਿਬਿਊਨ' ਵਿੱਚ ਡੀਐੱਸ ਚੀਮਾ ਲਿਖਦੇ ਹਨ ਕਿ 'ਵਾਇਰਲੈੱਸ' ਆਪਣੀ ਸਾਈਕਲ 'ਤੇ ਵੱਖ-ਵੱਖ ਤਰ੍ਹਾਂ ਦੇ ਥੈਲੇ ਲੱਦ ਕੇ ਸਕੂਲਾਂ ਵਿੱਚ ਵਿਗਿਆਨਕ ਪ੍ਰਯੋਗ ਦਿਖਾਉਂਦੇ ਸਨ ਅਤੇ ਇਸੇ ਨਾਲ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ।
"1958 ਵਿੱਚ ਜਦੋਂ ਮੈਂ ਦਸਵੀਂ ਦਾ ਵਿਦਿਆਰਥੀ ਸੀ, ਸਾਨੂੰ ਨੇੜੇ ਦੇ ਕਾਲਜ ਦੇ ਆਡੀਟੋਰੀਅਮ ਵਿੱਚ ਉਨ੍ਹਾਂ ਦੇ ਪ੍ਰੋਗਰਾਮ ਬਾਰੇ ਦੱਸਿਆ ਗਿਆ। ਤਿੰਨ ਸਕੂਲਾਂ ਦੇ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀ ਮੌਜੂਦ ਸਨ। ਇੱਕ ਛੋਟੇ ਕੱਦ ਦੇ ਮੁਸਕਰਾਉਂਦੇ ਵਿਅਕਤੀ ਨੇ ਹੱਥ ਹਿਲਾ ਕੇ ਸਵਾਗਤ ਕੀਤਾ। ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਨੇ ਇੱਕ ਸਰਲ ਵਿਵਸਥਾ ਤਿਆਰ ਕੀਤੀ।"
ਉਨ੍ਹਾਂ ਅਨੁਸਾਰ, "ਇੱਕ ਮੈਲੀ ਚਾਦਰ ਨਾਲ ਆਰਜ਼ੀ ਕਮਰਾ ਬਣਾ ਕੇ ਦਿਖਾਇਆ ਕਿ ਅੰਦਰ ਆਉਣ-ਜਾਣ ਨਾਲ ਬਲਬ ਜਲਦਾ-ਬੁਝਦਾ ਹੈ। ਫਿਰ ਜ਼ੰਗ ਲੱਗੀ ਟੂਟੀ ਹੇਠ ਹੱਥ ਰੱਖਣ ਨਾਲ ਪਾਣੀ ਖ਼ੁਦ ਵਹਿਣ ਅਤੇ ਹੱਥ ਹਟਾਉਣ 'ਤੇ ਰੁਕਣ ਦਾ ਪ੍ਰਦਰਸ਼ਨ ਕੀਤਾ। ਇਹ ਸਭ ਸਾਡੇ ਲਈ ਹੈਰਾਨੀਜਨਕ ਸੀ।"
"ਸਭ ਤੋਂ ਜ਼ਿਆਦਾ ਵਾਹ-ਵਾਹੀ ਆਟੋਮੈਟਿਕ ਜੁੱਤਾ ਪਾਲਿਸ਼ ਮਸ਼ੀਨ ਨੂੰ ਮਿਲੀ। ਇੱਕ ਵਿਦਿਆਰਥੀ ਨੇ ਜੁੱਤਾ ਲੱਕੜ ਦੇ ਡੱਬੇ ਵਿੱਚ ਰੱਖਿਆ, ਮੋਟਰ ਚੱਲੀ, ਅਤੇ ਜਦੋਂ ਰੁਕੀ ਤਾਂ ਜੁੱਤਾ ਪਾਲਿਸ਼ ਹੋ ਚੁੱਕਾ ਸੀ।" ਡੀਐੱਸ ਚੀਮਾ ਮੁਤਾਬਕ ਹੰਸਰਾਜ 'ਵਾਇਰਲੈੱਸ' ਆਪਣੇ ਵੇਲੇ ਤੋਂ ਕਾਫ਼ੀ ਅੱਗੇ ਦੇ ਇਨਸਾਨ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












